ਸੰਵੇਦਨਾ ਦਾ ਦਰਿਆ-ਗੁਰੂ ਦੱਤ

ਕੁਲਦੀਪ ਕੌਰ
ਫੋਨ: 91-98554-04330
ਹਰ ਏਕ ਜਿਸਮ ਘਾਇਲ, ਹਰ ਏਕ ਰੂਹ ਪਿਆਸੀ,
ਨਿਗਾਹੋਂ ਮੇਂ ਉਲਝਣ, ਦਿਲੋ ਮੇਂ ਉਦਾਸੀ,
ਯੇ ਦੁਨੀਆ ਹੈ ਯਾਂ ਆਲਿਮੇ ਬਦਹਵਾਸੀ,
ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈæææ।

ਮੁਹੰਮਦ ਰਫ਼ੀ ਦੀ ਸੋਜ਼ ਭਰੀ ਆਵਾਜ਼, ਸਾਹਿਰ ਲੁਧਿਆਣਵੀ ਦੇ ਦਰਦਮੰਦ ਬੋਲ ਅਤੇ ਸੰਵੇਦਨਸ਼ੀਲ ਨਿਰਦੇਸ਼ਕ ਗੁਰੂ ਦੱਤ ਦੀ ਫਿਲਮ ‘ਪਿਆਸਾ’ ਭਾਰਤ ਦੀ ਨਵੀਂ ਮਿਲੀ ਆਜ਼ਾਦੀ ‘ਤੇ ਤਿੱਖਾ ਵਿਅੰਗ ਕਰਦੀ ਹੈ। ਫਿਲਮ ਦੇ ਕੁਝ ਡਾਇਲਾਗ ਮਸਲਨ ‘ਮੈਂ ਅਬ ਵੋ ਵਿਜੇ ਨਹੀਂ’, ਨੇ ਭਾਰਤੀ ਸਿਨੇਮਾ ਵਿਚ ਕਲਾ, ਭਾਵੁਕਤਾ ਅਤੇ ਰੁਮਾਂਸ ਦੀ ਪੇਸ਼ਕਾਰੀ ਨੂੰ ਨਵਾਂ ਮੋੜ ਦਿੱਤਾ। ਇਹ ਸਿਰਫ਼ ਪ੍ਰੇਮ ਨਹੀਂ ਸੀ, ਸਗੋਂ ਇੱਜ਼ਤ ਮਾਣ ਦੀ ਜ਼ਿੰਦਗੀ ਆਜ਼ਾਦੀ ਨਾਲ ਜਿਉਣ ਲਈ ਫਿਲਮਸਾਜ਼ ਦਾ ਹੋਕਾ ਸੀ। ਗੁਰੂ ਦੱਤ ਦੀਆਂ ਫਿਲਮਾਂ ਬੰਦੇ ਅੰਦਰ ਚੱਲਦੀ ਕਸ਼ਮਕਸ਼, ਸਮਾਜਿਕ ਹਾਲਾਤ ਨਾਲ ਟਕਰਾਅ ਵਿਚੋਂ ਉਪਜੀ ਟੁੱਟ-ਭੱਜ, ਉਸ ਦੀ ਰੂਹ ਵਿਚ ਚੁਭ ਰਹੀਆਂ ਛਿੱਲਤਰਾਂ ਅਤੇ ਹਰ ਕੀਮਤ ਆਪਣੀ ਅੰਦਰਲੀ ਅੱਗ ਨੂੰ ਜਿਉਂਦਾ ਰੱਖਣ ਦੇ ਤਰੱਦਦ ਨੂੰ ਬਿਆਨ ਕਰਦੀਆਂ ਹਨ।
ਗੁਰੂ ਦੱਤ ਨੇ ਫਿਲਮੀ ਸਫਰ 1951 ਵਿਚ ‘ਬਾਜ਼ੀ’ ਤੋਂ ਸ਼ੁਰੂ ਕੀਤਾ ਜਿਸ ਵਿਚ ਮੁੱਖ ਭੂਮਿਕਾਵਾਂ ਦੇਵ ਅਨੰਦ, ਗੀਤਾ ਬਾਲੀ ਤੇ ਕਲਪਨਾ ਕਾਰਤਿਕ ਦੀਆਂ ਸਨ। 1952 ਵਿਚ ‘ਜਾਲ’ (ਦੇਵ ਅਨੰਦ ਅਤੇ ਗੀਤਾ ਬਾਲੀ) ਵਿਚ ਉਸ ਨੇ ਪ੍ਰੇਮ ਪਿਛੇ ਲੁਕੇ ਦਵੰਦਾਂ ਨੂੰ ਪਰਦੇ ‘ਤੇ ਸਾਕਾਰ ਕੀਤਾ। 1954 ਵਿਚ ‘ਆਰ-ਪਾਰ’ ਨਾਲ ਗੁਰੂ ਦੱਤ ਨੇ ਸੰਗੀਤ ਰਾਹੀਂ ਕਹਾਣੀ ਸੁਣਾਉਣ ਦੀ ਖੂਬਸੂਰਤ ਅਤੇ ਸ਼ਾਇਰਾਨਾ ਪ੍ਰਥਾ ਸ਼ੁਰੂ ਕੀਤੀ ਅਤੇ ‘ਬਾਬੂ ਜੀ ਧੀਰੇ ਚਲਨਾ’, ‘ਕਭੀ ਆਰ ਕਭੀ ਪਾਰ’, ‘ਯੇ ਲੋ ਮੈਂ ਹਾਰੀ ਪ੍ਰਿਆ’ ਗੀਤਾਂ ਰਾਹੀਂ ਔਰਤ-ਮਰਦ ਦੇ ਸਬੰਧਾਂ ਦੇ ਨਵੇਂ ਸਮੀਕਰਨ ਤਲਾਸ਼ ਕੀਤੇ। ਫਿਲਮ ਵਿਚ ਇਕ ਦਵੰਦ ਲਗਾਤਾਰ ਦਰਸ਼ਕਾਂ ਨੂੰ ਪ੍ਰੇਸ਼ਾਨ ਕਰਦਾ ਹੈ, ਮੁੱਖ ਕਿਰਦਾਰ ਇਸ ਸਵਾਲ ‘ਤੇ ਅਟਕ ਜਾਂਦਾ ਹੈ ਕਿ ਜ਼ਿੰਦਗੀ ਵਿਚ ਅੰਧਾਧੁੰਦ ਪੈਸਾ ਕਮਾਉਣਾ ਜ਼ਿਆਦਾ ਜ਼ਰੂਰੀ ਹੈ ਜਾਂ ਫਿਰ ਬੰਦੇ ਨੂੰ ਨੀਂਦ ਵਧੀਆ ਆਉਣੀ ਚਾਹੀਦੀ ਹੈ। ਇਉਂ ਗੁਰੂ ਦੱਤ ਦਾ ਫਿਲਮ ਬਣਾਉਣ ਦਾ ਹੁਨਰ ਬਹੁਤ ਹੱਦ ਤੱਕ ਅਜਿਹੇ ਫਿਲਾਸਫਰ ਦੀ ਨਿਆਈਂ ਹੈ ਜਿਹੜਾ ਜ਼ਿੰਦਗੀ ਦੀਆਂ ਵੱਡੀਆਂ ਸੱਚਾਈਆਂ ਦੇ ਰੂ-ਬ-ਰੂ ਆਪਣੀ ਮਾਸੂਮੀਅਤ ਅਤੇ ਸਾਦਗੀ ਬਚਾ ਕੇ ਨਿਕਲ ਜਾਣਾ ਚਾਹੁੰਦਾ ਹੈ।
ਗੁਰੂ ਦੱਤ ਬੰਗਾਲੀ ਸਾਹਿਤਕ ਰਵਾਇਤਾਂ ਅਤੇ ਬੰਗਾਲੀਆਂ ਦੇ ਸੁਹਜ ਦਾ ਕਾਇਲ ਸੀ। ਉਸ ਦੀਆਂ ਫਿਲਮਾਂ ਅਜਿਹੇ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀਆਂ ਹਨ ਜਿਨ੍ਹਾਂ ਨੂੰ ਸੰਤਾਲੀ ਵਿਚ ਨਵੇਂ ਬਣੇ ਮੁਲਕ ਦਾ ਤਾਪ ਚੜ੍ਹਿਆ ਹੋਇਆ ਹੈ, ਪਰ ਖਪਤਕਾਰੀ ਵਰਤਾਰਾ ਜਿਨ੍ਹਾਂ ਦੇ ਦਿਮਾਗਾਂ ਨੂੰ ਕੰਬਣੀ ਛੇੜ ਰਿਹਾ ਹੈ। ਜਿਥੇ ‘ਪਿਆਸਾ’ ਰਾਹੀਂ ਗੁਰੂ ਦੱਤ ਕਵੀ ਦੇ ਸੰਵੇਦਨਸ਼ੀਲ ਦਿਲ ਦੇ ਬਦਲ ਰਹੀਆਂ ਕਦਰਾਂ-ਕੀਮਤਾਂ ਨਾਲ ਟਕਰਾਅ ਨੂੰ ਪੇਸ਼ ਕਰਦਾ ਹੈ, ਉਥੇ ‘ਕਾਗਜ਼ ਕੇ ਫੂਲ’ ਵਿਚ ਗੁਰੂ ਦੱਤ ਆਪਣੀ ਖੁਦ ਦੀ ਤਲਾਸ਼ ਵਿਚ ਨਿਕਲਦਾ ਹੈ। ‘ਕਾਗਜ਼ ਕੇ ਫੂਲ’ ਦੇ ਕਲਾਈਮੈਕਸ ਵਿਚ ਇਕ ਸੁੰਨਸਾਨ ਫਿਲਮ ਸਟੂਡੀਓ ਦੀ ਵੀਰਾਨ ਕੁਰਸੀ ‘ਤੇ ਨਿਰਦੇਸ਼ਕ ਜਿਸ ਨੂੰ ਵਕਤ ਕਦੋਂ ਦਾ ਚੇਤਿਆਂ ਵਿਚੋਂ ਮੇਟ ਚੁੱਕਾ ਹੈ, ਦੀ ਲਾਸ਼ ਪਈ ਹੈ। ‘ਵਕਤ ਨੇ ਕੀਆ, ਕਿਆ ਹਸੀਂ ਸਿਤਮ’ ਗਾਣਾ ਜਿਸ ਨੇ ਕੈਫ਼ੀ ਆਜ਼ਮੀ ਨੂੰ ਸ਼ੋਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ, ਅਸਲ ਵਿਚ ਗੁਰੂ ਦੱਤ ਦੇ ਭਵਿੱਖ ਵੱਲ ਇਸ਼ਾਰਾ ਕਰ ਰਿਹਾ ਸੀ। ਇਹ ਫਿਲਮ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋ ਗਈ; ਜਿਵੇਂ ਦਰਸ਼ਕਾਂ ਨੇ ਹਕੀਕਤ ਵਿਚਲੇ ਦਰਦ ਤੋਂ ਡਰਦਿਆਂ ਫਿਲਮ ਵੱਲ ਪਿੱਠ ਕਰ ਲਈ ਹੋਵੇ! ਇਸ ਫਿਲਮ ਨੇ ਗੁਰੂ ਦੱਤ ਨੂੰ ਧੁਰ ਅੰਦਰ ਤੱਕ ਹਿਲਾ ਦਿਤਾ। ਇਸ ਤੋਂ ਬਾਅਦ ਉਸ ਨੇ ਜ਼ਿਆਦਾਤਰ ਫਿਲਮਾਂ ਆਪਣੇ ਸਹਿ ਨਿਰਦੇਸ਼ਕਾਂ ਦੇ ਨਾਮ ‘ਤੇ ਰਿਲੀਜ਼ ਕੀਤੀਆਂ। ‘ਸਾਹਿਬ ਬੀਬੀ ਔਰ ਗੁਲਾਮ’ 1962 ਵਿਚ ਉਸ ਨੇ ਆਪਣੇ ਸਕਰੀਨ ਪਲੇਅ ਲੇਖਕ ਅਬਰਾਰ ਅਲਵੀ ਦੇ ਨਿਰਦੇਸ਼ਨ ਥੱਲੇ ਬਣਾਈ। ਇਹ ਫਿਲਮ ਬੰਗਲਾ ਨਾਵਲਕਾਰ ਬਿਮਲ ਮਿੱਤਰਾ ਦੇ ਇਸੇ ਨਾਮ ਦੇ ਨਾਵਲ ‘ਤੇ ਆਧਾਰਿਤ ਸੀ। ਫਿਲਮ ਵਿਚ ਮੀਨਾ ਕੁਮਾਰੀ ਦੇ ਨਿਭਾਏ ਛੋਟੀ ਬਹੂ ਦੇ ਕਿਰਦਾਰ ਨੇ ਉਸ ਨੂੰ ਫਿਲਮ ਜਗਤ ਵਿਚ ਅਮਰ ਕਰ ਦਿਤਾ।
‘ਸਾਹਿਬ ਬੀਬੀ ਔਰ ਗੁਲਾਮ’ ਦੀ ਕਾਮਯਾਬੀ ਤੋਂ ਉਤਸ਼ਾਹਿਤ ਹੋ ਕੇ ਗੂਰੂ ਦੱਤ ਨੇ ‘ਚੌਧਵੀਂ ਕਾ ਚਾਂਦ’ ਬਣਾਈ। ਇਹ ਫਿਲਮ ਅਜ ਤੱਕ ਆਪਣੇ ਗੀਤ ‘ਚੌਧਵੀਂ ਕਾ ਚਾਂਦ ਹੋ, ਯਾ ਆਫਤਾਬ ਹੋ’ ਦੇ ਖੂਬਸੂਰਤ ਫਿਲਮਾਂਕਣ ਲਈ ਜਾਣੀ ਜਾਂਦੀ ਹੈ। ਇਸ ਨੂੰ ਫਿਲਮ ਜਗਤ ਤੇ ਕਲਾ ਲਈ ਤ੍ਰਾਸਦੀ ਹੀ ਮੰਨਿਆ ਜਾਵੇਗਾ ਕਿ ਇਸ ਖੂਬਸੂਰਤ, ਦਰਦਮੰਦ ਤੇ ਸੰਵੇਦਨਸ਼ੀਲ ਨਿਰਦੇਸ਼ਕ ਦਾ ਅੰਤ ਖੁਦਕੁਸ਼ੀ ਵਿਚ ਹੋਇਆ।
(ਚਲਦਾ)