ਟਾਈਟਲਰ ਨੂੰ ਕਲੀਨ ਚਿੱਟ ਦਿਵਾਉਣ ਲਈ ਹੋਈ ਸੀ ਸੌਦੇਬਾਜ਼ੀ

ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਸੀæਬੀæਆਈæ ਵੱਲੋਂ ਕਲੀਨ ਚਿੱਟ ਦੇਣ ਨਾਲ ਕਈ ਨਵੇਂ ਖ਼ੁਲਾਸੇ ਹੋਏ ਹਨ। ਸੀæਬੀæਆਈæ ਦੀ ਕਲੋਜ਼ਰ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਟਾਈਟਲਰ ਨੂੰ ਕਲੀਨ ਚਿੱਟ ਦਿਵਾਉਣ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਵੀ ਭੂਮਿਕਾ ਰਹੀ। ਟਾਈਟਲਰ ਨੇ ਗਵਾਹ ਨੂੰ ਆਪਣੇ ਪੱਖ ਵਿਚ ਕਰਨ ਲਈ ਪੰਜ ਕਰੋੜ ਰੁਪਏ ਦਾ ਸੌਦਾ ਵੀ ਕੀਤਾ ਸੀ। ਰਿਪੋਰਟ ਵਿਚ ਪਹਿਲੀ ਵਾਰ ਖ਼ੁਲਾਸਾ ਹੋਇਆ ਹੈ ਕਿ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਵੀ ਬਿਆਨ ਦਰਜ ਕੀਤੇ ਗਏ ਸਨ।

ਦਿੱਲੀ ਦੀ ਅਦਾਲਤ ਨੇ ਟਾਈਟਲਰ ਵੱਲੋਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੇ ਲੱਗੇ ਦੋਸ਼ਾਂ ਉਤੇ ਸੀæਬੀæਆਈæ ਵੱਲੋਂ ਕਾਰਵਾਈ ਕੀਤੇ ਜਾਣ ਬਾਰੇ ਜਵਾਬ ਮੰਗਿਆ ਹੈ। ਜਾਂਚ ਏਜੰਸੀ ਨੇ ਇਸ ਮਾਮਲੇ ਨੂੰ ਬੰਦ ਕਰਨ ਦੀ ਵਕਾਲਤ ਕੀਤੀ ਸੀ ਤੇ ਅਦਾਲਤ ਵੱਲੋਂ ਹੁਣ 26 ਜੂਨ ਨੂੰ ਅੱਗੇ ਸੁਣਵਾਈ ਕੀਤੀ ਜਾਏਗੀ।
ਹਥਿਆਰਾਂ ਦੇ ਕਾਰੋਬਾਰੀ ਅਭਿਸ਼ੇਕ ਵਰਮਾ ਨੇ ਸੀæਬੀæਆਈæ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਜਗਦੀਸ਼ ਟਾਈਟਲਰ ਨੇ 2008 ਵਿਚ ਉਸ ਨੂੰ ਦੱਸਿਆ ਸੀ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਉਸ ਨੇ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਸਿੱਖ ਕਤਲੇਆਮ ਦੇ ਮਾਮਲੇ ਵਿਚ ਭੂਮਿਕਾ ਨੂੰ ਲੈ ਕੇ ਕਲੀਨ ਚਿੱਟ ਮਿਲੀ ਸੀ। ਸੀæਬੀæਆਈæ ਨੇ ਜਾਂਚ ਦੌਰਾਨ ਜਲ ਸੈਨਾ ਵਾਰ ਲੀਕ ਮਾਮਲੇ ਦੇ ਨਾਲ ਹੀ ਧੋਖਾਧੜੀ ਤੇ ਜਾਲਸਾਜ਼ੀ ਸਮੇਤ ਹੋਰ ਮਾਮਲਿਆਂ ਦੇ ਮੁਲਜ਼ਮ ਵਰਮਾ ਦਾ ਬਿਆਨ ਗਵਾਹ ਵਜੋਂ ਦਰਜ ਕੀਤਾ ਹੈ। ਅਭਿਸ਼ੇਕ ਵਰਮਾ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਟਾਈਟਲਰ ਨੇ ਉਸ ਨੂੰ ਇਹ ਵੀ ਦੱਸਿਆ ਸੀ ਕਿ ਕੇਸ ਦੇ ਮੁੱਖ ਗਵਾਹ ਸੁਰਿੰਦਰ ਸਿੰਘ ਗ੍ਰੰਥੀ ਨੂੰ ਬਿਆਨਾਂ ਤੋਂ ਮੁਕਰਨ ਲਈ ਉਸ ਨੇ ਮੋਟੀ ਰਕਮ ਦਿੱਤੀ ਸੀ।
ਸੀæਬੀæਆਈæ ਨੇ ਇਨ੍ਹਾਂ ਦਾਅਵਿਆਂ ਨਾਲ ਦਿੱਲੀ ਦੀ ਅਦਾਲਤ ਵਿਚ ਤੀਜੀ ਵਾਰ ਮਾਮਲਾ ਬੰਦ ਕਰਨ ਲਈ ਰਿਪੋਰਟ ਦਾਖ਼ਲ ਕੀਤੀ ਹੈ। ਅਦਾਲਤ ਨੇ ਸੁਣਵਾਈ ਦੌਰਾਨ ਟਾਈਟਲਰ ਉਤੇ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਗਵਾਹ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਦੋਸ਼ਾਂ ਉਤੇ ਸੀæਬੀæਆਈæ ਤੋਂ ਜਵਾਬ ਮੰਗਿਆ ਹੈ।
ਵਰਮਾ ਨੇ ਸੀæਬੀæਆਈæ ਨੂੰ ਦੱਸਿਆ ਸੀ ਕਿ ਸੌਦੇ ਮੁਤਾਬਕ ਸੁਰਿੰਦਰ ਨੂੰ ਮੋਟੀ ਰਕਮ ਅਦਾ ਕੀਤੀ ਗਈ ਸੀ ਤੇ ਉਸ ਦੇ ਲੜਕੇ ਨਰਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਗਿਆ। ਉਸ (ਟਾਈਟਲਰ) ਨੇ ਮੈਨੂੰ ਦੱਸਿਆ ਕਿ ਨਰਿੰਦਰ ਉਤੇ ਭਾਰੀ ਦਬਾਅ ਪਾਇਆ ਗਿਆ ਕਿ ਉਹ ਆਪਣੇ ਪਿਤਾ ਸੁਰਿੰਦਰ ਨੂੰ ਜਗਦੀਸ਼ ਟਾਈਟਲਰ ਦੇ ਪੱਖ ਵਿਚ ਬਿਆਨ ਬਦਲਵਾਉਣ ਲਈ ਮਨਾਵੇ। ਸੀæਬੀæਆਈæ ਨੇ ਮਾਮਲਾ ਬੰਦ ਕਰਨ ਬਾਰੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਵਰਮਾ ਦੀ ਗਵਾਹੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਟਾਈਟਲਰ ਨੇ ਗਵਾਹ ਸੁਰਿੰਦਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ। ਜਾਂਚ ਏਜੰਸੀ ਨੇ ਕਿਹਾ ਹੈ ਕਿ ਵਰਮਾ ਵੱਲੋਂ ਲਾਏ ਗਏ ਦੋਸ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ ਕਿਉਂਕਿ ਸੁਰਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਵਰਮਾ ਨੇ ਬਿਆਨ ਵਿਚ ਖ਼ੁਲਾਸਾ ਕੀਤਾ ਹੈ ਕਿ ਟਾਈਟਲਰ ਨੇ ਕੈਨੇਡਾ ਰਹਿੰਦੀ ਆਪਣੀ ਭੈਣ ਨੂੰ ਹਵਾਲਾ ਜ਼ਰੀਏ ਪੰਜ ਕਰੋੜ ਰੁਪਏ ਭੇਜੇ ਸਨ। ਜਦੋਂ ਇਹ ਰਕਮ ਟਰੱਸਟ ਦੇ ਖ਼ਾਤੇ ਵਿਚ ਪੁੱਜੀ ਤਾਂ ਇਸ ਨੂੰ ਸਬੰਧਤ ਬੈਂਕ ਨੇ ਜਾਮ ਕਰ ਦਿੱਤਾ। ਵਰਮਾ ਦਾ ਕਹਿਣਾ ਹੈ ਕਿ ਟਾਈਟਲਰ ਨਾਲ ਗੱਲਬਾਤ ਉਸ ਸਮੇਂ ਹੋਈ ਜਦੋਂ ਉਹ ਲੀਕ ਮਾਮਲੇ ਵਿਚ ਜੇਲ੍ਹ ਤੋਂ ਰਿਹਾਅ ਹੋਇਆ ਤੇ ਕਾਂਗਰਸ ਦੇ ਹਰਿਆਣਾ ਤੋਂ ਤਤਕਾਲੀ ਵਿਧਾਇਕ ਗੋਪਾਲ ਕਾਂਡਾ (ਅਗਸਤ-ਸਤੰਬਰ 2008) ਦੇ ਫਾਰਮ ਹਾਊਸ ਵੱਲ ਜਾ ਰਹੇ ਸਨ।
____________________________________________________
ਟਾਈਟਲਰ ਖ਼ਿਲਾਫ਼ ਦੋਸ਼ਾਂ ਉਤੇ ਜਵਾਬ ਤਲਬ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਉਤੇ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਉਤੇ ਸੀæਬੀæਆਈæ ਤੋਂ ਜਵਾਬ ਤਲਬ ਕੀਤਾ। ਇਸ ਮਾਮਲੇ ਵਿਚ ਸੀæਬੀæਆਈæ ਨੇ ਮਾਮਲਾ ਬੰਦ ਕਰਨ ਦੀ ਰਿਪੋਰਟ ਦਾਇਰ ਕੀਤੀ ਹੈ। ਵਧੀਕ ਮੁੱਖ ਮੈਟਰੋਪਾਲੀਟਿਨ ਮੈਜਿਸਟ੍ਰੇਟ ਐਸ਼ਪੀæਐਸ਼ ਲਾਲੇਰ ਨੇ ਏਜੰਸੀ ਵੱਲੋਂ ਦੰਗਾ ਮਾਮਲਿਆਂ ਵਿਚ ਅੱਗੇ ਜਾਂਚ ਦੌਰਾਨ ਜੇਲ੍ਹ ਵਿਚ ਬੰਦ ਕਾਰੋਬਾਰੀ ਅਭਿਸ਼ੇਕ ਵਰਮਾ ਦੇ ਦਰਜ ਬਿਆਨ ਉਤੇ ਸੀæਬੀæਆਈæ ਨੂੰ ਜਵਾਬ ਦੇਣ ਲਈ ਕਿਹਾ ਹੈ। ਅਦਾਲਤ ਨੇ ਹੁਣ ਇਸ ਮਾਮਲੇ ਦੀ ਸੁਣਵਾਈ 26 ਜੂਨ ਨੂੰ ਤੈਅ ਕੀਤੀ ਹੈ।
____________________________________________________
ਨਵੇਂ ਖੁਲਾਸਿਆਂ ਪਿੱਛੋਂ ਸਿੱਖ ਸਿਆਸਤ ਗਰਮਾਈ
ਨਵੀਂ ਦਿੱਲੀ: ਸੀæਬੀæਆਈæ ਵੱਲੋਂ ਕੜਕੜਡੂਮਾ ਅਦਾਲਤ ਵਿਚ ਜਗਦੀਸ਼ ਟਾਈਟਲਰ ਮਾਮਲੇ ਵਿਚ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ਵਿਚ ਜੋ ਖੁਲਾਸੇ ਕੀਤੇ ਗਏ ਹਨ, ਉਨ੍ਹਾਂ ਨੂੰ ਲੈ ਕੇ ਸਿੱਖ ਸਿਆਸਤ ਵਿਚ ਫਿਰ ਗਰਮਾਹਟ ਆ ਗਈ ਹੈ। ਸੀæਬੀæਆਈæ ਦੀ ਭੂਮਿਕਾ ਨੂੰ ਲੈ ਕੇ ਕਾਂਗਰਸ ਵਿਰੋਧੀ ਧਿਰਾਂ ਸਰਗਰਮ ਹੋ ਗਈਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੁੱਦੇ ਉਤੇ ਤਿੱਖੇ ਬਿਆਨ ਦਾਗ਼ੇ ਗਏ ਹਨ। ਦਲ ਦੇ ਸੀਨੀਅਰ ਆਗੂ ਰਾਵਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਸੀæਬੀæਆਈæ ਵੱਲੋਂ ਚੁੱਪ-ਚਾਪ ਕਲੋਜ਼ਰ ਰਿਪੋਰਟ ਦਾਖ਼ਲ ਕਰਨਾ ਹੀ ਸ਼ੰਕੇ ਖੜ੍ਹੇ ਕਰਦਾ ਹੈ। ਸੰਯੁਕਤ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਇਨਸਾਫ਼ ਦੇਵੇ ਤੇ ਟਾਈਟਲਰ ਨੂੰ ਗ੍ਰਿਫ਼ਤਾਰ ਕਰੇ ਕਿਉਂਕਿ ਉਸ ਨੇ ਹਵਾਲਾ ਕਾਰੋਬਾਰ ਕੀਤਾ ਤੇ ਗਵਾਹ ਨੂੰ ਪ੍ਰਭਾਵਤ ਕੀਤਾ ਹੈ। ਉਧਰ ਆਮ ਆਦਮੀ ਪਾਰਟੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਡਾæ ਮਨਮੋਹਨ ਸਿੰਘ ਸਥਿਤੀ ਸਪਸ਼ਟ ਕਰਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸੀæਬੀæਆਈæ ਪ੍ਰਤੀ ਨਰਮ ਕਿਉਂ ਹੈ? ਕਿਤੇ ਕਾਂਗਰਸ ਤੇ ਭਾਜਪਾ ਦਰਮਿਆਨ ਨਵੰਬਰ 1984 ਤੇ 2002 ਦੇ ਗੁਜਰਾਤ ਦੰਗਿਆਂ ਬਾਰੇ ਕੋਈ ਗੰਢਤੁੱਪ ਤਾਂ ਨਹੀਂ ਹੋ ਗਈ।
_________________________________________________
ਅਮਿਤਾਭ ਦੇ ਬਿਆਨ ਨੇ ਵਧਾਈਆਂ ਮੁਸ਼ਕਿਲਾਂ
ਨਵੀਂ ਦਿੱਲੀ: 84 ਦੇ ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਉਹ ਬਿਆਨ ਸਾਹਮਣੇ ਆਇਆ ਹੈ ਜੋ ਉਨ੍ਹਾਂ ਨੇ ਸੀæਬੀæਆਈæ ਨੂੰ 15 ਜੂਨ, 2013 ਨੂੰ ਦਿੱਤਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਅਮਿਤਾਭ ਬੱਚਨ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਦੀ ਹੱਤਿਆ ਸਮੇਂ ਦੰਗੇ ਭੜਕਾਉਣ ਦੇ ਮਾਮਲੇ ਵਿਚ ਦੋਸ਼ੀ ਰਹੇ ਟਾਈਟਲਰ ਕਿਥੇ ਸਨ, ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਜਦੋਂ ਕਿ ਟਾਈਟਲਰ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਦੰਗਾ ਭੜਕਣ ਸਮੇਂ ਉਹ ਅਮਿਤਾਭ ਬੱਚਨ ਨਾਲ ਸਨ। ਅਜਿਹੇ ਵਿਚ ਇਹ ਬਿਆਨ ਟਾਈਟਲਰ ਦੇ ਦਾਅਵੇ ਦੇ ਖ਼ਿਲਾਫ਼ ਜਾਂਦਾ ਹੈ।