ਗੁਲਜ਼ਾਰ ਸਿੰਘ ਸੰਧੂ
ਕੁਲਦੀਪ ਨਈਅਰ ਅਜੋਕੇ ਭਾਰਤ ਦਾ ਸੁਪ੍ਰਸਿੱਧ ਪੱਤਰਕਾਰ ਹੈ। ਉਸ ਦੀ ਸਵੈ-ਜੀਵਨੀ ਦਸਦੀ ਹੈ ਕਿ ਉਹ ਵਕੀਲ ਬਣਨਾ ਚਾਹੁੰਦਾ ਸੀ ਪਰ ਹਾਲਾਤ ਨੇ ਇਧਰ ਧੱਕ ਮਾਰਿਆ ਜੇ ਇੰਜ ਨਾ ਹੁੰਦਾ ਤਾਂ ਅੱਜ ਸਾਡੇ ਕੋਲ ਹੇਠ ਲਿਖੇ ਤੱਥ ਨਹੀਂ ਸਨ ਹੋਣੇ:
ਪਾਕਿਸਤਾਨ ਦੇ ਪੁਨਰਵਸੇਬਾ ਮੰਤਰੀ ਇਫਤਿਖ਼ਾਰ-ਉਦ-ਦੀਨ ਅਤੇ ‘ਪਾਕਿਸਤਾਨ ਟਾਈਮਜ਼’ ਦੇ ਸੰਪਾਦਕ ਮਜ਼ਹਰ ਅਲੀ ਖ਼ਾਨ ਨੇ ਮੁਹੰਮਦ ਅਲੀ ਜਿਨਾਹ ਨਾਲ ਇਕ ਦਿਨ ਜਹਾਜ਼ ਰਾਹੀਂ ਲਾਹੌਰ ਤੋਂ ਡਕੋਟਾ ਵੰਡੇ ਹੋਏ ਪੰਜਾਬ ਦਾ ਹਵਾਈ ਦੌਰਾ ਕੀਤਾ। ਜਿਨਾਹ ਨੇ ਜਦੋਂ ਭਾਰਤ ਵਾਲੇ ਪਾਸਿਓਂ ਪਾਕਿਸਤਾਨ ਵੱਲ ਆ ਰਹੀ ਅਤੇ ਪਾਕਿਸਤਾਨ ਤੋਂ ਭਾਰਤ ਵੱਲ ਜਾ ਰਹੀ ਅਮੁੱਕ ਮਨੁੱਖੀ ਲੜੀ ਉਪਰੋਂ ਦੇਖੀ ਤਾਂ ਉਸ ਨੇ ਆਪਣੇ ਮੱਥੇ ‘ਤੇ ਹੱਥ ਮਾਰਦਿਆਂ ਪ੍ਰੇਸ਼ਾਨੀ ‘ਚ ਆਖਿਆ, “ਇਹ ਮੈਂ ਕੀ ਕਰ ਬੈਠਾ।” ਇਫਤਿਖ਼ਾਰ ਅਤੇ ਮਜ਼ਹਰ ਦੋਹਾਂ ਨੇ ਸਹੁੰ ਪਾਈ ਕਿ ਉਹ ਜਿਨਾਹ ਵਲੋਂ ਆਖੀ ਗਈ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਨਗੇ। ਮਜ਼ਹਰ ਨੇ ਇਹ ਗੱਲ ਸਿਰਫ਼ ਆਪਣੀ ਪਤਨੀ ਤਾਹਿਰਾ ਨਾਲ ਸਾਂਝੀ ਕੀਤੀ ਅਤੇ ਉਸ ਨੇ ਆਪਣੇ ਪਤੀ ਦੀ ਮੌਤ ਤੋਂ ਕਈ ਵਰ੍ਹੇ ਬਾਅਦ ਇਹ ਗੱਲ ਮੈਨੂੰ ਦੱਸੀ।
ਮੈਂ ਦੇਰ ਸ਼ਾਮ ਸ਼ਾਸਤਰੀ ਜੀ ਦੇ ਘਰ ਪੁੱਜਿਆ। ਉਨ੍ਹਾਂ ਮੈਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਦੀ ਚੋਣ ਸਰਬਸੰਮਤੀ ਨਾਲ ਹੋਵੇ।” ਥੋੜ੍ਹਾ ਰੁਕਦਿਆਂ ਉਨ੍ਹਾਂ ਕਿਹਾ, “ਜੇਕਰ ਮੁਕਾਬਲਾ ਲਾਜ਼ਮੀ ਹੀ ਹੋਇਆ ਤਾਂ ਮੈਂ ਮੋਰਾਰਜੀ ਭਾਈ ਦੇ ਖ਼ਿਲਾਫ਼ ਚੋਣ ਲੜ ਸਕਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਉਨ੍ਹਾਂ ਨੂੰ ਹਰਾ ਸਕਦਾ ਹਾਂ ਪਰ ਇੰਦਰਾ ਜੀ ਨੂੰ ਨਹੀਂ।” ਇਸ ਤੋਂ ਮਗਰੋਂ ਉਨ੍ਹਾਂ ਕਿਹਾ ਕਿ ਇਸ ਮੌਕੇ ਸਭ ਤੋਂ ਵਧੀਆ ਗੱਲ ਇਹੀ ਹੋਵੇਗੀ ਕਿ ਜੈਪ੍ਰਕਾਸ਼ ਨਰਾਇਣ ਜਿਹਾ ਵਿਅਕਤੀ ਸਰਕਾਰ ਦੀ ਅਗਵਾਈ ਕਰੇ। ਉਨ੍ਹਾਂ ਮੈਨੂੰ ਕਿਹਾ ਕਿ ਮੈਂ ਮੁਰਾਰਜੀ ਭਾਈ ਨੂੰ ਪ੍ਰ੍ਰਧਾਨ ਮੰਤਰੀ ਦੇ ਅਹੁਦੇ ਲਈ ਸਰਬਸੰਮਤੀ ਕਾਇਮ ਕਰਨ ਦਾ ਸੁਨੇਹਾ ਦੇ ਦੇਵਾਂ। ਉਨ੍ਹਾਂ ਮੈਨੂੰ ਇਸ ਦੇ ਲਈ ਜੈ ਪ੍ਰਕਾਸ਼ ਨਰਾਇਣ ਅਤੇ ਇੰਦਰਾ ਗਾਂਧੀ ਦਾ ਨਾਂ ਸੁਝਾਇਆ।
ਜਿੱਥੋਂ ਤੱਕ ਮੈਨੂੰ ਜਾਣਕਾਰੀ ਸੀ, ਮਸਜਿਦ ਢਾਹੁਣ ਲਈ ਤਤਕਾਲੀ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਵੀ ਮਿਲੀਭੁਗਤ ਸੀ। ਕਾਰ ਸੇਵਕਾਂ ਨੇ ਜਿਸ ਵੇਲੇ ਬਾਬਰੀ ਮਸਜਿਦ ਢਾਹੁਣੀ ਸ਼ੁਰੂ ਕੀਤੀ, ਉਹ ਪੂਜਾ ‘ਤੇ ਬੈਠ ਗਿਆ ਅਤੇ ਉਦੋਂ ਹੀ ਉਠਿਆ ਜਦੋਂ ਮਸਜਿਦ ਦੀ ਆਖਰੀ ਇੱਟ ਵੀ ਪੁੱਟੀ ਗਈ ਸੀ। ਸੋਸ਼ਲਿਸਟ ਆਗੂ ਮਧੂ ਲਿਮਏ ਨੇ ਮਗਰੋਂ ਮੈਨੂੰ ਦੱਸਿਆ ਸੀ ਕਿ ਰਾਓ ਦੇ ਸਹਾਇਕ ਨੇ ਪੂਜਾ ‘ਤੇ ਬੈਠਿਆਂ ਹੀ ਉਸ ਦੇ ਕੰਨ ਵਿੱਚ ਆਖਿਆ ਸੀ, “ਮਸਜਿਦ ਢਾਹ ਦਿੱਤੀ ਗਈ ਹੈ।” ਉਸ ਦੇ ਏਨਾ ਕਹਿਣ ਦੀ ਦੇਰ ਸੀ ਕਿ ਝਟਪਟ ਪੂਜਾ ਸਮਾਪਤ ਕਰ ਦਿੱਤੀ ਗਈ।
ਨਿੱਜੀ ਤੌਰ ਤੇ ਇਹ ਗੱਲ ਮੇਰੀ ਸਮਝ ਨਹੀਂ ਆਈ ਕਿ ਕੀ ਮੁਸਲਮ ਲੀਗ ਨੂੰ ਦੋ ਸੀਟਾਂ ਦੇਣ ਤੋਂ ਇਨਕਾਰ ਕਰਨ ਨਾਲ ਮੁਸਲਮ ਭਾਈਚਾਰੇ (ਅਬੁਲ ਕਲਾਮ ਆਜ਼ਾਦ ਸਮੇਤ) ਨੂੰ ਏਨੀ ਠੇਸ ਪਹੁੰਚੀ ਕਿ ਉਹ ਇਕ ਵਖਰਾ ਮੁਲਕ ਪਾਕਿਸਤਾਨ ਬਣਾਉਣ ਦੇ ਰਾਹ ਪੈ ਤੁਰੇ। ਨਹਿਰੂ ਨੇ 1959 ਵਿਚ ਆਪਣਾ ਪੱਖ ਸਪਸ਼ਟ ਕਰਦਿਆਂ ਇਸ ਮੁੱਦੇ ਤੇ ਆਜ਼ਾਦ ਨੂੰ ਸਹੀ ਨਹੀਂ ਸੀ ਕਿਹਾ। ਉਹ ਆਜ਼ਾਦ ਵੱਲੋਂ ਆਪਣੇ ਆਪ (ਨਹਿਰੂ) ਨੂੰ ਫਜ਼ੂਲ ਬੰਦਾ ਆਖੇ ਜਾਣ ਤੋਂ ਵੀ ਦੁਖੀ ਸੀ। ਨਹਿਰੂ ਬਾਰੇ ਇਹ ਸ਼ਬਦ ਲਿਖਤੀ ਰੂਪ ਵਿਚ ਆਜ਼ਾਦ ਵੱਲੋਂ ਉਨ੍ਹਾਂ 30 ਪੰਨਿਆਂ ਵਿਚ ਵੀ ਵਾਰ ਵਾਰ ਵਰਤੇ ਗਏ ਹਨ ਜੋ ਆਜ਼ਾਦ ਦੀ ਇੱਛਾ ਅਨੁਸਾਰ ਉਸ ਦੀ ਮੌਤ ਤੋਂ ਕਈ ਵਰ੍ਹੇ ਪਿੱਛੋਂ ਪ੍ਰਕਾਸ਼ਤ ਕੀਤੇ ਗਏ। ਨਹਿਰੂ ਦੀ ਮੌਤ ਤੋਂ 24 ਵਰ੍ਹੇ ਬਾਅਦ 1988 ਵਿਚ।
ਉਪਰੋਕਤ ਟੂਕਾਂ ਕੁਲਦੀਪ ਨਈਅਰ ਦੀ ਸਵੈ-ਜੀਵਨੀ-ਅਜੋਕੇ ਭਾਰਤ ਦੀ ਅਣਕਹੀ ਦਾਸਤਾਨ ਦੇ ਪੰਜਾਬੀ ਐਡੀਸ਼ਨ ਅਨੁ-ਅਰਵਿੰਦਰ ਜੋਹਲ (ਯੂਨੀਸਟਾਰ ਬੁਕਸ, ਚੰਡੀਗੜ੍ਹ ਪੰਨੇ 664, ਮੁੱਲ 595) ਵਿਚੋਂ ਹਨ। ਪੁਸਤਕ ਇਹ ਵੀ ਦਸਦੀ ਹੈ ਕਿ ਆਜ਼ਾਦ ਪਟੇਲ ਨੂੰ ਅੰਤ ਦਾ ਹਿੰਦੂ ਪੱਖੀ ਤੇ ਕ੍ਰਿਸ਼ਨ-ਮੈਨਨ ਨੂੰ ਓਨਾ ਹੀ ਅਣਭਰੋਸੇਯੋਗ ਮੰਨਦਾ ਸੀ। ਏਥੋਂ ਤੱਕ ਕਿ ਜਦੋਂ ਨਹਿਰੂ ਨੇ ਪਹਿਲੀ ਵਾਰ 1954 ਵਿੱਚ ਪਟੇਲ ਨੂੰ ਕੈਬਨਿਟ ਮੰਤਰੀ ਲੈਣਾ ਚਾਹਿਆ ਸੀ ਤਾਂ ਆਜ਼ਾਦ ਨੇ ਨਹਿਰੂ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ।
ਪੱਤਰਕਾਰਾਂ ਨੂੰ ਪਤਰਕਾਰੀ ਇੰਜ ਜਕੜੀ ਰਖਦੀ ਹੈ ਕਿ ਉਨ੍ਹਾਂ ਕੋਲ ਜੀਵਨ ਦੀਆਂ ਹੋਰ ਘਟਨਾਵਾਂ ਲਿਖਣ ਦੀ ਵਿਹਲ ਹੀ ਨਹੀਂ ਹੁੰਦੀ। ਕੁਲਦੀਪ ਨਈਅਰ ਨੇ ਵੀ ਦੋ ਦਹਾਕੇ ਬਾਅਦ ਜਾ ਕੇ ਕੁਝ ਲਿਖਿਆ ਹੈ। ਇਸ ਵਿਚ ਸਵੈ ਜੀਵਨੀ ਅੰਸ਼ ਤਾਂ ਨਾਂ ਮਾਤਰ ਹੀ ਹੈ। ਜਿੰਨਾ ਕੁ ਹੈ ਉਹ ਵੀ 1940 ਤੋਂ ਪਿੱਛੋਂ ਦਾ ਹੈ ਜਦੋਂ ਉਸ ਦੀ ਉਮਰ 17 ਸਾਲ ਹੋ ਚੁੱਕੀ ਸੀ। ਇਹੋ ਕਾਰਨ ਹੈ ਕਿ ਇਹ ਰਚਨਾ ਮੁਲਕ ਰਾਜ ਅਨੰਦ ਦੀ ‘ਸੈਵਨ ਸਮਰਜ਼’ ਵਰਗੀ ਨਹੀਂ ਬਣੀ ਤੇ ਨਾਂ ਹੀ ਖੁਸ਼ਵੰਤ ਸਿੰਘ ਦੀ ‘ਮੌਜ ਮੇਲਾ’ ਵਰਗੀ। ਪਰ ਇਸ ਵਿੱਚ ਦੇਸ਼ ਵੰਡ ਤੋਂ ਮਨਮੋਹਨ ਸਿੰਘ ਸਰਕਾਰ ਤੱਕ ਉਹ ਕੁਝ ਹੈ ਜੋ ਹੋਰ ਕਿਸੇ ਸੋਮੇ ਤੋਂ ਮਿਲਣਾ ਅਸੰਭਵ ਸੀ, ਬੰਗਲਾ ਦੇਸ਼ ਦੇ ਸੰਕਲਪ ਨੂੰ ਅਮਲੀ ਰੂਪ ਮਿਲਣ ਸਮੇਤ। ਭਾਰਤੀ ਬਹੁਗਿਣਤੀ ਅਛੂਤਾਂ ਨੂੰ ਕਿੰਨਾ ਦੁਰਕਾਰਦੀ ਸੀ ਉਸ ਨੇ ਅੱਖੀਂ ਦੇਖਿਆ ਸਿਆਲਕੋਟ ਵਿੱਚ ਹਿੰਦੂ ਮੁਸਲਮਾਨਾਂ ਦੀਆਂ ਸੰਘਣੀਆਂ ਸਾਂਝਾਂ ਵਾਲਾ ਸੰਕਲਪ ਕਿਵੇਂ ਢਹਿ ਢੇਰੀ ਹੋਇਆ, ਉਸ ਦੇ ਮਨ ਵਿਚ ਅੱਜ ਤੱਕ ਵੱਸਿਆ ਹੋਇਆ ਹੈ। ਖਾਸ ਕਰਕੇ ਭਾਰਤ ਪਾਕਿਸਤਾਨ ਵਿੱਚ ਨਵੀਂ ਐਲਾਨੀ ਸੀਮਾ ਦੇ ਦੋਵੇਂ ਪਾਸੇ ਫਿਰਕੂ ਦੰਗੇ ਤੇ ਫਸਾਦ। ਉਸ ਦਾ ਆਪਣਾ ਪਰਿਵਾਰ ਉਸ ਦੇ ਡਾਕਟਰ ਪਿਤਾ ਦੀ ਹਰਮਨਪਿਆਰਤਾ ਸਦਕਾ ਇਹ ਸੀਮਾ ਪਾਰ ਕਰ ਸਕਿਆ ਤੇ ਉਹ ਵੀ ਟੁਟ ਫੁਟ ਕੇ ਤੇ ਆਪਣਾ ਸਭ ਕੁਝ ਗੰਵਾ ਕੇ ਜਦੋਂ ਕਿਸੇ ਮੇਜਰ ਦੀ ਜੀਪ ਵਿੱਚ ਅੰਮ੍ਰਿਤਸਰ ਵਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਤਲ ਹੋਏ ਹਿੰਦੂ ਬੱਚੇ-ਬੁੱਢਿਆਂ ਦੀਆਂ ਲਾਸ਼ਾਂ ਦੇ ਏਧਰ-ਓਧਰ ਉਨ੍ਹਾਂ ਦਾ ਸਾਜ਼ ਸਾਮਾਨ ਖਿਲਰਿਆ ਪਿਆ ਸੀ। ਉਸ ਨੂੰ ਉਨ੍ਹਾਂ ਔਰਤਾਂ ਦੇ ਚਿਹਰੇ ਅੱਜ ਤੱਕ ਨਹੀਂ ਭੁੱਲੇ ਜਿਹੜੀਆਂ ਦੰਗਾਕਾਰੀਆਂ ਤੋਂ ਬਚ ਗਈਆਂ ਸਨ ਪਰ ਉਨ੍ਹਾਂ ਤੋਂ ਆਪਣੇ ਜੀਵਤ ਰਹਿ ਗਏ ਇਕੱਲੇ ਬੱਚੇ ਨਹੀਂ ਸਨ ਚੁੱਕੇ ਜਾ ਰਹੇ ਤੇ ਉਹ ਇਨ੍ਹਾਂ ਨੂੰ ਕੁਲਦੀਪ ਦੀ ਝੋਲੀ ਸੁੱਟਣ ਦੀ ਭਾਵਨਾ ਨਾਲ ਕਹਿ ਰਹੀਆਂ ਸਨ ਕਿ ਸੀਮਾ ਪਾਰ ਕਰਨ ਤੋਂ ਪਿੱਛੋਂ ਉਹ ਖ਼ੁਦ ਹੀ ਉਨ੍ਹਾਂ ਨੂੰ ਲਭ ਲੈਣਗੀਆਂ। ਕਿੰਨੀਆਂ ਬੇਬਸ ਸਨ ਉਹ। ਮੇਜਰ ਦੇ ਪਰਿਵਾਰ ਤੇ ਕੁਲਦੀਪ ਨਈਅਰ ਨੇ ਵੀ ਉਦੋਂ ਹੀ ਸੁਖ ਦਾ ਸਾਹ ਲਿਆ ਸੀ ਜਦੋਂ ਇਸ ਸੀਮਾ ਨੂੰ ਲੰਘ ਆਏ ਸਨ। ਸੀਮਾ ਕੀ ਸੀ ਬਸ ਤਾਜ਼ਾ ਕਲੀ ਕਰਕੇ ਮੂਧੇ ਮਾਰੇ ਡਰੱਮ ਤੇ ਇਨ੍ਹਾਂ ਦੇ ਕੋਲ ਲਹਿਰਾਉਂਦਾ ਤਿਰੰਗਾ ਝੰਡਾ। ਅਸੀਂ ਏਧਰ ਨੂੰ ਆ ਰਹੇ ਸਾਂ ਤੇ ਭਾਰਤ ਦੇ ਮੁਸਲਮਾਨ ਓਧਰ ਨੂੰ ਜਾ ਰਹੇ ਸਨ। ਦੋਵੇਂ ਧਿਰਾਂ ਇੱਕ ਦੂਜੇ ਨੂੰ ਦੇਖ ਰਹੀਆਂ ਸਨ। ਇੱਕ ਵੀ ਸ਼ਬਦ ਉਚਰੇ ਬਿਨਾ ਲੰਘ ਰਹੇ ਸਾਂ। ਚੁੱਪ ਚੁੱਪ ਲਾਈਨਾਂ ਦੀਆਂ ਲਾਈਨਾਂ।’ ਇਹੋ ਜਿਹਾ ਬਹੁਤ ਕੁਝ ਹੈ ਇਸ ਵਿੱਚ ਤਸਵੀਰਾਂ ਸਮੇਤ। ਪੁਸਤਕ ਪੜ੍ਹਨ ਵਾਲੀ ਹੈ।
ਅੰਤਿਕਾ: ਮਿਰਜ਼ਾ ਗਾਲਿਬ
ਹਜ਼ਾਰੋਂ ਖਵਾਹਿਸ਼ੇ ਐਸੀ ਕਿ ਹਰ ਖਵਾਹਿਸ਼ ਪੇ ਦੱਮ ਨਿਕਲੇ
ਬਹੁਤ ਨਿਕਲੇ ਮੇਰੇ ਅਰਮਾਨ ਲੇਕਨ ਫਿਰ ਭੀ ਕਮ ਨਿਕਲੇ
ਨਿਕਲਨਾ ਖੁਲਦ ਸੇ ਆਦਮ ਕਾ ਸੁਨਤੇ ਆਏ ਹੈਂ
ਬਹੁਤ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ।