-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਪੰਜਾਬ ਦੇ ਪਿੰਡਾਂ ਵਿਚ ਪੰਚਾਇਤਾਂ ਹਨ ਤੇ ਕਸਬਿਆਂ-ਸ਼ਹਿਰਾਂ ਵਿਚ ਮਿਉਂਸਪਲ ਕਮੇਟੀਆਂ। ਪੰਚਾਇਤ ਦੇ ਮੈਂਬਰਾਂ ਦਾ ਲੀਡਰ ਸਰਪੰਚ ਅਤੇ ਕਮੇਟੀ ਦਾ ਲੀਡਰ ਪ੍ਰਧਾਨ ਅਖਵਾਉਂਦਾ ਹੈ। ਸਰਪੰਚ ਅਤੇ ਪ੍ਰਧਾਨ, ਦੋਵੇਂ ਬਰਾਬਰ ਹਨ। ਪਿੰਡਾਂ ਤੇ ਕਸਬਿਆਂ-ਸ਼ਹਿਰਾਂ ਵਿਚ ਇਨ੍ਹਾਂ ਦੀ ਸ਼ਾਨ ਮੰਤਰੀਆਂ ਨਾਲੋਂ ਘੱਟ ਨਹੀਂ ਹੈ।
ਪੰਚਾਇਤ ਮੈਂਬਰ ਅਤੇ ਐਮæਸੀæ (ਮਿਉਂਸਪਲ ਕੌਂਸਲਰ) ਮੰਤਰੀ ਦੇ ਬਰਾਬਰ ਦਾ ਰੁਤਬਾ ਰੱਖਦੇ ਹਨ, ਤਾਂ ਸਰਪੰਚ ਤੇ ਕਮੇਟੀਆਂ ਦੇ ਪ੍ਰਧਾਨ ਮੁੱਖ ਮੰਤਰੀ ਦੇ ਬਰਾਬਰ ਹੁੰਦੇ ਹਨ। ਪਿਛਲੇ ਦਿਨਾਂ ਦੌਰਾਨ ਇਨ੍ਹਾਂ ਨਾਲ ਇਕ ਵਾਰ ਫਿਰ ਸਿੱਧਾ ਵਾਹ ਪਿਆ। ਐਤਕੀਂ ਇਸੇ ਦੀ ਕਹਾਣੀ ਪਾਠਕਾਂ ਨਾਲ ਸਾਂਝੀ ਕਰ ਰਹੀ ਹਾਂ।
ਇਹ ਪੰਚਾਇਤਾਂ ਅਤੇ ਕਮੇਟੀਆਂ ਜੋ ਜਨਤਾ ਦੇ ਵੋਟਾਂ ਨਾਲ ਚੁਣੀਆਂ ਜਾਂਦੀਆਂ ਹਨ, ਦੀ ਚੋਣ ਵਿਚ ਜਿੱਤ ਤੋਂ ਤੁਰੰਤ ਬਾਅਦ ਆਗੂਆਂ ਦਾ ਵਿਹਾਰ ਹੀ ਬਦਲ ਜਾਂਦਾ ਹੈ ਅਤੇ ਨਾਲ ਹੀ ਬਦਲ ਜਾਂਦਾ ਹੈ ਇਨ੍ਹਾਂ ਪੰਚਾਇਤਾ ਤੇ ਕਮੇਟੀਆਂ ਦਾ ਰੰਗ-ਰੂਪ। ਇਹ ਲੋਕ ਪਿੰਡਾਂ ਸ਼ਹਿਰਾਂ ਦੇ ਮਾਲਕ ਬਣ ਬੈਠਦੇ ਹਨ ਤੇ ਗਰੀਬ ਲੋਕਾਂ ਨੂੰ ਰਿਸ਼ਵਤਖੋਰੀ ਦੀਆਂ ਜੋਕਾਂ ਬਣ ਕੇ ਚੁੰਬੜ ਜਾਂਦੇ ਹਨ। ਜੇ ਪੰਚਾਇਤਾਂ ਦੇ ਮੈਂਬਰ ਤੇ ਐਮæਸੀæ ਜੋਕਾਂ ਹਨ ਤਾਂ ਸਰਪੰਚ ਅਤੇ ਪ੍ਰਧਾਨ ਭੁੱਖੇ ਮਗਰਮੱਛ ਹੋ ਨਿਬੜਦੇ ਹਨ। ਜੋਕਾਂ ਬੰਦੇ ਦਾ ਖੂਨ ਪੀਂਦੀਆਂ ਹਨ ਅਤੇ ਮਗਰਮੱਛ ਤਾਂ ਗਰੀਬ ਲੋਕਾਂ ਨੂੰ ਸਾਬਤੇ ਹੀ ਨਿਗਲ ਜਾਂਦੇ ਹਨ। ਇਹ ਲੋਕਾਂ ਨੂੰ ਦੋਹੀਂ ਹੱਥੀਂ ਲੁੱਟਦੇ ਹਨ। ਪਰਦੇਸੀਂ ਵੱਸਦੇ ਪੰਜਾਬੀ ਜਦ ਕਦੀ ਆਪਣਿਆਂ ਨੂੰ ਮਿਲਣ ਪੰਜਾਬ ਜਾਂਦੇ ਹਨ, ਤਾਂ ਜੋ ਹਾਲ ਉਨ੍ਹਾਂ ਦਾ ਉਥੇ ਹੁੰਦਾ ਹੈ, ਬੱਸ ਰੱਬ ਹੀ ਜਾਣਦਾ ਹੈ! ਪਰਦੇਸੀਆਂ ਨਾਲ ਇਹ ਲੋਕ ਕੀ ਵਿਹਾਰ ਕਰਦੇ ਹਨ ਤੇ ਕਿਵੇਂ ਪੇਸ਼ ਆਉਂਦੇ ਹਨ, ਹੁਣ ਕੁਝ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਇਨ੍ਹਾਂ ਦੀਆਂ ਬੱਝਵੀਆਂ ਫੀਸਾਂ ਵੀ ਜੱਗ-ਜ਼ਹਿਰ ਹਨ ਅਤੇ ਇਹ ਰਿਸ਼ਵਤ ਕਿਸ ਤਰੀਕੇ ਨਾਲ ਖਾਂਦੇ ਹਨ, ਇਥੇ ਵੱਸਦੇ ਹਰ ਆਦਮੀ ਨੂੰ ਪਤਾ ਹੈ। ਦਰਅਸਲ, ਪੰਚਾਇਤਾਂ ਅਤੇ ਮਿਉਂਸਪਲ ਕਮੇਟੀਆਂ ਦੇ ਇਹ ‘ਸੇਵਕ’ ਆਪੋ-ਆਪਣੇ ਇਲਾਕੇ ਦੇ ਐਮæਐਲ਼ਏæ ਦੇ ਏਜੰਟ ਹਨ ਅਤੇ ਏਜੰਟ ਹੋਣ ਕਰ ਕੇ ਪੁਲਿਸ ਜਾਂ ਅਫ਼ਸਰਸ਼ਾਹੀ ਦੀ ਵੀ ਇਨ੍ਹਾਂ ਏਜੰਟਾਂ ਨਾਲ ਪੂਰੀ ਪੂਰੀ ਭਾਈਵਾਲੀ ਹੈ। ਹਰ ਗਰੀਬ ਆਦਮੀ ਜਾਂ ਸੱਚ ਬੋਲਣ ਵਾਲਾ ਬੰਦਾ ਇਨ੍ਹਾਂ ਲੋਕਾਂ ਤੋਂ ਡਰਦਾ ਹੈ ਅਤੇ ਇਨ੍ਹਾਂ ਤੋਂ ਦੂਰ ਰਹਿਣ ਦੀ ਹੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਗਰੀਬ ਦੀ ਅਤੇ ਸੱਚ ਬੋਲਣ ਵਾਲੇ ਦੀ ਕਿਤੇ ਕੋਈ ਸੁਣਵਾਈ ਨਹੀਂ ਹੈ।
ਮੇਰਾ ਪਿੰਡ ਬੇਗੋਵਾਲ (ਕਪੂਰਥਲਾ) ਹੈ। ਉਥੇ ਮੇਰੇ ਪਿਤਾ ਜੀ ਦਾ ਘਰ ਹੈ। ਘਰ ਪਿੰਡ ਦੇ ਅੰਦਰ ਹੋਣ ਕਰ ਕੇ ਗਲੀ ਭੀੜੀ ਹੈ। ਸਾਹਮਣੇ ਘਰ ਦੀਆਂ ਸੱਸਾਂ-ਨੂੰਹਾਂ ਆਪਣਾ ਵਿਹੜਾ ਹੂੰਝ ਕੇ ਕੂੜਾ ਸਾਡੀ ਨਾਲੀ ਵਿਚ ਪਾ ਦਿੰਦੀਆਂ ਹਨ। ਸਿੱਟੇ ਵਜੋਂ ਨਾਲੀ ਦਾ ਨਿਕਾਸ ਰੁਕ ਜਾਂਦਾ ਹੈ। ਪੂਰੇ ਚਾਲੀ ਸਾਲ ਤੋਂ ਇਹ ਪ੍ਰਥਾ ਚੱਲ ਰਹੀ ਹੈ। ਇਨ੍ਹਾਂ ਨੂੰ ਆਖਦੀ ਤੇ ਸਮਝਾਉਂਦੀ ਮੇਰੀ ਮਾਂ ਇਸ ਦੁਨੀਆਂ ਤੋਂ ਤੁਰ ਗਈ, ਪਰ ਇਨ੍ਹਾਂ ਦਾ ਨਿੱਤ ਦਾ ਇਹ ਕਰਮ ਅੱਜ ਵੀ ਜਾਰੀ ਹੈ। ਗਲੀ ਦੀ ਸਫ਼ਾਈ ਕਰਨ ਵਾਲੇ ਪੈਸੇ ਸਾਡੇ ਕੋਲੋਂ ਵੀ ਉਨੇ ਹੀ ਲੈਂਦੇ ਹਨ ਜਿੰਨੇ ਦੂਜਿਆਂ ਕੋਲੋਂ, ਪਰ ਕੂੜੇ ਦਾ ਢੇਰ ਸਾਡੀ ਨੁਕਰ ‘ਤੇ ਹੀ ਲਾਉਂਦੇ ਹਨ, ਕਿਉਂਕਿ ਅਗਲਾ ਘਰ ਐਮæਸੀæ ਦਾ ਹੈ।
ਇਕ ਪਰਿਵਾਰ ਨੇ ਮੇਰੀ ਮਾਂ ਦੇ ਬੈਂਕ ਅਕਾਊਂਟ ਵਿਚੋਂ ਧੋਖੇ ਨਾਲ ਪੈਸੇ ਕਢਵਾ ਲਏ। ਜਦ ਅਸੀਂ ਗਏ, ਬੰਦੇ ਇਕੱਠੇ ਕੀਤੇ ਜਿਨ੍ਹਾਂ ਵਿਚ ਚਾਰ ਐਮæਸੀæ ਤੇ ਨੰਬਰਦਾਰ ਵੀ ਬੈਠੇ ਸਨ। ਇਕ ਐਮæਸੀæ ਨੇ ਜ਼ਿੰਮਾ ਚੁੱਕ ਲਿਆ ਕਿ ਪੈਸੇ ਉਹ ਦਿਵਾਏਗਾ। ਚਾਰ ਸਾਲ ਹੋ ਗਏ ਹਨ, ਸਾਨੂੰ ਇਕ ਵੀ ਪੈਸਾ ਨਹੀਂ ਮਿਲਿਆ। ਜਦ ਕਦੀ ਗਲੀ ਵਿਚ ਮਿਲ ਪੈਣ ਤਾਂ ਸ਼ਰਮਿੰਦੇ ਨਹੀਂ ਹੁੰਦੇ, ਉਲਟਾ ਦੰਦੀਆਂ ਵਿਖਾ ਕੇ ਹੀਂ ਹੀਂ ਕਰਦੇ ਅੱਗੇ ਲੰਘ ਜਾਂਦੇ ਹਨ। ਜਿਸ ਬੰਦੇ ਨੇ ਬੈਂਕ ਵਿਚੋਂ ਪੈਸੇ ਕਢਵਾਏ ਸਨ, ਉਹ ਵੀ ਸਾਡੇ ਕੋਲੋਂ ਆਕੜ ਕੇ ਲੰਘਦਾ ਹੈ।
ਹੋਰ ਸੁਣੋæææਮੇਰੇ ਜੀਵਨ ਸਾਥੀ ਦੇ ਪਿੰਡ ਉਨ੍ਹਾਂ ਦੀ ਚਾਰ ਭਰਾਵਾਂ ਦੀ ਪਿੰਡ ਦੀ ਫਿਰਨੀ ਵਾਲੀ ਸੜਕ ‘ਤੇ 2 ਕਨਾਲ ਸਾਂਝੀ ਜ਼ਮੀਨ ਹੈ ਜਿਸ ਉਤੇ ਵਾਹੀ ਦਾ ਕਬਜ਼ਾ ਵੀ ਸਾਡਾ ਹੀ ਹੈ। ਇਕ ਵਾਰੀ ਸਾਰਿਆਂ ਨੇ ਸੋਚਿਆ ਕਿ ਚਾਰ-ਦੀਵਾਰੀ ਕਰ ਕੇ ਉਥੇ ਕੁਝ ਬਣਾਇਆ ਜਾਵੇ, ਪਰ ਪਿੰਡ ਦਾ ਸਰਪੰਚ ਹਿਮਾਲਾ ਪਰਬਤ ਬਣ ਕੇ ਸਾਹਮਣੇ ਆ ਖੜ੍ਹਾ ਹੋਇਆ। ਪੂਰੇ ਦੋ ਮਹੀਨੇ ਤੋਂ ਸਾਰੇ ਪਰਿਵਾਰ ਨੂੰ ਵਖਤ ਪਾਇਆ ਹੋਇਆ ਹੈ। ਰਿਸ਼ਵਤ ਸ਼ਰ੍ਹੇਆਮ ਖਾਂਦਾ ਹੈ ਡੰਕੇ ਦੀ ਚੋਟ ‘ਤੇ। ਜੇ ਇਕ ਦਿਨ ਕੰਧ ਬਣਦੀ ਹੈ, ਤਾਂ ਦੂਜੇ ਦਿਨ ਉਹ ਕੰਧ ਢਹਾ ਛੱਡਦਾ ਹੈ। ਪਟਵਾਰੀ ਤੇ ਕਾਨੂੰਗੋ ਵੀ ਜਾ ਕੇ ਦੱਸ ਆਏ ਹਨ ਕਿ ਜ਼ਮੀਨ ਇਸੇ ਪਰਿਵਾਰ ਦੀ ਹੈ। ਐਨæਆਰæਆਈæ ਡਿਪਾਰਟਮੈਂਟ ਵਿਚ ਵੀ ਜਾ ਆਏ ਹਾਂ, ਉਥੋਂ ਵੀ ਕੋਈ ਨਹੀਂ ਬਹੁੜਿਆ। ਸਰਪੰਚ ਲੱਖਾਂ ਦੇ ਹਿਸਾਬ ਨਾਲ ਪੈਸੇ ਮੰਗ ਰਿਹਾ ਹੈ ਕਿ ਇੰਨੇ ਲੱਖ ਦੇ ਦਿਓ, ਕੰਮ ਹੋ ਜਾਵੇਗਾ। ਦੇਖ ਲਓ ਹੁਣæææਸਾਰਾ ਪਰਿਵਾਰ ਪੈਸੇ ਵੀ ਲਾ ਰਿਹਾ ਹੈ ਅਤੇ ਧੱਕੇ ਵੀ ਖਾ ਰਿਹਾ ਹੈ।
ਜਲੰਧਰ ਸ਼ਹਿਰ ਦੀ ਗੱਲ ਸੁਣ ਲਓæææਮੇਰੇ ਆਪਣੇ ਇਕ ਪੇਪਰ ਦੀ ਪੁਲਿਸ ਕੋਲ ਇਨਕੁਆਰੀ ਸੀ। ਤਸਦੀਕ ਹੋਣੀ ਸੀ ਕਿ ਮੈਂ ਹੀ ਸੁਰਜੀਤ ਕੌਰ ਹਾਂ। ਇਕ ਪੁਲਿਸ ਇੰਸਪੈਕਟਰ ਤੇ ਸਿਪਾਹੀ ਸਾਡੇ ਘਰ ਆਏ ਤੇ ਆਖਣ ਲੱਗੇ, “ਇਕ ਹਜ਼ਾਰ ਰੁਪਏ ਦੇ ਦਿਓ, ਕੰਮ ਹੁਣੇ ਕਰ ਦਿੰਦੇ ਹਾਂ।” ਅਸੀਂ ਆਖਿਆ, “ਇਸ ਮੁਹੱਲੇ ਦੇ ਅਸੀਂ ਚਾਲੀ ਸਾਲ ਤੋਂ ਵਾਸੀ ਹਾਂ, ਤੁਸੀਂ ਕਿਸੇ ਨੂੰ ਵੀ ਪੁੱਛ ਲਵੋ, ਰਿਸ਼ਵਤ ਕਿਸ ਲਈ ਮੰਗ ਰਹੇ ਹੋ?” ਸਿਪਾਹੀ ਬੋਲਿਆ, “ਜੇ ਹੁਣੇ ਦੇ ਦਿਓਗੇ ਤਾਂ ਕੰਮ ਨਿਬੜ ਜਾਵੇਗਾ, ਨਹੀਂ ਤੇ ਧੱਕੇ ਵੀ ਖਾਉਗੇ ਤੇ ਪੈਸੇ ਵੀ ਦਿਉਗੇ।”
ਗੱਲ ਇਥੇ ਤੱਕ ਪਹੁੰਚੀ ਕਿ ਜੇ ਐਮæਸੀæ ਆਖ ਦੇਣ ਤਾਂ ਕੰਮ ਹੋ ਜਾਵੇਗਾ। ਚਾਰ ਦਿਨ ਮਗਰੋਂ ਐਮæਸੀæ ਸਾਹਿਬ ਮਿਲੇ। ਕੁਦਰਤੀ ਉਨ੍ਹਾਂ ਦਾ ਪਰਿਵਾਰ ਸਾਨੂੰ ਜਾਣਦਾ ਸੀ, ਜਦ ਅਸੀਂ ਆਪਣੀ ਵਿਥਿਆ ਸੁਣਾਈ, ਤਾਂ ਆਖਣ ਲੱਗਾ, “ਇੰਸਪੈਕਟਰ ਦਾ ਨਾਂ ਦੱਸੋ, ਹੁਣੇ ਖਬਰ ਲੈਂਦਾ ਹਾਂ।” ਅਸੀਂ ਬੇਹੱਦ ਖੁਸ਼ ਹੋਏ ਕਿ ਸੱਚ ਅਜੇ ਜਿਉਂਦਾ ਹੈ। ਐਮæਸੀæ ਨੇ ਇੰਸਪੈਕਟਰ ਨੂੰ ਫੋਨ ਲਾਇਆ ਤੇ ਆਖਣ ਲੱਗਾ, “ਬੰਦਾ ਕੁ-ਬੰਦਾ ਤਾਂ ਵੇਖ ਲਿਆ ਕਰੋ, ਫਿਰ ਭੈਣ ਜੀ ਤਾਂ ਗੁਰੂ ਘਰ ਦੇ ਕੀਰਤਨੀਏ ਹਨ। ਇਨ੍ਹਾਂ ਦੇ ਪੇਪਰ ਸਾਈਨ ਕਰ ਕੇ ਭੇਜ ਦਿਓ। ਸ਼ਾਮ ਨੂੰ ਆ ਕੇ ਤੂੰ ਭੈਣ ਜੀ ਕੋਲੋਂ ਹਜ਼ਾਰ ਰੁਪਏ ਲੈ ਆਈਂ, ਭੈਣ ਜੀ ਮੋੜਨਗੇ ਨਹੀਂ।”
ਜਦ ਉਹ ਐਮæਸੀæ ਇੰਸਪੈਕਟਰ ਨੂੰ ਇਹ ਗੱਲ ਆਖ ਰਿਹਾ ਸੀ, ਦਸ ਬੰਦੇ ਉਥੇ ਹੋਰ ਵੀ ਖੜ੍ਹੇ ਸਨ, ਤੇ ਮੈਂ ਧਰਤੀ ਵਿਚ ਧਸਦੀ ਜਾ ਰਹੀ ਸਾਂ ਕਿ ਮੇਰੇ ਪੰਜਾਬ ਦਾ ਹੁਣ ਬਣ ਕੀ ਗਿਆ ਹੈ? ਅੱਜ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੇ ਹਰ ਗਲੀ-ਮੁਹੱਲੇ ਵਿਚ ਰਿਸ਼ਵਤਖੋਰੀ ਦੇ ਦੈਂਤ ਜਬਾੜੇ ਅੱਡੀ ਖੜ੍ਹੇ ਹਨ। ਰਿਸ਼ਵਤ ਦੇ ਮੁਰਦਾਰ ਦੀ ਰੱਤ ਇਨ੍ਹਾਂ ਦੇ ਮੂੰਹਾਂ ਨੂੰ ਲੱਗ ਚੁੱਕੀ ਹੈ। ਇਨ੍ਹਾਂ ਨੇ ਹੁਣ ਪੰਜਾਬ ਨੂੰ ਮਾਰ-ਮੁਕਾਉਣ ਦੀ ਕਸਮ ਖਾ ਲਈ ਹੈ। ਪੰਚ, ਸਰਪੰਚ ਤੇ ਕੌਂਸਲਰ ਅਤੇ ਥਾਣਿਆਂ ਵਿਚ ਬੈਠੇ ਸਰਕਾਰੀ ਵਰਦੀ ਵਾਲੇ ਸਾਰੇ ਮੰਤਰੀਆਂ ਦੇ ਏਜੰਟ ਬਣੇ ਹੋਏ ਹਨ। ਥੱਲਿਓਂ ਲੈ ਕੇ ਉਪਰ ਤੱਕ ਸਾਰਿਆਂ ਨੇ ਮਿਲ ਕੇ ਸ਼ਰ੍ਹੇਆਮ ਲੁੱਟ ਮਚਾਈ ਹੋਈ ਹੈ। ਸਰਕਾਰੇ-ਦਰਬਾਰੇ ਸਭ ਨੂੰ ਪਤਾ ਹੈ ਕਿ ਬਾਹਰੋਂ ਆਉਣ ਵਾਲੇ ਵੱਧ ਤੋਂ ਵੱਧ ਦੋ ਢਾਈ ਮਹੀਨੇ ਪੰਜਾਬ ਵਿਚ ਰਹਿੰਦੇ ਹਨ, ਇਸ ਲਈ ਇਨ੍ਹਾਂ ਦਾ ਕੰਮ ਸਿਰੇ ਹੀ ਨਾ ਚੜ੍ਹਨ ਦਿੱਤਾ ਜਾਵੇ।
ਇਹ ਕੁਝ ਕੁ ਗੱਲਾਂ ਮੈਂ ਵੰਨਗੀ ਦੇ ਤੌਰ ‘ਤੇ ਹੀ ਸਾਂਝੀਆਂ ਕੀਤੀਆਂ ਹਨ। ਹੱਡ-ਬੀਤੀ ਦੀ ਪੂਰੀ ਤਸਵੀਰ ਕਦੀ ਫਿਰ ਵਿਖਾਵਾਂਗੀ। ਇਥੇ ਬੈਠੇ ਅਸੀਂ ਆਪਣੇ ਪਰਿਵਾਰਾਂ ਤੇ ਪਿੰਡਾਂ ਨੂੰ ਯਾਦ ਕਰ ਕਰ ਕੇ ਹਉਕੇ ਭਰਦੇ ਹਾਂ ਅਤੇ ਹੰਝੂ ਵੀ ਕੇਰਦੇ ਹਾਂ, ਪਰ ਜਦੋਂ ਆਪਣੇ ਸੋਹਣੇ ਪੰਜਾਬ ਵਿਚ ਜਾ ਕੇ ਮਾਰਾਂ ਖਾਂਦੇ ਹਾਂ, ਤਾਂ ਭੁੱਬਾਂ ਮਾਰ ਮਾਰ ਕੇ ਰੋਣ ਨੂੰ ਜੀ ਕਰਦਾ ਹੈ। ਇਹ ਕਹਾਣੀ ਮੇਰੀ ਇਕੱਲੀ ਦੀ ਨਹੀਂ, ਹਰ ਪੰਜਾਬੀ ਦੀ ਹੈ। ਸਾਨੂੰ ਪਰਦੇਸਾਂ ਵਿਚ ਆਇਆਂ ਨੂੰ ਨਾ ਪਰਿਵਾਰ ਵਾਲੇ, ਨਾ ਰਿਸ਼ਤੇਦਾਰ ਤੇ ਨਾ ਹੀ ਸਰਕਾਰ ਮੂੰਹ ਲਾਉਣ ਨੂੰ ਤਿਆਰ ਨਹੀਂ। ਸਭ ਤੋਂ ਵੱਡੀ, ਦੁੱਖ ਵਾਲੀ ਗੱਲ ਇਹ ਹੈ ਕਿ ਅੱਜ ਪੰਜਾਬ ਨਸ਼ਿਆਂ ਅਤੇ ਰਿਸ਼ਤਵਖੋਰੀ ਦੇ ਸੈਲਾਬ ਵਿਚ ਦਮ ਤੋੜ ਰਿਹਾ ਹੈ। ਇਸ ਨੂੰ ਬਚਾਉਣ ਵਾਲਾ ਕੋਈ ਨਹੀਂ ਦਿਸਦਾ। ਇਹ ਯਤੀਮ ਹੋ ਚੁੱਕਾ ਹੈ ਅਤੇ ਧਾਹੀਂ ਰੋ ਰਿਹਾ ਹੈ। ਜਾਪਦਾ ਹੈ, ਇਸ ਦਾ ਕੋਈ ਵਾਲੀ-ਵਾਰਸ ਹੀ ਨਹੀਂ ਹੈ, ਸਾਰੀ ਜਨਤਾ ਲਾਵਾਰਸ ਧੱਕੇ ਖਾਂਦੀ ਫਿਰਦੀ ਹੈ। ਕੋਈ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਵੰਡਣ ਵਾਲਾ ਨਹੀਂ, ਕੋਈ ਢਾਰਸ ਦੇਣ ਵਾਲਾ ਨਹੀਂ। ਨਸ਼ਿਆਂ ਤੇ ਰਿਸ਼ਤਵਖੋਰੀ ਦਾ ਸੈਲਾਬ ਤਾਂ ਹੈ ਹੀ, ਹੋਰ ਕਈ ਮਸਲਿਆਂ ਕਰ ਕੇ ਵੀ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਗਰੀਬ ਕਿਸਾਨ ਦੀ ਮਿਹਨਤ ਮੰਡੀਆਂ ਵਿਚ ਰੁਲ ਰਹੀ ਹੈ ਤੇ ਕਿਸਾਨ ਗਲਾਂ ਵਿਚ ਫਾਹੇ ਪਾ ਕੇ ਮੌਤ ਨੂੰ ਗਲ ਨਾਲ ਲਾ ਰਿਹਾ ਹੈ। ਸਰਕਾਰ ਅਤੇ ਵਿਰੋਧੀ ਧਿਰ ਦੇ ਲੀਡਰ ਬਿਆਨਬਾਜ਼ੀ ਕਰ ਕੇ ਜਨਤਾ ਨੂੰ ਹੋਰ ਕੁਰਾਹੇ ਪਾ ਰਹੇ ਹਨ। ਸਾਡਾ ਪੰਜਾਬ ਜਾ ਕਿੱਧਰ ਰਿਹਾ ਹੈ?