ਜ਼ੋਇਆ ਨੇ ਧੜਕਾਏ ਦਿਲ

ਫਿਲਮਸਾਜ਼ ਜ਼ੋਇਆ ਅਖਤਰ ਦੀ ਫਿਲਮ ‘ਦਿਲ ਧੜਕਨੇ ਦੋ’ ਨੇ ਸੱਚਮੁੱਚ ਸਭ ਦੇ ਦਿਲ ਧੜਕਾ ਦਿੱਤੇ ਹਨ। ਫਿਲਮ ਵਿਚ ਜ਼ੋਇਆ ਨੇ ਧਨਾਢ ਪਰਿਵਾਰ ਦੀ ਕਹਾਣੀ ਪੇਸ਼ ਕੀਤੀ ਹੈ ਅਤੇ ਉਚ ਵਰਗ ਦੇ ਲੋਕਾਂ ਦੇ ਜੀਵਨ ਦੀਆਂ ਬਾਤਾਂ ਦਿਲਚਸਪ ਢੰਗ ਨਾਲ ਬਿਆਨ ਕੀਤੀਆਂ ਹਨ।

ਫਿਲਮ ਵਿਚ ਅਨਿਲ ਕਪੂਰ, ਸ਼ੈਫਾਲੀ ਸ਼ਾਹ, ਪ੍ਰਿਯੰਕਾ ਚੋਪੜਾ, ਰਣਵੀਰ ਸਿੰਘ, ਅਨੁਸ਼ਕਾ ਸ਼ਰਮਾ ਅਤੇ ਫਰਹਾਨ ਅਖ਼ਤਰ ਵਰਗੇ ਚੋਟੀ ਦੇ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ। ਫਿਲਮ ਵਿਚ ਉਦਯੋਗਪਤੀ ਜੋ ਪਰਿਵਾਰ ਦਾ ਮੁਖੀ ਹੈ ਤੇ ਜਿਸ ਦੀ ਕੰਪਨੀ ਡੁੱਬਣ ਕੰਢੇ ਹੈ, ਆਪਣੇ ਪ੍ਰੇਮਹੀਣ ਵਿਆਹ ਦੀ 30ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਜਹਾਜ ਉਤੇ ਹੀ ਪਰਿਵਾਰ ਨਾਲ ਜੁੜੇ ਹੋਰ ਲੋਕ ਵੀ ਸਫ਼ਰ ਕਰ ਰਹੇ ਹਨ। 15 ਦਿਨਾਂ ਦੇ ਇਸ ਸਫਰ ਦੌਰਾਨ ਜ਼ੋਇਆ ਅਖ਼ਤਰ ਇਕ ਇਕ ਕਰ ਕੇ ਸਾਰੇ ਕਿਰਦਾਰਾਂ ਦੇ ਚਿਹਰਿਆਂ ਤੋਂ ਨਕਾਬ ਲਾਹ ਦਿੰਦੀ ਹੈ। ਫਿਲਮ ਦੀ ਪਟਕਥਾ ਬੜੀ ਦਿਸਚਸਪ ਹੈ ਅਤੇ ਇਸ ਦੇ ਸੰਵਾਦ ਵੀ ਧਿਆਨ ਖਿੱਚਦੇ ਹਨ।
ਪ੍ਰੇਮਹੀਣ ਵਿਆਹ ਦੀ 30ਵੀਂ ਵਰ੍ਹੇਗੰਢ ਮੌਕੇ ਪਰਿਵਾਰ ਦੀ ਹੀ ਇਕ ਧੀ ਆਪਣੇ ਪਤੀ ਤੋਂ ਤਲਾਕ ਲੈ ਰਹੀ ਹੈ। ਇਹ ਤਿੱਖੀ ਟਿੱਪਣੀ ਕਰ ਕੇ ਜ਼ੋਇਆ ਅਖਤਰ ਨੇ ਪੀੜ੍ਹੀ ਪਾੜੇ ਨੂੰ ਨੁਮਾਇਆ ਰੂਪ ਵਿਚ ਪੇਸ਼ ਕੀਤਾ ਹੈ। ਲੱਗਣ ਲਗਦਾ ਹੈ ਕਿ ਸਫ਼ਲ ਵਿਆਹ ਨਿਰ੍ਹੇ ਢੌਂਗ ਤੋਂ ਵੱਧ ਕੁਝ ਵੀ ਨਹੀਂ। ਜ਼ੋਇਆ ਨੇ ਆਪਣੀਆਂ ਪਹਿਲੀਆਂ ਫਿਲਮਾਂ ਵਾਂਗ ਇਸ ਫਿਲਮ ਵਿਚ ਵੀ ਰੱਜ ਕੇ ਤਜਰਬੇ ਕੀਤੇ ਹਨ। ਪਹਿਲੀ ਹੀ ਫਿਲਮ ‘ਲੱਕ ਬਾਈ ਚਾਂਸ’ (2009) ਲਈ ਉਸ ਨੂੰ ਸਰਵੋਤਮ ਡਾਇਰੈਕਟਰ ਦਾ ਫਿਲਮਫੇਅਰ ਐਵਾਰਡ ਮਿਲਿਆ ਸੀ। 2011 ਵਿਚ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’ ਲਈ ਤਾਂ ਪੁਰਸਕਾਰਾਂ ਦੀ ਝੜੀ ਲੱਗ ਗਈ ਤੇ ਫਿਲਮਫੇਅਰ, ਆਈæਆਈæਐਫ਼ਏæ, ਜ਼ੀ ਸਿਨੇ ਤੇ ਅਪਸਰਾ ਪੁਰਸਕਾਰ ਮਿਲੇ। 2 ਸਾਲ ਪਹਿਲਾਂ ਰਿਲੀਜ਼ ਹੋਈ ‘ਬੰਬੇ ਟਾਕੀਜ਼’ ਤਾਂ ਤਜਰਬੇ ਦਾ ਸਿਖਰ ਸੀ। ਇਹ ਫਿਲਮ ਚਾਰ ਹਿੱਸਿਆਂ ਵਿਚ ਚਾਰ ਫਿਲਮਸਾਜ਼ਾਂ ਨੇ ਬਣਾਈ ਸੀ, ਇਹਦਾ ਇੱਕ ਹਿੱਸਾ ਜ਼ੋਇਆ ਅਖਤਰ ਨੇ ਤਿਆਰ ਕੀਤਾ ਸੀ।
__________________________
ਵਿਦਿਆ ਬਾਲਨ ਦੀ ਅਧੂਰੀ ਕਹਾਨੀ
ਵਿਦਿਆ ਬਾਲਨ ਨੇ ਪਿਛਲੇ ਕੁਝ ਸਾਲਾਂ ਦੌਰਾਨ ਬੜੀ ਸੰਜੀਦਾ ਅਤੇ ਧੜੱਲੇਦਾਰ ਅਦਾਕਾਰਾ ਵਜੋਂ ਹਿੰਦੀ ਫਿਲਮ ਜਗਤ ਵਿਚ ਆਪਣੀ ਪਛਾਣ ਬਣਾਈ ਹੈ। ਕਹਾਨੀ, ਦਿ ਡਰਟੀ ਪਿਕਚਰ, ਨੋ ਵਨ ਕਿੱਲਡ ਜੈਸਿਕਾ, ਪਾ, ਇਸ਼ਕੀਆ, ਪਰਿਣਿਤਾ ਵਰਗੀਆਂ ਫਿਲਮਾਂ ਨਾਲ ਉਹਨੇ ਆਪਣੀ ਅਦਾਕਾਰੀ ਦੀ ਧਾਂਕ ਜਮਾਈ। ਕਹਾਨੀ ਅਤੇ ਦਿ ਡਰਟੀ ਪਿਕਚਰ ਨਾਲ ਤਾਂ ਉਸ ਨੇ ਇਹ ਵੀ ਸਾਬਤ ਕਰ ਦਿੱਤਾ ਸੀ ਕਿ ਹਿੰਦੀ ਫਿਲਮ ਜਗਤ ਵਿਚ ਨਾਇਕਾ ਪ੍ਰਧਾਨ ਫਿਲਮਾਂ ਵੀ ਬਣ ਅਤੇ ਚੱਲ ਸਕਦੀਆਂ ਹਨ, ਪਰ ਉਸ ਦੀ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ ‘ਹਮਾਰੀ ਅਧੂਰੀ ਕਹਾਨੀ’ ਨੇ ਦਰਸ਼ਕਾਂ ਦੇ ਨਾਲ ਨਾਲ ਫਿਲਮ ਆਲੋਚਕਾਂ ਨੂੰ ਵੀ ਨਿਰਾਸ਼ ਕੀਤਾ ਹੈ। ਫਿਲਮ ਵਿਚ ਵਿਆਹ ਤੋਂ ਬਾਹਰੇ ਰਿਸ਼ਤਿਆਂ ਦੀ ਬਾਤ ਪਾਈ ਗਈ ਹੈ ਅਤੇ ਇਸ ਬਾਤ ਵਿਚ ਉਹ ਸੰਜੀਦਗੀ ਤੇ ਸ਼ਿੱਦਤ ਦਾ ਅਹਿਸਾਸ ਨਹੀਂ ਜਾਪਦਾ ਜਿਸ ਦੀ ਵਿਦਿਆ ਬਾਲਨ ਕੋਲੋਂ ਦਰਸ਼ਕ ਅਤੇ ਅਲੋਚਕ ਆਸ ਕਰ ਰਹੇ ਹਨ। ਇਹ ਫਿਲਮ ਬਾਕਸ ਆਫਿਸ ਉਤੇ ਵੀ ਕੋਈ ਖਾਸ ਕ੍ਰਿਸ਼ਮਾ ਨਹੀਂ ਕਰ ਸਕੀ ਹੈ।