ਸਿੱਖੀ ਉਤੇ ਸਿਆਸਤ ਫਿਰ ਪਈ ਭਾਰੀ

ਅੰਮ੍ਰਿਤਸਰ (ਗੁਰਵਿੰਦਰ ਸਿੰਘ ਵਿਰਕ): ਇਕੱਤੀ ਸਾਲ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹੋਏ ਫ਼ੌਜੀ ਹਮਲੇ ਦੀ ਵਰ੍ਹੇਗੰਢ ਮੌਕੇ ਕਰਵਾਏ ਬਰਸੀ ਸਮਾਗਮ ਦੌਰਾਨ ਇਕ ਵਾਰ ਫਿਰ ਟਕਰਾਅ ਹੋ ਗਿਆ। ਇਸ ਟਕਰਾਅ ਨੇ ਧਰਮ ਦੇ ਨਾਂ ਉਤੇ ਸੌੜੀ ਸਿਆਸਤ ਦੀ ਤਸਵੀਰ ਸਾਹਮਣੇ ਲਿਆ ਦਿੱਤੀ। ਸਾਕਾ ਨੀਲਾ ਤਾਰਾ ਨੂੰ 31 ਸਾਲ ਹੋ ਚੁੱਕੇ ਹਨ ਤੇ ਇਸ ਸਬੰਧੀ ਬਰਸੀ ਸਮਾਗਮ ਹਰ ਸਾਲ ਮਨਾਇਆ ਜਾਂਦਾ ਹੈ, ਪਰ ਸ਼ਹੀਦ ਪਰਿਵਾਰਾਂ ਦੇ ਸਨਮਾਨ ਲਈ ਸਮਾਗਮ ਪਹਿਲੀ ਵਾਰ ਸਾਲ 2003 ਵਿਚ ਸ਼ੁਰੂ ਕੀਤਾ ਗਿਆ ਸੀ।

ਇਸ ਸਮਾਗਮ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕਰਾਰ ਦਿੰਦਿਆਂ ਉਨ੍ਹਾਂ ਦੇ ਬੇਟੇ ਈਸ਼ਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾਓ ਦਿੱਤਾ ਗਿਆ ਸੀ। ਉਸ ਪਿੱਛੋਂ ਇਹ ਸਮਾਗਮ ਨਿਰੰਤਰ ਇਸੇ ਢੰਗ ਨਾਲ ਹੋ ਰਿਹਾ ਹੈ। ਸਮਾਗਮ ਪਿਛੋਂ ਹਰ ਸਾਲ ਹੀ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਸੰਤ ਭਿੰਡਰਾਂਵਾਲੇ ਜ਼ਿੰਦਾਬਾਦ’ ਦੇ ਨਾਅਰੇ ਵੀ ਲੱਗਦੇ ਹਨ ਤੇ ਸਾਹਿਤ ਸਮੱਗਰੀ ਵੀ ਵੰਡੀ ਜਾਂਦੀ ਹੈ।
ਪਿਛਲੇ ਦੋ ਸਾਲਾਂ ਤੋਂ ਸ੍ਰੀ ਅਕਾਲ ਤਖਤ ਵਿਖੇ ਅਰਦਾਸ ਸਮਾਗਮ ਮੌਕੇ ਹਿੰਸਕ ਘਟਨਾਵਾਂ ਵਾਪਰੀਆਂ ਹਨ। ਸ਼੍ਰੋਮਣੀ ਕਮੇਟੀ ਦਾਅਵਾ ਕਰ ਰਹੀ ਹੈ ਕਿ ਇਸ ਵਾਰ ਸਮਾਗਮ ਤੋਂ ਕੁਝ ਮਿੰਟਾਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲੱਗੀਆਂ ਟੀ-ਸ਼ਰਟਾਂ ਪਾਈ ਕੁਝ ਨੌਜਵਾਨ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਪਹੁੰਚੇ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗ ਪਏ ਜਿਸ ਕਾਰਨ ਦੋਵਾਂ ਧਿਰਾਂ ਵਿਚ ਟਕਰਾਅ ਹੋ ਗਿਆ। ਸ਼੍ਰੋਮਣੀ ਕਮੇਟੀ ਇਨ੍ਹਾਂ ਨੌਜਵਾਨਾਂ ਨੂੰ ‘ਹੁੱਲੜਬਾਜ਼’ ਕਹਿ ਕੇ ਆਪਣੀ ਜ਼ਿੰਮੇਵਾਰੀ ਮੁਕਾ ਬੈਠੀ ਹੈ ਪਰ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਜੇ ਭਿੰਡਰਾਂਵਾਲੇ ਨੂੰ ਸ਼ਹੀਦ ਦਾ ਰੁਤਬਾ ਦੇ ਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਨਾਂ ਉਤੇ ਨਾਅਰੇ ਲਾਉਣ ਵਾਲਿਆਂ ਨੂੰ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਨੇ ਹੁੱਲੜਬਾਜ਼ ਕਹਿ ਕੇ ਕਿਉਂ ਧੱਕਾ ਮੁੱਕੀ ਕੀਤੀ ਹੈ? ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਜੰਮੂ ਵਿਚ ਸੰਤ ਜਰਨੈਲ ਸਿੰਘ ਦੇ ਪੋਸਟਰ ਪਾੜਨ ਕਾਰਨ ਹੋਏ ਵਿਵਾਦ ਪਿੱਛੋਂ ਪੁਲਿਸ ਨਾਲ ਝੜਪ ਵਿਚ ਇਕ ਸਿੱਖ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ‘ਤੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਖਤ ਇਤਰਾਜ਼ ਕਰਦੇ ਹੋਏ ਸੂਬਾ ਸਰਕਾਰ ਤੋਂ ਜਾਂਚ ਦੀ ਮੰਗ ਕਰ ਦਿੱਤੀ।
ਸ਼੍ਰੋਮਣੀ ਕਮੇਟੀ ਉਤੇ ਦੋਸ਼ ਲੱਗਦੇ ਆਏ ਹਨ ਕਿ ਉਹ ਹਾਕਮ ਧਿਰ ਅਕਾਲੀ ਦਲ (ਬਾਦਲ) ਦੇ ਕਹੇ ਮੁਤਾਬਕ ਚੱਲਦੀ ਹੈ ਤੇ ਹਰ ਸਿਆਸੀ ਖੇਡ ਵਿਚ ਉਸ ਦਾ ਸਾਥ ਦਿੰਦੀ ਹੈ। ਦਰਬਾਰ ਸਾਹਿਬ ‘ਤੇ ਹੋਏ ਹਮਲੇ ਨੂੰ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਇਸ ਫੌਜੀ ਕਾਰਵਾਈ ਨਾਲ ਜੁੜੇ ਮਸਲਿਆਂ ਨੂੰ ਸਿਰਫ ਵਰ੍ਹੇਗੰਢ ਜਾਂ ਚੋਣਾਂ ਸਮੇਂ ਹੀ ਉਠਾਇਆ ਜਾਂਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਲੇ ਪਿਛਲੇ ਮਹੀਨੇ ਹੀ ਸਾਕਾ ਨੀਲਾ ਤਾਰਾ ਦੌਰਾਨ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬਰੇਰੀ ਅੰਦਰਲੇ ਦਸਤਾਵੇਜ਼ ਵਾਪਸ ਕਰਨ ਦੀ ਮੰਗ ਕੇਂਦਰ ਕੋਲ ਉਠਾਉਣ ਦੀ ਗੱਲ ਕਹਿ ਕੇ ਹਟੇ ਹਨ ਪਰ ਸਾਕਾ ਨੀਲਾ ਤਾਰਾ ਬਾਰੇ ਹੁਣ ਤੱਕ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਜਨਰਲ ਇਜਲਾਸ ਵਿਚ ਤੇ ਨਾ ਹੀ ਅਕਾਲੀ ਸਰਕਾਰ ਨੇ ਵਿਧਾਨ ਸਭਾ ਵਿਚ ਨਿੰਦਾ ਮਤਾ ਪਾਸ ਕੀਤਾ ਹੈ। ਸਿੱਖ ਜਥੇਬੰਦੀਆਂ ਸਾਕਾ ਨੀਲਾ ਤਾਰਾ ਸਮੇਂ ਮਾਰੇ ਗਏ ਲੋਕਾਂ ਦੀ ਇਕ ਪੱਕੀ ਸੂਚੀ ਤਿਆਰ ਕਰਨ ਦੀ ਮੰਗ ਕਰਦੀਆਂ ਆ ਰਹੀਆਂ ਹਨ ਪਰ ਸਰਕਾਰ ਨੇ ਹਮੇਸ਼ਾ ਇਨ੍ਹਾਂ ਮੰਗਾਂ ਤੋਂ ਟਾਲਾ ਵੱਟੀ ਰੱਖਿਆ ਹੈ ਜਿਸ ਕਰ ਕੇ ਇਸ ਦੁਖਦਾਈ ਘਟਨਾ ਵਿਚ ਜੋ ਵਾਪਰਿਆ, ਕਿੰਨੇ ਮਰੇ, ਕਿੰਨੇ ਫੜੇ ਗਏ, ਕਿੰਨੇ ਫ਼ੌਜ ਦੇ ਸਿਪਾਹੀ ਮਰੇ, ਇਸ ਬਾਰੇ ਅਧੂਰੀ ਜਾਣਕਾਰੀ ਹੀ ਸਾਹਮਣੇ ਆਈ ਹੈ।
ਇਨ੍ਹਾਂ 31 ਵਰ੍ਹਿਆਂ ਦੌਰਾਨ ਪੰਜਾਬ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੀਆਂ ਤਿੰਨ ਸਰਕਾਰਾਂ ਬਣੀਆਂ। ਪਹਿਲੀ 1997, ਦੂਜੀ 2007 ਤੇ ਤੀਜੀ 2012 ਵਾਲੀ ਪਾਰੀ ਜਾਰੀ ਹੈ। ਵਾਰ-ਵਾਰ ਪੰਜਾਬ ਦੇ ਹੱਕ ਲੈਣ ਦੀ ਗੱਲ ਹੁੰਦੀ ਰਹੀ। ਦੋ ਵਾਰ ਕੇਂਦਰ ਵਿਚ ਵੀ ਅਕਾਲੀ ਦਲ ਦੇ ਭਾਈਵਾਲ ਭਾਜਪਾ ਦੀ ਸਰਕਾਰ ਰਹੀ ਪਰ ਮੁੱਦੇ ਉਥੇ ਦੇ ਉਥੇ ਹੀ ਹਨ। ਮੁੱਖ ਮੰਤਰੀ ਇਨ੍ਹਾਂ ਮੁੱਦਿਆਂ ਨੂੰ ਜ਼ਿਆਦਾਤਰ ਉਦੋਂ ਹੀ ਯਾਦ ਕਰਦੇ ਹਨ ਜਦੋਂ ਵੋਟਾਂ ਦੇ ਦਿਨ ਹੋਣ ਜਾਂ ਅਕਾਲੀ ਦਲ ਸੰਕਟ ਵਿਚ ਹੋਵੇ।
ਦਰਅਸਲ ਅਕਾਲੀ ਦਲ ਰਣਨੀਤੀ ਤਹਿਤ ਪੰਥਕ ਸਿਆਸਤ ਲਈ ਇਨ੍ਹਾਂ ਮਸਲਿਆਂ ਨੂੰ ਹਮੇਸ਼ਾ ਜਿਉਂਦਾ ਰੱਖਣਾ ਚਾਹੁੰਦਾ ਹੈ ਤਾਂ ਕਿ ਪੰਥਕ ਸਿਆਸਤ ਚੱਲਦੀ ਰਹੀ। ਅਜਿਹੀ ਇਕ ਵੀ ਮਿਸਾਲ ਨਹੀਂ ਮਿਲਦੀ ਜਦੋਂ ਵੱਡੇ ਮੱਤਭੇਦਾਂ ਦੇ ਬਾਵਜੂਦ ਸਿੱਖਾਂ ਦਰਮਿਆਨ ਦਰਬਾਰ ਸਾਹਿਬ ਕੰਪਲੈਕਸ ਵਿਚ ਕੋਈ ਹਥਿਆਰਬੰਦ ਟਕਰਾਅ ਹੋਇਆ ਹੋਵੇ। ਹੁਣ ਸਿਆਸਤ ਦਾ ਪੰਥਕ ਮਿਜਾਜ਼ ਬਦਲ ਗਿਆ ਹੈ। ਸਿਆਸੀ ਦਲਾਂ ਲਈ ਧਰਮ ਨਿਰਪੱਖ ਹੋਣ ਦੇ ਦਾਅਵੇ ਵਾਲਾ ਪਾਰਟੀ ਸੰਵਿਧਾਨ, ਚੋਣ ਕਮਿਸ਼ਨ ਕੋਲ ਸੌਂਪਣਾ ਜ਼ਰੂਰੀ ਹੈ। ਵੋਟ ਸਿਆਸਤ ਵਿਚ ਨਸ਼ੇ, ਧਨ, ਬਾਹੂਬਲ ਦੀ ਵਰਤੋਂ ਦੀਆਂ ਮਿਸਾਲਾਂ ਸਾਬਤ ਕਰਦੀਆਂ ਹਨ ਕਿ ਸਿਆਸੀ ਤੇ ਮਜ਼ਹਬ ਇਖ਼ਲਾਕ ਦੇ ਰਵਾਇਤੀ ਮਾਅਨੇ ਗੁਆਚਦੇ ਜਾ ਰਹੇ ਹਨ।
______________________________
ਦੋ ਸਾਲਾਂ ਤੋਂ ਹੀ ਟਕਰਾਅ ਕਿਉਂ?
ਸਾਕਾ ਨੀਲਾ ਤਾਰਾ ਦਾ ਬਰਸੀ ਸਮਾਗਮ ਹਰ ਸਾਲ ਸ਼ਾਂਤੀ ਪੂਰਵਕ ਢੰਗ ਨਾਲ ਮਨਾਇਆ ਜਾਂਦਾ ਰਿਹਾ ਹੈ ਪਰ ਪਿਛਲੇ ਦੋ ਸਾਲਾਂ ਵਿਚ ਸਮਾਗਮ ਦੌਰਾਨ ਸਿੱਖ ਧਿਰਾਂ ਵਿਚ ਟਕਰਾਅ ਹੋਇਆ ਹੈ। ਪਿਛਲੇ ਵਰ੍ਹੇ ਸ਼੍ਰੋਮਣੀ ਕਮੇਟੀ ਵੱਲੋਂ ਗਰਮਖਿਆਲੀ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਟੇਜ ‘ਚੇ ਬੋਲਣ ਨਾ ਦੇਣ ਕਰ ਕੇ ਦੋਵੇਂ ਧਿਰਾਂ ਭਿੜੀਆਂ ਸਨ। ਇਸ ਵਾਰ ਵੀ ਟਕਰਾਅ ਦਾ ਮਾਹੌਲ ਬਣ ਗਿਆ ਸੀ। ਕੁਝ ਕੱਟੜ ਹਿੰਦੂ ਜਥੇਬੰਦੀਆਂ ਨੇ ਪੰਜਾਬ ਤੇ ਜੰਮੂ ਵਿਚ ਸੰਤ ਭਿੰਡਰਾਂਵਾਲੇ ਦੇ ਪੋਸਟਰ ਪਾੜ ਕੇ ਛੇ ਜੂਨ ਨੂੰ ਅਤਿਵਾਦ ਖ਼ਾਤਮਾ ਦਿਵਸ ਦੇ ਤੌਰ ਉਤੇ ਮਨਾਉਣ ਦਾ ਐਲਾਨ ਕਰ ਦਿੱਤਾ ਸੀ। ਮੋੜਵੇਂ ਰੂਪ ਵਿਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਮੁਕਾਬਲੇ ਦੇ ਪ੍ਰੋਗਰਾਮ ਉਲੀਕ ਲਏ।