ਸਿਆਸੀ ਸ਼ਤਰੰਜ

ਬਿਹਾਰ ਵਿਚ ਇਕ ਦੂਜੇ ਦੇ ਕੱਟੜ ਵਿਰੋਧੀ ਰਹੇ ਚੋਟੀ ਦੇ ਆਗੂ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਆਖਰਕਾਰ ਇਕੱਠੇ ਹੋ ਗਏ ਹਨ। ਸੂਬੇ ਵਿਚ ਇਸ ਵੇਲੇ ਜਨਤਾ ਦਲ (ਯੂ) ਦੀ ਸਰਕਾਰ ਹੈ ਜਿਸ ਦੀ ਅਗਵਾਈ ਨਿਤੀਸ਼ ਕੁਮਾਰ ਕਰ ਰਹੇ ਹਨ। ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲਾ ਰਾਸ਼ਟਰੀ ਜਨਤਾ ਦਲ ਜੋ ਪਹਿਲਾਂ ਸੱਤਾ ਦਾ ਸੁਖ ਮਾਣ ਚੁੱਕਾ ਹੈ, ਆਪਣੀ ਪਹਿਲੀ ਸ਼ਾਨ ਮੁੜ ਲਿਆਉਣ ਲਈ ਯਤਨਸ਼ੀਲ ਹੈ, ਪਰ ਪਿਛਲੇ ਸਮੇਂ ਦੌਰਾਨ ਸੂਬੇ ਵਿਚ ਜਿਸ ਤਰ੍ਹਾਂ ਦੀ ਸਫਬੰਦੀ ਹੋਈ ਹੈ, ਉਸ ਨੇ ਲਾਲੂ ਨੂੰ ਨਿਤੀਸ਼ ਨਾਲ ਰਲਣ ਲਈ ਮਜਬੂਰ ਕਰ ਦਿੱਤਾ ਹੈ।

ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਭਰਵੀਂ ਜਿੱਤ ਨੇ ਇਹ ਸੁਨੇਹਾ ਤਾਂ ਸਪਸ਼ਟ ਰੂਪ ਵਿਚ ਦੇ ਦਿੱਤਾ ਸੀ ਕਿ ਜਨਤਾ ਪਰਿਵਾਰ ਵਾਲੇ ਇਕ ਮੰਚ ਉਤੇ ਨਾ ਆਏ ਤਾਂ ਭਾਰਤੀ ਜਨਤਾ ਪਾਰਟੀ ਦੇ ਜੇਤੂ ਰੱਥ ਨੂੰ ਰੋਕਣਾ ਮੁਸ਼ਕਿਲ ਹੈ। ਖੈਰ, ਬਾਅਦ ਵਿਚ ਵਿਧਾਨ ਸਭਾ ਦੀਆਂ ਹੋਈਆਂ ਉਪ ਚੋਣਾਂ ਵਿਚ ਬਿਹਾਰ ਦੀਆਂ ਤਕਰੀਬਨ ਸਾਰੀਆਂ ਮੁੱਖ ਵਿਰੋਧੀ ਪਾਰਟੀਆਂ ਵਿਚਕਾਰ ਮੋਟੀ ਜਿਹੀ ਸਹਿਮਤੀ ਬਣ ਗਈ ਅਤੇ ਨਤੀਜਾ ਭਾਰਤੀ ਜਨਤਾ ਪਾਰਟੀ ਨੂੰ ਹੋਈ ਹਾਰ ਦਾ ਨਿਕਲਿਆ। ਇਸ ਤੋਂ ਬਾਅਦ ਹੀ ਸੂਬੇ ਵਿਚ ਨਵੇਂ ਸਿਰਿਉਂ ਸਿਆਸੀ ਸਫਬੰਦੀ ਦੀ ਨੀਂਹ ਧਰੀ ਗਈ। ਉਪ ਚੋਣਾਂ ਦੀ ਜਿੱਤ ਨੇ ਮੁਲਕ ਭਰ ਵਿਚ ਇਹ ਸੁਨੇਹਾ ਵੀ ਦਿੱਤਾ ਕਿ ਜੇ ਨਰੇਂਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੀ ਅੰਨ੍ਹੀ ਲਹਿਰ ਨੂੰ ਠੱਲ੍ਹਣਾ ਹੈ ਤਾਂ ਸਭ ਸਿਆਸੀ ਮੱਤਭੇਦ ਮਿਟਾ ਕੇ ਰਲ ਕੇ ਮੁਕਾਬਲਾ ਕਰਨਾ ਪਵੇਗਾ। ਬਿਹਾਰ ਵਿਚ ਕੱਟੜਪੰਥੀਆਂ ਦੀ ਮਾਰ ਨਾਲ ਨਜਿੱਠਣ ਲਈ ਪਹਿਲਾਂ ਵੀ ਇਸੇ ਤਰ੍ਹਾਂ ਹੱਲਾ ਮਾਰਿਆ ਗਿਆ ਸੀ। ਢਾਈ ਕੁ ਦਹਾਕੇ ਪਹਿਲਾਂ ਜਦੋਂ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਰੱਥ ਯਾਤਰਾ ‘ਤੇ ਨਿਕਲੇ ਹੋਏ ਸਨ ਅਤੇ ਮੁਲਕ ਫਿਰਕੂ ਵੰਡੀਆਂ ਪਾ ਰਹੇ ਸਨ, ਤਾਂ ਉਸ ਸਮੇਂ ਬਿਹਾਰ ਨੇ ਹੀ ਇਹ ਫਿਰਕੂ ਰੱਥ ਰੋਕਿਆ ਸੀ। ਉਸ ਵਕਤ ਸੂਬੇ ਵਿਚ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੀ ਸਰਕਾਰ ਸੀ। ਉਨ੍ਹਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਲੋਕਾਂ ਅੰਦਰ ਪਾੜਾ ਵਧਾ ਰਿਹਾ, ਇਹ ਰੱਥ ਬਿਹਾਰ ਤੋਂ ਅਗਾਂਹ ਲੰਘਣ ਨਹੀਂ ਦਿੱਤਾ ਜਾਵੇਗਾ। ਉਸ ਵੇਲੇ ਵੀ ਹਿੰਦੂਵਾਦੀ ਕੱਟੜਪੰਥੀਆਂ ਦੀ ਚੜ੍ਹਤ ਸੀ, ਭਾਵੇਂ ਇਹ ਚੜ੍ਹਤ ਅੱਜ ਵਰਗੀ ਨਹੀਂ ਸੀ। ਲਾਲੂ ਪ੍ਰਸਾਦ ਯਾਦਵ ਨੇ ਵੱਡਾ ਸਿਆਸੀ ਜੋਖਮ ਉਠਾਉਂਦਿਆਂ ਰੱਥ ਸੱਚਮੁੱਚ ਡੱਕ ਲਿਆ ਸੀ। ਉਸ ਵੇਲੇ ਵੀ ਸੰਜੀਦਾ ਸਿਆਸੀ ਵਿਸ਼ਲੇਸ਼ਣਕਾਰਾਂ ਨੇ ਇਹੀ ਮੁੱਦਾ ਉਭਾਰਿਆ ਸੀ ਕਿ ਹਿੰਦੂਵਾਦੀ ਫਿਰਕੂ ਤਾਕਤਾਂ ਜਿਸ ਤਰ੍ਹਾਂ ਸਿਰ ਉਤੇ ਚੜ੍ਹੀਆਂ ਆ ਰਹੀਆਂ ਹਨ, ਇਨ੍ਹਾਂ ਨੂੰ ਕਰੜੇ ਹੱਥੀਂ ਹੀ ਨਜਿੱਠਣਾ ਪਵੇਗਾ, ਇਸ ਤੋਂ ਬਿਨਾਂ ਕੋਈ ਚਾਰਾ ਬਾਕੀ ਨਹੀਂ ਬਚਿਆ ਹੈ।
ਹੁਣ ਇਕ ਵਾਰ ਫਿਰ ਇਹੀ ਮੁੱਦਾ ਸਿਆਸਤ ਦੇ ਪਿੜ ਵਿਚ ਮੂੰਹ ਅੱਡੀ ਖੜ੍ਹਾ ਹੈ, ਪਰ ਇਸ ਵਾਰ ਹਾਲਾਤ ਬਹੁਤ ਬਦਲੇ ਹੋਏ ਹਨ। ਸੱਤਾ ਉਤੇ ਭਾਰਤੀ ਜਨਤਾ ਪਾਰਟੀ ਦਾ ਮਜ਼ਬੂਤ ਕਬਜ਼ਾ ਹੈ। ਇਸ ਦੀ ਪਿੱਠ ਉਤੇ ਉਹ ਆਰæਐਸ਼ਐਸ਼ ਖੜ੍ਹੀ ਹੈ ਜਿਸ ਦਾ ਮੁੱਖ ਏਜੰਡਾ ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣ ਦਾ ਹੈ। ਆਪਣੇ ਇਸ ਕਾਰਜ ਲਈ ਇਹ ਲਗਾਤਾਰ ਸਰਗਰਮ ਹੈ ਅਤੇ ਹਰ ਹੀਲਾ-ਵਸੀਲਾ ਕਰਦੀ ਰਹੀ ਹੈ। ਹੁਣ ਸੱਤਾ ਮਿਲਣ ਤੋਂ ਬਾਅਦ ਇਸ ਦੀਆਂ ਸਰਗਰਮੀਆਂ ਵਿਚ ਬਹੁਤ ਜ਼ਿਆਦਾ ਤੇਜ਼ੀ ਆਈ ਜਿਸ ਤੋਂ ਸਿਆਸੀ ਵਿਸ਼ਲੇਸ਼ਣਕਾਰ ਵੀ ਹੈਰਾਨ ਹਨ। ਮੁਲਕ ਦੀ ਹਰ ਸੰਸਥਾ ਵਿਚ ਆਰæਐਸ਼ਐਸ਼ ਦੀ ਵਿਚਾਰਧਾਰਾ ਨਾਲ ਲੈਸ ਬੰਦੇ ਫਿੱਟ ਕੀਤੇ ਜਾ ਰਹੇ ਹਨ, ਖਾਸ ਕਰ ਕੇ ਸਿਖਿਆ ਦੇ ਖੇਤਰ ਵਿਚ ਤਾਂ ਵੱਡੀ ਘੁਸਪੈਠ ਕੀਤੀ ਜਾ ਰਹੀ ਹੈ। ਇਹੀ ਨਹੀਂ, ਵੈਦਿਕ ਕਾਲ ਤੋਂ ਇਤਿਹਾਸ ਨਵੇਂ ਸਿਰਿਉਂ ਲਿਖਣ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਦੂਜੇ ਬੰਨੇ, ਪਹਿਲਾਂ ਸੱਤਾ ਵਿਚ ਰਹੀ ਕਾਂਗਰਸ ਦੀ ਜੋ ਕਾਰਗੁਜ਼ਾਰੀ ਹੁਣ ਤੱਕ ਦੀ ਰਹੀ ਹੈ, ਉਸ ਨਾਲ ਸਿਰਫ ਕਾਂਗਰਸੀ ਹੀ ਸਹਿਮਤ ਹੋ ਸਕਦੇ ਹਨ। ਅਸਲ ਵਿਚ ਭਾਰਤ ਦੇ ਸਿਆਸੀ ਢਾਂਚੇ ਦੀ ਦਿਸ਼ਾ ਇਸੇ ਪਾਰਟੀ ਨੇ ਬੰਨ੍ਹੀ ਹੈ ਅਤੇ ਆਜ਼ਾਦੀ ਤੋਂ ਸੱਤ ਦਹਾਕਿਆਂ ਬਾਅਦ ਭਾਰਤੀ ਆਵਾਮ ਅੱਜ ਵੀ ਚੌਰਾਹੇ ਵਿਚ ਖੜ੍ਹਾ ਹੈ, ਬਲਕਿ ਚੌਰਾਹੇ ਵਿਚ ਖੜ੍ਹਾ ਆਰæਐਸ਼ਐਸ਼ ਵਰਗੀਆਂ ਜਥੇਬੰਦੀਆਂ ਦੀ ਚੜ੍ਹਤ ਨੂੰ ਬੜੀ ਬੇਵਸੀ ਨਾਲ ਦੇਖ ਰਿਹਾ ਹੈ। ਅਜਿਹੇ ਹਾਲਾਤ ਵਿਚ ਜੇ ਬਿਹਾਰ ਵਿਚ ਜਨਤਾ ਪਰਿਵਾਰ ਨਾਲ ਜੁੜੀਆਂ ਪਾਰਟੀਆਂ ਇਕ ਮੰਚ ਉਤੇ ਆਉਂਦੀਆਂ ਹਨ ਤਾਂ ਇਸ ਨੂੰ ਸ਼ੁਭ ਸ਼ਗਨ ਹੀ ਮੰਨਣਾ ਚਾਹੀਦਾ ਹੈ; ਹਾਲਾਂਕਿ ਇਹ ਤੱਥ ਵੀ ਚਿੱਟੇ ਦਿਨ ਵਾਂਗ ਸਾਫ ਹੈ ਕਿ ਕੁੱਲ ਮਿਲਾ ਕੇ ਇਨ੍ਹਾਂ ਪਾਰਟੀਆਂ ਦੀ ਸਿਆਸਤ ਕੋਈ ਬਹੁਤੀ ਵੱਖਰੀ ਨਹੀਂ ਹੈ ਅਤੇ ਜਿਸ ਤਰ੍ਹਾਂ ਦੀ ਬਦਲਵੀਂ, ਵੱਖਰੀ ਤੇ ਨਿਆਰੀ ਸਿਆਸੀ ਚਾਰਾਜੋਈ ਦੀ ਭਾਰਤ ਵਿਚ ਜ਼ਰੂਰਤ ਹੈ, ਉਸ ਤਰ੍ਹਾਂ ਦਾ ਹੰਭਲਾ ਫਿਲਹਾਲ ਕਿਤੇ ਦਿਸ ਨਹੀਂ ਰਿਹਾ ਹੈ। ਆਮ ਆਦਮੀ ਪਾਰਟੀ ਨੇ ਸਿਆਸੀ ਪਿੜ ਵਿਚ ਕੁਝ ਨਵਾਂ ਉਸਾਰਨ ਦੀ ਆਸ ਜਗਾਈ ਸੀ, ਪਰ ਪਿਛਲੇ ਕੁਝ ਸਮੇਂ ਦੌਰਾਨ ਇਸ ਦੇ ਆਗੂਆਂ ਦੀ ਸਾਹਮਣੇ ਆਈ ਪਹੁੰਚ ਨੇ ‘ਦਿੱਲੀ ਅਜੇ ਦੂਰ’ ਵਾਲੀ ਦੱਸ ਹੀ ਪਾਈ ਹੈ। ਅਸਲ ਵਿਚ ਜਿੰਨੀ ਦੇਰ ਤੱਕ ਭਾਰਤੀ ਸਿਆਸਤ ਨੂੰ ਖੋਖਲਾ ਕਰੀ ਬੈਠੀਆਂ ਧਾਰਨਾਵਾਂ ਨੂੰ ਲਾਂਭੇ ਨਹੀਂ ਕੀਤਾ ਜਾਦਾ, ਉਦੋਂ ਤੱਕ ਸਿਆਸੀ ਪਿੜ ਵਿਚ ਕੋਈ ਵੱਡੀ ਛਾਲ ਮਾਰਨਾ ਮੁਸ਼ਕਿਲ ਜਾਪਦਾ ਹੈ। ਮਸਲਾ ਸਿਆਸੀ ਪਿੜ ਵਿਚ ਨਵ-ਉਸਾਰੀ ਦਾ ਹੈ। ਮੌਕੇ ਦੀਆਂ ਸਿਆਸੀ ਸਫਬੰਦੀਆਂ ਵੱਖ ਵੱਖ ਧਿਰਾਂ ਦੇ ਆਪੋ-ਆਪਣੇ ਸਿਆਸੀ ਮੁਫਾਦ ਦੀ ਸਿੱਧੀ ਤਾਂ ਕਰਵਾ ਸਕਦੀਆਂ ਹਨ, ਪਰ ਇਹ ਚਿਰਸਥਾਈ ਅਤੇ ਵੱਢ-ਮਾਰੂ ਸਾਬਤ ਨਹੀਂ ਹੋ ਸਕਦੀਆਂ। ਫਿਰ ਵੀ ਬਿਹਾਰ ਦੀ ਨਵੀਂ ਸਫਬੰਦੀ ਦਾ ਸਵਾਗਤ ਕਰਨਾ ਚਾਹੀਦਾ ਹੈ। ਇਹ ਸਫਬੰਦੀ ਹੋਰ ਸਿਆਸੀ ਧਿਰਾਂ, ਜਿਹੜੀਆਂ ਫਿਰਕੂ ਤਾਕਤਾਂ ਦੇ ਉਭਾਰ ਨੂੰ ਡੱਕਣਾ ਚਾਹੁੰਦੀਆਂ ਹਨ, ਲਈ ਸਬਕ ਵੀ ਹੈ। ਲਾਲੂ ਪ੍ਰਸਾਦ ਯਾਦਵ ਨੇ ਨਿਤੀਸ਼ ਕੁਮਾਰ ਨੂੰ ਆਪਣਾ ਆਗੂ ਸਵੀਕਾਰ ਕਰ ਕੇ ਅਤੇ ਉਸ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਮੰਨ ਕੇ ਇਕ ਵਾਰ ਫਿਰ ਫਿਰਕਾਪ੍ਰਸਤੀ ਵਿਰੋਧੀ ਤਾਕਤਾਂ ਨੂੰ ਮੰਚ ਮੁਹਈਆਂ ਕਰਵਾਇਆ ਹੈ।