ਬਰਸੀ ਸਮਾਗਮ ਵਿਚ ਮੁੜ ਭਿੜੇ ਗਰਮਖਿਆਲੀ ਤੇ ਟਾਸਕ ਫੋਰਸ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਗਰਮਖਿਆਲੀਆਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚ ਝੜਪ ਹੋ ਗਈ। ਇਸ ਘਟਨਾ ਦੌਰਾਨ ਪੁਲਿਸ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਇਸ ਦੇ ਆਲੇ ਦੁਆਲੇ ਤਕਰੀਬਨ 45 ਨੌਜਵਾਨਾਂ ਨੂੰ ਮੌਕੇ ‘ਤੇ ਕਾਬੂ ਕਰ ਲਿਆ। ਪਿਛਲੇ ਸਾਲ ਵਾਂਗ ਇਸ ਵਾਰ ਵੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਅਰਦਾਸ ਸਮਾਗਮ ਵਾਲੇ ਦਿਨ ਹਿੰਸਕ ਝੜਪ ਦੀ ਘਟਨਾ ਵਾਪਰੀ ਹੈ। ਅਰਦਾਸ ਸਮਾਗਮ ਸਵੇਰੇ ਤਕਰੀਬਨ ਨੌਂ ਵਜੇ ਸਮਾਪਤ ਹੋ ਗਿਆ ਸੀ।

ਇਸ ਤੋਂ ਬਾਅਦ ਦੁਪਹਿਰ ਦੋ ਵਜੇ ਮੁੜ ਹਿੰਸਾ ਦੀ ਘਟਨਾ ਘਟ ਗਈ।
ਕੁਝ ਸ਼ਰਧਾਲੂਆਂ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਫੋਨ ਤੇ ਕੈਮਰਿਆਂ ਵਿਚ ਲੈਣ ਦਾ ਵੀ ਯਤਨ ਕੀਤਾ, ਜਿਨ੍ਹਾਂ ਕੋਲੋਂ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਨੇ ਕੈਮਰੇ ਆਦਿ ਲੈ ਲਏ। ਇਨ੍ਹਾਂ ਵਿਚ ਦੋ ਮੀਡੀਆ ਫੋਟੋਗਰਾਫਰ ਵੀ ਸ਼ਾਮਲ ਸਨ। ਮਗਰੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪ੍ਰੈੱਸ ਫੋਟੋਗਰਾਫਰਾਂ ਨਾਲ ਹੋਏ ਇਸ ਵਤੀਰੇ ਲਈ ਅਫਸੋਸ ਦਾ ਪ੍ਰਗਟਾਵਾ ਕੀਤਾ। ਪੁਲਿਸ ਦੇ ਡਿਪਟੀ ਕਮਿਸ਼ਨਰ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਤੋਂ ਪਹਿਲਾਂ ਸਵੇਰ ਵੇਲੇ ਅਰਦਾਸ ਸਮਾਗਮ ਸਮੇਂ ਜਿਵੇਂ ਹੀ ਇਹ ਸਮਾਗਮ ਦੀ ਸਮਾਪਤੀ ਹੋਈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਤੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਤੇ ਭਿੰਡਰਾਂਵਾਲਾ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਗਏ। ਇਹ ਨਾਅਰੇ ਲੰਮਾ ਸਮਾਂ ਲੱਗਦੇ ਰਹੇ ਤੇ ਨਾਅਰਿਆਂ ਕਾਰਨ ਮਾਹੌਲ ਤਣਾਅ ਵਾਲਾ ਬਣ ਗਿਆ।
ਅਰਦਾਸ ਸਮਾਗਮ ਦੀ ਸ਼ੁਰੂਆਤ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਨਾਲ ਹੋਈ। ਭੋਗ ਪੈਣ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਆਖਿਆ ਕਿ ਸਾਕਾ ਨੀਲਾ ਤਾਰਾ ਦੀ ਪੀੜ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕੇਗੀ ਕਿਉਂਕਿ ਇਹ ਫੌਜੀ ਹਮਲਾ ਦੇਸ਼ ਦੀ ਉਸ ਵੇਲੇ ਦੀ ਸਰਕਾਰ ਵੱਲੋਂ ਹੀ ਕਰਵਾਇਆ ਗਿਆ ਸੀ। ਇਸ ਫੌਜੀ ਹਮਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨਿਰਦੋਸ਼ ਬੀਬੀਆਂ, ਬੱਚੇ ਤੇ ਬਜ਼ੁਰਗ ਵੀ ਗੋਲੀਆਂ ਨਾਲ ਮਾਰੇ ਗਏ ਸਨ। ਇਸ ਮੌਕੇ ਉਨ੍ਹਾਂ ਸ਼ਹੀਦ ਪਰਿਵਾਰਾਂ ਦੇ ਜੀਆਂ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ। ਸਮਾਗਮ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਰਨੈਲ ਸਿੰਘ ਸਖੀਰਾ ਨੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਤਾਂ ਨਾਲ ਫਤਹਿ ਸਾਂਝੀ ਕੀਤੀ ਤੇ ਉਨ੍ਹਾਂ ਦੇ ਬਿਮਾਰ ਹੋਣ ਬਾਰੇ ਦੱਸਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਬਾਹਰ ਵੀ ਨਾਅਰੇ ਲੱਗਣੇ ਸ਼ੁਰੂ ਹੋ ਗਏ। ਮਾਨ ਦਲ ਵੱਲੋਂ ਸਾਬਕਾ ਸੰਸਦ ਮੈਂਬਰ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਖੜ੍ਹੇ ਹੋ ਕੇ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਾਕਾ ਨੀਲਾ ਤਾਰਾ ਬਾਰੇ ਹੁਣ ਤੱਕ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਜਨਰਲ ਇਜਲਾਸ ਵਿਚ ਤੇ ਨਾ ਹੀ ਅਕਾਲੀ ਸਰਕਾਰ ਨੇ ਵਿਧਾਨ ਸਭਾ ਵਿਚ ਨਿੰਦਾ ਮਤਾ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਲੜਾਈ ਜਾਰੀ ਹੈ ਤੇ ਇਹ ਲੜਾਈ ਹੁਣ ਵਿਚਾਰਾਂ ਨਾਲ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘੱਲੂਘਾਰਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰਦੁਆਰਾ ਪ੍ਰਬੰਧ ਫੇਲ੍ਹ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦਾਅਵਾ ਕੀਤਾ ਕਿ ਨੌਜਵਾਨਾਂ ਦਾ ਇਕ ਵੱਡਾ ਧੜਾ ਪਰਕਰਮਾ ਵਿਚ ਆ ਗਿਆ ਸੀ, ਜਿਨ੍ਹਾਂ ਨੇ ਕਈ ਵਾਰ ਪਰਕਰਮਾ ਕਰਦਿਆਂ ਖਾਲਿਸਤਾਨ ਪੱਖੀ ਤੇ ਹੋਰ ਭੜਕਾਊ ਨਾਅਰੇ ਲਾਏ। ਇਨ੍ਹਾਂ ਨੌਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਚਿੱਟੇ ਕੱਪੜਿਆਂ ਵਿਚ ਮੌਜੂਦ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਜਦੋਂ ਬਾਹਰ ਕੱਢਣ ਦਾ ਯਤਨ ਕੀਤਾ ਤਾਂ ਉਨ੍ਹਾਂ ਤਲਵਾਰਾਂ ਤੇ ਹੋਰ ਹਥਿਆਰ ਲਹਿਰਾਏ। ਸਿੱਟੇ ਵਜੋਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਇਨ੍ਹਾਂ ਨੌਜਵਾਨਾਂ ਵਿਚਾਲੇ ਹਿੰਸਕ ਝੜਪ ਹੋ ਗਈ। ਮਾਰ ਕੁਟਾਈ ਦੌਰਾਨ ਕਈ ਨੌਜਵਾਨ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਮਗਰੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
__________________________________________
ਜਨਰਲ ਸ਼ੁਬੇਗ ਸਿੰਘ ਦਾ ਨਾਂ ਲੈਣਾ ਭੁੱਲ ਗਏ ਜਥੇਦਾਰ
ਸਾਕਾ ਨੀਲਾ ਤਾਰਾ ਬਰਸੀ ਸਮਾਗਮ ਸਮੇਂ ਕੀਤੀ ਅਰਦਾਸ ਵਿਚ ਫੌਜੀ ਹਮਲੇ ਦੌਰਾਨ ਸ਼ਹੀਦੀ ਪਾਉਣ ਵਾਲੇ ਜਨਰਲ ਸ਼ੁਬੇਗ ਸਿੰਘ ਦਾ ਨਾਂ ਹੀ ਨਾ ਲਿਆ ਗਿਆ। ਅਰਦਾਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਆਦਿ ਦਾ ਨਾਂ ਲਿਆ ਗਿਆ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅੱਗੇ ਜਦੋਂ ਇਹ ਇਤਰਾਜ਼ ਉਠਾਇਆ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਭਵਿੱਖ ਵਿਚ ਇਸ ਸਬੰਧੀ ਧਿਆਨ ਰੱਖਿਆ ਜਾਵੇਗਾ। ਇਹ ਇਤਰਾਜ ਜਨਰਲ ਸ਼ੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨੇ ਪ੍ਰਗਟਾਇਆ ਹੈ, ਜੋ ਅਰਦਾਸ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ ਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਬੈਠਣ ਲਈ ਵੀ ਥਾਂ ਨਹੀਂ ਦਿੱਤੀ ਗਈ। ਉਸ ਨੇ ਇਸ ਅਰਦਾਸ ਸਮਾਗਮ ਨੂੰ ਸਰਕਾਰੀ ਸਮਾਗਮ ਕਰਾਰ ਦਿੱਤਾ।
_________________________________________________
ਸਮਾਗਮ ਗੁਰਦੁਆਰਿਓਂ ਬਾਹਰ ਕਰਵਾਉਣ ‘ਤੇ ਵਿਚਾਰਾਂ
ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਪਿਛਲੇ ਦੋ ਸਾਲਾਂ ਤੋਂ ਨਿਰੰਤਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਕਾਰਨ ਚਿੰਤਤ ਧਾਰਮਿਕ ਆਗੂਆਂ ਵੱਲੋਂ ਭਵਿੱਖ ਵਿਚ ਅਜਿਹੇ ਸਮਾਗਮ ਗੁਰਦੁਆਰਿਆਂ ਦੀ ਹਦੂਦ ਤੋਂ ਬਾਹਰ ਕਰਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਬਾਰੇ ਸਿੱਖ ਬੁੱਧੀਜੀਵੀਆਂ ਨੇ ਵਿਚਾਰ ਪ੍ਰਗਟਾਏ ਸਨ ਕਿ ਗੁਰਦੁਆਰਿਆਂ ਦੀ ਹਦੂਦ ਵਿਚ ਸਿਰਫ ਤੇ ਸਿਰਫ ਧਾਰਮਿਕ ਸਮਾਗਮ ਹੀ ਹੋਣੇ ਚਾਹੀਦੇ ਹਨ, ਜਿਨ੍ਹਾਂ ਵਿਚ ਗੁਰਪੁਰਬ ਆਦਿ ਸ਼ਾਮਲ ਹਨ। ਬੁੱਧੀਜੀਵੀਆਂ ਦਾ ਵਿਚਾਰ ਸੀ ਕਿ ਸਿਆਸੀ ਪ੍ਰੋਗਰਾਮ ਤੇ ਸਿਆਸੀ ਅਖਾੜਿਆਂ ਨੂੰ ਗੁਰਦੁਆਰਿਆਂ ਦੀ ਹਦੂਦ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਅਜਿਹੇ ਸਮਾਗਮਾਂ ਕਾਰਨ ਨਾ ਸਿਰਫ ਸਮੁੱਚੀ ਸਿੱਖ ਕੌਮ ਦਾ ਅਕਸ ਖ਼ਰਾਬ ਹੁੰਦਾ ਹੈ ਸਗੋਂ ਇਸ ਨਾਲ ਗੁਰੂਘਰਾਂ ਦੀ ਮਰਿਆਦਾ ਨੂੰ ਵੀ ਢਾਹ ਲੱਗਦੀ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸਿੱਖ ਬੁੱਧੀਜੀਵੀਆਂ ਵੱਲੋਂ ਕੀਤੀ ਗਈ ਮੰਗ ਬਾਰੇ ਭਵਿੱਖ ਵਿਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕੀਤਾ ਜਾਵੇਗਾ।