ਗ਼ਜ਼ਲ ਨਾਜ਼-ਪੀਨਾਜ਼ ਮਸਾਨੀ

ਕੀਰਤ ਕਾਸ਼ਣੀ
ਪੀਨਾਜ਼ ਮਸਾਨੀ ਅਤੇ ਗ਼ਜ਼ਲ, ਮੁੱਢ ਤੋਂ ਹੀ ਇਕਸੁਰ ਹਨ। ਉਹਦੀ ਪਹਿਲੀ ਐਲਬਮ 1982 ਵਿਚ ਆਈ ਸੀ ਅਤੇ ਹੁਣ ਤੱਕ ਉਸ ਦੀਆਂ 20 ਐਲਬਮਾਂ ਆ ਚੁੱਕੀਆਂ ਹਨ। ਇਨ੍ਹਾਂ ਵਿਚ ਆਪ ਕੀ ਬਜ਼ਮ ਮੇਂ, ਦਿਲਰੁਬਾ, ਖ਼ਜ਼ਾਨਾ, ਨਸ਼ਾ, ਤਿਸ਼ਨਗੀ, ਦਿਲ ਕੇ ਕਰੀਬ, ਤੂ ਹੀ ਮੇਰਾ ਦਿਲ, ਮੁਹੱਬਤ ਕੇ ਸਾਗਰ ਆਦਿ ਮੁੱਖ ਹਨ।

ਉਸ ਨੇ ਪੌਪ ਵੀ ਗਾਇਆ ਅਤੇ ਦੋ ਪੌਪ ਐਲਬਮਾਂ- ਤੂ ਦਿਲ ਦੇ ਦੇ ਅਤੇ ਚੈਨਲ ਹਿਟਸ-2, ਰਿਲੀਜ਼ ਕੀਤੀਆਂ। ਆਪਣੇ ਕਰੀਅਰ ਦੌਰਾਨ ਉਸ ਨੇ ਕਈ ਪੁਰਸਕਾਰ ਹਾਸਲ ਕੀਤੇ। 1996 ਵਿਚ ਉਤਰ ਪ੍ਰਦੇਸ਼ ਦੀ ਸਰਕਾਰ ਨੇ ਉਸ ਨੂੰ Ḕਸ਼ਹਿਜ਼ਾਦੀ ਤਰੰਨਮḔ ਦੇ ਖਿਤਾਬ ਨਾਲ ਨਿਵਾਜਿਆ। ਪੀਨਾਜ਼ ਨੇ ਗ਼ਜ਼ਲਾਂ ਤੋਂ ਇਲਾਵਾ ਫਿਲਮਾਂ ਲਈ ਵੀ ਗਾਇਆ। ਹੁਣ ਤੱਕ ਉਹ 50 ਹਿੰਦੀ ਫਿਲਮਾਂ ਵਿਚ ਗੀਤ/ਗ਼ਜ਼ਲ ਗਾ ਚੁੱਕੀ ਹੈ। ਉਸ ਨੇ 10 ਤੋਂ ਵੀ ਵੱਧ ਭਾਸ਼ਾਵਾਂ ਵਿਚ ਗੀਤ ਗਾਏ। ਜਰਮਨੀ, ਦੱਖਣੀ ਅਫ਼ਰੀਕਾ, ਨਾਈਜੀਰੀਆ, ਘਾਨਾ, ਸੈਨੇਗਲ ਅਤੇ ਵੀਅਤਨਾਮ ਵਿਚ ਉਸ ਦੇ ਪ੍ਰੋਗਰਾਮ ਬੜੇ ਸਫ਼ਲ ਰਹੇ। ਭਾਰਤ ਸਰਕਾਰ ਨੇ 26 ਜਨਵਰੀ 2009 ਉਸ ਨੂੰ ਪਦਮਸ੍ਰੀ ਦਾ ਖਿਤਾਬ ਦਿੱਤਾ।
ਪੀਨਾਜ਼ ਮਸਾਨੀ ਨੇ ਜਦੋਂ ਗ਼ਜ਼ਲਾਂ ਗਾਉਣੀਆਂ ਸ਼ੁਰੂ ਕੀਤੀਆਂ, ਉਸ ਦੇ ਅੰਦਾਜ਼ ਅਤੇ ਰੇਸ਼ਮੀ ਆਵਾਜ਼ ਨੇ ਤਾਂ ਸਰੋਤਿਆਂ ਦਾ ਧਿਆਨ ਖਿੱਚਿਆ ਹੀ ਸੀ, ਉਸ ਦੇ ਵਾਲਾਂ ਦੀ ਵੀ ਖੂਬ ਚਰਚਾ ਹੋਈ। ਅਸਲ ਵਿਚ ਉਸ ਦੇ ਵਾਲ ਕਿਸੇ ਪੌਪ ਗਾਇਕਾ ਵਰਗੇ ਹਨ। ਵਾਲਾਂ ਬਾਰੇ ਸਵਾਲ ਉਸ ਨੂੰ ਹਰ ਸਮਾਗਮ ਵਿਚ ਪੁੱਛਿਆ ਜਾਂਦਾ। ਉਸ ਦਾ ਜਵਾਬ ਸਿਰਫ਼ ਇੰਨਾ ਹੀ ਹੁੰਦਾ ਕਿ ਉਸ ਨੂੰ ਇੱਦਾਂ ਦੇ ਵਾਲ ਚੰਗੇ ਲਗਦੇ ਹਨ, ਬੱਸ਼ææ। ਪੀਨਾਜ਼ ਨੇ ਸੁਗਮ ਸੰਗੀਤ (ਲਾਈਟ ਕਲਾਸੀਕਲ) ਨਾਲ ਆਪਣੇ ਸਰੋਤਿਆਂ ਦਾ ਘੇਰਾ ਬਹੁਤ ਮੋਕਲਾ ਕਰ ਲਿਆ। ਸਟੇਜ ‘ਤੇ ਵੀ ਉਸ ਦਾ ਅੰਦਾਜ਼ ਬੜਾ ਵਿਲੱਖਣ ਹੁੰਦਾ ਸੀ। ਆਮ ਗਜ਼ਲ ਗਾਇਕਾਵਾਂ ਵਾਂਗ ਸਾਦਗੀ ਦੀ ਥਾਂ ਉਸ ਦਾ ਲਿਬਾਸ ਰਤਾ ਚਮਕੀਲਾ ਹੁੰਦਾ ਸੀ, ਪਰ ਜਦੋਂ ਗ਼ਜ਼ਲਾਂ ਰਾਹੀਂ ਸੁਰਾਂ ਦੀ ਛਹਿਬਰ ਲਾਉਂਦੀ, ਤਾਂ ਸਰੋਤੇ ਆਪ ਮੁਹਾਰੇ ਅਸ਼ ਅਸ਼ ਕਰ ਉਠਦੇ। ਉਸ ਨੇ ਆਗਰਾ ਵਿਚ ਤਾਜ ਮਹਾਂ ਉਤਸਵ, ਦਿੱਲੀ ਵਿਚ ਕੁਤਬ ਉਤਸਵ, ਵਾਰਾਣਸੀ ਵਿਚ ਗੰਗਾ ਮਹਾਉਤਸਵ, ਕਾਲੀਕੱਟ ਵਿਚ ਮਾਲਾਬਾਰ ਮਹਾਉਤਸਵ, ਔਰੰਗਾਬਾਦ ਵਿਚ ਅਜੰਤਾ-ਇਲੋਰਾ ਉਤਸਵ, ਹੈਦਰਾਬਾਦ ਵਿਚ ਗੋਲਕੌਂਡਾ ਉਤਸਵ, ਪੁਣੇ ਵਿਚ ਤਿੰਨ ਵਾਰ ਗਣੇਸ਼ ਉਤਸਵ, ਹਿਮਾਚਲ ਪ੍ਰਦੇਸ਼ ਵਿਚ ਕੁੱਲੂ ਦੁਸਹਿਰਾ ਮੇਲਾ ਅਤੇ ਸ਼ਿਮਲਾ ਵਿਚ ਸਮਰ ਫੈਸਟੀਵਲ ਦੌਰਾਨ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਇਸੇ ਅਪਰੈਲ ਵਿਚ ਉਹ ਪਠਾਨਕੋਟ ਵਿਚ ਸੁਰਾਂ ਦੀ ਛਹਿਬਰ ਲਾ ਕੇ ਗਈ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਪੀਨਾਜ਼ ਮਸਾਨੀ ਗਾਇਕਾ ਤੋਂ ਇਲਾਵਾ ਬਹੁਤ ਚੰਗੀ ਡਾਂਸਰ ਵੀ ਹੈ। 2007 ਵਿਚ ਜਦੋਂ ਉਹ ਵੀਅਤਨਾਮ ਗਈ ਸੀ, ਤਾਂ ਆਪਣੀ ਪੇਸ਼ਕਾਰੀ ਨਾਲ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਤੱਕ ਉਹ ਇਕੱਲੇ ਭਾਰਤ ਵਿਚ ਹੀ 500 ਸੋਲੋ ਪ੍ਰੋਗਰਾਮ ਦੇ ਚੁੱਕੀ ਹੈ। ਸੰਗੀਤ ਜਗਤ ਵਿਚ ਉਹਦੇ ਲਈ ਰਾਹ ਸੰਗੀਤਕਾਰ ਜੈਦੇਵ ਨੇ ਖੋਲ੍ਹੇ ਸਨ। ਗੱਲ 1978 ਦੀ ਹੈ, ਪੀਨਾਜ਼ ਨੇ Ḕਸੁਰ ਸਿੰਗਰ ਸੰਸਦḔ ਮੁਕਾਬਲਾ ਜਿੱਤਿਆ ਸੀ ਅਤੇ ਇਸ ਤੋਂ ਬਾਅਦ ਜੈਦੇਵ ਨੇ ਉਸ ਨੂੰ ਸੰਗੀਤ ਦੀ ਲੀਹ ਉਤੇ ਪਾ ਦਿੱਤਾ। ਉਂਜ ਪੀਨਾਜ਼ ਦੇ ਪਿਤਾ ਆਗਰਾ ਘਰਾਣੇ ਨਾਲ ਸਬੰਧਤ ਫੱਯਾਜ਼ ਖਾਨ ਸਾਹਿਬ ਦੇ ਸ਼ਾਗਿਰਦ ਸਨ। ਪੀਨਾਜ਼ ਨੇ ਸੰਗੀਤ ਦੀ ਮੁੱਢਲੀ ਵਿਦਿਆ ਉਸਤਾਦ ਅਮਾਨਤ ਹੁਸੈਨ ਖਾਨ ਤੋਂ ਲਈ ਅਤੇ ਫਿਰ ਉਹ ਪ੍ਰਸਿੱਧ ਗਜ਼ਲ ਗਾਇਕਾ ਮਧੂ ਰਾਨੀ ਦੇ ਚਰਨੀਂ ਲੱਗ ਗਈ। ਇਸ ਤੋਂ ਬਾਅਦ ਉਹਨੇ ਗਜ਼ਲ ਗਾਇਨ ਨੂੰ ਕਰੀਅਰ ਬਣਾ ਲਿਆ। ਹੁਣ ਉਹ ਚਾਹੁੰਦੀ ਹੈ ਕਿ ਉਹ ਸੰਗੀਤ ਦੇ ਲੜ ਲੱਗੀ ਰਹੇ ਅਤੇ ਉਹਦੇ ਸਰੋਤੇ ਉਹਨੂੰ ਇਸੇ ਤਰ੍ਹਾਂ ਸਵੀਕਾਰਦੇ ਰਹਿਣ।