ਪੰਜਾਬ ਕਾਂਗਰਸ ਦਾ ਕਲੇਸ਼ ਬਿਲੇ ਲਾਉਣ ਲਈ ਮਸ਼ਕਾਂ ਤੇਜ਼

ਨਵੀਂ ਦਿੱਲੀ: ਪੰਜਾਬ ਕਾਂਗਰਸ ਵਿਚ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਕਲੇਸ਼ ਨੂੰ ਕਿਸੇ ਬੰਨ੍ਹੇ ਲਾਉਣ ਲਈ ਪਾਰਟੀ ਹਾਈਕਮਾਨ ਨੇ ਕੋਸ਼ੀਸ਼ਾਂ ਤੇਜ਼ ਕਰ ਦਿੱਤੀਆਂ ਹਨ। ਹਾਈਕਮਾਨ ਨੇ ਮਸਲੇ ਦੇ ਹੱਲ ਲਈ ਸੂਬਾਈ ਲੀਡਰਸ਼ਿਪ ਨਾਲ ਮੁਲਾਕਾਤਾਂ ਦਾ ਦੌਰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪ੍ਰਦੇਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨਾਲ ਮੁਲਾਕਾਤ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਸੋਨੀਆ ਤੇ ਰਾਹੁਲ ਪਹਿਲੀ ਵਾਰ ਇਕੱਠੇ ਮਿਲੇ ਹਨ। ਦਿੱਲੀ ਵਿਚ ਗਾਂਧੀ ਪਰਿਵਾਰ ਦੀ ਰਿਹਾਇਸ਼ 10 ਜਨਪਥ ਉਤੇ ਹੋਈ ਬੈਠਕ ਦੌਰਾਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਖ਼ਾਨਾਜੰਗੀ, ਪਾਰਟੀ ਨੂੰ ਅਕਾਲੀ-ਭਾਜਪਾ ਗੱਠਜੋੜ ਦੇ ਟਾਕਰੇ ਉਤੇ ਲਿਆਉਣ ਤੇ ਲੀਡਰਸ਼ਿਪ ਨੂੰ ਲੈ ਕੇ ਪਏ ਰੱਫੜ ਬਾਰੇ ਗੱਲ ਕੀਤੀ।
ਉਨ੍ਹਾਂ ਆਪਣੇ ਕਰੀਬੀ ਲਾਲ ਸਿੰਘ ਜਾਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਅਬੋਹਰ ਤੋਂ ਵਿਧਾਇਕ ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਂਡ ਸੌਂਪਣ ਦੀ ਮੰਗ ਕੀਤੀ। ਸੂਤਰਾਂ ਮੁਤਾਬਕ ਰਵਨੀਤ ਸਿੰਘ ਬਿੱਟੂ ਤੇ ਅੰਬਿਕਾ ਸੋਨੀ ਦੇ ਨਾਂ ਵੀ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਉਭਰੇ ਹਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੇ ਹੋਰ ਮੁੱਦਿਆਂ ਨੂੰ ਹੁਣੇ ਹੀ ਸੁਲਝਾਉਣਾ ਚਾਹੁੰਦੇ ਹਨ ਤਾਂ ਜੋ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਸਮਾਂ ਰਹਿੰਦੇ ਤਿਆਰੀ ਕਰ ਸਕੇ। ਕਾਂਗਰਸ ਪੰਜਾਬ ਵਿਚ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਅਕਾਲੀ-ਭਾਜਪਾ ਗੱਠਜੋੜ ਤੋਂ ਹਾਰ ਚੁੱਕੀ ਹੈ ਤੇ ਹੁਣ ਸੂਬੇ ਵਿਚ ਤੀਜੀ ਧਿਰ ਆਮ ਆਦਮੀ ਪਾਰਟੀ ਵੀ ਚਾਰ ਸੰਸਦ ਮੈਂਬਰਾਂ ਨਾਲ ਕਾਂਗਰਸ ਦੇ ਬਰਾਬਰ ਆਣ ਖੜ੍ਹੀ ਹੈ। ਕਾਂਗਰਸ ਨੂੰ ਅਕਾਲੀ ਤੇ ਭਾਜਪਾ ਵਰਕਰਾਂ ਵਿਚਾਲੇ ਵਧ ਰਹੀ ਦੂਰੀ ਦਾ ਲਾਹਾ ਮਿਲਣ ਦੀ ਉਮੀਦ ਹੈ। ਪਿਛਲੇ ਦਿਨੀਂ ਕਾਂਗਰਸ ਦੇ ਸੂਬਾਈ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਰਾਹੁਲ ਗਾਂਧੀ ਨਾਲ ਦਿੱਲੀ ਵਿਚ ਮੁਲਾਕਾਤ ਕਰਕੇ ਪੰਜਾਬ ਨਾਲ ਸਬੰਧਤ ਮੁੱਦੇ ਵਿਚਾਰੇ ਸਨ। ਰਾਹੁਲ ਗਾਂਧੀ ਨੇ ਸ੍ਰੀ ਬਾਜਵਾ ਨੂੰ ਥਾਪੜਾ ਦਿੰਦਿਆਂ ਪੰਜਾਬ ਕਾਂਗਰਸ ਵੱਲੋਂ ਦੋ ਅਕਤੂਬਰ ਨੂੰ ਸ਼ੁਰੂ ਕੀਤੀ ਜਾਣ ਵਾਲੀ ਪੈਦਲ ਯਾਤਰਾ ਵਿਚ ਆਉਣ ਦਾ ਵਾਅਦਾ ਕੀਤਾ ਸੀ। ਪੰਜਾਬ ਪ੍ਰਧਾਨ ਕੋਸ਼ਿਸ਼ ਕਰ ਰਿਹਾ ਹੈ ਕਿ ਕਾਂਗਰਸ ਦੇ ਰਿਵਾਇਤੀ ਗੜ੍ਹ ਰਹੇ ਦਲਿਤ ਤੇ ਗ਼ਰੀਬ ਤਬਕੇ ਦੇ ਵੋਟ ਬੈਂਕ ਨੂੰ ਪਾਰਟੀ ਨਾਲ ਜੋੜਿਆ ਜਾਵੇ। ਸ੍ਰੀ ਬਾਜਵਾ ਨੇ ਦਿੱਲੀ ਫੇਰੀ ਦੌਰਾਨ ਰਾਹੁਲ ਨਾਲ ਆਪਣੀ ਲੀਡਰਸ਼ਿਪ ਹੇਠ ਕੀਤੇ ਗਏ ਪ੍ਰੋਗਰਾਮ ਤੇ ਜੂਨ ਦੇ ਸ਼ੁਰੂ ਵਿਚ ਆਰੰਭੇ ਗਏ ਪ੍ਰੋਗਰਾਮ ਬਾਰੇ ਵੀ ਚਰਚਾ ਕੀਤੀ ਸੀ। ਦੱਸਣਯੋਗ ਹੈ ਕਿ ਸ੍ਰੀ ਬਾਜਵਾ ਨੇ ਸ੍ਰੀ ਹਰਗੋਬਿੰਦਪੁਰ ਤੋਂ ਦੋ ਜੂਨ ਨੂੰ ਪਾਰਟੀ ਨੂੰ ਹੇਠਲੀਆਂ ਸਫਾਂ ਤੱਕ ਮਜ਼ਬੂਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜੋ 28 ਸਤੰਬਰ ਤੱਕ ਜਾਰੀ ਰਹੇਗੀ।
ਕੈਪਟਨ ਦੀ ਸੀਨੀਅਰ ਆਗੂਆਂ ਨਾਲ ਬੈਠਕ ਉਪਰ ਕਾਂਗਰਸੀਆਂ ਦੀ ਪਿਛਲੇ ਦਿਨਾਂ ਤੋਂ ਨਜ਼ਰ ਟਿਕੀ ਹੋਈ ਸੀ ਕਿਉਂਕਿ ਬਾਜਵਾ ਦੀ ਦਿੱਲੀ ਫੇਰੀ ਨਾਲ ਕਾਂਗਰਸੀ ਸਫਾਂ ਅੰਦਰ ਹਲਚਲ ਪੈਦਾ ਹੋ ਗਈ ਸੀ। ਇਹ ਮੀਟਿੰਗ ਪਹਿਲਾਂ ਪੰਜ ਜੂਨ ਨੂੰ ਹੋਣ ਦੀ ਚਰਚਾ ਸੀ ਪਰ ਇਸ ਦੇ ਤਿੰਨ ਦਿਨ ਪਛੜਨ ਪਿੱਛੇ ਹਾਈਕਮਾਂਡ ਵੱਲੋਂ ਪਾਰਟੀ ਪ੍ਰਧਾਨ ਬਦਲਣ ਲਈ ਸੋਚ ਵਿਚਾਰ ਕਰਨਾ ਦੱਸਿਆ ਜਾ ਰਿਹਾ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਵੀ ਸੂਬਾਈ ਲੀਡਰਸ਼ਿਪ ਨਾਲ ਮੁਲਾਕਾਤਾਂ ਕੀਤੀਆਂ ਸਨ। ਉਨ੍ਹਾਂ ਵੱਲੋਂ ਰਾਹੁਲ ਨਾਲ ਪੰਜਾਬ ਕਾਂਗਰਸ ਬਾਰੇ ਚਰਚਾ ਕੀਤੀ ਜਾ ਚੁੱਕੀ ਹੈ। ਹਾਈਕਮਾਨ ਨਾਲ ਕੈਪਟਨ ਦੀ ਬੈਠਕ ਬਾਰੇ ਪਾਰਟੀ ਦੇ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ ਵਿਚ ਵਿਚਾਰੇ ਗਏ ਮੁੱਦਿਆਂ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਹੈ ਪਰ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੋਵੇਗਾ। ਇਸ ਬੈਠਕ ਨੂੰ ਪਾਰਟੀ ਦੀ ਪੰਜਾਬ ਇਕਾਈ ਵਿਚ ਤਬਦੀਲੀ ਵਜੋਂ ਦੇਖਣ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਹਾਲੇ ਕੁਝ ਨਹੀਂ ਕਹਿ ਸਕਦੇ। ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਸ੍ਰੀ ਬਾਜਵਾ ਤੋਂ ਪ੍ਰਧਾਨਗੀ ਖੁੱਸ ਸਕਦੀ ਹੈ ਪਰ ਇਸ ਤਬਦੀਲੀ ਦੇ ਸਮਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ।
_____________________________________________
ਬਾਜਵਾ ਨੂੰ ਰਾਹੁਲ ਦਾ ਥਾਪੜਾ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਥਾਪੜਾ ਦਿੰਦਿਆਂ ਸੂਬੇ ਵਿਚ ਕੀਤੀ ਜਾਣ ਵਾਲੀ ਪੈਦਲ ਯਾਤਰਾ ਵਿਚ ਸ਼ਿਰਕਤ ਕਰਨ ਦਾ ਭਰੋਸਾ ਦਿੱਤਾ ਹੈ। ਸ੍ਰੀ ਬਾਜਵਾ ਦਾ ਕਹਿਣਾ ਹੈ ਕਿ ਉਹ ਬੀਤੇ ਦਿਨੀਂ ਕਾਂਗਰਸ ਦੇ ਮੀਤ ਪ੍ਰਧਾਨ ਨੂੰ ਦਿੱਲੀ ਵਿਚ ਮਿਲੇ ਸਨ। ਇਸ ਮੁਲਾਕਾਤ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਨੂੰ ਪ੍ਰਦੇਸ਼ ਕਾਂਗਰਸ ਵੱਲੋਂ ਅਕਾਲੀ ਭਾਜਪਾ ਸਰਕਾਰ ਖ਼ਿਲਾਫ਼ ਲੋਕਾਂ ਤੇ ਖਾਸਕਰ ਕਰਕੇ ਦਲਿਤਾਂ ਨੂੰ ਜਾਗਰੂਕ ਤੇ ਪਾਰਟੀ ਨਾਲ ਜੋੜਨ ਲਈ ਕੀਤੀ ਜਾ ਰਹੀ ਪੈਦਲ ਯਾਤਰਾ ਦੀ ਜਾਣਕਾਰੀ ਦਿੱਤੀ ਸੀ, ਜਿਸ ਮਗਰੋਂ ਰਾਹੁਲ ਨੇ ਦੋ ਅਕਤੂਬਰ ਨੂੰ ਯਾਤਰਾ ਵਿਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੀਤ ਪ੍ਰਧਾਨ ਨੇ ਉਨ੍ਹਾਂ ਦੀ ਪਿੱਠ ਥਾਪੜੀ ਹੈ ਤੇ ਉਹ ਯਾਤਰਾ ਦੇ ਪ੍ਰੋਗਰਾਮ ਨੂੰ ਅਮਲੀ ਰੂਪ ਦੇਣ ਵਿਚ ਲੱਗ ਗਏ ਹਨ।