ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਵਿਚ ਪਰਵਾਸੀਆਂ ਦੇ ਆਪਣੀ ਹੀ ਧਰਤੀ ਪੰਜਾਬ ਵਿਚ ਹੋਏ ਕਤਲਾਂ ਨੇ ਪਰਦੇਸਾਂ ਵਿਚ ਬੈਠੇ ਪੰਜਾਬੀਆਂ ਨੂੰ ਹਲੂਣ ਕੇ ਰੱਖ ਦਿੱਤਾ ਹੈ। ਕਤਲ ਦੇ ਜ਼ਿਆਦਾਤਰ ਮਾਮਲੇ ਜ਼ਮੀਨ ਜਾਇਦਾਦ ਨਾਲ ਸਬੰਧਤ ਹਨ ਤੇ ਮ੍ਰਿਤਕਾਂ ਦੇ ਪੰਜਾਬ ਰਹਿੰਦੇ ਰਿਸ਼ਤੇਦਾਰ ਹੀ ਜ਼ਿਆਦਾ ਮਾਮਲਿਆਂ ਵਿਚ ਦੋਸ਼ੀ ਨਿਕਲੇ ਹਨ।
ਪੰਜਾਬ ਸਰਕਾਰ ਨੇ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਐਨæਆਰæਆਈæ ਥਾਣੇ ਤੇ ਕਮਿਸ਼ਨ ਬਣਾਇਆ ਹੋਇਆ ਹੈ ਪਰ ਇਸ ਸਭ ਦੇ ਬਾਵਜੂਦ ਵੀ ਪਿਛਲੇ ਕੁਝ ਮਹੀਨਿਆਂ ਵਿਚ ਅਜਿਹੀਆਂ ਵਾਰਦਾਤਾਂ ਵਿਚ ਵਾਧਾ ਹੋਇਆ ਹੈ।
ਪਿਛਲੇ 5-6 ਮਹੀਨਿਆਂ ਵਿਚ ਹੀ ਤਿੰਨ ਯੂæਕੇæ ਵਾਸੀਆਂ ਦਾ ਕਤਲ ਹੋ ਚੁੱਕਾ ਹੈ, ਜਿਨ੍ਹਾਂ ਵਿਚ ਕਈ ਕਤਲਾਂ ਦੀਆਂ ਤਾਰਾਂ ਤਾਂ ਯੂæਕੇæ ਨਾਲ ਜੁੜੀਆਂ ਹੋਈਆਂ ਹਨ। ਯੂæਕੇæ ਦੇ ਵਪਾਰੀ ਰਣਜੀਤ ਸਿੰਘ ਪਵਾਰ ਦਾ ਕਤਲ ਪੰਜਾਬ ਵਿਚ ਹੋਇਆ, ਜਿਸ ਵਿਚ ਗ੍ਰਿਫ਼ਤਾਰ ਕੀਤੇ ਗਏ ਸੁਖਦੇਵ ਸਿੰਘ ਨੇ ਆਪਣੇ ਮਾਮੇ ਬਲਦੇਵ ਸਿੰਘ ਦਿਓਲ ਦੇ ਕਤਲ ਵਿਚ ਵੀ ਸ਼ਾਮਲ ਹੋਣ ਦਾ ਇੰਕਸਾਫ ਕੀਤਾ ਹੈ ਪਰ ਬਲਦੇਵ ਸਿੰਘ ਮੁੜ ਯੂæਕੇæ ਪਹੁੰਚ ਗਿਆ ਹੈ। ਇਸੇ ਤਰ੍ਹਾਂ ਬੰਗਾ ਨੇੜਲੇ ਪਿੰਡ ਮੱਲ੍ਹਾ ਸੋਢੀਆਂ ਦੀ ਯੂæਕੇæ ਵਾਸੀ 34 ਸਾਲਾ ਨਰਿੰਦਰ ਕੌਰ ਦਾ ਕਤਲ ਜਨਵਰੀ 2015 ਵਿਚ ਹੋਇਆ, ਜਿਸ ਵਿਚ ਵੀ ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਨਰਿੰਦਰ ਕੌਰ ਦੇ ਪਤੀ ਗੁਰਨਾਮ ਸਿੰਘ ਨੇ ਆਪਣੀ ਪਹਿਲੀ ਪਤਨੀ ਸਤਿੰਦਰ ਕੌਰ ਨਾਲ ਮਿਲ ਕੇ ਕਤਲ ਕੀਤਾ। ਘਟਨਾ ਪਿੱਛੋਂ ਗੁਰਨਾਮ ਸਿੰਘ ਵਾਪਸ ਇੰਗਲੈਂਡ ਆਪਣੇ ਬੱਚਿਆਂ ਤੇ ਪਹਿਲੀ ਪਤਨੀ ਸਮੇਤ ਚਲਾ ਗਿਆ ਪਰ ਪਰਿਵਾਰ ਨੂੰ ਬਾਅਦ ਵਿਚ ਪਤਾ ਲੱਗਾ ਕਿ ਨਰਿੰਦਰ ਕੌਰ ਉਥੇ ਪਹੁੰਚੀ ਹੀ ਨਹੀਂ, ਜਿਸ ਦੀ ਕੁਝ ਦਿਨਾਂ ਬਾਅਦ ਟੋਟੇ ਕੀਤੀ ਲਾਸ਼ ਪਿੰਡ ਕਰਨਾਣਾ ਦੇ ਖੂਹ ਵਿਚੋਂ ਮਿਲੀ ਸੀ। ਇਸ ਮਾਮਲੇ ਵਿਚ ਸਥਾਨਕ ਵਾਸੀ ਜੇਲ੍ਹ ਵਿਚ ਬੰਦ ਹੈ ਪਰ ਅਜੇ ਤੱਕ ਦੋਸ਼ੀ, ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਤੇ ਮ੍ਰਿਤਕਾ ਦੇ ਦੋਵੇਂ ਬੱਚੇ ਪੁਲਿਸ ਨੇ ਸੋਸ਼ਲ ਸਕਿਓਰਿਟੀ ਦੇ ਸਪੁਰਦ ਕੀਤੇ ਹੋਏ ਹਨ।
ਇਕ ਹੋਰ ਕੇਸ ਵਿਚ ਇੰਗਲੈਂਡ ਵਾਸੀ ਰਾਜਪਾਲ ਸਿੰਘ ਦਾ ਕਤਲ ਵੀ ਦਸੰਬਰ, 2014 ਵਿਚ ਹੋਇਆ ਤੇ ਇਹ ਮਾਮਲਾ ਮਾਰਚ, 2015 ਨੂੰ ਉਜਾਗਰ ਹੋਇਆ ਸੀ। ਰਾਜਪਾਲ ਨੂੰ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਇਸ ਕਤਲ ਪਿੱਛੇ ਰਾਜਪਾਲ ਦੀ ਦੂਜੀ ਪਤਨੀ ਦਾ ਹੱਥ ਦੱਸਿਆ ਜਾ ਰਿਹਾ ਹੈ। ਪੁਲਿਸ ਰਿਪੋਰਟਾਂ ਅਨੁਸਾਰ ਇਹ ਕਤਲ 25-26 ਦਸੰਬਰ, 2014 ਦਰਮਿਆਨ ਕੀਤਾ ਗਿਆ। ਇਸ ਮਾਮਲੇ ਵਿਚ ਸਤਿੰਦਰ ਸਿੰਘ ਉਰਫ਼ ਵਿਪਨ (ਪੁਲਿਸ ਅਧਿਕਾਰੀ) ਤੇ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਇਸ ਮਾਮਲੇ ਵਿਚ ਰਾਜਪਾਲ ਸਿੰਘ ਦੀ ਪਤਨੀ ਦੋਸ਼ੀ ਕੁਲਜਿੰਦਰ ਕੌਰ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਯੂæਕੇæ ਵਿਚ ਹੈ। ਕੁਝ ਮਹੀਨਿਆਂ ਵਿਚ ਹੋਏ ਇਹ ਕਤਲ ਤੇ ਇਨ੍ਹਾਂ ਕਤਲਾਂ ਪਿੱਛੇ ਆਪਣਿਆਂ ਦੀ ਸ਼ਮੂਲੀਅਤ ਹੋਣ ਦੀ ਸ਼ੰਕਾ ਜਿਥੇ ਸਮਾਜਿਕ ਤੌਰ ਉਤੇ ਚਿੰਤਾ ਦਾ ਵਿਸ਼ਾ ਹੈ, ਉਥੇ ਹੀ ਸੁਰੱਖਿਆ ਤੇ ਭਾਰਤੀ ਨਿਆਂ ਪ੍ਰਬੰਧ ਵਿਚ ਹੋ ਰਹੀ ਦੇਰੀ ਉਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਕਈ ਕੇਸਾਂ ਵਿਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰ ਪੈਸੇ ਦਾ ਲੈਣ-ਦੇਣ ਕਰਕੇ ਕੇਸ ਰਫਾ-ਦਫਾ ਕਰ ਦਿੰਦੇ ਹਨ। ਅਜਿਹੇ ਵਿਚ ਅਪਰਾਧੀਆਂ ਨੂੰ ਸਜ਼ਾ ਨਾ ਮਿਲਣਾ ਜੁਰਮਾਂ ਵਿਚ ਵਾਧਾ ਕਰਦਾ ਹੈ। ਯੂæ ਕੇæ ਦੇ ਦੋ ਹੋਰ ਕੇਸ ਵੀ ਅਜਿਹੇ ਹਨ, ਜਿਨ੍ਹਾਂ ਵਿਚ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਈ ਸੀ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਹੀ ਕੁਦਰਤੀ ਮੌਤ ਆਖ ਕੇ ਅੱਗੇ ਜਾਂਚ ਹੀ ਨਹੀਂ ਹੋਣ ਦਿੱਤੀ, ਜਦ ਇਕ ਹੋਰ ਵਿਅਕਤੀ ਦਾ ਕਤਲ ਕੇਸ ਮੀਡੀਆ ਦੀਆਂ ਸੁਰਖੀਆਂ ਵਿਚ ਰਿਹਾ ਤੇ ਕੁਝ ਦੇਰ ਬਾਅਦ ਹੀ ਉਹ ਕਥਿਤ ਦੋਸ਼ੀ ਬਾਹਰ ਆ ਗਿਆ ਤੇ ਉਹ ਕਿਵੇਂ ਬਾਹਰ ਆਇਆ, ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਭਾਵੇਂ ਕੁਝ ਕੇਸਾਂ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਵੀ ਹੋਈਆਂ, ਜਿਸ ਤਰ੍ਹਾਂ ਲੈਸਟਰ ਵਾਸੀ ਮੋਹਨ ਸਿੰਘ ਦਾ 2005 ਵਿਚ ਕਤਲ ਹੋਇਆ ਸੀ, ਜਿਸ ਸਬੰਧੀ ਦੋ ਵਿਅਕਤੀਆਂ ਨੂੰ ਉਮਰ ਕੈਦ ਹੋਈ, ਯੂæਕੇæ ਦੀ ਰਹਿਣ ਵਾਲੀ ਸੁਰਜੀਤ ਕੌਰ ਅਟਵਾਲ ਨੂੰ ਦਸੰਬਰ, 1998 ਵਿਚ ਪੰਜਾਬ ਵਿਚ ਕਤਲ ਕਰ ਦਿੱਤਾ ਗਿਆ ਸੀ, ਜਿਸ ਕੇਸ ਦੀ ਸੁਣਵਾਈ ਯੂæਕੇæ ਵਿਚ ਹੋਈ ਤੇ ਕਤਲ ਸਾਜ਼ਿਸ਼ ਵਿਚ ਸ਼ਾਮਲ ਮ੍ਰਿਤਕਾ ਦੀ ਸੱਸ ਤੇ ਪਤੀ ਨੂੰ ਸਜ਼ਾ ਹੋਈ ਸੀ। ਪਰਵਾਸੀਆਂ ਨੇ ਹਮੇਸ਼ਾ ਹੀ ਇਹ ਕਿਹਾ ਹੈ ਕਿ ਉਨ੍ਹਾਂ ਨਾਲ ਪੰਜਾਬ ਦੇ ਲੋਕ ਚੰਗਾ ਵਿਵਹਾਰ ਨਹੀਂ ਕਰਦੇ। ਉਨ੍ਹਾਂ ਦੇ ਆਪਣੇ ਹੀ ਸਕੇ ਸਬੰਧੀ ਉਨ੍ਹਾਂ ਦੀਆਂ ਜਾਇਦਾਦਾਂ ਦੱਬ ਲੈਂਦੇ ਹਨ।
______________________________
ਪਰਵਾਸੀ ਦਾ ਪਲਾਟ ਹੜੱਪਣ ਵਾਲਾ ਕਾਨੂੰਨਗੋ ਗ੍ਰਿਫ਼ਤਾਰ
ਮੋਗਾ: ਇੰਗਲੈਂਡ ਰਹਿੰਦੇ ਪਰਵਾਸੀ ਪੰਜਾਬੀ ਦਾ ਕਰੋੜਾਂ ਰੁਪਏ ਦਾ ਪਲਾਟ ਹੜੱਪਣ ਦੀ ਸਾਜ਼ਿਸ਼ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਨੇ ਮਾਲ ਪਟਵਾਰੀ (ਹੁਣ ਕਾਨੂੰਨਗੋ) ਸੋਹਣ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਪਟਵਾਰ ਹਲਕਾ ਮੋਗਾ ਮਹਿਲਾ ਸਿੰਘ-1 ਵਿਚ ਚਾਰ ਵਰ੍ਹੇ ਪਹਿਲਾਂ ਤਾਇਨਾਤ ਮਾਲ ਪਟਵਾਰੀ ਸੋਹਣ ਸਿੰਘ ਨੇ ਪਰਵਾਸੀ ਪੰਜਾਬੀ ਸੁਖਮੰਦਰ ਸਿੰਘ ਪੁੱਤਰ ਕਰਤਾਰ ਸਿੰਘ ਦੇ ਕਰੋੜਾਂ ਰੁਪਏ ਦੇ ਪਲਾਟ ਨੂੰ ਹੜੱਪਣ ਦੀ ਨੀਅਤ ਨਾਲ ਇਸ ਪਲਾਟ ਦੀ ਬਿਨਾਂ ਰਜਿਸਟਰੀ ਤੋਂ ਇੰਤਕਾਲ ਜਸਪਾਲ ਸਿੰਘ ਪੁੱਤਰ ਦਲੀਪ ਸਿੰਘ ਦੇ ਹੱਕ ਵਿਚ ਮਨਜ਼ੂਰ ਕਰਵਾ ਲਿਆ। ਮੁਲਜ਼ਮ ਨੇ ਅਦਾਲਤ ਵਿਚ ਭਾਵੇਂ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਪਰ ਮੁਲਜ਼ਮ ਕੈਨੇਡਾ ਫ਼ਰਾਰ ਹੋਣ ਦੀ ਤਾਕ ਵਿਚ ਸੀ। ਮੁਲਜ਼ਮ ਦੇ ਵਿਦੇਸ਼ ਫ਼ਰਾਰ ਹੋਣ ਦੀ ਸੂਚਨਾ ਮਿਲਣ ਬਾਅਦ ਉਸ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਨੂੰ ਕਰੜੀ ਮਿਹਨਤ ਕਰਨੀ ਪਈ। ਮੁਲਜ਼ਮ ਖ਼ਿਲਾਫ਼ ਪੰਜਾਬ ਵਿਚ ਕਾਲੇ ਦੌਰ ਸਮੇਂ ਥਾਣਾ ਮਹਿਣਾ ਵਿਖੇ ਖਾੜਕੂਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਵੀ ਕੇਸ ਦਰਜ ਹੋਇਆ ਸੀ।