ਫੌਜ ਦੇ ਇਸ਼ਾਰਿਆਂ ‘ਤੇ ਨੱਚਦੀ ਹੈ ਪਾਕਿਸਤਾਨ ਦੀ ਸਰਕਾਰ

-ਜਤਿੰਦਰ ਪਨੂੰ
ਬੁਰੀ ਤਰ੍ਹਾਂ ਅੰਦਰੂਨੀ ਉਲਝਣਾਂ ਤੇ ਖਾਨਾਜੰਗੀ ਵਿਚ ਫਸੇ ਹੋਏ ਸਾਡੇ ਗਵਾਂਢੀ ਦੇਸ਼ ਪਾਕਿਸਤਾਨ ਦੀ ਸਰਕਾਰ ਤੇ ਫੌਜ ਓਨਾ ਧਿਆਨ ਆਪਣਾ ਘਰ ਸਾਂਭਣ ਵੱਲ ਨਹੀਂ ਦੇ ਰਹੀਆਂ, ਜਿੰਨਾ ਸੰਸਾਰ ਵਿਚ ਭਾਰਤ ਨੂੰ ਇਹ ਦੋਸ਼ ਲਾ ਕੇ ਬਦਨਾਮ ਕਰਨ ਉਤੇ ਲਾਉਂਦੀਆਂ ਹਨ ਕਿ ਇਹ ਸਾਡੇ ਦੇਸ਼ ਵਿਚ ਦਖਲ ਦਿੰਦਾ ਹੈ।

ਭਾਰਤ ਕੋਈ ਦਖਲ ਨਹੀਂ ਦਿੰਦਾ, ਤੇ ਉਹ ਆਪ ਵੀ ਇਹ ਗੱਲ ਜਾਣਦੇ ਹਨ, ਪਰ ਜਦੋਂ ਉਹ ਝੂਠ ਹੀ ਬੋਲਣ ਲੱਗ ਜਾਣ ਤਾਂ ਇਸ ਦਾ ਇਲਾਜ ਵੀ ਕੋਈ ਨਹੀਂ ਹੋ ਸਕਦਾ। ਸੰਸਾਰ ਦੀ ਸੱਥ ਮੂਹਰੇ ਬੋਲਣ ਵੇਲੇ ਅੰਕੜੇ ਪੇਸ਼ ਕਰਨੇ ਚਾਹੀਦੇ ਹਨ। ਜਿਵੇਂ ਦਹਿਸ਼ਤਗਰਦ ਕਿਸੇ ਥਾਂ ਹਮਲਾ ਕਰ ਕੇ ਜਵਾਬੀ ਕਾਰਵਾਈ ਹੋਣ ਤੋਂ ਪਹਿਲਾਂ ਦੌੜ ਜਾਂਦੇ ਹਨ, ਇਸੇ ਤਰ੍ਹਾਂ ਪਾਕਿਸਤਾਨ ਸਰਕਾਰ ਅਤੇ ਹੋਰ ਏਜੰਸੀਆਂ ਵਾਲੇ ਵੀ ਸੰਸਾਰ ਪੱਧਰ ਦੇ ਹਰ ਫੋਰਮ ਵਿਚ ਜਾ ਕੇ ਭਾਰਤ ਉਤੇ ਚਾਂਦਮਾਰੀ ਕਰਦੇ ਹਨ ਤੇ ਜਵਾਬ ਸੁਣਨ ਤੋਂ ਪਹਿਲਾਂ ਦੌੜ ਜਾਇਆ ਕਰਦੇ ਹਨ। ਯੂ ਐਨ ਜਨਰਲ ਅਸੈਂਬਲੀ ਵਿਚ ਵੀ ਇਸੇ ਤਰ੍ਹਾਂ ਕਈ ਵਾਰ ਹੋ ਚੁੱਕਾ ਹੈ।
ਇਸ ਹਫਤੇ ਇੱਕ ਬੱਸ ਤੋਂ ਬਾਈ ਬੰਦੇ ਉਤਾਰ ਕੇ ਕਤਲ ਕੀਤੇ ਜਾਣ ਦੀ ਵਾਰਦਾਤ ਪਿੱਛੋਂ ਏਦਾਂ ਦੀ ਮੁਹਾਰਨੀ ਪਾਕਿਸਤਾਨ ਦੇ ਇੱਕ ਕੇਂਦਰੀ ਮੰਤਰੀ ਨੇ ਛੇੜੀ ਹੈ। ਉਥੇ ਪੁਲਿਸ ਮੁਖੀ ਨੇ ਸਾਫ ਕਿਹਾ ਕਿ ਬਲੋਚ ਅਤਿਵਾਦੀਆਂ ਨੇ ਹੀ ਇਸ ਘਟਨਾ ਵਿਚ ਲੋਕਾਂ ਨੂੰ ਬੱਸ ਤੋਂ ਲਾਹਿਆ ਤੇ ਫਿਰ ਪਛਾਣ ਪੱਤਰ ਵੇਖ ਕੇ ਬਲੋਚਾਂ ਨੂੰ ਲਾਂਭੇ ਕਰਨ ਮਗਰੋਂ ਬਾਕੀ ਦੇ ਲੋਕ ਮਾਰ ਦਿੱਤੇ ਹਨ। ਕੁਝ ਚਿਰ ਪਿੱਛੋਂ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਇਸ ਕਾਰਵਾਈ ਦੇ ਪਿੱਛੇ ਭਾਰਤ ਦੀ ਖੁਫੀਆ ਏਜੰਸੀ ਰਾਅ ਦਾ ਹੱਥ ਹੈ। ਮੰਤਰੀ ਦੇ ਬਿਆਨ ਪਿੱਛੋਂ ਪੁਲਿਸ ਮੁਖੀ ਨੇ ਫਿਰ ਦੁਹਰਾ ਦਿੱਤਾ ਕਿ ਵਾਰਦਾਤ ਬਲੋਚ ਅਤਿਵਾਦੀਆਂ ਨੇ ਕੀਤੀ ਹੈ। ਉਹ ਸ਼ਾਇਦ ਮੰਤਰੀ ਦਾ ਇਸ਼ਾਰਾ ਨਹੀਂ ਸੀ ਸਮਝ ਸਕਿਆ। ਪੁਲਿਸ ਅਫਸਰ ਤਾਂ ਭਾਵੇਂ ਇਸ਼ਾਰਾ ਨਾ ਸਮਝੇ, ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਰਾਹੀਲ ਸ਼ਰੀਫ ਨੂੰ ਪੂਰੀ ਸਮਝ ਹੈ ਕਿ ਭਾਰਤ ਬਾਰੇ ਕੀ ਕਹਿਣਾ ਹੈ? ਇਸੇ ਲਈ ਅਗਲੇ ਦਿਨ ਉਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਜਾ ਕੇ ਬਿਆਨ ਦਾਗ ਦਿੱਤਾ ਕਿ ਭਾਰਤ 1965 ਦੀ ਜੰਗ ਦੀ ਹਾਰ ਦਾ ਬਦਲਾ ਲੈਣ ਲਈ ਸਾਡੀ ਪਿੱਠ ਪਿੱਛੋਂ ਵਾਰ ਕਰਦਾ ਹੈ, ਪਾਕਿਸਤਾਨ ਦੀ ਇਹ ਨੀਤੀ ਨਹੀਂ ਕਿ ਕਿਸੇ ਦੇਸ਼ ਦੇ ਖਿਲਾਫ ਦਹਿਸ਼ਤਗਰਦੀ ਨੂੰ ਹੱਲਾਸ਼ੇਰੀ ਦਿੱਤੀ ਜਾਵੇ।
ਬਘਿਆੜ ਨੇ ਜਦੋਂ ਕਦੇ ਮੇਮਣਾ ਬਣ ਕੇ ਪੇਸ਼ ਹੋਣ ਦੀ ਕੋਸ਼ਿਸ਼ ਕਰਨੀ ਹੋਵੇ ਤਾਂ ਉਹ ਏਦਾਂ ਦੀਆਂ ਗੱਲਾਂ ਹੀ ਕਰਦਾ ਹੈ, ਜਿੱਦਾਂ ਦੀਆਂ ਗੱਪਾਂ ਅਤੇ ਘਾੜਤਾਂ ਉਥੋਂ ਦਾ ਕੇਂਦਰੀ ਮੰਤਰੀ ਤੇ ਫੌਜ ਦਾ ਮੁਖੀ ਪੇਸ਼ ਕਰਨ ਦੇ ਰਾਹ ਪੈ ਗਏ ਸਨ। ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨੂੰ ਅਣਗੌਲੇ ਕਰਨ ਵਾਲਿਆਂ ਨੂੰ ਵੀ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਇਸ ਅਗਲੇ ਬਿਆਨ ਨਾਲ ਚੁੱਪ ਤੋੜਨੀ ਪੈ ਗਈ ਕਿ ਬਲੋਚ ਅਤਿਵਾਦੀਆਂ ਨੂੰ ਭਾਰਤ ਦੀ ਖੁਫੀਆ ਏਜੰਸੀ ਇਸ ਦੇ ਜਨਮ ਵੇਲੇ ਤੋਂ ਸ਼ਹਿ ਦਿੰਦੀ ਆ ਰਹੀ ਹੈ। ਇਹ ਏਡਾ ਕੋਰਾ ਝੂਠ ਹੈ, ਜਿਸ ਨੂੰ ਤੱਥ ਪੈਰਾਂ ਤੋਂ ਕੱਢ ਸਕਦੇ ਹਨ। ਪਾਕਿਸਤਾਨੀ ਹਾਕਮ ਅਤੇ ਫੌਜ ਇਹ ਤੱਥ ਮੰਨਣ ਜਾਂ ਨਾ ਮੰਨਣ, ਬਾਕੀ ਸੰਸਾਰ ਨੂੰ ਇਨ੍ਹਾਂ ਦਾ ਗਿਆਨ ਹੋਣਾ ਚਾਹੀਦਾ ਹੈ।
ਜਿਹੜੀ ਅਤਿਵਾਦੀ ਵਾਰਦਾਤ ਤੋਂ ਗੱਲ ਚੱਲੀ ਹੈ, ਅਤੇ ਇਸ ਨੂੰ ਉਥੋਂ ਦੇ ਪੁਲਿਸ ਮੁਖੀ ਨੇ ਬਲੋਚ ਅਤਿਵਾਦੀਆਂ ਦਾ ਕਾਰਾ ਕਿਹਾ, ਤੇ ਠੀਕ ਹੀ ਕਿਹਾ, ਉਸ ਦੀ ਜੜ੍ਹ ਭਾਰਤ ਦੀ ਖੁਫੀਆ ਏਜੰਸੀ ‘ਰਾਅ’ ਦੇ ਜਨਮ ਤੋਂ ਵੀਹ ਕੁ ਸਾਲ ਪਹਿਲਾਂ ਉਸ ਵੇਲੇ ਲੱਗ ਚੁੱਕੀ ਸੀ, ਜਦੋਂ ਪਾਕਿਸਤਾਨ ਸਰਕਾਰ ਨੇ ਬਲੋਚ ਰਿਆਸਤਾਂ ਤੋੜੀਆਂ ਸਨ। ਅੰਗਰੇਜ਼ੀ ਰਾਜ ਦੇ ਖਾਤਮੇ ਪਿੱਛੋਂ ਉਥੋਂ ਦੀਆਂ ਚਾਰ ਵਿਚੋਂ ਤਿੰਨ ਰਿਆਸਤਾਂ ਪਾਕਿਸਤਾਨ ਵਿਚ ਸ਼ਾਮਲ ਹੋ ਗਈਆਂ ਸਨ ਤੇ ਚੌਥੀ ਦਾ ਨਵਾਬ ਇਸ ਗੱਲੋਂ ਅੜ ਗਿਆ ਸੀ ਕਿ ਆਜ਼ਾਦ ਖਿਲਾਫਤ ਵਾਲਾ ਦਰਜਾ ਰੱਖਣਾ ਹੈ। ਨਵਾਬ ਨਵਰੋਜ਼ ਖਾਨ ਨੂੰ ਆਗੂ ਬਣਾ ਕੇ ਪਾਕਿਸਤਾਨ ਸਰਕਾਰ ਨਾਲ ਉਨ੍ਹਾਂ ਨੇ ਲੰਮਾ ਸਮਾਂ ਲੜਾਈ ਲੜੀ ਸੀ, ਜਿਸ ਤੋਂ ਪਿੱਛੋਂ ਵੀ ਵਿਰੋਧ ਖਤਮ ਨਹੀਂ ਹੋ ਸਕਿਆ ਤੇ ਹੁਣ ਉਸ ਲੜਾਈ ਦਾ ਛੇਵਾਂ ਦੌਰ ਦੱਸਿਆ ਜਾਂਦਾ ਹੈ। ਪੰਜਤਾਲੀ ਸਾਲ ਪਹਿਲਾਂ ਜਨਰਲ ਅਯੂਬ ਖਾਨ ਤੇ ਜ਼ੁਲਫਕਾਰ ਅਲੀ ਭੁੱਟੋ ਦੀ ਕਮਾਨ ਹੇਠ ਉਥੇ ਇੱਕ ਫੌਜੀ ਮੁਹਿੰਮ ਚੱਲੀ ਸੀ, ਜਿਹੜੀ ਪੰਜ ਕੁ ਹਜ਼ਾਰ ਬਲੋਚ ਲੋਕਾਂ ਤੇ ਤਿੰਨ ਹਜ਼ਾਰ ਦੇ ਕਰੀਬ ਪਾਕਿਸਤਾਨੀ ਫੌਜੀਆਂ ਦੀ ਮੌਤ ਮਗਰੋਂ ਮੁੱਕੀ ਸੀ। ਪਾਕਿਸਤਾਨ ਸਰਕਾਰ ਉਦੋਂ ਬੰਗਲਾ ਦੇਸ਼ ਦਾ ਦੋਸ਼ ਤਾਂ ਭਾਰਤ ਦੇ ਸਿਰ ਮੜ੍ਹਦੀ ਸੀ, ਬਲੋਚਾਂ ਦੇ ਬਾਰੇ ਉਦੋਂ ਕਦੇ ਕੁਝ ਨਹੀਂ ਸੀ ਕਿਹਾ।
ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਇਹ ਤਾਂ ਆਪ ਹੀ ਅੱਗ ਲੱਗੀ ਤੋਂ ਖੂਹ ਪੁੱਟਣ ਬਾਰੇ ਸੋਚਦਾ ਅਤੇ ਇਸ ਦਾ ਖਮਿਆਜ਼ਾ ਭੁਗਤਦਾ ਰਿਹਾ ਹੈ। ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਮੌਜੂਦ ਹਨ।
ਭਾਰਤ ਦੀ ਇੱਕ ਪੈਰਾ ਮਿਲਟਰੀ ਫੋਰਸ ਦਾ ਨਾਂ ਇੰਡੋ-ਤਿਬਤਨ ਬਾਰਡਰ ਪੁਲਿਸ ਹੈ। ਚੀਨ ਦੇ ਨਾਲ ਜਦੋਂ 1962 ਦੀ ਜੰਗ ਲੱਗੀ, ਉਦੋਂ ਇਸ ਦਾ ਖਿਆਲ ਆਇਆ ਸੀ ਤੇ ਇਹ ਚੱਲਦੀ ਜੰਗ ਦੌਰਾਨ ਖੜੀ ਕਰਨੀ ਸ਼ੁਰੂ ਕੀਤੀ ਸੀ। ਪਾਕਿਸਤਾਨ ਨੇ ਆਪਣੀ ਹੋਂਦ ਦਾ ਝੰਡਾ ਝੁਲਾਉਣ ਦੇ ਨਾਲ ਹੀ ਸਰਹੱਦਾਂ ਦੀ ਰਾਖੀ ਕਰਨ ਦੇ ਲਈ ਪਾਕਿਸਤਾਨ ਰੇਂਜਰਜ਼ ਦੀ ਫੋਰਸ ਖੜੀ ਕਰ ਲਈ ਅਤੇ ਅੱਜ ਤੱਕ ਉਹ ਇਹ ਕੰਮ ਕਰਦੀ ਹੈ, ਪਰ ਭਾਰਤ ਨੇ ਪੰਜਾਬ ਦੀ ਸਰਹੱਦ ਲੰਮਾ ਸਮਾਂ ਪੰਜਾਬ ਆਰਮਡ ਪੁਲਿਸ (ਪੀ ਏ ਪੀ) ਅਤੇ ਇਸੇ ਤਰ੍ਹਾਂ ਹੋਰ ਰਾਜਾਂ ਦੀ ਆਪੋ ਆਪਣੀ ਪੁਲਿਸ ਦੇ ਰਿਜ਼ਰਵ ਦਸਤਿਆਂ ਨੂੰ ਸੌਂਪੀ ਰੱਖੀ ਸੀ। ਭਾਰਤ ਦੇ ਚੜ੍ਹਦੇ-ਲਹਿੰਦੇ ਪਾਸੇ ਸਾਰੇ ਬਾਰਡਰ ਲਈ ਸਾਂਝੀ ਨੀਤੀ ਨਾਲ ਚੱਲਣ ਵਾਲੀ ਬਾਰਡਰ ਸਿਕਿਓਰਟੀ ਫੋਰਸ (ਬੀ ਐਸ ਐਫ) ਬਣਾਉਣ ਦੀ ਲੋੜ ਪਾਕਿਸਤਾਨ ਨਾਲ 1965 ਦੀ ਜੰਗ ਲੱਗਣ ਤੱਕ ਨਹੀਂ ਸੀ ਸਮਝੀ। ਜਦੋਂ 1965 ਦੀ ਜੰਗ ਲੱਗ ਕੇ ਹਟ ਗਈ, ਉਸ ਤੋਂ ਦੋ ਮਹੀਨੇ ਬਾਅਦ ਦਸੰਬਰ 1965 ਵਿਚ ਬੀ ਐਸ ਐਫ ਖੜੀ ਕੀਤੀ ਗਈ ਸੀ। ਖੁਫੀਆ ਏਜੰਸੀਆਂ ਦਾ ਵੀ ਇਹੋ ਹਾਲ ਹੈ। ਪਾਕਿਸਤਾਨੀ ਖੁਫੀਆ ਏਜੰਸੀ ਆਈ ਐਸ ਆਈ ਇਸ ਵੇਲੇ ਸੰਸਾਰ ਦੀਆਂ ਉਨ੍ਹਾਂ ਏਜੰਸੀਆਂ ਵਿਚ ਗਿਣੀ ਜਾ ਰਹੀ ਹੈ, ਜਿਹੜੀਆਂ ਤਾਕਤਵਰ ਵੀ ਬਹੁਤ ਹਨ ਅਤੇ ਬਦਨਾਮ ਵੀ ਬਹੁਤ। ਜਦੋਂ ਪਾਕਿਸਤਾਨ ਬਣਿਆ ਤਾਂ ਇਸ ਦੀ ਸਥਾਪਨਾ 1948 ਵਿਚ ਅੰਗਰੇਜ਼ੀ ਰਾਜ ਤੋਂ ਪਾਕਿਸਤਾਨੀ ਫੌਜ ਵਿਚ ਆਏ ਹੋਏ ਜਨਰਲ ਰਾਬਰਟ ਕਾਥਮ ਨੇ ਕਰ ਦਿੱਤੀ ਸੀ, ਜਿਹੜਾ ਬਾਅਦ ਵਿਚ ਇਸ ਫੋਰਸ ਦਾ ਨੌਂ ਸਾਲਾਂ ਤੱਕ ਡਾਇਰੈਕਟਰ ਜਨਰਲ ਰਹਿ ਕੇ ਪਾਕਿਸਤਾਨ ਦੀ ਫੌਜ ਦਾ ਡਿਪਟੀ ਚੀਫ ਬਣ ਕੇ ਰਿਟਾਇਰ ਹੋਇਆ ਸੀ। ਦੂਸਰੇ ਪਾਸੇ ਭਾਰਤ ਨੇ ‘ਰਾਅ’ ਦੇ ਨਾਂ ਦੀ ਉਹ ਖੁਫੀਆ ਏਜੰਸੀ 1968 ਵਿਚ ਕਾਇਮ ਕੀਤੀ ਸੀ, ਜਿਹੜੀ ਹੁਣ ਪਾਕਿਸਤਾਨ ਦੇ ਹਰ ਮੰਤਰੀ ਅਤੇ ਹਰ ਫੌਜੀ ਜਰਨੈਲ ਦੇ ਕੂੜ ਪ੍ਰਚਾਰ ਦੇ ਨਿਸ਼ਾਨੇ ਉਤੇ ਹਰ ਵਕਤ ਰਹਿੰਦੀ ਹੈ।
ਦਹਿਸ਼ਤਗਰਦੀ ਦੇ ਸਵਾਲ ਉਤੇ ਵੀ ਨਿਰਾ ਝੂਠ ਬੋਲਿਆ ਜਾਂਦਾ ਹੈ। ਭਾਰਤ ਦੇ ਤਿੰਨ ਜਹਾਜ਼ ਅਗਵਾ ਕਰ ਕੇ ਪਾਕਿਸਤਾਨ ਲਿਜਾਏ ਜਾ ਚੁੱਕੇ ਹਨ, ਦੋ ਅਗਵਾ ਕਰਨ ਪਿੱਛੋਂ ਉਥੇ ਉਤਾਰਨ ਦੀ ਥਾਂ ਕੰਧਾਰ ਤੇ ਦੁਬਈ ਵਿਚ ਉਤਾਰੇ ਗਏ, ਪਰ ਪਾਕਿਸਤਾਨ ਦਾ ਜਹਾਜ਼ ਅਗਵਾ ਕਰ ਕੇ ਏਧਰ ਕਦੀ ਨਹੀਂ ਲਿਆਂਦਾ ਗਿਆ। ਭਾਰਤੀ ਜਹਾਜ਼ਾਂ ਨੂੰ ਅਗਵਾ ਕਰਨ ਵਾਲੇ ਦਹਿਸ਼ਤਗਰਦਾਂ ਨੂੰ ਜੇਲ੍ਹ ਭੇਜਣ ਦਾ ਸਾਂਗ ਰਚ ਕੇ ਕੋਠੀਆਂ ਵਿਚ ਰੱਖਿਆ ਗਿਆ ਤੇ ਜਾਅਲੀ ਪਾਸਪੋਰਟਾਂ ਨਾਲ ਯੂਰਪੀ ਦੇਸ਼ਾਂ ਵਿਚ ਪੁਚਾਇਆ ਗਿਆ। ਭਾਰਤ ਨੇ ਏਦਾਂ ਕਦੇ ਨਹੀਂ ਕੀਤਾ। ਕੰਧਾਰ ਕਾਂਡ ਸਮਝੌਤੇ ਨਾਲ ਜਿਹੜੇ ਦਹਿਸ਼ਤਗਰਦ ਭਾਰਤ ਤੋਂ ਛੁਡਾਏ ਗਏ, ਉਹ ਪਾਕਿਸਤਾਨ ਵਿਚ ਰੈਲੀਆਂ ਕਰਦੇ ਤੇ ਉਹੋ ਬੋਲੀ ਬੋਲਦੇ ਹਨ, ਜਿਹੜੀ ਉਥੋਂ ਦੇ ਮੰਤਰੀ ਅਤੇ ਫੌਜ ਦੇ ਜਰਨੈਲ ਭਾਰਤ ਦੇ ਖਿਲਾਫ ਬੋਲਦੇ ਹਨ। ਤਾਲਮੇਲ ਸਾਫ ਦਿਖਾਈ ਦਿੰਦਾ ਹੈ। ਅਜਮਲ ਆਮਿਰ ਕਸਾਬ ਪਾਕਿਸਤਾਨੀ ਮੁੰਡਾ ਸੀ, ਜਿਹੜਾ ਮੁੰਬਈ ਹਮਲੇ ਦੌਰਾਨ ਫੜਿਆ ਗਿਆ ਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਪਿੱਛੋਂ ਫਾਂਸੀ ਲਾਇਆ ਗਿਆ ਸੀ। ਉਸ ਹਮਲੇ ਦੇ ਰਸਤੇ ਟੋਹਣ ਵਾਸਤੇ ਉਚੇਚਾ ਅਮਰੀਕਾ ਤੋਂ ਆਇਆ ਡੇਵਿਡ ਕੋਲਮੈਨ ਹੇਡਲੀ ਵੀ ਪਿੱਛੋਂ ਪਾਕਿਸਤਾਨੀ ਮੂਲ ਦਾ ਦਾਊਦ ਗਿਲਾਨੀ ਸੀ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਦਫਤਰ ਵਿਚ ਉਸ ਦਾ ਬਾਪ ਪਬਲਿਕ ਰਿਲੇਸ਼ਨ ਅਫਸਰ ਸੀ। ਦਹਿਸ਼ਤਗਰਦੀ ਨੂੰ ਹੱਲਾਸ਼ੇਰੀ ਦੇਣ ਦਾ ਹੋਰ ਕੰਮ ਕਿਹੜਾ ਹੈ, ਜਿਸ ਨੂੰ ਪਾਕਿਸਤਾਨ ਸਰਕਾਰ ਤੇ ਫੌਜ ਵਲੋਂ ਕਰਨਾ ਅਜੇ ਬਾਕੀ ਰਹਿੰਦਾ ਹੈ?
ਰਹੀ ਗੱਲ 1965 ਦੀ ਜੰਗ ਵਿਚ ਭਾਰਤ ਨੂੰ ਹਰਾਉਣ ਦੇ ਝੂਠ ਵਾਲੀ। ਅਖਨੂਰ ਸੈਕਟਰ ਤੋਂ ਸਿੱਧੀ ਮਿਲਟਰੀ ਘੁਸਪੈਠ ਨਾਲ ਪਾਕਿਸਤਾਨ ਨੇ ਇਹ ਜੰਗ ਸ਼ੁਰੂ ਕੀਤੀ ਸੀ ਤੇ ਭਾਰਤ ਨੂੰ ਹਰਾਉਣ ਦੇ ਦਾਅਵੇ ਕਰਦੀ ਪਾਕਿਸਤਾਨ ਦੀ ਫੌਜ ਇੱਕ ਇੰਚ ਟੋਟਾ ਵੀ ਭਾਰਤੀ ਜ਼ਮੀਨ ਦਾ ਆਪਣੇ ਵੱਲ ਨਹੀਂ ਸੀ ਖਿੱਚ ਸਕੀ। ਉਲਟਾ ਖੇਮਕਰਨ ਸੈਕਟਰ ਤੋਂ ਜਿਹੜੇ ਬੜੇ ਧੜੱਲੇ ਵਾਲੇ ਪੈਟਨ ਟੈਂਕਾਂ ਦਾ ਹਮਲਾ ਕੀਤਾ ਗਿਆ ਸੀ, ਆਉਣ ਵੇਲੇ ਉਹ 97 ਸਨ, ਮੁੜਨ ਜੋਗਾ ਇੱਕ ਵੀ ਨਹੀਂ ਸੀ। ਅੱਧੇ ਟੈਂਕ ਸੜ ਗਏ ਤੇ ਬਾਕੀ ਅੱਧੇ ਸਹੀ-ਸਲਾਮਤ ਛੱਡ ਕੇ ਪਾਕਿਸਤਾਨ ਦੀ ਫੌਜ ਪਿੱਛੇ ਭੱਜ ਗਈ ਸੀ। ਭਾਰਤ ਅਤੇ ਪਾਕਿਸਤਾਨ ਦੇ ਆਮ ਲੋਕਾਂ ਨੂੰ ਬੇਸ਼ੱਕ ਭੁੱਲ ਜਾਵੇ, ਜਿਹੜਾ ਝੂਠ ਉਦੋਂ ਪਾਕਿਸਤਾਨੀ ਫੌਜੀ ਬੁਲਾਰੇ ਬੋਲਦੇ ਰਹੇ ਸਨ, ਭਾਰਤ ਦੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਅੱਜ ਵੀ ਯਾਦ ਹੈ। ਮਿਸਾਲ ਹੀ ਦੇਣੀ ਹੋਵੇ ਤਾਂ ਇੱਕ ਦਿਨ ਪਾਕਿਸਤਾਨੀ ਫੌਜ ਵਲੋਂ ਮੇਜਰ ਜਨਰਲ ਰੈਂਕ ਦੇ ਇੱਕ ਅਫਸਰ ਨੇ ਲਾਹੌਰ ਰੇਡੀਓ ਤੋਂ ਜੰਗ ਦੀ ਰਿਪੋਰਟ ਪੇਸ਼ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਫੌਜ ਫਿਰੋਜ਼ਪੁਰ ਸ਼ਹਿਰ ਉਤੇ ਕਬਜ਼ਾ ਕਰਨ ਪਿੱਛੋਂ ਭਾਰਤੀ ਫੌਜ ਨੂੰ ਕੁੱਟਦੀ ਹੋਈ ਜ਼ੀਰੇ ਪਹੁੰਚ ਗਈ ਹੈ ਤੇ ਜ਼ੀਰੇ ਦੇ ਰੇਲਵੇ ਸਟੇਸ਼ਨ ਉਤੇ ਤੰਬੂ ਗੱਡ ਲਏ ਹਨ। ਕੋਈ ਵੀ ਇਹ ਜਾਣ ਕੇ ਹੈਰਾਨ ਰਹਿ ਜਾਵੇਗਾ ਕਿ ਜਿਸ ਜ਼ੀਰੇ ਸ਼ਹਿਰ ਦੇ ਰੇਲਵੇ ਸਟੇਸ਼ਨ ਉਤੇ ਪਾਕਿਸਤਾਨ ਦੀ ਫੌਜ ਨੇ 1965 ਵਿਚ ਆਣ ਕੇ ਤੰਬੂ ਲਾਉਣ ਦਾ ਝੂਠ ਬੋਲਿਆ ਸੀ, ਪੰਜਾਹ ਸਾਲ ਲੰਘਣ ਪਿੱਛੋਂ ਵੀ ਉਸ ਜ਼ੀਰੇ ਸ਼ਹਿਰ ਵਿਚ ਅਜੇ ਤੱਕ ਰੇਲ ਦੀ ਲਾਈਨ ਨਹੀਂ ਪਹੁੰਚੀ।
ਏਦਾਂ ਦਾ ਝੂਠ ਜਨਰਲ ਮੁਸ਼ੱਰਫ ਵੀ ਬੋਲਦਾ ਸੀ। ਉਹ ਕਾਰਗਿਲ ਦੀ ਜੰਗ ਵਿਚ ਆਪਣੇ ਫੌਜੀ ਜਵਾਨਾਂ ਦੇ ਸ਼ਾਮਲ ਹੋਣ ਦੀ ਗੱਲ ਰੱਦ ਕਰਦਾ ਸੀ। ਮਰ ਗਏ ਜਵਾਨਾਂ ਦੀਆਂ ਲਾਸ਼ਾਂ ਵੀ ਨਾ ਲਈਆਂ ਤੇ ਕਿਹਾ ਸੀ ਕਿ ਜਹਾਦੀ ਹਨ, ਸਾਡੀ ਫੌਜ ਨਾਲ ਇਨ੍ਹਾਂ ਦਾ ਸੰਬੰਧ ਨਹੀਂ। ਸਿਰਫ ਤਿੰਨ ਮਹੀਨੇ ਪਿੱਛੋਂ ਸੱਚ ਬਾਹਰ ਆ ਗਿਆ। ਚੌਦਾਂ ਅਗਸਤ ਨੂੰ ਉਨ੍ਹਾਂ ਹੀ ਜਵਾਨਾਂ ਨੂੰ ਭਾਰਤ ਵਿਰੁਧ ਕਾਰਗਿਲ ਦੀ ਜੰਗ ਦੇ ਸ਼ਹੀਦ ਐਲਾਨ ਕੇ ਵੱਡੇ ਐਵਾਰਡ ਦੇ ਦਿੱਤੇ ਗਏ, ਪਰ ਇਸ ਵਿਚ ਵੱਡੀ ਬੇਸ਼ਰਮੀ ਇਹ ਸੀ ਕਿ ਜਿਨ੍ਹਾਂ ਨੂੰ ਦੇਸ਼ ਲਈ ਸ਼ਹੀਦ ਹੋਏ ਮੰਨਿਆ, ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਲੈਣ ਦਾ ਮੌਕਾ ਨਹੀਂ ਸੀ ਦਿੱਤਾ। ਝੂਠ ਬੋਲਣ ਦੀ ਜਿਸ ਹੱਦ ਨੂੰ ਜਨਰਲ ਮੁਸ਼ੱਰਫ਼ ਜਾ ਪੁੱਜਦਾ ਸੀ, ਉਸ ਤੋਂ ਇੱਕ ਕਦਮ ਅੱਗੇ ਦਾ ਝੂਠ ਬੋਲ ਕੇ ਜਨਰਲ ਰਾਹੀਲ ਸ਼ਰੀਫ ਆਪਣੀ ਫੌਜ ਅੱਗੇ ਹੀਰੋ ਬਣ ਰਿਹਾ ਹੋਵੇਗਾ, ਝੂਠ ਉਤੇ ਖੜੀ ਉਹ ਫੌਜ ਏਦਾਂ ਦੇ ਹੀਰੋ ਲੱਭ ਕੇ ਤਸੱਲੀ ਕਰ ਲੈਂਦੀ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਾਕਿਸਤਾਨ ਦੀ ਸਰਕਾਰ ਵੀ ਸੱਚ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ। ਸ਼ਾਇਦ ਇਸ ਲਈ ਕਿ ਬਾਕੀ ਦੇਸ਼ਾਂ ਦੀ ਸਰਕਾਰ ਦਾ ਕਿਹਾ ਫੌਜ ਮੰਨਦੀ ਹੈ ਤੇ ਪਾਕਿਸਤਾਨ ਵਿਚ ਫੌਜ ਦੇ ਕਹੇ ਮੁਤਾਬਕ ਸਰਕਾਰ ਨੂੰ ਚੱਲਣਾ ਪੈਂਦਾ ਹੈ।