ਨਜ਼ਰਅੰਦਾਜ਼ ਦਰਦ ਦੇ ਉਲਾਰ ਪ੍ਰਗਟਾਵੇ ਅਤੇ ਡਾਲਰ

ਦਲਜੀਤ ਅਮੀ
ਫੋਨ: +91-97811-21873
ਨਜ਼ਰਅੰਦਾਜ਼ ਕੀਤੀ ਗਈ ਦੁਖਦੀ ਰਗ ਜਦੋਂ ਉਲਾਰ ਸੁਰ ਦੇ ਵਸ ਪੈਂਦੀ ਹੈ ਤਾਂ ਦਰਦ ਦੀ ਨਜ਼ਰਅੰਦਾਜ਼ੀ ਪੱਕੇ ਪੈਰੀਂ ਹੋ ਜਾਂਦੀ ਹੈ। ਦਰਦ ਦੇ ਦੁਆਲੇ ਹੋਈ ਪਾਲਾਬੰਦੀ ਉਲਾਰ ਬੋਲਿਆਂ ਨਾਲ ਆਪਣੀ ਹੋਂਦ ਦੀ ਅਹਿਮੀਅਤ ਲੱਭਦੀ ਹੈ ਤਾਂ ਦਰਦ ਨੂੰ ਮੁਖ਼ਾਤਬ ਹੋਣ ਦੀਆਂ ਸੰਭਾਵਨਾਵਾਂ ਮੱਧਮ ਪੈਂਦੀਆਂ ਜਾਂਦੀਆਂ ਹਨ। ਦਰਦ ਨੇ ਮੁੜ ਹੱਦ ਤੋਂ ਪਾਰ ਹੋਣਾ ਹੈ ਅਤੇ ਇਸ ਦੇ ਉਲਾਰ ਬੋਲਿਆਂ ਦੇ ਵਸ ਪੈਣ ਦਾ ਖ਼ਦਸ਼ਾ ਖੜ੍ਹਾ ਹੋ ਜਾਂਦਾ ਹੈ। ਜਦੋਂ ਦਰਦ, ਸ਼ਰਧਾ ਦੇ ਘੋੜੇ ਸਵਾਰ ਹੋ ਜਾਵੇ ਤਾਂ ਸ਼ਰਧਾ ਨੂੰ ਹਉਮੈ ਦਾ ਬਾਣਾ ਪਾਉਣ ਵਿਚ ਸਮਾਂ ਨਹੀਂ ਲੱਗਦਾ।

ਇਹ ਸਿਲਸਿਲਾ ਬੁਨਿਆਦੀ ਮੁੱਦਿਆਂ ਦੀ ਨਿਸ਼ਾਨਦੇਹੀ ਕਰ ਕੇ ਦਰਦ ਨੂੰ ਮੁਖ਼ਾਤਬ ਹੋਣ ਤੋਂ ਮੁਨਕਰ ਹੋਣ ਤੱਕ ਜਾਂਦਾ ਹੈ ਅਤੇ ਉਲਾਰ ਬੋਲਿਆਂ ਦੀਆਂ ਸੱਟਾਂ ਨੂੰ ਫ਼ੈਸਲਾਕੁਨ ਕਰਾਰ ਦਿੰਦਾ ਹੈ। ਜੇ ਇਹ ਸੱਟਾਂ ਫ਼ੈਸਲਾਕੁਨ ਹਨ ਤਾਂ ਇਨ੍ਹਾਂ ਨੂੰ ਸੱਜਰੀਆਂ ਰੱਖਣ ਦਾ ਤਰੱਦਦ ਵੀ ਹੁੰਦਾ ਹੈ ਅਤੇ ਨਵੀਂਆਂ ਸੱਟਾਂ ਖਾਣ ਦੀ ਵਿਉਂਤਬੰਦੀ ਵੀ ਕੀਤੀ ਜਾਂਦੀ ਹੈ। ਇਹ ਫ਼ਿਦਾਇਨੀ ਸਿਆਸਤ, ਖ਼ੁਦਕੁਸ਼ ਬੰਬਾਰਾਂ ਤੋਂ ਲੈ ਕੇ Ḕਏਕਤਾ-ਅਖੰਡਤਾḔ ਦੇ ਨਾਅਰਿਆਂ ਅਤੇ Ḕਕੌਮ ਨੂੰ ਖ਼ਤਰੇḔ ਦੇ ਬੋਲਿਆਂ ਦੀਆਂ ਵੰਨ-ਸਵੰਨੀਆਂ ਵੰਨਗੀਆਂ ਵਿਚੋਂ ਜ਼ਾਹਿਰ ਹੁੰਦੀ ਹੈ। ਬਾਣਿਆਂ ਅਤੇ ਵਰਦੀਆਂ ਦੀਆਂ ਮਾਤਮੀ ਤੇ ਸ਼ਹਾਦਤੀ ਸੁਰਾਂ ਦੀ ਸਾਂਝ, ਸੰਗਤ ਨੂੰ ਭੇਡਾਂ ਵਜੋਂ ਪ੍ਰਵਾਨ ਕਰਦੀ ਹੈ ਅਤੇ ਇਹੋ ਦ੍ਰਿੜਾਉਂਦੀ ਜਾਪਦੀ ਹੈ ਕਿ ਦੁਨੀਆਂ ਦੀ ਵੰਨ-ਸਵੰਨਤਾ ਇਨ੍ਹਾਂ ਦੋ ਧਿਰਾਂ ਵਿਚ ਹੀ ਸਮਾਈ ਹੋਈ ਹੈ।
ਜੂਨ 1984 ਦੇ ਯਾਦਗ਼ਾਰੀ ਸਮਾਗਮਾਂ ਤਹਿਤ ਦਰਬਾਰ ਸਾਹਿਬ ਅਤੇ ਜੰਮੂ ਵਿਚ ਹੋਈਆਂ ਘਟਨਾਵਾਂ ਕੀ ਦਰਸਾਉਂਦੀਆਂ ਹਨ? ਜੇ ਖ਼ਦਸ਼ਿਆਂ ਤੋਂ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੁਰੱਖਿਆ ਏਜੰਸੀਆਂ ਜਾਣੂ ਸਨ ਤਾਂ ਇਨ੍ਹਾਂ ਦੀ ਤਿਆਰੀ ਕੀ ਦਰਸਾਉਂਦੀ ਹੈ? ਜੇ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਣ ਲਈ ਕੋਈ ਜਥੇਬੰਦੀ ਤਿਆਰ ਨਹੀਂ ਤਾਂ ਜੰਮੂ ਵਿਚ Ḕਸ਼ਹੀਦੀ ਰੁਤਬਾḔ ਦੇਣ ਦਾ ਹੱਕ ਇਨ੍ਹਾਂ ਨੂੰ ਕਿੱਥੋਂ ਮਿਲਦਾ ਹੈ? ਕੀ 1984 ਦੇ ਸਾਲ ਨੂੰ ਸਿਰਫ਼ ਠੇਸ ਦੇ ਹਵਾਲੇ ਨਾਲ ਸ਼ਰਧਾ ਵਜੋਂ ਹੀ ਯਾਦ ਕੀਤਾ ਜਾਣਾ ਚਾਹੀਦਾ ਹੈ, ਜਾਂ ਉਸ ਨੂੰ Ḕਵਿਵੇਕ ਦਾਨ, ਵਿਸਾਹ ਦਾਨ ਅਤੇ ਭੋਰਸਾ ਦਾਨḔ ਮੰਗਣ ਵਾਲੀ ਅਰਦਾਸ ਦੀ ਸਾਣ ਉਤੇ ਚਾੜ੍ਹਿਆ ਜਾਣਾ ਚਾਹੀਦਾ ਹੈ? ਕੀ 1984 ਦੀ ਠੇਸ ਨਾਲ ਜੁੜੀ ਸਿਆਸਤ ਅਤੇ ਅਰਥਚਾਰੇ ਦੀ ਮੌਜੂਦਾ ਦੌਰ ਦੇ ਸੁਆਲਾਂ ਨਾਲ ਸੰਜੀਦਗੀ ਵੀ ਪਰਖਣੀ ਚਾਹੀਦੀ ਹੈ? ਕੀ Ḕਇੰਦਰਾ ਗਾਂਧੀ ਦੀ ਹਮਲਾਵਰ ਵਜੋਂ ਅਰਦਾਸ ਵਿਚ ਸ਼ਨਾਖ਼ਤḔ ਕਰਨ ਵਾਲੇ ਜਥੇਦਾਰ ਨੂੰ ਹਮਲਾਵਰਾਂ ਦੀ ਮੌਜੂਦਾ ਪੀੜ੍ਹੀ ਦੇ ਨਾਮ ਪੁੱਛੇ ਜਾ ਸਕਦੇ ਹਨ? ਕੀ ḔਸਰਕਾਰਾਂḔ ਅਤੇ ḔਪੰਥḔ ਨੂੰ ਪ੍ਰਨਾਏ ਕਸੀਦਾਕਾਰੀ ਇਤਿਹਾਸਕਾਰ ਦੀ ਚੋਣਵੇਂ ਤੱਥਾਂ ਵਾਲੀਆਂ ਲਿਖਤਾਂ ਨੂੰ ਹੀ ਅੰਤਿਮ ਮੰਨਿਆ ਜਾਣਾ ਚਾਹੀਦਾ ਹੈ? ਇਨ੍ਹਾਂ ਸੁਆਲਾਂ ਦੀ ਫਹਿਰਿਸਤ ਹੋਰ ਲੰਮੀ ਹੋ ਸਕਦੀ ਹੈ।
ਅੰਮ੍ਰਿਤਸਰ ਅਤੇ ਜੰਮੂ ਦੀ ਘਟਨਾਵਾਂ ਨੂੰ ਵਿਦੇਸ਼ਾਂ ਵਿਚ ਹੋਏ ਸਮਾਗਮਾਂ ਅਤੇ ਆਏ ਬਿਆਨਾਂ ਤੋਂ ਨਿਖੇੜ ਕੇ ਸਮਝਣਾ ਮੁਸ਼ਕਿਲ ਹੈ। ਇਸ ਵਾਰ Ḕਪਿਛਲੇ ਸਾਲ ਤੋਂ ਸਬਕ ਸਿੱਖḔ ਕੇ ਦਰਬਾਰ ਸਾਹਿਬ ਆਈਆਂ ਜਥੇਬੰਦੀਆਂ ਤਾਂ ਸੁਰੱਖਿਆ ਏਜੰਸੀਆਂ ਅਤੇ ਟਾਸਕ ਫੋਰਸ ਦੇ ਤਾਲਮੇਲ ਨਾਲ ਉਸਾਰੀਆਂ ਰੋਕਾਂ ਤੋਂ ਕੰਨੀ ਕਤਰਾ ਕੇ ਲੰਘ ਗਈਆਂ। ਵੱਖ ਵੱਖ ਖੂੰਜਿਆਂ ਵਿਚ ਖੜ੍ਹੋ ਕੇ ਛੋਟੇ ਛੋਟੇ ਕੈਮਰਿਆਂ ਨੂੰ ਮੁਖ਼ਤਾਬ ਹੋ ਕੇ ਆਗੂਆਂ ਨੇ ਆਪਣੇ ਨਾਲ ਲਿਆਂਦੇ ਗਿਣਤੀ ਦੇ ਹਮਾਇਤੀਆਂ ਸਾਹਮਣੇ ਤਕਰੀਰਾਂ ਕੀਤੀਆਂ। ਇਹੋ ਤਕਰੀਰਾਂ ਦੁਨੀਆਂ ਭਰ ਵਿਚ ਸ਼ਰਧਾਲੂਆਂ ਸਾਹਮਣੇ ਨਸ਼ਰ ਹੋਈਆਂ ਅਤੇ ਵਿਦੇਸ਼ਾਂ ਵਿਚ ਚਰਚਾ ਦਾ ਵਿਸ਼ਾ ਬਣੀਆਂ। ਇਨ੍ਹਾਂ ਤਕਰੀਰਾਂ ਨਾਲ ਵਿਦੇਸ਼ਾਂ ਵਿਚੋਂ Ḕਪੰਥ ਦੇ ਨਾਮ ਉਤੇ ਹੁੰਦੀਆਂ ਉਗਰਾਹੀਆਂḔ ਦਾ ਰਿਸ਼ਤਾ ਤਾਂ ਸਮਝਣਾ ਹੀ ਚਾਹੀਦਾ ਹੈ। ਕੀ ਇਨ੍ਹਾਂ ਤਕਰੀਰਾਂ ਨੂੰ ਗ਼ੈਰ-ਸਰਕਾਰੀ ਸੰਸਥਾਵਾਂ ਦੀ Ḕਵੇਰਵਾ ਦੇਣ ਵਾਲੀ ਸਾਲਾਨਾ ਮਸ਼ਕḔ ਮੰਨਿਆ ਜਾ ਸਕਦਾ ਹੈ? ਗ਼ੈਰ-ਸਰਕਾਰੀ ਸੰਸਥਾਵਾਂ ਦੇ ਕਰਾਰ ḔਪਰਉਪਕਾਰੀḔ ਸਰਗਰਮੀਆਂ ਦੀਆਂ ਗਵਾਹੀਆਂ ਪੇਸ਼ ਕਰਨ ਤੋਂ ਬਾਅਦ ਹੀ ਨਵੇਂ ਕੀਤੇ ਜਾਂਦੇ ਹਨ। ਇਹ ਦਲੀਲ ਸੁਰੱਖਿਆ ਏਜੰਸੀਆਂ ਅਤੇ ਟਾਸਕ ਫੋਰਸ ਉਤੇ ਜਿਉਂ ਦੀ ਤਿਉਂ ਲਾਗੂ ਕੀਤੀ ਜਾ ਸਕਦੀ ਹੈ। ਜੇ ਇਸ ਵਾਰ ਕੁਝ ਨਹੀਂ ਹੋਵੇਗਾ ਤਾਂ ਅਗਲੇ ਸਾਲ ਖ਼ਦਸ਼ੇ ਦੀ ਦਲੀਲ ਕਿਥੇ ਰਹਿ ਜਾਵੇਗੀ?
ਬਲਿਊ ਸਟਾਰ ਅਪਰੇਸ਼ਨ ਦੀ 31ਵੀਂ ਬਰਸੀ ਮੌਕੇ ਭਿੰਡਰਾਂਵਾਲੇ ਦੇ ਪੋਸਟਰ ਲਗਾਉਣ ਅਤੇ ਪਾੜਨ ਦੀ ਕੀ ਅਹਿਮੀਅਤ ਬਣਦੀ ਹੈ? ਭਿੰਡਰਾਂਵਾਲੇ ਦੇ ਪੋਸਟਰ ਦੇ ਜੁਆਬ ਵਿਚ ਦੂਜੇ ਬਰਾੜ (ਕੁਲਦੀਪ ਸਿੰਘ) ਦੀ ਥਾਂ ਜਨਰਲ ਵੈਦਿਆ ਦਾ ਪੋਸਟਰ ਕਿਵੇਂ ਅਤੇ ਕਿਉਂ ਆਇਆ? ਭਿੰਡਰਾਂਵਾਲੇ ਦੇ ਪੋਸਟਰਾਂ ਅਤੇ ਸਟਿੱਕਰਾਂ ਨਾਲ ਜੁੜੇ ਮੁਨਾਫ਼ੇ ਦਾ ਅੰਦਾਜ਼ਾ ਤਾਂ ਚੀਨ ਦੇ ਉਦਮੀ ਖ਼ਾਸੇ ਨੂੰ ਹੈ, ਪਰ ਵੈਦਿਆ ਦੀ ਚੋਣ ਕਿਵੇਂ ਹੋਈ ਹੈ? ਕੀ ਮੋਦੀ-ਨਾਦ ਦੇ ਦੌਰ ਵਿਚ ਬਲਿਊ ਸਟਾਰ ਅਪਰੇਸ਼ਨ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਨਾਲ Ḕਸਿੱਖ ਹੋਣ ਕਾਰਨḔ ਵਿਤਕਰਾ ਕੀਤਾ ਜਾ ਰਿਹਾ ਹੈ?
ਇਸ ਰੁਝਾਨ ਤੋਂ ਸਾਫ਼ ਹੁੰਦਾ ਹੈ ਕਿ ਇਹ ਸਾਰੀ ਮਸ਼ਕ ਮੌਕੇ ਮੁਤਾਬਕ ਹੀ ਕੀਤੀ ਜਾ ਰਹੀ ਹੈ। ਹੁਣ ਸੁਆਲ ਇਹ ਵੀ ਆਏਗਾ ਕਿ ਇਤਿਹਾਸ ਅਤੇ ਖਿੱਤੇ ਦੇ ਦਰਦ ਨਾਲ ਜੁੜੇ ਸੁਆਲ ਮਹਿਜ਼ ਮੌਕੇ ਤੱਕ ਮਹਿਦੂਦ ਕਿਉਂ ਹੋ ਜਾਂਦੇ ਹਨ? ਸਰਕਾਰ ਇਸ ਮੌਕੇ ਨਾਲ ਜੁੜੇ ਖ਼ਦਸ਼ਿਆਂ ਨੂੰ ਸਾਲ ਦੇ ਬਾਕੀ ਦਿਨਾਂ ਵਿਚ ਮੁਖ਼ਾਤਬ ਕਿਉਂ ਨਹੀਂ ਹੁੰਦੀ? ਇਸ ਮੌਕੇ Ḕਛੋਟੇ ਕੈਮਰਿਆਂ ਰਾਹੀਂ ਆਲਮੀ ਬਿਆਨḔ ਦੇਣ ਵਾਲੀਆਂ ਜਥੇਬੰਦੀਆਂ ਸਾਲ ਦੇ ਬਾਕੀ ਦਿਨਾਂ ਵਿਚ ਇਨ੍ਹਾਂ ਹੀ ਸੁਆਲਾਂ ਨੂੰ ਕਿਵੇਂ ਮੁਖ਼ਾਤਬ ਹੁੰਦੀਆਂ ਹਨ? ਕੀ ਇਕੱਤੀ ਸਾਲਾਂ ਵਿਚ ਸਾਰੀ ਸਿਆਸਤ ਯਾਦਗ਼ਾਰੀ ਦਿਨਾਂ ਅਤੇ Ḕਸਿੱਖ ਬੰਦੀਆਂḔ ਦੇ ਸੁਆਲਾਂ ਤੱਕ ਮਹਿਦੂਦ ਹੋ ਗਈ ਹੈ? ਕੀ ਇਕੱਤੀ ਸਾਲ ਪਹਿਲਾਂ ਵਾਪਰੀ ਤ੍ਰਾਸਦੀ ਦਾ ਪਿਛੋਕੜ ਬਿਲਕੁਲ ਅਹਿਮ ਨਹੀਂ ਹੈ? ਉਸ ਪਿਛੋਕੜ ਦੀ ਬੇਬਾਕ ਪੜਚੋਲ ਕਿਉਂ ਨਹੀਂ ਹੋਣੀ ਚਾਹੀਦੀ?
ਵਿਦੇਸ਼ਾਂ ਵਿਚ ਸਰਗਰਮ Ḕਸਿੱਖ ਜਥੇਬੰਦੀਆਂḔ 1984 ਦੀਆਂ ḔਘੱਲੂਘਾਰੇḔ ਦੇ ਯਾਦਗ਼ਾਰੀ ਸਮਾਗਮਾਂ ਵਿਚ ਸੁਆਲ ਕਰਦੀਆਂ ਹਨ ਕਿ ਸਿੱਖਾਂ ਨੂੰ ਵੱਖਰਾ ਰਾਜ ਮਿਲਣਾ ਚਾਹੀਦਾ ਹੈ। Ḕਸਿੱਖਸ ਫ਼ਾਰ ਜਸਟਿਸḔ ਮੁਹਿੰਮ ਚਲਾ ਰਹੀ ਹੈ ਕਿ 2020 ਵਿਚ ਸਿੱਖਾਂ ਲਈ Ḕਵੱਖਰੇ ਰਾਜ ਲਈḔ ਮਰਦਮਸ਼ੁਮਾਰੀ ਹੋਣੀ ਚਾਹੀਦੀ ਹੈ। ਇਸੇ ਤਰਜ਼ ਦੇ ਪੋਸਟਰ ਉਤਰੀ ਅਮਰੀਕਾ, ਯੂਰਪ ਅਤੇ ਆਸਟਰੇਲੀਆ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਲਹਿਰਾਏ ਗਏ। ਇਨ੍ਹਾਂ ਸਮਾਗਮਾਂ ਵਿਚ ਨਸਲਕੁਸ਼ੀ ਵਰਗੇ ਸ਼ਬਦ ਆਮ ਵਰਤੇ ਜਾਂਦੇ ਹਨ। ਇਨ੍ਹਾਂ ਦੀ ਸਿਆਸਤ ਜਾਂ ਅਰਥਚਾਰੇ ਦੇ ਖ਼ਾਸੇ ਦੀ ਗੱਲ ਪਾਸੇ ਛੱਡ ਕੇ ਕੁਝ ਸੁਆਲ ਪੁੱਛੇ ਜਾਣੇ ਜ਼ਰੂਰੀ ਹਨ। ਕੀ 1984 ਦਾ ਪੂਰਾ ਸਾਲ ਘੱਲੂਘਾਰੇ ਦਾ ਸਾਲ ਹੈ? ਬਲਿਊ ਸਟਾਰ ਅਪਰੇਸ਼ਨ ਤੋਂ ਪਹਿਲਾਂ ਹੋਏ ਕਤਲਾਂ ਦਾ ਹਿਸਾਬ ਕਾਤਲਾਂ ਵੱਲੋਂ ਲਈਆਂ ਜ਼ਿੰਮੇਵਾਰੀਆਂ ਦੇ ਹਵਾਲੇ ਨਾਲ ਕਿਵੇਂ ਕੀਤਾ ਜਾਵੇਗਾ? ਨਿਰੰਕਾਰੀਆਂ ਖ਼ਿਲਾਫ਼ ਕੀਤੀਆਂ ਗਈਆਂ ਕਾਰਵਾਈਆਂ ਨੂੰ ਨਸਲਕੁਸ਼ੀ ਕਿਉਂ ਨਹੀਂ ਕਿਹਾ ਜਾ ਸਕਦਾ? ਕੀ ਇਹ ਸੁਆਲ ਪੁੱਛਣ ਨਾਲ ਕੋਈ ਨਿਰੰਕਾਰੀ ਜਾਂ 1978 ਵਾਲੀ ਵਿਸਾਖੀ ਵਾਲੇ ਕਾਂਡ ਦਾ ਹਮਾਇਤੀ ਹੋ ਜਾਂਦਾ ਹੈ? ਵੰਡ ਵੇਲੇ ਹੋਏ ਕਤਲੇਆਮ ਵਿਚ ਧਿਰ ਤਾਂ ਕੋਈ ਘੱਟ ਨਹੀਂ ਸੀ ਪਰ ਸਿਧਾਂਤਕ ਸੁਆਲ ਤਾਂ ਪੁੱਛਿਆ ਹੀ ਜਾਵੇਗਾ। ਮੁਸਲਮਾਨ ਬੀਬੀਆਂ ਨੂੰ ਉਧਾਲ ਕੇ ਮੁਕੱਦਸ ਥਾਵਾਂ ਉਤੇ ਕੀਤੀਆਂ ḔਅਰਦਾਸਾਂḔ ਨੂੰ ਕਿਵੇਂ ਸਮਝਿਆ ਜਾਵੇਗਾ? ਦਰਬਾਰ ਸਾਹਿਬ ਦੇ ਲੰਗਰ ਵਿਚ Ḕਟੋਟੇ ਟੋਟੇḔ ਕਰ ਕੇ ਸੁੱਟੇ ਗਏ ਗਹਿਲ ਸਿੰਘ ਛੱਜਲਵੱਡੀ ਦੀ ਅਮਨਪਸੰਦੀ ਦਾ ਉਸੇ ਥਾਂ ਹੁੰਦੀ ਅਰਦਾਸ ਨਾਲ ਕੀ ਰਿਸ਼ਤਾ ਬਣਦਾ ਹੈ? ਬਲਿਊ ਸਟਾਰ ਤੋਂ ਬਾਅਦ ਜਨਵਰੀ 1986 ਵਿਚ ਹੋਏ Ḕਸਰਬੱਤ ਖ਼ਾਲਸੇḔ ਨੂੰ Ḕਪੰਥ ਦਾ ਫ਼ੈਸਲਾḔ ਕਰਾਰ ਦਿੱਤਾ ਜਾਂਦਾ ਹੈ। ਇਹ ਮੁਸ਼ਕਿਲ ਸਮਿਆਂ ਵਿਚ ਸਭ ਤੋਂ ਮੁਕੱਦਸ ਅਸਥਾਨ ਉਤੇ ਹੋਏ ਫ਼ੈਸਲਿਆਂ ਵਜੋਂ ਵਡਿਆਇਆ ਜਾਂਦਾ ਹੈ। ਉਸ ਮੌਕੇ ਅਸਰਅੰਦਾਜ਼ ਹੋਏ ਤਕਰੀਬਨ ਸਾਰੇ ਬੰਦੇ ਜਾਣਦੇ ਸਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਲਿਊ ਸਟਾਰ ਅਪਰੇਸ਼ਨ ਦੌਰਾਨ ਮਾਰੇ ਗਏ ਸਨ। ਸਭ ਤੋਂ ਮੁਕੱਦਸ ਥਾਂ ਤੋਂ ਸਰਬਸੰਮਤੀ ਨਾਲ ਬੋਲੇ ਗਏ ਉਸ ḔਝੂਠḔ ਦਾ ਹਿਸਾਬ Ḕਪੰਥ ਦੇ ਫ਼ੈਸਲਿਆਂḔ ਦੇ ਹਵਾਲੇ ਨਾਲ ਕਿਵੇਂ ਕੀਤਾ ਜਾਵੇਗਾ?
ਆਪਣੇ ਅੰਦਰ ਦੀ ਕਾਣ ਨੂੰ ਮੁਖ਼ਾਤਬ ਹੋਏ ਬਿਨਾਂ ਮਰਦਮਸ਼ੁਮਾਰੀ ਦੀ ਮੰਗ ਕੀਤੀ ਜਾ ਸਕਦੀ ਹੈ। ਜੇ ਇਸ ਖਿੱਤੇ ਦਾ ਨਾਮ ḔਹਿੰਦੋਸਤਾਨḔ ਦੀ ਥਾਂ Ḕਖ਼ਾਲਿਸਤਾਨḔ ਜਾਂ ḔਪਾਕਿਸਤਾਨḔ ਜਾਂ ਕੋਈ ਹੋਰ ਸਤਾਨ ਹੋਵੇ ਤਾਂ ਇਨ੍ਹਾਂ ਯਾਦਗ਼ਾਰੀ ਸਮਾਗਮਾਂ ਵਿਚੋਂ ਉਸ ਵੇਲੇ ਦੇ ਸਮਾਜ ਦੇ ਕਿਹੋ ਜਿਹੇ ਨਕਸ਼ ਉਭਰਦੇ ਹਨ? ਉਸ ḔਸਤਾਨḔ ਦੇ ਸ਼ਹਿਰੀਆਂ ਦਾ ਆਪਸੀ ਰਿਸ਼ਤਾ ਅਤੇ ਆਲਮੀ ਸ਼ਹਿਰੀ ਵਜੋਂ ਰੁਤਬਾ ਕਿਨ੍ਹਾਂ ਅਸੂਲਾਂ ਨਾਲ ਤੈਅ ਹੋਵੇਗਾ? ਕੀ ਮਰਦਮਸ਼ੁਮਾਰੀ ਦੀ ਮੰਗ ਕਰਨ ਵਾਲਿਆਂ ਕੋਲ Ḕਪੰਜਾਬ ਦੀ ਗ਼ੁਲਾਮੀḔ ਤੋਂ ਬਾਹਰ ਆਜ਼ਾਦੀ ਦਾ ਨਿੱਘ ਮਾਣਦੇ ਸਿੱਖਾਂ ਦਾ Ḕਆਲਮੀ ਸ਼ਹਿਰੀḔ ਵਜੋਂ ਕੋਈ ਅਕਸ ਹੈ? ਕੀ ਉਨ੍ਹਾਂ ਦੇ ਹੇਰਵੇ ਵਿਚੋਂ ਕੱਢੇ ਦਸਵੰਧ ਨਾਲ ਪੰਜਾਬ Ḕਗੁਰਾਂ ਦੇ ਨਾਮḔ ਵਸ ਸਕਦਾ ਹੈ? ਵਿਦੇਸ਼ਾਂ ਵਿਚ ਵਸਦਾ ਇਹ ਤਬਕਾ ਵਾਰ-ਵਾਰ Ḕਗ਼ਦਰੀ ਬਾਬਿਆਂ ਦੀ ਵਿਰਾਸਤḔ ਦੀ ਮੌਜੂਦਾ ਕੜੀ ਹੋਣ ਦਾ ਦਾਅਵਾ ਕਰਦਾ ਹੈ। ਗ਼ਦਰੀ ਬਾਬਿਆਂ ਦੇ ਦੌਰ ਵਿਚ ਸਾਮਰਾਜ ਦੇ ਸੁਆਲ ਵੱਖਰੇ ਸਨ। ਉਸ ਦੌਰ ਵਿਚ ਹਰ ਮੁਲਕ ਦੇ ਸਾਮਰਾਜ ਖ਼ਿਲਾਫ਼ ਸੰਘਰਸ਼ ਵਿਚ ਸਾਮਰਾਜੀ ਮੁਲਕਾਂ ਵਿਚੋਂ ਗ਼ੁਲਾਮੀ ਦਾ ਅਹਿਸਾਸ ਅਤੇ ਆਜ਼ਾਦੀ ਦੀ ਚੇਟਕ ਲੈ ਕੇ ਆਏ ਲੋਕਾਂ ਨੇ ਹਿੱਸਾ ਪਾਇਆ। ਗ਼ਦਰੀ ਬਾਬੇ ਉਸੇ ਆਲਮੀ ਰੁਝਾਨ ਦੀ ਕੜੀ ਸਨ। ਨਤੀਜੇ ਵਜੋਂ ਉਨ੍ਹਾਂ ਨੇ ਆਪਣਾ ਨਿਸ਼ਾਨ ਸਾਮਰਾਜ ਦੇ ਖ਼ਾਤਮੇ ਨੂੰ ਬਣਾਇਆ ਅਤੇ ਦੂਜੇ ਮੁਲਕਾਂ ਦੀ ਕੌਮੀ ਮੁਕਤੀ ਲਹਿਰਾਂ ਵਿਚ ਵੀ ਹਿੱਸਾ ਪਾਇਆ। ਇਕ ਸਦੀ ਬਾਅਦ ਸਾਮਰਾਜ ਦਾ ਰੂਪ ਬਦਲ ਗਿਆ ਹੈ। ਮੌਜੂਦਾ ਦੌਰ ਵਿਚ ਸਾਮਰਾਜੀ ਮੁਲਕਾਂ ਦੇ ਸ਼ਹਿਰੀ ਬਣੇ ਤੀਜੀ ਦੁਨੀਆ ਦੇ ਮੂਲ ਵਾਸੀਆਂ ਨੇ ਜੰਗੀ ਮੁਹਿੰਮਾਂ ਵਿਚ ਤਕੜਿਆਂ ਦਾ ਪੱਖ ਪੂਰਿਆ ਹੈ। ਅਫ਼ਗ਼ਾਨਿਸਤਾਨ ਤੋਂ ਇਰਾਕ ਤੱਕ ਦੀਆਂ ਜੰਗਾਂ ਅਮਰੀਕੀ-ਯੂਰਪੀ ਅਫ਼ਗ਼ਾਨਾਂ ਅਤੇ ਅਮਰੀਕੀ-ਯੂਰਪੀ ਇਰਾਕੀਆਂ ਦੀ ਹਮਾਇਤ ਨਾਲ ਲੜੀਆਂ ਗਈਆਂ ਹਨ। ਸ੍ਰੀਲੰਕਾ ਵਿਚ ਤਾਮਿਲਾਂ ਦੀ ਜੰਗ ਨੇ ਉੱਤਰੀ ਅਮਰੀਕਾ ਅਤੇ ਯੂਰਪੀ ਡਾਲਰਾਂ ਨਾਲ ਪੈਰ ਛੱਡੇ। ਕੈਨੇਡਾ ਦੀਆਂ ਗ਼ੈਰ-ਸਰਕਾਰੀ ਤਾਮਿਲ ਜਥੇਬੰਦੀਆਂ ਦੇ ਬੈਂਕ ਖ਼ਾਤਿਆਂ ਰਾਹੀਂ ਤਾਮਿਲਾਂ ਖ਼ਿਲਾਫ਼ ਸਭ ਤੋਂ ਭਿਆਨਕ ਹਮਲਾ ਕੀਤਾ ਗਿਆ। ਵਿਦੇਸ਼ੀਆਂ ਦੀ ਇਮਦਾਦ ਮਾਅਨੇ ਰੱਖਦੀ ਹੈ, ਪਰ ਕੋਈ ਜੰਗ ਦਸਵੰਧੀ ਡਾਲਰਾਂ ਨਾਲ ਲੜੀ ਜਾ ਸਕਦੀ। ਦਸਵੰਧੀ ਡਾਲਰਾਂ ਲਈ ਤਾਂ ਸਾਲਾਨਾ ਵੇਰਵੇ ਭੇਜਣ ਦੀਆਂ ਮੰਚੀ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਹਨ।
ਪੁਰਾਣੇ ਸਾਮਰਾਜੀ ਦੌਰ ਦੀ ਦਲੀਲ ਗੋਰੀ ਨਸਲ ਦੀਆਂ ਸਭਿਆਚਾਰਕ ਮੁਹਿੰਮਾਂ ਉਤੇ ਟਿਕੀ ਹੋਈ ਸੀ। ਸਾਮਰਾਜੀ ਆਪਣੀਆਂ ਖ਼ੂੰਖ਼ਾਰ ਜੰਗਾਂ ਨੂੰ ਤੀਜੀ ਦੁਨੀਆਂ ਜਾਂ ਗ਼ੈਰ-ਗੋਰਿਆਂ ਨੂੰ Ḕਸਭਿਅਤਾ ਸਿਖਾਉਣḔ ਦੇ ਮੁਕੱਦਸ ਕਾਰਜਾਂ ਨਾਲ ਜੋੜ ਕੇ ਜਾਇਜ਼ ਕਰਾਰ ਦਿੰਦੇ ਸਨ। ਕੈਨੇਡਾ ਅਤੇ ਆਸਟਰੇਲੀਆਂ ਵਿਚ ਈਸਾਈ ਪ੍ਰਚਾਰਕਾਂ ਦੇ ਮੋਢਿਆਂ ਉਤੇ ਚੜ੍ਹ ਕੇ ਕੀਤਾ ਗਿਆ ਹਕੂਮਤੀ ਜਬਰ ਹੁਣ ਤੱਕ ਮੂਲ ਨਿਵਾਸੀਆਂ ਦੇ ਪਿੰਡੇ ਵਿਚੋਂ ਸਿੰਮਦਾ ਹੈ। ਮੌਜੂਦਾ ਦੌਰ ਵਿਚ ਗੋਰੀ ਨਸਲ ਦੇ ਇਸੇ ਵਿਰਾਸਤ ਦਾ ਦਾਅਵਾ ਵਿਕਸਤ ਮੁਲਕਾਂ ਵਿਚ ਵਸੇ ਤੀਜੀ ਦੁਨੀਆਂ ਦੇ ਮੂਲ ਵਾਸੀ ਕਰ ਰਹੇ ਹਨ। ਇਹ ਗੋਰੀ ਨਸਲ ਵਾਂਗ ਆਪਣੇ ਆਪ ਨੂੰ ਆਪਣੇ ਮੂਲ ਖਿੱਤਿਆਂ ਦਾ ਉੱਤਮ ਪੁਰਖ ਕਰਾਰ ਦਿੰਦੇ ਹਨ। ਇਨ੍ਹਾਂ ਦੀ ਹੋਂਦ ਤੀਜੀ ਦੁਨੀਆਂ ਦੇ ਲੋਕਾਂ ਨੂੰ ਅਕਲ, ਧਰਮ ਅਤੇ ਇਨਸਾਫ਼ ਨਾਲ ਨਿਵਾਜਣ ਨਾਲ ਜੁੜ ਗਈ ਜਾਪਦੀ ਹੈ। ਇਸ ਪੱਖੋਂ ਪੰਜਾਬ ਦੀ ਹਰ ਧਿਰ ਲਈ ਸੁਆਲ ਬਣਦਾ ਹੈ ਕਿ ਉਨ੍ਹਾਂ ਦੇ ਵਿਦੇਸ਼ੀ ਹਮਾਇਤੀ ਉਨ੍ਹਾਂ ਦੀ ਤਾਕਤ ਹਨ ਜਾਂ ਕਮਜ਼ੋਰੀ? ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਨੇ ਘੱਟ-ਗਿਣਤੀਆਂ ਦੇ ਸੁਆਲ ਨਜ਼ਰਅੰਦਾਜ਼ ਕੀਤੇ ਹਨ। ਪੰਜਾਬੀ ਮੂਲ ਦੀਆਂ ਤਰਕਸ਼ੀਲ ਜਥੇਬੰਦੀਆਂ ਦਾ ਘੇਰਾ ਅਫ਼ਰੀਕੀ ਮੂਲ ਦੇ ਤਰਕਸ਼ੀਲਾਂ ਅਤੇ ਨਾਸਤਿਕਾਂ ਨਾਲ ਕੋਈ ਰਾਬਤਾ ਨਹੀਂ ਬਣ ਸਕਿਆ। ਉਨ੍ਹਾਂ ਨੇ ਉੱਤਰੀ ਅਮਰੀਕਾ ਅਤੇ ਯੂਰਪ ਦੀ ਤਰਕਸ਼ੀਲ ਰਵਾਇਤ ਨੂੰ ਆਪਣੀ ਸਰਗਰਮੀ ਨਾਲ ਜੋੜਨ ਦਾ ਕੋਈ ਠੋਸ ਤਰੱਦਦ ਨਹੀਂ ਕੀਤਾ। ਪੰਜਾਬੀ ਮੂਲ ਦੇ ਕਮਿਉਨਿਸਟਾਂ ਦੀ ਵਿਚਾਰਧਾਰਾ ਪੰਜਾਬ ਵਿਚ ਖੱਬੇ ਪੱਖੀ ਧਿਰਾਂ ਨਾਲ ਹਮਦਰਦੀ ਤੋਂ ਅੱਗੇ ਨਹੀਂ ਜਾ ਸਕੀ। ਕੁਲ ਮਿਲਾ ਕੇ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦੀ ਸਿਆਸਤ ਪੰਜਾਬ ਦਾ ਚਰਬਾ ਹੈ ਜੋ ਉੱਤਮ ਪੁਰਖ਼ੀ ਧਾਰਨਾ ਉਤੇ ਸਵਾਰ ਹੈ। ਇਨ੍ਹਾਂ ਕੋਲ ਗ਼ਦਰੀ ਬਾਬਿਆਂ ਵਾਲੀ ਬੋਲੀ ਹੋ ਸਕਦੀ ਹੈ, ਪਰ ਅਹਿਸਾਸ ਅਤੇ ਚੇਟਕ ਤੋਂ ਬਿਨਾਂ ਇਸ ਦੀ ਕੀ ਅਹਿਮੀਅਤ ਹੈ? ਇਨ੍ਹਾਂ ਸੁਆਲਾਂ ਨੂੰ ਪੰਜਾਬ ਦੇ ਦਰਦ ਵਾਂਗ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਪੰਜਾਬ ਦੇ ਬੇਚੈਨ ਮੁੰਡਿਆਂ ਨੂੰ ਬੇਮੁਹਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀਆਂ ਕਾਰਵਾਈਆਂ ਤੋਂ ਨਾਤਾ ਤੋੜਿਆ ਜਾ ਸਕਦਾ ਹੈ; ਤੇ ਜੇ ਉਹ ਮਰ ਜਾਣ ਤਾਂ ਉਨ੍ਹਾਂ ਨੂੰ ਸ਼ਹੀਦੀ ਰੁਤਬੇ ਦਿੱਤੇ ਜਾ ਸਕਦੇ ਹਨ। ਇਨ੍ਹਾਂ ਬੇਪਛਾਣ ਮੁੰਡਿਆਂ ਦੀਆਂ ਯਾਦਗਾਰੀ ਅਰਦਾਸਾਂ ਵਿਚੋਂ ਸ਼ਹੀਦਾਂ ਦੇ ਨਕਸ਼ ਉਘਾੜੇ ਜਾ ਸਕਦੇ ਹਨ ਪਰ ਇਤਿਹਾਸ ਹਮੇਸ਼ਾਂ ਸ਼ਰਧਾਵਸ ਚੋਣਵੇਂ ਤੱਥਾਂ ਨਾਲ ਨਹੀਂ ਲਿਖਿਆ ਜਾਣਾ। ਕੋਈ ਭਾਈ ਘਨ੍ਹਈਆ ਮੋਢੇ ਚੁੱਕੀ ਮਸ਼ਕ ਦੀ ਲੱਜ ਪਾਲਣ ਦਾ ਜੇਰਾ ਕਰ ਸਕਦਾ ਹੈ।