ਯਮ-ਯਮੀ

ਬਲਜੀਤ ਬਾਸੀ
‘ਜਿੰਦਾ ਖੋਲ੍ਹੀਏ’ ਕਾਲਮ ਅਸੀਂ ਯਮ-ਯਮੀ ਦੇ ਜ਼ਿਕਰ ਨਾਲ ਬੰਦ ਕੀਤਾ ਸੀ ਪਰ ਇਸ ਉਤੇ ਬਹੁਤੀ ਚਰਚਾ ਨਹੀਂ ਸੀ ਹੋ ਸਕੀ। ਨਾਲੇ ਯਮ ਧਾਤੂ ਤੋਂ ਵਿਉਤਪਤ ਹੋਰ ਸ਼ਬਦਾਂ ਦਾ ਵਰਣਨ ਵੀ ਰਹਿ ਗਿਆ ਸੀ। ਜਿਵੇਂ ਦੱਸਿਆ ਜਾ ਚੁੱਕਾ ਹੈ, ਯਮ ਧਾਤੂ ਵਿਚ ਰੋਕਣਾ, ਕਾਬੂ ਕਰਨਾ, ਬੰਦ ਕਰਨਾ, ਲਗਾਮ ਲਾਉਣ ਆਦਿ ਦੇ ਭਾਵ ਹਨ। ਯਮ, ਜਿਸ ਨੂੰ ਪੰਜਾਬੀ ਵਿਚ ਜਮ ਕਿਹਾ ਜਾਂਦਾ ਹੈ, ਵੀ ਇਸੇ ਧਾਤੂ ਤੋਂ ਬਣਿਆ ਹੈ।

ਯਮ ਦੀ ਜੌੜੀ ਭੈਣ ਯਮੀ ਹੈ ਜਿਸ ਨੂੰ ਪੌਰਾਣਿਕ ਸਾਹਿਤ ਵਿਚ ਊਸ਼ਾ ਦੀ ਦੇਵੀ ਕਿਹਾ ਗਿਆ ਹੈ ਪਰ ਪੰਜਾਬੀ ਸਾਹਿਤ ਜਾਂ ਬੋਲਚਾਲ ਵਿਚ ਇਸ ਦਾ ਜ਼ਿਕਰ ਕਦੇ ਘਟ ਹੀ ਸੁਣਿਆ ਹੈ। ਰਿਗ ਵੇਦ ਅਤੇ ਪੁਰਾਣਾਂ ਵਿਚ ਯਮ-ਯਮੀ ਦਾ ਵਿਸਥਾਰ ਸਹਿਤ ਵਰਣਨ ਆਉਂਦਾ ਹੈ। ਯਮ ਸੂਰਜ ਦੇਵਤਾ ਅਤੇ ਉਸ ਦੀ ਪਤਨੀ ਵਿਸ਼ਕਰਮਾ ਦੀ ਧੀ ਸੰਜਨਾ ਦਾ ਪੁੱਤਰ ਹੈ ਅਤੇ ਯਮੀ ਉਸ ਦੀ ਜੌੜੀ ਭੈਣ ਹੈ।
ਮੌਤ ਦਾ ਦੇਵਤਾ ਯਮ ਲਾਲ ਕੱਪੜੇ ਪਹਿਨਦਾ ਹੈ ਤੇ ਇਸ ਦੀ ਸਵਾਰੀ ਹੈ ਝੋਟਾ। ਇਸ ਨੇ ਦੋ ਤੇਜ਼ ਦੌੜਨ ਵਾਲੇ, ਚਾਰ ਅੱਖਾਂ ਵਾਲੇ ਅਤੇ ਖੂੰਖਾਰ ਕੁੱਤੇ ਰੱਖੇ ਹੋਏ ਹਨ। ਇਸ ਦੇ ਚੌਦਾਂ ਨਾਂ ਹਨ ਪਰ ਆਮ ਤੌਰ ‘ਤੇ ਯਮਰਾਜ ਕਿਹਾ ਜਾਂਦਾ ਹੈ। ਇਸ ਦੇ ਇਸ ਨਾਂ ਬਾਰੇ ਇਕ ਕਥਾ ਪ੍ਰਚਲਿਤ ਹੈ। ਇਸ ਦੀ ਮਾਂ ਸੰਜਨਾ ਆਪਣੇ ਪਤੀ ਸੂਰਜ ਦੀ ਰੋਸ਼ਨੀ ਅਤੇ ਤਪਸ਼ ਦਾ ਤੇਜ ਝੱਲ ਨਹੀਂ ਸੀ ਸਕਦੀ ਇਸ ਲਈ ਉਸ ਦੀ ਹਾਜ਼ਰੀ ਵਿਚ ਅੱਖਾਂ ਬੰਦ ਕਰ ਲੈਂਦੀ ਸੀ। ਇਸ ‘ਤੇ ਹੱਤਕ ਮਹਿਸੂਸ ਕਰਦਿਆਂ ਸੂਰਜ ਨੂੰ ਖਿਝ ਚੜ੍ਹਦੀ ਸੀ। ਵਾਰ ਵਾਰ ਕੋਸ਼ਿਸ਼ ਕਰਨ ‘ਤੇ ਵੀ ਉਹ ਅੱਖਾਂ ਨਾ ਖੋਲ੍ਹ ਸਕਦੀ। ਇਸ ‘ਤੇ ਸੂਰਜ ਨੇ ਸਰਾਪ ਦਿੱਤਾ ਕਿ ਕਿਉਂਕਿ ਉਹ ਉਸ ਤੋਂ ‘ਯਮ’ (ਪਰਹੇਜ, ਕਤਰਾਉਂਦੀ ਹੈ) ਕਰਦੀ ਹੈ, ਇਸ ਲਈ ਉਸ ਦੇ ਜੋ ਪੁੱਤਰ ਹੋਵੇਗਾ ਉਹ ਯਮ ਦੇ ਨਾਂ ਨਾਲ ਜਾਣਿਆ ਜਾਵੇਗਾ ਅਤੇ ਲੋਕਾਂ ਦੀਆਂ ਆਤਮਾਵਾਂ ਖਿਚਿਆ ਕਰੇਗਾ, ਪਰ ਕਿਉਂਕਿ ਸੰਜਨਾ ਨੇ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ ਇਸ ਲਈ ਨਾਲ ਹੀ ਪੈਦਾ ਹੋਈ ਧੀ ਯਮੀ ਕਹਾਵੇਗੀ ਜੋ ਜੀਵਨ ਦੀ ਦੇਵੀ ਹੋਵੇਗੀ। ਬਾਅਦ ਵਿਚ ਇਸ ਨੂੰ ਯਮੁਨਾ ਵੀ ਕਿਹਾ ਜਾਣ ਲੱਗਾ। ਵੇਦਾਂ ਵਿਚ ਯਮੁਨਾ/ਜਮਨਾ ਦਰਿਆ ਨੂੰ ਦੇਵੀ ਵਾਂਗ ਪੂਜਿਆ ਜਾਂਦਾ ਹੈ। ‘ਰਸਨਾ ਰਾਮ ਨਾਮ ਹਿਤ ਜਾਕੈ ਕਹਾ ਕਰੈ ਜਮਨਾ’ (ਭਗਤ ਕਬੀਰ)।
ਇਥੇ ਸਾਹਿਬ ਸਿੰਘ ਜਮਨਾ ਦਾ ਅਰਥ ਜਮ ਕਰਦਾ ਹੈ ਪਰ Ḕਮਹਾਨ ਕੋਸ਼Ḕ ਨੇ ਇਸ ਨੂੰ ਜਮਨਾ ਦਰਿਆ ਦੇ ਇੰਦਰਾਜ ਵਿਚ ਭੁਗਤਾਇਆ ਹੈ। ਵਿਸ਼ਵਾਸ ਹੈ ਕਿ ਜਮਨਾ ਵਿਚ ਇਸ਼ਨਾਨ ਕਰਨ ਨਾਲ ਯਮ ਦੰਡ ਨਹੀਂ ਦਿੰਦਾ। ਇਸ ਦਾ ਅਰਥ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, Ḕਜੋ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੇ ਪਾਪ ਬਖਸ਼ਾਉਣ ਲਈ ਜਮਨਾ ਦਰਿਆ ਤੋਂ ਕੀ ਲੈਣਾ।Ḕ ਜਮਨਾ ਇਸਤਰੀ ਤੇ ਪੁਰਖਾਂ ਦਾ ਨਾਂ ਵੀ ਹੁੰਦਾ ਹੈ। ਜਮਨਾ ਦੇਵੀ ਮੱਧ ਪ੍ਰਦੇਸ਼ ਦੀ ਉਪ ਮੁਖ ਮੰਤਰੀ ਰਹਿ ਚੁੱਕੀ ਹੈ। ਕਹਾਵਤ ਹੈ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ।
ਰਿਗ ਵੇਦ ਵਿਚ ਯਮੀ ਆਪਣੇ ਜੁੜਵੇਂ ਭਰਾ ਯਮ ਨੂੰ ਸਹਿਵਾਸ ਕਰਨ ਲਈ ਕਹਿੰਦੀ ਹੈ। ਪਰ ਉਹ ਇਸ ਨੂੰ ਅਧਾਰਮਿਕ ਕਰਮ ਦੱਸਦਾ ਹੋਇਆ ਨਾਂਹ ਕਰ ਦਿੰਦਾ ਹੈ। ਯਮੀ ਉਸ ਨੂੰ ਆਖਦੀ ਹੈ ਕਿ ਗਰਭ ਵਿਚ ਦੋਵੇਂ ਇਕੱਠੇ ਹੀ ਪਏ ਸਨ। ਉਹ ਯਮ ਨੂੰ ਨਿਹੋਰਾ ਵੀ ਮਾਰਦੀ ਹੈ ਕਿ ਉਸ ਦੇ ਮਨ ਵਿਚ ਕੋਈ ਹੋਰ ਔਰਤ ਹੈ ਪਰ ਯਮ ਟੱਸ ਤੋਂ ਮੱਸ ਨਹੀਂ ਹੁੰਦਾ। ਅਚਾਨਕ ਦੋਵਾਂ ਦਾ ਸੰਵਾਦ ਬੰਦ ਹੋ ਜਾਂਦਾ ਹੈ। ਇਸ ਸੰਵਾਦ ਨੂੰ ਨਾਟਕੀ ਤੌਰ ‘ਤੇ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ ਤੇ ਨਾਟਕ ਦੇ ਇਤਿਹਾਸ ਵਿਚ ਇਸ ਦਾ ਅਹਿਮ ਰੋਲ ਹੈ। ਇਸ ਸੰਵਾਦ ਤੋਂ ਪਤਾ ਲਗਦਾ ਹੈ ਕਿ ਕਿਸੇ ਵੇਲੇ ਪੁਰਖ ਇਸਤਰੀ ਦੇ ਕਾਮਕ ਸਬੰਧਾਂ ਵਿਚ ਖੁਲ੍ਹ ਸੀ ਅਰਥਾਤ ਭੈਣ-ਭਰਾ, ਮਾਂ-ਪੁਤ, ਪਿਓ-ਧੀ ਵਿਚਾਲੇ ਅਜਿਹੇ ḔਵਿਵਰਜਿਤḔ ਜਿਣਸੀ ਸਬੰਧ ਹੋਣੇ ਆਮ ਵਰਤਾਰਾ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁਖੀ ਇਤਿਹਾਸ ਦੇ ਮੁਢਲੇ ਪੜਾਅ ਵਿਚ ਅਜਿਹਾ ਹੋਣਾ ਹੀ ਸੀ। ‘ਸਭਿਅਤਾ’ ਦੇ ਵਿਕਾਸ ਨਾਲ ਅਜਿਹੇ ਸਬੰਧਾਂ ਵਿਚ ਸੰਕੋਚ ਹੋਣ ਲੱਗਾ। ਕਥਾ ਦੇ ਅਗਲੇਰੇ ਰੁਪਾਂਤਰਾਂ ਵਿਚ ਯਮੀ ਨੂੰ ਯਮ ਦੀ ਪਤਨੀ ਬਿਆਨਿਆ ਗਿਆ ਹੈ। ਇਕ ਨੁਕਤਾ ਹੋਰ ਹੈ ਕਿ ਪੁਰਾਤਨ ਸਾਹਿਤ ਵਿਚ ਆਮ ਤੌਰ ‘ਤੇ ਮਰਦ ਧਰਮੀ-ਕਰਮੀ ਹੁੰਦਾ ਹੈ ਤੇ ਉਸ ਨੂੰ ਧਰਮ ਮਾਰਗ ਤੋਂ ਡੁਲਾਉਣ ਵਾਲੀ ਔਰਤ ਹੀ ਦਿਖਾਈ ਜਾਂਦੀ ਹੈ। ਪੂਰਨ ਭਗਤ ਦੀ ਕਥਾ ਇਸ ਦੀ ਮਿਸਾਲ ਹੈ। ਉਂਜ ਧਾਰਮਿਕ ਨਜ਼ਰੀਏ ਤੋਂ ਵੀ ਜੇਕਰ ਮਨੁਖ ਜਾਤੀ ਦਾ ਜਨਮਦਾਤਾ ਇਕ ਦੰਪਤੀ ਹੀ ਹੈ ਤਾਂ ਸੰਤਾਨ ਦੇ ਵਾਧੇ ਲਈ ਅਜਿਹਾ ਹੋਣਾ ਹੀ ਸੀ।
ਨਾਟਕਕਾਰ ਬਲਵੰਤ ਗਾਰਗੀ ਨੇ ਆਪਣੇ ਨਾਟਕ ‘ਸੌਂਕਣ’ ਵਿਚ ਯਮ-ਯਮੀ ਕਿਸਮ ਦੀ ਲਿੰਗਕ ਚਰਚਾ ਸਾਹਮਣੇ ਲਿਆਂਦੀ ਹੈ। ਖੈਰ! ਇਹ ਸਾਡਾ ਵਿਸ਼ਾ ਨਹੀਂ। ਯਮ-ਯਮੀ ਦਾ ਜ਼ਿਕਰ ਇਕੱਠੇ ਹੋਣ ਕਾਰਨ ਇਹ ਸ਼ਬਦ ਜੌੜੇ, ਜੁੜਵਾਂ, ਜੋੜਾ ਜਾਂ ਦੋ ਦੇ ਅਰਥਾਵੇਂ ਹੋ ਗਏ ਹਨ। ਜਿਵੇਂ ਜੁੜਵੇਂ ਭਰਾਵਾਂ ਨੁਕਲ ਤੇ ਸਹਿਦੇਵ ਨੂੰ ਯਮ ਕਿਹਾ ਜਾਂਦਾ ਹੈ। ਯਮ ਦਾ ਅਰਥ ‘ਦੋ’ ਵੀ ਹੈ। ਇਕ ਪ੍ਰਕਾਰ ਦੇ ਦੁੱਤ ਅੱਖਰ ਨੂੰ ਵੀ ਯਮ ਕਿਹਾ ਜਾਂਦਾ ਹੈ।
ਆਪਣੇ ਭਰਾ ਯਮ ਦੀ ਮੌਤ ‘ਤੇ ਯਮੀ ਵਿਰਲਾਪ ਕਰਨੋਂ ਨਹੀਂ ਹਟਦੀ। ਦੇਵਤੇ ਉਸ ਨੂੰ ਪ੍ਰੇਰਦੇ ਹਨ ਕਿ ਉਹ ਆਪਣੇ ਭਰਾ ਨੂੰ ਭੁੱਲ ਜਾਵੇ ਪਰ ਉਹ ਕਹਿੰਦੀ ਹੈ ਕਿ ਅੱਜ ਹੀ ਤਾਂ ਮੇਰਾ ਭਰਾ ਮਰਿਆ ਹੈ, ਕਿਵੇਂ ਭੁਲ ਜਾਵਾਂ? ਉਦੋਂ ਹਮੇਸ਼ਾ ਚਾਨਣਾ ਹੀ ਰਹਿੰਦਾ ਸੀ ਤੇ ਸਮਾਂ ਬੀਤਣ ਦਾ ਪਤਾ ਨਹੀਂ ਸੀ ਲਗਦਾ। ਦੇਵਤਿਆਂ ਨੇ ਫਿਰ ਰਾਤ ਪੈਦਾ ਕੀਤੀ ਤਾਂ ਜੁ ਦਿਨ ਪਿਛੋਂ ਰਾਤ ਆਉਂਦੇ ਰਹਿਣ ਕਾਰਨ ਸਮੇਂ ਦੇ ਬੀਤਣ ਦਾ ਅਹਿਸਾਸ ਹੋ ਸਕੇ।
ਯੋਗ ਵਿਚ ਯਮ ਦਾ ਅਰਥ ਹੈ, ਸਵੈ-ਕਾਬੂ। ਸਮਾਧੀ ਦੀ ਪ੍ਰਾਪਤੀ ਲਈ ਇਹ ਯੋਗ ਦੇ ਅੱਠ ਅੰਗਾਂ ਜਾਂ ਪੜਾਵਾਂ ਵਿਚੋਂ ਸਭ ਤੋਂ ਪਹਿਲਾ ਹੈ। ਦੂਜਾ ਹੈ, ਨਿਯਮ। ਇਹ ਸ਼ਬਦ ਵੀ ਯਮ ਦੇ ਅੱਗੇ ḔਨਿḔ ਅਗੇਤਰ ਲਾ ਕੇ ਹੀ ਬਣਿਆ ਹੈ। ਯੋਗ ਵਿਚ ਯਮ ਇਹ ਦੱਸਦੇ ਹਨ ਕਿ ਮਨੁਖ ਨੂੰ ਸਮਾਜ ਵਿਚ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ ਤੇ ਨਿਯਮ ਇਹ ਦੱਸਦੇ ਹਨ ਮਨੁਖ ਨੇ ਵਿਅਕਤੀਗਤ ਤੌਰ ‘ਤੇ ਕਿਵੇਂ ਵਿਚਰਨਾ ਹੈ। ਨਿਯਮ ਨੂੰ ਕਿਸੇ ਕਾਇਦੇ ਕਾਨੂੰਨ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ ਅਰਥਾਤ ਕੋਈ ਪ੍ਰਕਿਰਿਆ ਕਿਹੜੇ ਕਾਇਦੇ ਅਨੁਸਾਰ ਨਿਯੰਤ੍ਰਿਤ ਹੁੰਦੀ ਹੈ। ਨਿਯਮ ਸ਼ਬਦ ਤੋਂ ਹੀ ਮੁਖ-ਸੁਖ ਕਾਰਨ ਨੇਮ ਸ਼ਬਦ ਬਣ ਗਿਆ ਤੇ ਅੱਗੋਂ ਨਿਤਨੇਮ। “ਨੇਮ ਨਿਬਾਹਿਓ ਸਤਿਗੁਰੂ” (ਗੁਰੂ ਅਰਜਨ ਦੇਵ)। ਇਸ ਦਾ ਹੋਰ ਵਿਕਾਸ ਨਿਯਤ ਸ਼ਬਦ ਹੈ ਜਿਸ ਦਾ ਅਰਥ ਹੈ, ਨਿਯਮ ਵਿਚ ਬੱਝਾ, ਮੁਕੱਰਰ। ਯੋਗ ਦਾ ਤੀਜਾ ਪੜਾਅ ਹੈ, ਵਿਭਿੰਨ ਆਸਣ ਅਤੇ ਚੌਥਾ ਹੈ, ਪ੍ਰਾਣਯਾਮ। ਧਿਆਨ ਦਿਓ, ਪ੍ਰਾਣਯਾਮ ਸ਼ਬਦ ਵਿਚ ਵੀ ਯਮ ਤੋਂ ਬਣੇ ਯਾਮ ਸ਼ਬਦ ਅੱਗੇ ਪ੍ਰਾਣ (ਸਾਹ) ਲੱਗਾ ਹੋਇਆ ਹੈ। ਸੋ ਇਸ ਦਾ ਮਤਲਬ ਬਣਦਾ ਹੈ, ਸਾਹ ਰੋਕਣ ਜਾਂ ਇਸ ‘ਤੇ ਕਾਬੂ ਪਾਉਣ ਨਾਲ ਚਿੱਤ ਇਕਾਗਰ ਕਰਨਾ।
ਜੰਮਣਾ ਸ਼ਬਦ ਦੇ ਦੋ ਅਰਥ ਹੁੰਦੇ ਹਨ, ਇਕ ਤਾਂ ਜਨਮ ਲੈਣਾ ਤੇ ਦੂਜਾ ਕਿਸੇ ਤਰਲ ਪਦਾਰਥ ਦਾ ਠੰਡ ਕਾਰਨ ਠੋਸ ਰੂਪ ਧਾਰਨ ਕਰਨਾ ਜਿਵੇਂ ਦਹੀਂ ਆਦਿ ਦਾ ਜੰਮਣਾ। ਦੋਵੇਂ ਅਰਥ ਨਿਰੁਕਤੀ ਪੱਖੋਂ ਅੱਡੋ ਅੱਡ ਹਨ। ਦੂਜਾ ਅਰਥ ਚਰਚਿਤ ਧਾਤੂ ਯਮ ਤੋਂ ਹੀ ਬਣਿਆ ਹੈ। ਦੁਧ ਨੂੰ ਜਮਾਉਣ ਵਾਲੇ ਪਦਾਰਥ ਨੂੰ ਜੰਮਣ ਕਹਿੰਦੇ ਹਨ। ਦੁਆਬੇ ਵਿਚ ਇਸ ਨੂੰ ਜਾਗ ਵੀ ਆਖਦੇ ਹਨ। ‘ਉਤੋਂ ਆਈ ਧੰਮੀ ਤੇ ਦਹੀਂ ਨਹੀਂ ਜੰਮੀ।’ ਇਹ ਸ਼ਬਦ ਲਾਖਣਿਕ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ ਜਿਵੇਂ ਪੈਰ ਜੰਮਣੇ, ਮਹਿਫਿਲ ਜੰਮਣੀ, ਜੰਮ ਕੇ ਲੜਨਾ।
ਸੰਜਮ ਸ਼ਬਦ ਵੀ ਇਸੇ ਧਾਤੂ ਨਾਲ ਜਾ ਜੁੜਦਾ ਹੈ। ਇਸ ਦਾ ਸੰਸਕ੍ਰਿਤ ਰੂਪ ਹੈ, ਸੰਯਮ। ਸੰਜਮ ਕਰਨਾ ਹੁੰਦਾ ਹੈ, ਸਵੈ-ਕਾਬੂ ਪਾਉਂਦਿਆਂ ਕਿਸੇ ਕੰਮ ਨੂੰ ਅਤਿਤਾਈ ਵੱਲ ਲੈ ਜਾਣ ਤੋਂ ਰੋਕਣਾ। ਮਿਸਾਲ ਵਜੋਂ ਇੰਦਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਜਤਨ, “ਸੰਜਮ ਸਤ ਸੰਤੋਖ ਸੀਲ”, “ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ” (ਗੁਰੂ ਅਰਜਨ ਦੇਵ)।
ਧਨ ਜਾਂ ਹੋਰ ਪਦਾਰਥਾਂ ਨੂੰ ਸਰਫੇ ਨਾਲ ਵਰਤਣ ਨੂੰ ਵੀ ਸੰਜਮ ਕਰਨਾ ਆਖਦੇ ਹਨ। “ਉਦਮ ਅੱਗੇ ਲੱਛਮੀ ਜਿਉਂ ਪੱਖੇ ਅੱਗੇ ਪੌਣ, ਦਲਿੱਦਰੀ ਘਰ ਦੀ ਗਊ ਦਾ ਦੁਧ ਵੀ ਕਦੇ ਨਾ ਚੋਣ” ਕਾਵਿ-ਟੁਕੜੀ ਵਿਚਲਾ ਉਦਮ ਸ਼ਬਦ ਵਿਚ ਵੀ ਲੁਕ ਛਿਪ ਕੇ ਇਹੀ ਧਾਤੂ ਬੋਲ ਰਿਹਾ ਹੈ। ਇਸ ਦਾ ਸੰਸਕ੍ਰਿਤ ਰੂਪ ਹੈ, ‘ਉਦਯਮ।Ḕ ਉਦਮ ਅਗੇਤਰ ਦਾ ਮਤਲਬ ਹੁੰਦਾ ਹੈ, ਉਪਰ ਜਾਂ ਉਚਾ। ਸੋ ਉਦਮ ਦਾ ਸ਼ਾਬਦਿਕ ਅਰਥ ਹੋਇਆ ਉਪਰ ਨੂੰ ਚੁੱਕਣਾ। ਅਸੀਂ ਉਦਮ ਕਰਨ ਲਈ ਚੱਕਣ ਚੱਕਣਾ ਵੀ ਕਹਿ ਦਿੰਦੇ ਹਾਂ। ਇਸੇ ਧਾਤੂ ਤੋਂ ਬਣਿਆ ਹੈ ਅੰਤਰਯਾਮੀ ਜੋ ਪੰਜਾਬੀ ਵਿਚ ਅੰਤਰਜਾਮੀ ਵਜੋਂ ਚਲਦਾ ਹੈ। ਇਸ ਦਾ ਅਰਥ ਮਹਾਨ ਕੋਸ਼ ਅਨੁਸਾਰ ਅੰਦਰ ਪਹੁੰਚ ਸਕਣ ਵਾਲਾ, ਦਿਲ ਦੀ ਜਾਨਣ ਵਾਲਾ ਹੈ। “ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ॥ ਹਮ ਜੰਤ ਵਿਚਾਰੇ ਕਿਆ ਕਰਹੁ ਸਭੁ ਖੇਲੁ ਤੁਮ ਸੁਆਮੀ॥ (ਗੁਰੂ ਰਾਮ ਦਾਸ) ਇਸ ਦਾ ਅਸਲ ਅਰਥ ਹੈ ਜੋ ਦੂਜੇ ਦੇ ਅੰਦਰ ਨੂੰ ਕੰਟਰੋਲ ਕਰ ਸਕੇ ਜਾਂ ਪ੍ਰਭਾਵਿਤ ਕਰ ਸਕੇ। ਜਿਸ ਵਿਚ ਅਜਿਹੀ ਸ਼ਕਤੀ ਹੈ, ਉਹ ਦੂਸਰੇ ਦਾ ਸਭ ਕੁਝ ਜਾਣਦਾ ਹੈ। ਧਾਰਮਿਕ ਨਜ਼ਰੀਏ ਤੋਂ ਪਰਮਾਤਮਾ ਤੋਂ ਬਿਨਾ ਹੋਰ ਕੌਣ ਅਜਿਹਾ ਕਰ ਸਕਦਾ ਹੈ?
ਕੁਝ ਵਿਦਵਾਨਾਂ ਨੇ ਯਮ-ਯਮੀ ਦੇ ਸਮਾਨਅੰਤਰ ਹੋਰ ਹਿੰਦ ਯੂਰਪੀ ਸਭਿਅਤਾਵਾਂ ਵਿਚ ਵੀ ਅਜਿਹੇ ਦੇਵਤੇ ਲੱਭੇ ਹਨ। ਇਕ ਭਾਰੋਪੀ ਮੂਲ ḔੈeਮੋਸḔ ਦਾ ਸੁਝਾਅ ਦਿੱਤਾ ਗਿਆ ਹੈ ਜਿਸ ਦਾ ਅਰਥ ਹੈ, ਜੌੜਾ। ਨੌਰਸ ਦਾ ਆਦੀ ਦੇਵਤਾ ਯਮੀਰ ਇਸ ਨਾਲ ਜੋੜਿਆ ਜਾਂਦਾ ਹੈ। ਪਰ ਇਸ ਮਿਥ ਵਿਚ ਯਮੀਰ ਜੌੜਾ ਨਹੀਂ ਹੈ। ਇਸ ਦੀ ਯਮ ਨਾਲ ਸਾਂਝ ਇਸ ਗੱਲ ਵਿਚ ਹੈ ਕਿ ਉਹ ਵੀ ਆਦੀ ਅਤੇ ਅਮਰ ਹੈ। ਅਵੇਸਤਾ ਵਿਚ ਯਿਮਾ ਕਸ਼ੇਤਾ ਨਾਂ ਦੇ ਦੇਵਤੇ ਦਾ ਜ਼ਿਕਰ ਆਉਂਦਾ ਹੈ। ਇਰਾਨ ਦੀ ਇਸ ਮਿਥ ਵਿਚ ਯਿਮਾ ਵੀ ਸਭ ਤੋਂ ਪਹਿਲਾਂ ਮਰਨ ਵਾਲਾ ਅਤੇ ਮਾਨਵ ਜਾਤੀ ਦੇ ਮਹਾਨ ਰਾਜੇ ਵਜੋਂ ਸਾਹਮਣੇ ਆਉਂਦਾ ਹੈ। ਬਾਅਦ ਵਿਚ ਇਹ ਸ਼ਬਦ ਜਮਸ਼ੈਦ ਵਿਚ ਰੁਪਾਂਤ੍ਰਿਤ ਹੋ ਗਿਆ। ਜਮਸ਼ੈਦ ਪਾਰਸੀਆ ਦਾ ਨਾਂ ਹੁੰਦਾ ਹੈ ਜਿਵੇਂ ਜਮਸ਼ੈਦ ਟਾਟਾ। ਉਂਜ ਇਹ ਸਭ ਅਜੇ ਕਿਆਫ਼ੇ ਹੀ ਹਨ।