ਤਿੰਨ ਦਹਾਕਿਆਂ ਪਿੱਛੋਂ ਵੀ ਨਾ ਉਠ ਸਕਿਆ ਸੱਚਾਈ ਤੋਂ ਪਰਦਾ

ਚੰਡੀਗੜ੍ਹ: ਜੂਨ 84 ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ 42 ਹੋਰ ਇਤਿਹਾਸਕ ਗੁਰਦੁਆਰਿਆਂ ‘ਤੇ ਹੋਏ ਫੌਜੀ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੇ ਸਹੀ ਅੰਕੜੇ ਤੇ ਇਸ ਫੌਜੀ ਹਮਲੇ ਦੀ ਪੂਰੀ ਅਸਲੀਅਤ 31 ਸਾਲਾਂ ਬਾਅਦ ਵੀ ਸਾਹਮਣੇ ਨਹੀਂ ਆ ਸਕੀ। ਸਿੱਖ ਜਥੇਬੰਦੀਆਂ ਵਾਰ-ਵਾਰ ਇਸ ਮਾਮਲੇ ਦੀ ਜਾਂਚ ਅੰਤਰਰਾਸ਼ਟਰੀ ਪੱਧਰ ‘ਤੇ ਕਰਵਾਏ ਜਾਣ ਦੀ ਮੰਗ ਕਰਦੀਆਂ ਰਹੀਆਂ ਹਨ। ਇਹ ਵੀ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਸਰਕਾਰਾਂ ਵੱਲੋਂ ਇਸ ਸਮੁੱਚੇ ਕਾਂਡ ਦੌਰਾਨ ਮਾਰੇ ਗਏ ਸਿੱਖਾਂ ਦੀ ਗਿਣਤੀ ਬਹੁਤ ਘਟਾ ਕੇ ਪੇਸ਼ ਕੀਤੀ ਗਈ ਹੈ।

ਸਿੱਖ ਜਥੇਬੰਦੀਆਂ ਸਾਕਾ ਨੀਲਾ ਤਾਰਾ ਸਮੇਂ ਮਾਰੇ ਗਏ ਲੋਕਾਂ ਦੀ ਇਕ ਪੱਕੀ ਸੂਚੀ ਤਿਆਰ ਕਰਨ ਦੀ ਮੰਗ ਕਰਦੀਆਂ ਆ ਰਹੀਆਂ ਹਨ ਪਰ ਸਰਕਾਰ ਨੇ ਹਮੇਸ਼ਾਂ ਇਨ੍ਹਾਂ ਮੰਗਾਂ ਤੋਂ ਟਾਲਾ ਵੱਟੀ ਰੱਖਿਆ ਹੈ ਜਿਸ ਕਰਕੇ ਇਸ ਦੁਖਦਾਈ ਘਟਨਾ ਵਿਚ ਜੋ ਵਾਪਰਿਆ, ਕਿੰਨੇ ਮਰੇ, ਕਿੰਨੇ ਫੜੇ ਗਏ, ਕਿੰਨੇ ਫ਼ੌਜ ਦੇ ਸਿਪਾਹੀ ਮਰੇ, ਇਸ ਬਾਰੇ ਅਧੂਰੀ ਜਾਣਕਾਰੀ ਹੀ ਸਾਹਮਣੇ ਆਈ ਹੈ।
31 ਸਾਲ ਬਾਅਦ ਵੀ ਪਤਾ ਨਹੀਂ ਲੱਗਾ ਕਿ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਵਿਚ ਅਸਲ ਵਿਚ ਕੀ ਹੋਇਆ, ਬਲਕਿ ਅੰਮ੍ਰਿਤਸਰ ਦੇ ਇਕ ਇਲਾਕੇ ਵਿਚ ਹੋਈ ਘਟਨਾ ਦੀ ਨਾ-ਮਾਤਰ ਜਾਣਕਾਰੀ ਹੀ ਲੋਕਾਂ ਸਾਹਮਣੇ ਆ ਸਕੀ, ਜਦਕਿ ਇਕ ਸਵਾਲ ਵਾਰ-ਵਾਰ ਸਾਹਮਣੇ ਆਉਂਦਾ ਰਿਹਾ ਹੈ ਕਿ ਹੋਰ 42 ਗੁਰਦੁਆਰਿਆਂ ‘ਤੇ ਫੌਜੀ ਹਮਲਾ ਕਿਉਂ ਕੀਤਾ ਗਿਆ, ਜਦਕਿ ਭਾਰਤ ਸਰਕਾਰ ਮੁਤਾਬਕ ਤਾਂ ਅੰਮ੍ਰਿਤਸਰ ਵਿਚ ਹੀ ਖਾੜਕੂਆਂ ਦਾ ਕਬਜ਼ਾ ਸੀ। ਫੌਜੀ ਹਮਲੇ ਦੌਰਾਨ ਭਾਰਤੀ ਫੌਜ ਵੱਲੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਦਰਲੇ ਸਿੱਖ ਧਰਮ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਵਾਪਸ ਕਰਨ ਦੀ ਮੰਗ ਵੀ ਸਰਕਾਰ ਦੇ ਕੰਨੀ ਨਹੀਂ ਪਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ ਜਦੋਂ ਸ੍ਰੀ ਦਰਬਾਰ ਸਾਹਿਬ ਉਤੇ ਫੌਜ ਨੇ ਹਮਲਾ ਕੀਤਾ ਸੀ ਤਾਂ ਉਸ ਵਕਤ 592 ਹੱਥ ਲਿਖ਼ਤ ਬੀੜਾਂ, ਤਕਰੀਬਨ 13 ਹਜ਼ਾਰ ਦੁਰਲਭ ਪੁਸਤਕਾਂ ਤੋਂ ਇਲਾਵਾ ਬਹੁਤ ਸਾਰਾ ਸਾਹਿਤ ਲਾਇਬ੍ਰੇਰੀ ਅੰਦਰ ਮੌਜੂਦ ਸੀ, ਜੋ ਹਮਲੇ ਤੋਂ ਬਾਅਦ ਵਾਪਸ ਨਹੀਂ ਮਿਲ ਸਕਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਦਲਮੇਘ ਸਿੰਘ ਵੱਲੋਂ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਬੀਬੀ ਜਗੀਰ ਕੌਰ, ਪ੍ਰੋæ ਕਿਰਪਾਲ ਸਿੰਘ ਬਡੂੰਗਰ ਤੇ ਮੌਜੂਦਾ ਪ੍ਰਧਾਨ ਜਥੇæ ਅਵਤਾਰ ਸਿੰਘ ਦੇ ਕਾਰਜਕਾਲ ਦੌਰਾਨ ਅਨੇਕਾਂ ਵਾਰ ਅਜਿਹੇ ਤੱਥ ਪੇਸ਼ ਕੀਤੇ ਸਨ ਕਿ ਸੀæਬੀæਆਈæ ਲਈ ਕੰਮ ਕਰਦੇ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਰਣਜੀਤ ਸਿੰਘ ਨੰਦਾ ਤੇ ਪੁਲਿਸ ਮੁਲਾਜ਼ਮ ਸ਼ਬਦਲ ਸਿੰਘ ਨੇ ਮੰਨਿਆ ਸੀ ਕਿ ਉਨ੍ਹਾਂ ਭਾਰਤੀ ਫੌਜ ਵੱਲੋਂ 165 ਬੋਰਿਆਂ ਵਿਚ ਬੰਦ ਕੀਤਾ ਸਿੱਖ ਇਤਿਹਾਸ ਨਾਲ ਸਬੰਧਤ ਲਾਇਬ੍ਰੇਰੀ ਦਾ ਸਾਮਾਨ ਖੁਦ ਆਪਣੇ ਹੱਥੀ ਚੈੱਕ ਕੀਤਾ। ਫੌਜ ਵੱਲੋਂ ਵਾਰ-ਵਾਰ ਇਹ ਦਾਅਵਾ ਕੀਤਾ ਗਿਆ ਕਿ ਲਾਇਬ੍ਰੇਰੀ ਅੰਦਰਲਾ ਸਾਮਾਨ ਹਮਲੇ ਦੌਰਾਨ ਨਸ਼ਟ ਹੋ ਗਿਆ ਹੈ।
ਲੰਬੀ ਲੜਾਈ ਤੋਂ ਬਾਅਦ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੁਝ ਸਾਮਾਨ ਵਾਪਸ ਕੀਤਾ ਗਿਆ ਤਾਂ ਇਹ ਵੇਖ ਕੇ ਹੈਰਾਨੀ ਹੋਈ ਕਿ ਉਨ੍ਹਾਂ ਬੋਰਿਆਂ ਉਤੇ ਜੋ ਨੰਬਰ ਲਗਾਏ ਗਏ ਸਨ, ਉਹ ਮਿਲਟਰੀ ਦੀ ਰਿਕਾਰਡ ਸਾਂਭਣ ਵਾਲ਼ੀ ਭਾਸ਼ਾ ਵਿਚ ਸਨ। ਭਾਈ ਸਤਨਾਮ ਸਿੰਘ ਨੇ 2002 ਵਿਚ ਮਾਣਯੋਗ ਉੱਚ ਅਦਾਲਤ ਵਿਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੇਸ ਪੂਰੇ ਸਬੂਤਾਂ ਸਹਿਤ ਪੇਸ਼ ਕਰਕੇ ਲੜਿਆ ਸੀ ਤੇ 29 ਅਪਰੈਲ 2004 ਨੂੰ ਅਦਾਲਤ ਵੱਲੋਂ ਭਾਰਤ ਸਰਕਾਰ ਨੂੰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਾਰੇ ਦਸਤਾਵੇਜ਼ ਵਾਪਸ ਕਰਨ ਦੇ ਹੁਕਮ ਵੀ ਦਿੱਤੇ ਗਏ ਸਨ ਪਰ ਅਜੇ ਤੱਕ ਥੋੜਾ ਸਾਮਾਨ ਹੀ ਮਿਲਿਆ।
______________________________________________
ਸ਼੍ਰੋਮਣੀ ਕਮੇਟੀ ਉਤੇ ਵੀ ਉਠਦੀ ਰਹੀ ਹੈ ਉਂਗਲ
ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਵਿਚ ਮਾਰੇ ਗਏ ਸਿੱਖਾਂ ਤੇ ਇਸ ਅਪਰੇਸ਼ਨ ਨਾਲ ਜੁੜੇ ਹੋਰ ਮੁੱਦਿਆਂ ਨੂੰ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਗੰਭੀਰਤਾ ਨਾਲ ਕੇਂਦਰ ਸਰਕਾਰ ਕੋਲ ਨਹੀਂ ਉਠਾਇਆ। ਸਾਕਾ ਨੀਲਾ ਤਾਰਾ ਬਾਰੇ ਹੁਣ ਤੱਕ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਜਨਰਲ ਇਜਲਾਸ ਵਿਚ ਤੇ ਨਾ ਹੀ ਅਕਾਲੀ ਸਰਕਾਰ ਨੇ ਵਿਧਾਨ ਸਭਾ ਵਿਚ ਨਿੰਦਾ ਮਤਾ ਪਾਸ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਸਾਕਾ ਨੀਲਾ ਤਾਰਾ ਸਮੇਂ ਫੌਜ ਵੱਲੋਂ ਚੁੱਕੇ ਗਏ ਅਮੁੱਲੇ ਖਜ਼ਾਨੇ ਨੂੰ ਵਾਪਸ ਲਿਆਉਣ ਲਈ ਵੀ ਗੰਭੀਰਤਾ ਨਹੀਂ ਵਿਖਾਈ। ਸਿੱਖ ਜਥੇਬੰਦੀਆਂ ਕਮੇਟੀ ਦੀ ਇਸ ਅਣਗਹਿਲੀ ‘ਤੇ ਸਵਾਲ ਉਠਾਉਂਦੀਆਂ ਆਈਆਂ ਹਨ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅਮੁੱਲੇ ਖਜ਼ਾਨੇ ਵਿਚ ਹੱਥ ਲਿਖਤ ਬੀੜਾਂ ਤੇ ਖਰੜੇ ਤੇ ਹੋਰ ਧਾਰਮਿਕ ਸਾਹਿਤ ਸ਼ਾਮਲ ਸੀ, ਜਿਸ ਨੂੰ ਹੁਣ ਤੱਕ ਵਾਪਸ ਨਹੀਂ ਕੀਤਾ ਗਿਆ ਹੈ। ਛੇ ਜੂਨ ਨੂੰ ਹੋਏ ਬਰਸੀ ਸਮਾਗਮ ਵਿਚ ਹੀ ਮੁੱਦਾ ਉਠਿਆ।
__________________________________________________
ਇੰਦਰਾ ਗਾਂਧੀ ਨੂੰ ਦੋਸ਼ੀ ਕਰਾਰ ਦੇਣਾ ਜਾਇਜ਼ ਕਰਾਰ
ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਬਰਸੀ ਸਮਾਗਮ ਸਮੇਂ ਕੀਤੀ ਅਰਦਾਸ ਵਿਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਲਈ ਦੋਸ਼ੀ ਕਰਾਰ ਦਿੱਤੇ ਜਾਣ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜਾਇਜ਼ ਕਰਾਰ ਦਿੱਤਾ ਹੈ। ਜਥੇਦਾਰ ਨੂੰ ਜਦੋਂ ਅਰਦਾਸ ਵਿਚ ਵਰਤੇ ਸ਼ਬਦਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ‘ਪਾਪੀ ਦਾ ਨਾਂ ਲੈਣਾ ਕੋਈ ਗੁਨਾਹ ਨਹੀਂ ਹੈ।’
ਸ੍ਰੀਮਤੀ ਇੰਦਰਾ ਗਾਂਧੀ ਨੇ ਉਸ ਵੇਲੇ ਪ੍ਰਧਾਨ ਮੰਤਰੀ ਹੁੰਦਿਆਂ ਭਾਰਤੀ ਫੌਜਾਂ ਨੂੰ ਹਮਲੇ ਦੀ ਆਗਿਆ ਦਿੱਤੀ ਸੀ, ਜਿਸ ਕਾਰਨ ਹਮਲੇ ਵਿਚ ਹਜ਼ਾਰਾਂ ਬੇਦੋਸ਼ੇ ਲੋਕ ਮਾਰੇ ਗਏ, ਜੋ ਕਿ ਉਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਆਏ ਹੋਏ ਸਨ। ਇਨ੍ਹਾਂ ਬੇਦੋਸ਼ੇ ਲੋਕਾਂ ਵਿਚ ਔਰਤਾਂ, ਬੱਚੇ ਤੇ ਬਜ਼ੁਰਗ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਫੌਜਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਸਨ।
ਸਾਕਾ ਨੀਲਾ ਤਾਰਾ ਸਮੇਂ ਮਾਰੇ ਗਏ ਲੋਕਾਂ ਦੀ ਹੁਣ ਤੱਕ ਇਕ ਪੱਕੀ ਸੂਚੀ ਤਿਆਰ ਨਾ ਹੋਣ ਬਾਰੇ ਉਨ੍ਹਾਂ ਆਖਿਆ ਕਿ ਇਸ ਬਾਰੇ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰਕਾਰਾਂ ਦੇ ਕੰਮ ਹਨ। ਉਨ੍ਹਾਂ ਆਖਿਆ ਕਿ ਸਾਕਾ ਨੀਲਾ ਤਾਰਾ ਦੀ ਬਰਸੀ ਸਮਾਗਮ ਦਾ ਮੰਤਵ ਜਿਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ, ਉਥੇ ਕੇਂਦਰ ਸਰਕਾਰ ਕੋਲੋਂ ਇਹ ਮੰਗ ਵੀ ਕੀਤੀ ਗਈ ਹੈ ਕਿ ਉਹ ਸਾਕਾ ਨੀਲਾ ਤਾਰਾ ਸਮੇਂ ਫੌਜ ਵੱਲੋਂ ਚੁੱਕੇ ਗਏ ਅਮੁੱਲੇ ਖਜ਼ਾਨੇ ਨੂੰ ਵਾਪਸ ਕਰੇ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅਮੁੱਲੇ ਖਜ਼ਾਨੇ ਵਿਚ ਹੱਥ ਲਿਖਤ ਬੀੜਾਂ ਤੇ ਖਰੜੇ ਤੇ ਹੋਰ ਧਾਰਮਿਕ ਸਾਹਿਤ ਸ਼ਾਮਲ ਸੀ, ਜਿਸ ਨੂੰ ਹੁਣ ਤਕ ਵਾਪਸ ਨਹੀਂ ਕੀਤਾ ਗਿਆ ਹੈ।