ਖਾਨਾਪੂਰਤੀ ਬਣ ਕੇ ਰਹਿ ਗਈ ਹੈ ਨਸ਼ਿਆਂ ਖਿਲਾਫ ਮੁਹਿੰਮ

ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ ਕੋਈ ਠੋਸ ਰਣਨੀਤੀ ਬਣਾਉਣ ਦੇ ਬਜਾਏ ਸੂਬਾ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਆਪਣੇ ਹੀ ਰੰਗ ਵਿਚ ਚੱਲ ਰਹੀ ਹੈ। ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਦੂਜੇ ਪੜਾਅ ਦਾ ਐਲਾਨ ਕੀਤਾ ਹੈ। ਸਿਰਫ ਇਕ ਹਫ਼ਤੇ ਅੰਦਰ 1181 ਦਰਜ ਕੀਤੇ ਮਾਮਲਿਆਂ ਵਿਚ 1243 ਵਿਅਕਤੀਆਂ ਦੀ ਗ੍ਰਿਫ਼ਤਾਰੀ ਨੂੰ ਪੁਲਿਸ ਨੇ ਵੱਡੀ ਉਪਲਬਧੀ ਦੇ ਤੌਰ ਉਤੇ ਪੇਸ਼ ਕੀਤਾ ਹੈ।
ਪੰਜਾਬ ਪੁਲਿਸ ਦੀ ਪਹਿਲੇ ਪੜਾਅ ਵਾਲੀ ਮੁਹਿੰਮ ਵੀ ਸਵਾਲਾਂ ਵਿਚ ਘਿਰੀ ਸੀ।

ਪੁਲਿਸ ਵੱਲੋਂ ਪਹਿਲੇ ਪੜਾਅ ਦੌਰਾਨ ਵੀ ਤਕਰੀਬਨ 17 ਹਜ਼ਾਰ ਕੇਸ ਦਰਜ ਕੀਤੇ ਗਏ ਸਨ ਤੇ ਤਸਕਰ ਕਹਿ ਕੇ ਹਜ਼ਾਰਾਂ ਵਿਅਕਤੀਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਸੀ। ਜੇਲ੍ਹਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ। ਇਹ ਮੁਹਿੰਮ ਲੋਕਾਂ ਅੰਦਰ ਭਰੋਸਾ ਪੈਦਾ ਕਰਨ ਵਿਚ ਅਸਫ਼ਲ ਰਹੀ ਕਿਉਂਕਿ ਬਹੁਤ ਸਾਰੇ ਵਿਅਕਤੀ ਅਜਿਹੇ ਸਾਹਮਣੇ ਆਏ ਜਿਨ੍ਹਾਂ ਤੋਂ ਕਿਸੇ ਨਸ਼ੇ ਦੀ ਬਰਾਮਦਗੀ ਵੀ ਨਹੀਂ ਦਿਖਾਈ ਜਾ ਸਕੀ। ਅਜਿਹੇ ਤੱਥ ਸਾਹਮਣੇ ਆਉਣ ਉਤੇ ਪੰਜਾਬ ਵਿਚ ਇਹ ਧਾਰਨਾ ਘਰ ਕਰ ਗਈ ਕਿ ਪੁਲਿਸ ਨਸ਼ੇ ਦੀ ਲਤ ਵਿਚ ਫਸੇ ਮਜਬੂਰ ਲੋਕਾਂ ਨੂੰ ਫੜ ਕੇ ਝੂਠੇ ਕੇਸ ਪਾ ਰਹੀ ਹੈ ਜਦੋਂਕਿ ਨਸ਼ਾ ਤਸਕਰੀ ਵਿਚ ਸ਼ਾਮਲ ਰਸੂਖ਼ਵਾਨ ਤੇ ਤਾਕਤਵਰ ਵਿਅਕਤੀਆਂ ਵੱਲ ਦੇਖਣ ਦੀ ਹਿੰਮਤ ਨਹੀਂ ਕਰ ਰਹੀ।ਪੰਜਾਬ ਦੇ ਕਈ ਮੰਤਰੀਆਂ ਉਤੇ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਜਾਂ ਉਨ੍ਹਾਂ ਨਾਲ ਮਿਲੀਭੁਗਤ ਦੇ ਦੋਸ਼ ਲੱਗਦੇ ਰਹੇ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਈ ਨੇਤਾਵਾਂ ਨੂੰ ਬੁਲਾ ਕੇ ਪੁੱਛਗਿੱਛ ਵੀ ਕੀਤੀ ਹੈ ਪਰ ਪੁਲਿਸ ਵੱਲੋਂ ਥੋੜਾ-ਬਹੁਤਾ ਨਸ਼ਾ ਛਕਣ ਵਾਲਿਆਂ ਨੂੰ ਅੰਦਰ ਕਰ ਆਪਣੀ ਪਿੱਠ ਥਾਪੜੀ ਜਾਂਦੀ ਰਹੀ। ਪੰਜਾਬ ਪੁਲਿਸ ਵੱਲੋਂ ਸੂਬੇ ਵਿਚ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਪੁਲਿਸ ਕਮਿਸ਼ਨਰਾਂ ਦੀ ਦੇਖ ਰੇਖ ਹੇਠ 23 ਮਈ ਤੋਂ ਦੂਜੇ ਪੜਾਅ ਵਿਚ ਮੁਹਿੰਮ ਆਰੰਭੀ ਗਈ। ਇਸ ਮੁਹਿੰਮ ਤਹਿਤ 23 ਤੋਂ 31 ਮਈ ਤੱਕ ਕੁੱਲ 1181 ਮਾਮਲੇ ਦਰਜ ਕਰਕੇ 1243 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ 83634 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 2305 ਕਿੱਲੋ ਭੁੱਕੀ, 36 ਕਿੱਲੋ ਅਫੀਮ, 10æ47 ਕਿੱਲੋ ਹੈਰੋਇਨ, ਅੱਠ ਕਿੱਲੋ ਕੋਕੀਨ ਤੇ 32æ5 ਕਿੱਲੋ ਸਮੈਕ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਹੁਣ ਦੋ ਪੜਾਵੀ ਰਣਨੀਤੀ ਅਪਣਾਈ ਹੈ, ਇਸ ਤਹਿਤ ਜਿਥੇ ਕੁਝ ਕਰੀਬੀ ਸਰਕਲਾਂ ਵਿਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵੱਲੋਂ ਹੋਰਨਾਂ ਸੂਬਿਆਂ ਤੋਂ ਲਿਆਂਦੇ ਜਾਂਦੇ ਨਸ਼ੀਲੇ ਪਦਾਰਥਾਂ ਦੀ ਰਹਿੰਦ ਖੂੰਹਦ ਦਾ ਮੁਕੰਮਲ ਸਫਾਇਆ ਕੀਤਾ ਜਾਵੇਗਾ ਉਥੇ ਉਥੇ ਸਰਹੱਦ ਪਾਰੋਂ ਆਉਂਦੀਆਂ ਖੇਪਾਂ ਨੂੰ ਵੀ ਕਾਬੂ ਕਰਕੇ ਰਾਜ ਵਿਚ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਅਣ ਉਪਲਬਧਤਾ ਦੇ ਉਦੇਸ਼ ਨੂੰ ਪੂਰਾ ਕੀਤਾ ਜਾਵੇਗਾ। ਕੁਝ ਪੁਰਾਣੇ ਕੱਟੜ ਤਸਕਰਾਂ ਵੱਲੋਂ ਆਪਣੇ ਪੁਰਾਣੇ ਸਟਾਕ ਜਾਂ ਦੂਜੇ ਰਾਜਾਂ ਤੋਂ ਅਜਿਹੇ ਨਸ਼ੇ ਲਿਆ ਕੇ ਆਪਣੇ ਕੁਝ ਖਾਸ ਖਪਤਕਾਰਾਂ ਤੱਕ ਪਹੁੰਚਾਏ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।
_______________________________
ਨਸ਼ਾ ਤਸਕਰੀ ਬਣੀ ਸਭ ਤੋਂ ਵੱਡਾ ਗ਼ੈਰਕਾਨੂੰਨੀ ਵਪਾਰ
ਦੁਨੀਆ ਵਿਚ ਕਿਤੇ ਵੀ ਅਜਿਹਾ ਤਜਰਬਾ ਦੇਖਣ ਨੂੰ ਨਹੀਂ ਮਿਲਦਾ ਕਿ ਪੁਲਿਸ ਵੱਲੋਂ ਧੜਾਧੜ ਪਰਚੇ ਦਰਜ ਕਰਕੇ ਨਸ਼ੇ ਦੀ ਸਮੱਸਿਆ ਨਾਲ ਸਿੱਝਿਆ ਜਾ ਸਕੇ। ਸੰਯੁਕਤ ਰਾਸ਼ਟਰ ਸੰਘ ਦੀ ਵਰਲਡ ਡਰੱਗ ਰਿਪੋਰਟ ਅਨੁਸਾਰ ਨਸ਼ਾ ਸਭ ਤੋਂ ਵੱਡਾ ਗ਼ੈਰਕਾਨੂੰਨੀ ਵਪਾਰ ਬਣ ਚੁੱਕਾ ਹੈ। 2007 ਵਿਚ ਵੀ 322 ਅਰਬ ਡਾਲਰ ਤੋਂ ਵੱਧ ਦੇ ਇਸ ਕਾਰੋਬਾਰ ਨਾਲ ਬਹੁਤ ਮਜ਼ਬੂਤ ਮਾਫ਼ੀਆ ਜੁੜਿਆ ਹੋਇਆ ਹੈ ਤੇ ਇਨ੍ਹਾਂ ਨੂੰ ਸਿਆਸੀ ਤੇ ਆਰਥਿਕ ਤੌਰ ਉਤੇ ਵੱਡੇ ਲੋਕਾਂ ਦੀ ਸਰਪ੍ਰਸਤੀ ਵੀ ਹਾਸਲ ਹੈ। ਇਹ ਸਮੱਸਿਆ ਯੂਰਪ ਦੇ ਦੇਸ਼ਾਂ ਤੇ ਅਮਰੀਕਾ-ਕੈਨੇਡਾ ਵਿਚ ਵੀ ਵਧ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੁਨਾਫ਼ੇ ਦੀ ਇਸ ਅੰਨ੍ਹੀ ਦੌੜ ਵਿਚ ਨਸ਼ੇ ਦਾ ਇਹ ਗ਼ੈਰਕਾਨੂੰਨੀ ਕਾਰੋਬਾਰ ਜ਼ਿਆਦਾ ਦੌਲਤ ਕਮਾਉਣ ਦਾ ਜ਼ਰੀਆ ਹੈ। ਇਸ ਕਾਰੋਬਾਰ ਵਿਚ ਪਈ ਮਜ਼ਬੂਤ ਲਾਬੀ ਅਪਰਾਧੀ ਹੈ ਪਰ ਨਸ਼ੇ ਦੀ ਲਤ ਵਿਚ ਪਏ ਨੌਜਵਾਨ ਅਪਰਾਧੀ ਨਹੀਂ ਬਲਕਿ ਉਹ ਬਿਮਾਰ ਮਾਨਸਿਕਤਾ ਦਾ ਸ਼ਿਕਾਰ ਹਨ। ਇਸ ਲਈ ਖ਼ਪਤਕਾਰਾਂ ਤੇ ਅਪਰਾਧੀਆਂ ਪ੍ਰਤੀ ਅਲੱਗ-ਅਲੱਗ ਰਣਨੀਤੀ ਬਣਾਉਣ ਦੀ ਲੋੜ ਪਵੇਗੀ। ਪੁਰਤਗਾਲ ਦੀ ਰਣਨੀਤੀ ਨੂੰ ਕਾਫ਼ੀ ਸਾਰਥਕ ਮੰਨਿਆ ਜਾ ਰਿਹਾ ਹੈ ਜਿਸ ਨੇ ਬਹੁਤ ਸਾਰੀਆਂ ਨਸ਼ੀਲੀਆਂ ਚੀਜ਼ਾਂ ਨੂੰ ਪਾਬੰਦੀਸ਼ੁਦਾ ਸੂਚੀ ਵਿਚੋਂ ਕੱਢ ਦਿੱਤਾ ਹੈ। ਉਥੇ ਖ਼ਪਤਕਾਰਾਂ ਨਾਲ ਦੋਸਤਾਨਾਂ ਸਲੂਕ ਕਰਕੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਆ ਗਿਆ ਹੈ।