ਬਲਕਾਰ ਸਿੰਘ ਪ੍ਰੋਫੈਸਰ (ਰਿਟਾæ)
ਗੁਰੂ ਅਰਜਨ ਦੇਵ ਜੀ (1563-1606) ਨੂੰ ਸ਼ਹੀਦੀ-ਸ੍ਰੋਤ ਅਤੇ ਸ਼ਹੀਦੀ-ਪ੍ਰਸੰਗ ਦੀ ਧੁਰੋਹਰ ਵਜੋਂ ਵਿਚਾਰਨ ਲੱਗਿਆਂ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਿੱਖ ਧਰਮ-ਚਿੰਤਨ ਵਿਚ ਕਿਸੇ ਕਿਸਮ ਦੇ ਕੇਂਦਰੀਕਰਣ ਨੂੰ ਇਸ ਹੱਦ ਤੱਕ ਨਕਾਰਿਆ ਹੋਇਆ ਹੈ ਕਿ ਅਧਿਆਤਮਕ-ਕੇਂਦਰੀਅਤਾ ਦੀ ਵੀ ਸ਼ਲਾਘਾ ਨਹੀਂ ਕੀਤੀ ਗਈ। ਇਸ ਨਾਲ ਵਿਅਕਤੀ-ਕੇਂਦਰੀਅਤਾ ਨਾਲ ਪੈਦਾ ਹੋਣ ਵਾਲੀਆਂ ਦੁਸ਼ਵਾਰੀਆਂ ਦਾ ਰਾਹ ਰੋਕ ਕੇ, ਸੰਗਤੀ-ਰਾਹ ਸਥਾਪਤ ਕਰ ਦਿੱਤਾ ਗਿਆ ਹੈ।
ਪ੍ਰਾਪਤ ਸਿੱਖ-ਸਾਹਿਤ ਦੀ ਪ੍ਰਧਾਨ ਸੁਰ ਇਤਿਹਾਸਮੁਖੀ ਰਹੀ ਹੈ ਅਤੇ ਇਸੇ ਦੇ ਆਧਾਰ ‘ਤੇ ਪੱਛਮੀ ਵਿਦਵਾਨਾਂ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਵਿਦਵਾਨਾਂ ਨੇ ਬਾਣੀ ਤੱਕ ਪਹੁੰਚਣ ਦੀ ਲੋੜ ਹੀ ਨਹੀਂ ਸਮਝੀ। ਇਸ ਨਾਲ ਸਿੱਖ-ਅਕਾਦਮਿਕਤਾ ਵਾਸਤੇ ਸਥਾਪਤ ਸਹਿਜ-ਸਥਾਪਨ ਦੀ ਵਿਧੀ ਨੂੰ ਅਕਾਦਮਿਕਤਾ ਦਾ ਹਿੱਸਾ ਹੋਣ ਦਾ ਮੌਕਾ ਹੀ ਨਹੀਂ ਮਿਲਿਆ। ਇਸ ਦ੍ਰਿਸ਼ਟੀ ਤੋਂ ਤਾਂ ਇਹ ਤੱਥ ਸਾਹਮਣੇ ਆ ਜਾਂਦਾ ਹੈ ਕਿ ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਇਤਿਹਾਸ-ਕੇਂਦਰਤ ਪ੍ਰਸੰਗ ਸਾਹਮਣੇ ਲਿਆਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਰਹੀਆਂ ਹਨ ਅਤੇ ਇਨ੍ਹਾਂ ਨਾਲ ਗੁਰੂ ਦਾ ਦੇਹ-ਪ੍ਰਸੰਗ ਹੀ ਸਾਹਮਣੇ ਆਉਂਦਾ ਰਿਹਾ ਹੈ। ਗੁਰੂ ਦੇ ਦੇਹ-ਪ੍ਰਸੰਗ ਵਿਚ ਗੁਰੂ ਦਾ ਵਿਦੇਹ-ਪ੍ਰਸੰਗ ਉਸ ਤਰ੍ਹਾਂ ਸ਼ਾਮਲ ਨਹੀਂ ਰਹਿੰਦਾ ਜਿਵੇਂ ਵਿਦੇਹ-ਪ੍ਰਸੰਗ ਵਿਚ ਦੇਹ-ਪ੍ਰਸੰਗ ਸ਼ਾਮਲ ਰਹਿੰਦਾ ਹੈ। ਗੁਰੂ ਦੇ ਦੇਹ ਅਤੇ ਵਿਦੇਹ ਪ੍ਰਸੰਗ ਨੂੰ ਸਿੱਖ-ਮਾਨਸਿਕਤਾ ਵਿਚ ਸ਼ਬਦ-ਗੁਰੂ ਵਜੋਂ ਉਤਾਰ ਕੇ ਲੋੜੀਂਦੇ ਮਾਨਸਿਕ-ਪਰਿਵਰਤਨ ਦੇ ਯਤਨ, ਦਸ ਗੁਰੂ ਸਾਹਿਬਾਨ ਦੀ ਅਗਵਾਈ ਵਿਚ (1469-1708 ਤੱਕ) ਹੁੰਦੇ ਰਹੇ ਸਨ। ਇਸ ਨਾਲ ਸ਼ਬਦ-ਗੁਰੂ ਦਾ ਪ੍ਰਸੰਗ, ਸਿੱਖ-ਸਿਮਰਤੀ ਵਿਚ ਲੋਕ-ਸਮਝ ਤੱਕ ਇਸ ਤਰ੍ਹਾਂ ਪਹੁੰਚਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਦੀਆਂ ਸਾਰੀਆਂ ਪਰਤਾਂ ਸ਼ਾਮਲ ਹਨ ਅਤੇ ਇਹ ਭਾਵਨਾ ਸਿੱਖ-ਅਰਦਾਸ ਦਾ ਹਿੱਸਾ ਹੋ ਗਈ ਹੈ,
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭੁ ਕੋ ਮਿਲਬੋ ਚਹੈ ਖੋਜਿ ਸ਼ਬਦ ਮਹਿ ਲੇਹ।
ਇਹ ਸਥਾਪਤ ਸਿੱਖ-ਸੱਚਾਈ ਹੈ ਕਿ ਜੋਤਿ ਅਤੇ ਜੁਗਤਿ ਦਾ ਸਮੁੱਚ, ਗੁਰੂ ਹੈ ਅਤੇ ਇਸ ਦਾ ਸਿੱਖ-ਪ੍ਰਸੰਗ, ਗ੍ਰੰਥ ਅਤੇ ਪੰਥ ਦੇ ਰੂਪ ਵਿਚ ਪ੍ਰਾਪਤ ਹੈ। ਗ੍ਰੰਥ-ਸਿਰਜਤ ਮਾਨਸਿਕਤਾ ਦਾ ਸਿੱਖ-ਪ੍ਰਸੰਗ ਅਤੇ ਪੰਥ-ਸਿਰਜਤ ਮਾਨਸਿਕਤਾ ਦਾ ਸਿੱਖ-ਪ੍ਰਸੰਗ, ਸਿੱਖ-ਧਰਮ ਦੇ ਸਮੁੱਚ ਵਜੋਂ ਸਾਹਮਣੇ ਆਉਂਦਾ ਰਿਹਾ ਹੈ। ਜਿਵੇਂ ਗੁਰੂ-ਸਿਰਜਤ ਸਿੱਖ-ਪ੍ਰਸੰਗ ਵਿਚ ਅਧਿਆਤਮ (ਸੁਰਤਿ-ਮੰਡਲ) ਨੂੰ ਕੇਂਦਰੀਅਤਾ ਪ੍ਰਾਪਤ ਰਹਿੰਦੀ ਹੈ, ਉਵੇਂ ਹੀ ਪੰਥ-ਸਿਰਜਤ ਸਿੱਖ-ਪ੍ਰਸੰਗ ਵਿਚ ਧਾਰਮਿਕਤਾ (ਰਹਿਤ ਮੰਡਲ) ਅਤੇ ਇਤਿਹਾਸਕਤਾ (ਸਰੀਰ-ਮੰਡਲ) ਨੂੰ ਕੇਂਦਰੀਅਤਾ ਪ੍ਰਾਪਤ ਰਹਿੰਦੀ ਹੈ। ਇਸ ਨਾਲ ਸਿੱਖ ਦੀ ਸਰੀਰ ਤੋਂ ਸੁਰਤਿ ਤੱਕ ਦੀ ਯਾਤਰਾ ਦਾ ਖਾਕਾ ਸਾਹਮਣੇ ਆ ਜਾਂਦਾ ਹੈ। ਗੁਰੂ ਦਾ ਦੇਹ-ਪ੍ਰਸੰਗ, ਸੁਰਤਿ ਅਤੇ ਸਰੀਰ ਦਾ ਮੁਜੱਸਮਾ ਰਹਿੰਦਾ ਹੈ ਅਤੇ ਗੁਰੂ ਸਾਹਿਬਾਨ ਨਾਲ ਵਾਪਰੀਆਂ ਘਟਨਾਵਾਂ ਨੂੰ ਦੇਹੀ-ਪ੍ਰਸੰਗ ਵਿਚ ਸਮਝਣਾ ਨਿਰਸੰਦੇਹ ਸੌਖਾ ਮੰਨਿਆ ਜਾਂਦਾ ਰਿਹਾ ਹੈ। ਇਹ ਇਤਿਹਾਸ-ਕੇਂਦਰਤ ਪਹੁੰਚ ਹੈ। ਪਰ ਇਸ ਨੂੰ ਸੁਰਤਿ-ਪ੍ਰਸੰਗ ਨਾਲੋਂ ਤੋੜ ਕੇ ਵੇਖਣ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਰਹੀਆਂ ਹਨ। ਸਿੱਖੀ, ਸਿਧਾਂਤ ਰੂਪ ਵਿਚ ਸੁਰਤਿ ਦੀ ਯਾਤਰਾ ਹੈ ਅਤੇ ਇਸ ਦਾ ਇਤਿਹਾਸਕ-ਪ੍ਰਗਟਾਵਾ ਇਸੇ ਦੀ ਨਿਰੰਤਰਤਾ ਵਿਚ ਹੋਣ ਕਰਕੇ ਨਾ ਨਵਾਂ ਹੈ ਅਤੇ ਨਾ ਹੀ ਵੱਖਰਾ ਹੈ। ਕਾਰਣ ਇਹ ਹੈ ਕਿ ਬਾਣੀ ਦਾ ਅਮਲ, ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਵਿਚ ਅਚਾਨਕ ਵਾਪਰਿਆ ਅਮਲ ਨਹੀਂ ਹੈ। ਇਸ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ “ਚੜ੍ਹਿਆ ਸੋਧਣ ਧਰਤਿ ਲੋਕਾਈ” ਦੀ ਆਲਮੀ-ਮੁਹਿੰਮ ਦੇ ਰਾਹ ਦੀਆਂ ਰੁਕਾਵਟਾਂ ਸਮਝਣੀਆਂ ਚਾਹੀਦੀਆਂ ਹਨ। ਇਸੇ ਰਾਹ ‘ਤੇ ਤੁਰਦਿਆਂ ਸਮਕਾਲੀ ਪ੍ਰਸੰਗ ਵਿਚ ਅਕਾਲ ਦੇ ਦੀਵਾਨਿਆਂ ਅਰਥਾਤ ਫਕੀਰੀ-ਮਾਨਸਿਕਤਾ ਨੂੰ ‘ਭੂਤਨੇ’ ਅਤੇ ‘ਬੇਤਾਲੇ’ ਅਖਵਾਉਣਾ ਪੈਂਦਾ ਰਿਹਾ ਹੈ। ਇਸੇ ਨੂੰ ਦੇਹੀ-ਸਰੋਕਾਰਾਂ ਅਤੇ ਸੁਰਤਿ-ਸਰੋਕਾਰਾਂ ਦਾ ਟਕਰਾਉ ਕਿਹਾ ਜਾ ਸਕਦਾ ਹੈ। ਪੰਚਮ ਪਾਤਸ਼ਾਰ ਦੀ ਸ਼ਹੀਦੀ ਨੂੰ ਇਸੇ ਪ੍ਰਸੰਗ ਵਿਚ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਰਤੀ ਪ੍ਰਸੰਗ ਵਿਚ ਸ਼ਹੀਦੀ ਦੇ ਸਿੱਖ-ਸੰਕਲਪ ਨੂੰ ਬਲੀਦਾਨ ਦੇ ਧਾਰਮਿਕ-ਪ੍ਰਸੰਗ ਨਾਲੋਂ ਨਿਖੇੜ ਕੇ ਸਮਝੇ ਜਾਣ ਦੀ ਲੋੜ ਹੈ। ਇਸ ਤਰ੍ਹਾਂ ਸਪਸ਼ਟ ਹੋ ਜਾਵੇਗਾ ਕਿ ਸ਼ਹੀਦੀ-ਸੰਕਲਪ ਦੀ ਨੀਂਹ ਤਾਂ ਗੁਰੂ ਨਾਨਕ ਦੇਵ ਜੀ ਦੇ ਨਿਸ਼ੰਗ-ਨਾਬਰੀ ਵਾਲੇ ਸਰੋਕਾਰਾਂ ਨਾਲ ਰੱਖੀ ਗਈ ਸੀ ਅਤੇ ਸਾਹਮਣੇ ਵੀ ਆਉਣ ਲੱਗ ਪਈ ਸੀ। ਇਸ ਦੇ ਅਮਲ ਵਿਚ ਸ਼ਹੀਦੀ-ਪ੍ਰਗਟਾਵੇ ਦੇ ਮੋਢੀ, ਗੁਰੂ ਅਰਜਨ ਦੇਵ ਹੋ ਗਏ ਸਨ। ਸ਼ਹੀਦੀਆਂ ਦੇ ਸਿੱਖ-ਪ੍ਰਸੰਗ ਨੇ ਸ਼ਾਨਾਂਮੱਤਾ ਇਤਿਹਾਸ ਸਿਰਜਿਆ ਹੈ ਅਤੇ ਇਸ ਨੂੰ ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ) ਵਿਚ ਇਸ ਤਰ੍ਹਾਂ ਦਰਜ ਕੀਤਾ ਗਿਆ ਹੈ,
ਮਾਰਤ ਇਨ ਕੋ ਹਮ ਥਕ ਗਏ,
ਏ ਨਿਤ ਬਢਤ ਜਾਤ ਹੈਂ ਨਏ।
ਮਰਨ ਮਾਰਨੋਂ ਜ਼ਰਾ ਨ ਡਰ ਹੈਂ,
ਮੌਤ ਚਰਾਗ਼ ਪਤੰਗ ਪਰ ਹੈਂ।
ਚਾਹਤ ਨਿਸ ਦਿਨ ਲੈਨ ਸ਼ਹੀਦੀ,
ਟਰਤ ਨ ਰਣ ਤੈ ਹਵੈਕਰ ਗੀਦੀ।
ਸਾਥ ਹਜ਼ਾਰਨ ਬੀਸਕ ਲੜ ਹੈਂ,
ਟਾਰੇ ਟਰਤ ਨ ਮਾਰੇ ਮਰ ਹੈਂ।
(ਗੁਰਮਤਿ ਸੁਧਾਕਰ, ਪੰਨਾ 499)
ਆਪਣੇ ਸੱਚ ਲਈ ਸ਼ਹੀਦ ਹੋ ਸਕਣ ਦੀ ਇਹ ਤੱਤਪਰਤਾ, ਸ਼ਹੀਦੀ ਦੇ ਸਿੱਖ-ਸੰਕਲਪ ਦਾ ਖੇੜਾ ਹੈ ਅਤੇ ਇਸ ਵਿਚ ਕੌਮਾਂ ਦੀ ਮਰਜ਼ੀ ਦਾ ਬੋਲਬਾਲਾ ਸ਼ਾਮਲ ਰਹਿੰਦਾ ਹੈ। ਇਸ ਦੀ ਸਿਧਾਂਤਕ ਧਰਾਤਲ, ਸਿੱਖੀ ਦੀ ਮੁਢਲੀ ਸ਼ਰਤ ਵਾਂਗ ਬਾਣੀ ਵਿਚ ਇਸ ਤਰ੍ਹਾਂ ਪ੍ਰਾਪਤ ਹੈ,
ਸਲੋਕ ਮæ 5
ਪਹਿਲਾਂ ਮਰਣੁ ਕਬੂਲਿ
ਜੀਵਣ ਕੀ ਛਡਿ ਆਸਿ॥
ਹੋਹੁ ਸਭਨਾ ਕੀ ਰੇਣੁਕਾ
ਤਉ ਆਉ ਹਮਾਰੈ ਪਾਸਿ॥ (ਪੰਨਾ 1102)
ਸਿੱਖੀ ਵਿਚ ਭਾਣਾ, ਸ਼ਹੀਦੀ ਅਤੇ ਫਤਿਹ, ਇਕ ਦੂਜੇ ਦੇ ਪੂਰਕ ਹਨ। ਭਾਣਾ, ਸਿਰ ਪਈ ਅੱਗੇ ਗੋਡੇ ਟੇਕਣਾ ਨਹੀਂ ਹੈ, ਸਥਿਤੀ ਨਾਲ ਸਮਝੌਤਾ ਵੀ ਨਹੀਂ ਹੈ ਅਤੇ ਅਸਮਰਥਾ ‘ਤੇ ਪਰਦਾ ਪਾਉਣਾ ਵੀ ਨਹੀਂ ਹੈ ਕਿਉਂਕਿ ਭਾਣੇ ਦਾ ਸਿੱਖ-ਪ੍ਰਸੰਗ ਸੱਚ ਨੂੰ ਹੰਢਾਉਣ ਦੀ ਯੋਗਤਾ ਹੈ, ਵਿਰਾਸਤੀ-ਸੰਭਾਲ ਦੀ ਸਮਰਥਾ ਅਤੇ ਅਕਾਲ ਪੁਰਖ ਦੀ ਰਜ਼ਾ ਨਾਲ ਨਿਭ ਜਾਣ ਪ੍ਰਤੀ ਵਚਨਬੱਧਤਾ ਹੈ। ਇਸ ਪ੍ਰਸੰਗ ਵਿਚ ਸ਼ਹੀਦੀ, ਗੁਰਮਤਿ-ਚੇਤਨਾ ਦਾ ਅਮਲ ਹੈ ਅਤੇ ਸਿੱਖ-ਚਾਅ ਦੀ ਵਚਨਬੱਧਤਾ ਹੈ ਅਤੇ ਫਤਿਹ ਇਸ ਦਾ ਫਲ ਹੈ। ਪੰਚਮ ਪਾਤਸ਼ਾਹ ਦੀ ਸ਼ਹੀਦੀ ਨੂੰ ਇਸੇ ਪ੍ਰਸੰਗ ਵਿਚ ਸਮਝਿਆ ਜਾ ਸਕਦਾ ਹੈ।
ਸਿੱਖ-ਧਰਮ ਦੀ ਵਿਲੱਖਣਤਾ ਇਹ ਹੈ ਕਿ ਸਿਧਾਂਤ ਅਤੇ ਅਮਲ ਨੂੰ ਇਕ ਦੂਜੇ ਦੀ ਪੂਰਕਤਾ ਵਿਚ ਰੱਖਿਆ ਗਿਆ ਹੈ। ਇਸ ਦੇ ਬਾਵਜੂਦ ਸਿੱਖ, ਸਿੱਖ ਰਹਿੰਦਾ ਹੈ ਕਿਉਂਕਿ ਸਿੱਖ, ਗੁਰੂ ਨਹੀਂ ਹੋ ਸਕਦਾ ਅਤੇ ਗੁਰੂ, ਗੁਰੂ ਰਹਿੰਦਾ ਹੈ ਕਿਉਂਕਿ ਗੁਰੂ, ਸ੍ਰੋਤ ਵੀ ਹੈ ਅਤੇ ਧੁਰੋਹਰ ਵੀ ਹੈ। ਇਸ ਕਰਕੇ ਗੁਰੂ ਦੇ ਸਿੱਖ ਰਾਹੀਂ ਗੁਰੂ ਨੂੰ ਵੇਖਣ ਅਤੇ ਸਮਝਣ ਵਾਲੇ ਲੇਖਕਾਂ ਵਲੋਂ ਸਾਹਮਣੇ ਲਿਆਂਦਾ ਗਿਆ ਸਿੱਖ-ਧਰਮ ਦਾ ਇਤਿਹਾਸਕ-ਪ੍ਰਸੰਗ, ਗੁਰੂ ਰਾਹੀਂ ਸਿੱਖ ਨੂੰ ਵੇਖਣ ਵਾਲੇ ਬਾਣੀ-ਪ੍ਰਸੰਗ ਨਾਲ ਮੇਲ ਨਹੀਂ ਖਾਂਦਾ। ਇਸ ਦਾ ਆਧਾਰ “ਜੈਸਾ ਸੇਵੈ ਤੈਸਾ ਹੋਇ” ਹੈ। ਢਾਡੀ ਸੋਹਨ ਸਿੰਘ ਸੀਤਲ ਨੇ ਇਤਿਹਾਸਕ ਪ੍ਰਸੰਗ ਵਿਚ ਪੰਚਮ ਪਾਤਸ਼ਾਹ ਦੇ ਸਮਕਾਲ ਬਾਰੇ ਲਿਖਿਆ ਹੈ, “ਹੁਣ ਸਿੱਖ ਵੱਖ-ਵੱਖ ਫਿਰਨ ਵਾਲੇ ਫਕੀਰ ਨਹੀਂ ਸਨ, ਸਗੋਂ ਜਥੇਬੰਦੀ ਦੀ ਲੜੀ ਵਿਚ ਪਰੋਏ ਹੋਏ ਇਕ ਫਿਰਕਾ ਬਣ ਗਏ ਸਨ (ਸੀਤਲ ਹੰਝੂ, ਪੰਨਾ 25)। ਢਾਡੀ ਦੀ ਲੋੜ ‘ਫਿਰਕਾ’ ਨਾਲ ਪੂਰੀ ਹੋ ਸਕਦੀ ਹੈ, ਪਰ ਅਕਾਦਮੀਸ਼ਨ ਵਾਸਤੇ ਫਿਰਕਾ, ਕੌਮੀਅਤ ਨਹੀਂ ਹੋ ਸਕਦਾ? ਇਸ ਨਾਲ ਪੈਦਾ ਹੋ ਗਈ ਸੀ ਸਮਕਾਲੀ-ਈਰਖਾ ਅਤੇ ਸਮਕਾਲੀ-ਦੁਸ਼ਮਣੀ, ਜਿਸ ਨਾਲ ਨਿਭਣ ਵਾਸਤੇ “ਸਗਲ ਸੰਗਿ ਹਮ ਕਉ ਬਨਿ ਆਈ” ਦਾ ਗੁਰਮਤਿ-ਪੈਂਤੜਾ ਵੰਗਾਰਿਆ ਗਿਆ ਸੀ। ਇਸ ਵੰਗਾਰ ਨਾਲ ਜੁੜੀਆਂ ਹੋਈਆਂ ਸਨ ਤਿੰਨ ਧਿਰਾਂ- ਗੁਰੁ ਘਰ, ਗੁਰੂ-ਦੋਖੀ ਅਤੇ ਮੁਗ਼ਲ-ਸਰਕਾਰ। ਮੁਗ਼ਲ-ਸਰਕਾਰ ਇਹ ਲੜਾਈ, ਗੁਰੂ-ਦੋਖੀਆਂ ਰਾਹੀਂ ਲੜਨਾ ਚਾਹੁੰਦੀ ਸੀ ਅਤੇ ਗੁਰੂ-ਦੋਖੀ ਇਸ ਵਾਸਤੇ ਤਿਆਰ ਵੀ ਸਨ। ਇਹੋ ਜਿਹੀ ਸਿਆਸਤ ਨਾਲ ਜੁੜੇ ਹੋਏ ਸਰਕਾਰੀ ਇਰਾਦਿਆਂ ਦਾ ਪ੍ਰਗਟਾਵਾ “ਤੋਜ਼ਕਿ-ਜਹਾਂਗੀਰੀ” ਵਿਚ ਸਪਸ਼ਟ ਕਰ ਦਿੱਤਾ ਗਿਆ ਸੀ। ਪਰ ਪੰਚਮ ਪਾਤਸ਼ਾਹ ਨੇ ਸਰਕਾਰ ਨਾਲ ਗਲ ਪਈ ਅਸਿੱਧੀ ਲੜਾਈ ਲੜਨ ਦੀ ਥਾਂ ਸਵੈ-ਇੱਛਤ ਸਿੱਧੀ-ਲੜਾਈ ਲੜਨ ਦਾ ਫੈਸਲਾ ਕਰ ਲਿਆ ਸੀ। ਇਸੇ ਤਰ੍ਹਾਂ ਦੀ ਨਿਰੰਤਰ ਲੜਾਈ ਵੱਲ ਉਪਰ ਰਤਨ ਸਿੰਘ ਭੰਗੂ ਦੇ ਹਵਾਲੇ ਨਾਲ ਇਸ਼ਾਰਾ ਕੀਤਾ ਹੈ।
ਗੁਰੂ ਸਾਹਿਬਾਨ ਦਾ ਪੰਜਾਬ, ਅੱਜ ਵਾਲੇ ਪੰਜਾਬ ਨਾਲੋਂ ਬਹੁਤ ਵੱਡਾ ਸੀ। ਇਸ ਵਿਚ ਪਾਕਿਸਤਾਨ ਵਿਚਲਾ ਪੰਜਾਬ, ਹਰਿਆਣਾ ਵਿਚਲਾ ਪੰਜਾਬ ਅਤੇ ਹਿਮਾਚਲ ਵਿਚਲਾ ਪੰਜਾਬ ਸ਼ਾਮਲ ਸਨ। ਇਸ ਖਿੱਤੇ ਵਿਚ ਜਿੰਨੇ ਧਾਰਮਿਕ ਰੰਗ ਵੱਸਦੇ ਸਨ, ਉਨ੍ਹਾਂ ਨੂੰ ਇਕ ਰੰਗ ਵਿਚ ਰੰਗਣ ਦੀ ਜੋ ਧਾਰਮਿਕ ਵਿਧੀ ਗੁਰੂ ਸਾਹਿਬਾਨ ਨੇ ਪੇਸ਼ ਕੀਤੀ ਸੀ, ਉਹ ਵਖਰੇਵਿਆਂ ਦਾ ਸਹਿਜ-ਸਥਾਪਨ ਕਰਨ ਦੇ ਸਮਰਥ ਸਿੱਖ ਵਿਧੀ ਸੀ ਅਤੇ ਹੈ। ਇਸ ਤਰ੍ਹਾਂ ਗੁਰੂ ਸਾਹਿਬਾਨ ਕਿਸੇ ਇਕ ਰੰਗ ਦੇ ਪ੍ਰਤੀਨਿਧ ਨਹੀਂ ਸਨ ਸਗੋਂ ਸਾਰੇ ਰੰਗਾਂ ਦੇ ਮੁਜੱਸਮੇ ਸਨ। ਜੇ ਬਾਣੀ ਨੂੰ ਧਿਆਨ ਵਿਚ ਰੱਖ ਕੇ ਵਿਚਾਰ ਕਰੀਏ ਤਾਂ ਮਾਨਵਤਾ ਨੂੰ ਜੋੜਨ ਵਾਲੀ ਇਸ ਗੁਰੂ ਮਤਿ ਜਾਂ ਸਿੱਖ ਭਾਵਨਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਆਪਣੇ ਧਰਮ ਵਿਚ ਪਰਪੱਕ ਰਹਿ ਕੇ ਵੀ ‘ਸਰਬਤ ਦੇ ਭਲੇ’ ਬਾਰੇ ਸੋਚਿਆ ਤੇ ਵਿਚਾਰਿਆ ਵੀ ਜਾ ਸਕਦਾ ਹੈ ਅਤੇ ਜੀਵਿਆ ਵੀ ਜਾ ਸਕਦਾ ਹੈ। ਇਸੇ ਲਈ ਗੁਰੂ ਸਾਹਿਬਾਨ ਨੇ ਆਮ ਲੋਕਾਂ ਦੀ ਬੋਲੀ ਵਿਚ ਬਾਣੀ ਦੀ ਰਚਨਾ ਕੀਤੀ ਤਾਂਕਿ ਧਰਮ ਨੂੰ ਧੰਦਾ ਬਣਾ ਸਕਣ ਦੀਆਂ ਸੰਭਾਵਨਾਵਾਂ ਘਟ ਕਰਕੇ ਧਰਮ ਦੇ ਨਾਂ ‘ਤੇ ਹੋ ਰਹੇ ਸ਼ੋਸ਼ਣ ਤੋਂ ਆਮ ਲੋਕਾਂ ਨੂੰ ਮੁਕਤੀ ਮਿਲ ਸਕੇ। ਇਸ ਪਿਛੋਕੜ ਵਿਚ ਗੁਰੂ ਅਰਜਨ ਦੇਵ ਵਲੋਂ ਨਿਭਾਈ ਗਈ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਸਿੱਖ ਧਰਮ ਦਾ ਆਧਾਰ ਗ੍ਰੰਥ ਤਿਆਰ ਕਰ ਰਹੇ ਸਨ। ਕਿਸੇ ਵੀ ਸਿਆਸੀ ਸੱਤਾ ਨੂੰ ਕਿਸੇ ਵੀ ਕਿਸਮ ਦੇ ਨਾਬਰੀ ਸਰੋਕਾਰਾਂ ਨਾਲ ਨਿਭਣ ਦਾ ਸਲੀਕਾ ਨਹੀਂ ਹੁੰਦਾ ਅਤੇ ਲੋੜ ਵੀ ਨਹੀਂ ਹੁੰਦੀ। ਗੁਰੂ ਨਾਨਕ ਦੇਵ ਨੂੰ ਬਾਬਰ ਵਲੋਂ ਸੈਦਪੁਰ ਦੀ ਜੇਲ੍ਹ ਵਿਚ ਬੰਦ ਕਰਨਾ ਅਤੇ ਚੱਕੀ ਪਿਸਵਾਉਣਾ ਨਾਬਰੀ-ਸੁਰ ਨੂੰ ਮਿੱਧਣਾ ਹੀ ਤਾਂ ਸੀ। ਇਸਲਾਮੀ ਕੇਂਦਰ ਮੱਕੇ ਵਿਖੇ ਅਤੇ ਹਿੰਦੂ ਕੇਂਦਰ ਹਰਿਦਵਾਰ ਵਿਖੇ ਬੁਲੰਦ ਕੀਤੀ ਗਈ ਗੁਰੂ ਨਾਨਕ ਦੇਵ ਦੀ ਨਾਬਰੀ-ਸੁਰ, ਮੌਤ ਦੀ ਅੱਖ ਵਿਚ ਅੱਖ ਪਾ ਕੇ ਤੁਰਨ ਦਾ ਸਾਹਸ ਹੀ ਤਾਂ ਸੀ। ਇਸ ਸਾਹਸ ਦੀ ਸਿਧਾਂਤਕ ਧਰਾਤਲ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹੈ। ਭਗਤ ਕਬੀਰ ਹੱਡਬੀਤੀ ਵਰਗੇ ਹਵਾਲੇ ਨਾਲ ਕਹਿੰਦੇ ਹਨ ਕਿ ਸੱਤਾ ਅਤੇ ਸੱਤਾ ਦੇ ਅਹਿਲਕਾਰ ਰੂਹਾਨੀਅਤ ਦੇ ਰਹੱਸ ਤੋਂ ਮਹਿਰੂਮ ਹੁੰਦੇ ਹਨ ਅਤੇ ਮਾਇਆ ਵਿਚ ਅੰਨਿਆਂ ਵਾਂਗ, ਅਗਿਆਨ ਵਿਚ ਬੋਲਿਆਂ ਵਾਂਗ ਅਤੇ ਹੰਕਾਰੀ-ਸਮਰਥਾ ਵਿਚ ਗੂੰਗਿਆਂ ਵਾਂਗ ਵਿਚਰਦੇ ਨਜ਼ਰ ਆਉਂਦੇ ਹਨ,
ਕਿਆ ਅਪਰਾਧੁ ਸੰਤ ਹੈ ਕੀਨਾ॥
ਬਾਂਧਿ ਪੋਟ ਕੁੰਚਰ ਕਉ ਦੀਨਾ॥
ਕੁੰਚਰ ਪੋਟ ਲੈ ਲੈ ਨਮਸਕਾਰੈ॥
ਬੂਝੀ ਨਹੀ ਕਾਜੀ ਅੰਧਿਆਰੈ॥3॥
ਤੀਨਿ ਬਾਰ ਪਤੀਆ ਭਰਿ ਲੀਨਾ॥
ਮਨ ਕਠੋਰੁ ਅਜਹੂ ਨ ਪਤੀਨਾ॥
ਕਹਿ ਕਬੀਰ ਹਮਰਾ ਗੋਬਿੰਦੁ॥
ਚਉਥੈ ਪਦ ਮਹਿ ਜਨ ਕੀ ਜਿੰਦੁ॥4॥
(ਪੰਨਾ 871)
ਇਸ ਦਾ ਸਿਧਾਂਤਕ ਧਰਾਤਲ ਗੁਰੂ ਨਾਨਕ ਦੇਵ ਨੇ ‘ਆਸਾ ਦੀ ਵਾਰ’ ਵਿਚ “ਰਾਜੇ ਸ਼ੀਂਹ ਮੁਕਦਮ ਕੁਤੇæææ” ਦੇ ਹਵਾਲੇ ਨਾਲ ਸਥਾਪਤ ਕੀਤਾ ਹੈ। ਰੂਹਾਨੀਅਤ ਦੇ ਇਸ ਗੁਹਜ ਨੂੰ ਪੰਚਮ ਪਾਤਸ਼ਾਹ ਨੇ ਸ਼ਹੀਦੀ ਰਾਹੀਂ ਪ੍ਰਗਟ ਕੀਤਾ ਸੀ। ਰੂਹਾਨੀਅਤ ਦਾ ਹਿੱਸਾ ਹੈ, ਕਰਤੱਵ ਦੀ ਨੈਤਿਕਤਾ ਅਤੇ ਇਸ ਦੀ ਪਾਲਨਾ ਦੇ ਵਰਤਾਰੇ ਨੂੰ ‘ਪ੍ਰੇਮ ਦੀ ਖੇਡ’ ਕਿਹਾ ਗਿਆ ਹੈ। ਇਸ ਦੀ ਸਿਧਾਂਤਕ ਧਰਾਤਲ ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਪ੍ਰਾਪਤ ਹੈ,
ਸਲੋਕ ਵਾਰਾਂ ਤੇ ਵਧੀਕ, ਮæ 1
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥20॥
(ਪੰਨਾ 1412)
ਸ਼ਹੀਦੀ, ਰੂਹਾਨੀ-ਅਮਲ ਦੇ ਸਿੱਖ ਪ੍ਰਸੰਗ ਵਿਚ ਸਵੈ-ਇੱਛਤ ਰੂਹਾਨੀਅਤ ਹੈ। ਸ਼ਹੀਦੀ ਦਾ ਇਹ ਮੰਡਲ, ਸੁਰਤਿ ਦਾ ਮੰਡਲ ਹੈ ਅਤੇ ਇਸ ਵਿਚੋਂ ਦੇਹੀ-ਦਖਲ ਮਨਫੀ ਰਹਿੰਦਾ ਹੈ। ਇਸ ਦਾ ਅਹਿਸਾਸ ਜੀਵਨ-ਮੁਕਤ ਦਾ ਅਹਿਸਾਸ ਹੈ ਅਤੇ ਇਸ ਦਾ ਜਜ਼ਬਾ, “ਜੀਵਨ ਮਰਨਾ ਜਾਣੈ” ਦਾ ਜਜ਼ਬਾ ਹੈ। ਇਸੇ ਨੂੰ ਸਰੀਰ ਤੋਂ ਸੁਰਤਿ ਤੱਕ ਦੀ ਯਾਤਰਾ ਕਿਹਾ ਜਾ ਰਿਹਾ ਹੈ ਅਤੇ ਇਹੀ ਜੀਵਨ-ਮੁਕਤੀ ਹੈ।
ਗੁਰੂ ਅਰਜਨ ਦੇਵ ਭਾਵੇਂ ਸਿੱਖ-ਧਰਮ ਦੇ ਪੰਜਵੇਂ ਗੁਰੂ ਸਨ ਪਰ ਉਨ੍ਹਾਂ ਨੇ ਜੋ ਕੁਝ ਵੀ ਕੀਤਾ, ਉਹ ਗੁਰੂ ਨਾਨਕ ਦੇਵ ਦੇ ਚਿੰਤਨ ਅਤੇ ਅਮਲ ਦੀ ਨਿਰੰਤਰਤਾ ਵਿਚ ਹੀ ਕੀਤਾ ਸੀ। ਇਸ ਕਰਕੇ ਗੁਰੂ ਅਰਜਨ ਦੇਵ ਦੀ ਵਿਚਾਰਧਾਰਾ ਓਹੀ ਸੀ, ਜੋ ਗੁਰੂ ਨਾਨਕ ਦੇਵ ਦੀ ਸੀ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂਆਂ ਦੀ ਵਿਚਾਰਧਾਰਾ ਵੀ ਇਸੇ ਦੀ ਨਿਰੰਤਰਤਾ ਸੀ। ਇਸ ਭਾਵਨਾ ਦੀ ਪੁਸ਼ਟੀ ਗੁਰੁ ਜੋਤਿ ਅਤੇ ਸਿੱਖ ਜੁਗਤਿ ਦੇ ਹਵਾਲੇ ਨਾਲ ਬਾਣੀ ਵਿਚੋਂ ਵੀ ਹੋ ਜਾਂਦੀ ਹੈ,
ਜੋਤਿ ਓਹਾ ਜੁਗਤਿ ਸਾਇ
ਸਹਿ ਕਾਇਆ ਫੇਰਿ ਪਲਟੀਐ॥ (ਪੰਨਾ 966)
ਗੁਰੂ ਅਰਜਨ ਦੇਵ ਜੀ ਸੰਸਾਰ ਵਿਚ 43 ਸਾਲ ਇਕ ਮਹੀਨਾ ਅਤੇ 15 ਦਿਨ ਵਿਚਰੇ। ਇਸ ਵਿਚੋਂ ਉਨ੍ਹਾਂ ਨੇ 24 ਸਾਲ 9 ਮਹੀਨੇ ਗੁਰੂ-ਰੂਪ ਵਿਚ ਅਗਵਾਈ ਕੀਤੀ ਸੀ। ਇਸ ਥੋੜ੍ਹੇ ਜਿਹੇ ਸਮੇਂ ਵਿਚ ਉਨ੍ਹਾਂ ਨੇ ਸਿੱਖ ਧਰਮ ਦੇ ਸੰਸਥਾਤਮਕ ਪੱਖ ਨੂੰ ਮਜਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸਿੱਖਾਂ ਵਿਚ ਦਸਵੰਧ ਕੱਢਣ ਦੀ ਵਿਧੀ ਨਾਲ ਸਿੱਖਾਂ ਨੂੰ ਇਕ ਪਾਸੇ ਸਿੱਖ ਸੰਸਥਾ ਨਾਲ ਜੋੜਿਆ ਗਿਆ, ਦੂਜੇ ਪਾਸੇ ਆਰਥਿਕ ਲੋੜਾਂ ਦਾ ਸੰਗਤੀ ਪ੍ਰਬੰਧ ਸਾਹਮਣੇ ਲਿਆਂਦਾ ਗਿਆ। ਗੁਰੂ ਰਾਮਦਾਸ ਨੇ ਚੱਕ ਰਾਮਦਾਸ (ਮੌਜੂਦਾ ਅੰਮ੍ਰਿਤਸਰ) ਦੀ ਮੋਹੜੀ ਤਾਂ ਗੱਡ ਦਿਤੀ ਸੀ, ਪਰ ਇਥੇ ਹਰਿਮੰਦਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਨੇ ਹੀ ਰੱਖੀ ਸੀ। ਉਨ੍ਹਾਂ ਦਾ ਵਿਆਹ 16 ਸਾਲ ਦੀ ਉਮਰ ਵਿਚ ਹੋ ਗਿਆ ਸੀ। ਉਹ 27 ਵਰ੍ਹਿਆਂ ਦੇ ਸਨ ਜਦੋਂ ਉਨ੍ਹਾਂ ਨੇ ਮੌਜੂਦਾ ਤਰਨਤਾਰਨ ਸਾਹਿਬ ਵਸਾਇਆ ਸੀ ਅਤੇ 31 ਵਰ੍ਹਿਆਂ ਦੀ ਉਮਰ ਵਿਚ ਗੁਰੂ ਨਾਨਕ ਦੇਵ ਦੀ ਯਾਦ ਵਿਚ ਕਰਤਾਰਪੁਰ (ਨੇੜੇ ਜਲੰਧਰ) ਵਸਾਇਆ। ਇਹ ਕੋਈ ਸ਼ਹਿਰੀਕਰਨ ਵਲ ਪੁਟਿਆ ਗਿਆ ਕਦਮ ਨਹੀਂ ਸੀ, ਸਗੋਂ ਅਜਿਹੇ ਕੇਂਦਰਾਂ ਦੀ ਸਥਾਪਤੀ ਦੀ ਅਜਿਹੀ ਵਿਚਾਰਧਾਰਾ ਸੀ, ਜਿਥੋਂ ਸਿੱਖੀ ਦੇ ਗੁਰਮਤਿ ਸੰਦੇਸ਼ ਦੀ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ ਅਜਿਹੇ ਸੰਗਤੀ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਸੀ, ਜੋ ਭਰਪੂਰ ਜੀਵਨ ਜਿਉਂ ਸਕਣ ਲਈ ਆਪਣੇ ਸਮਕਾਲ ਦਾ ਰੋਲ ਮਾਡਲ ਬਣ ਸਕਦੀ ਸੀ। ਅਜਿਹਾ ਹੀ ਹੋਇਆ। ਅਜਿਹੇ ਕੇਂਦਰਾਂ ਦੀ ਸਥਾਪਨਾ ਨਾਲ ਜਨਮ ਤੋਂ ਜਾਤ-ਪਾਤ ਦੇ ਵਿਤਕਰਿਆਂ ਦਾ ਖਾਤਮਾ ਹੋਇਆ ਅਤੇ ਵਹਿਮਾਂ-ਭਰਮਾਂ ਵਾਲੇ ਧਾਰਮਿਕ ਕਰਮਕਾਂਡ ਦੀ ਥਾਂ, ਨਰੋਈਆਂ ਕਦਰਾਂ-ਕੀਮਤਾਂ ਵਾਲੇ ਧਰਮ ਦੀ ਸਥਪਨਾ ਹੋਈ ਸੀ। ਧਾਰਮਿਕ ਉਤਮਤਾ ਵਾਲੀ ਹਉਮੈ ਨੂੰ ਇਹ ਵਰਤਾਰਾ ਰੜਕਣ ਲੱਗ ਪਿਆ ਸੀ ਅਤੇ ਇਸੇ ਦੀ ਕੀਮਤ ਗੁਰੂ ਅਰਜਨ ਦੇਵ ਨੂੰ ਸ਼ਹੀਦੀ ਨਾਲ ਤਾਰਨੀ ਪਈ।
ਕਿਸੇ ਵੀ ਧਰਮ ਦੀ ਸੁਤੰਤਰ ਸਥਾਪਨਾ ਧਰਮ ਗ੍ਰੰਥ ਬਿਨਾਂ ਸੰਭਵ ਨਹੀਂ। ਧਰਮ ਗ੍ਰੰਥ ਦੀ ਅਹਿਮੀਅਤ ਤਾਂ ਗੁਰੂ ਨਾਨਕ ਦੇਵ ਨੇ ਜੋਗੀਆਂ ਨੂੰ ਇਕ ਪ੍ਰਸ਼ਨ ਦਾ ਉਤਰ ਦਿੰਦਿਆਂ ਇਹ ਕਹਿ ਕੇ ਪ੍ਰਗਟ ਕਰ ਦਿੱਤੀ ਸੀ ਕਿ “ਸ਼ਬਦ ਗੁਰੂ ਸੁਰਤਿ ਧੁਨਿ ਚੇਲਾ” ਪਰ ਇਸ ਦਾ ਉਹ ਰੂਪ, ਜਿਸ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ “ਗੁਰੂ ਮਾਨਿਉ ਗ੍ਰੰਥ” ਦਾ ਦਰਜਾ ਦੇ ਕੇ ਵਿਅਕਤੀ ਗੁਰੂ ਦੀ ਥਾਂ ਸ਼ਬਦ ਗੁਰੂ ਵਜੋਂ ਪ੍ਰਗਟ ਕਰ ਦਿਤਾ ਸੀ, ਉਸ ਦੀ ਸੰਪਾਦਨੀ ਨੀਂਹ ਵੀ ਗੁਰੂ ਅਰਜਨ ਦੇਵ ਨੇ ਹੀ ਰੱਖੀ ਸੀ। ਉਹ ਉਸ ਵੇਲੇ 41 ਵਰ੍ਹਿਆਂ ਦੇ ਸਨ। ਭਾਈ ਗੁਰਦਾਸ ਰਾਹੀਂ ਸਾਰੀ ਬਾਣੀ ਨੂੰ ਰਾਗਾਂ ਵਿਚ ਫਿਰ ਤੋਂ ਲਿਖਿਆ ਗਿਆ। ਪਹਿਲੀ ਵਾਰ ਬਾਣੀ ਨੂੰ ਵਿਆਕਰਣਕ ਨਿਯਮਾਂ ਅਨੁਸਾਰ ਲਿਖਿਆ ਗਿਆ (ਵਿਸਥਾਰ ਲਈ ਵੇਖੋ ਪ੍ਰੋæ ਸਾਹਿਬ ਸਿੰਘ ਦੀ ਲਿਖੀ ‘ਗੁਰਬਾਣੀ ਵਿਆਕਰਣ’)। ਸ਼ਖਸੀ ਗੁਰੂ ਦੀ ਭਾਰਤੀ ਪਰੰਪਰਾ ਨੂੰ ਬਦਲ ਦੇਣਾ ਏਨਾ ਸੌਖਾ ਨਹੀਂ ਸੀ, ਜਿੰਨਾ ਅੱਜ ਲੱਗਦਾ ਹੈ। ਸੰਗਤਾਂ ਵੀ ਗੁਰੂ ਸਾਹਿਬ ਨਾਲ ਜੁੜੀਆਂ ਹੋਈਆਂ ਸਨ। ਇਸ ਭਾਵਨਾ ਨੂੰ ਤੋੜਨ ਵਾਸਤੇ ਗੁਰੂ ਅਰਜਨ ਦੇਵ ਨੇ 1604 ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉਸ ਦਾ ਪਹਿਲਾ ਗੰ੍ਰਥੀ ਬਾਬਾ ਬੁੱਢਾ ਨੂੰ ਥਾਪਿਆ ਸੀ। ਜਿਥੇ ਗੁਰੂ ਗ੍ਰੰਥ ਸਾਹਿਬ ਦਾ ਰਾਤ ਨੂੰ ਸੁਖਾਸਨ ਕੀਤਾ ਜਾਂਦਾ ਸੀ, ਉਥੇ ਗੁਰੂ ਅਰਜਨ ਦੇਵ ਭੁੰਜੇ ਸੌਂਦੇ ਸਨ। ਇਸ ਨਾਲ ਇਹ ਸੰਦੇਸ਼ ਸਾਹਮਣੇ ਆ ਜਾਂਦਾ ਹੈ ਕਿ ਆਚਰਣ ਦੀ ਉਸਾਰੀ ਲਈ ਰੋਲ-ਮਾਡਲ ਦੀ ਸਦਾ ਹੀ ਲੋੜ ਪੈਂਦੀ ਹੈ। ਜਿਹੜੀਆਂ ਕੌਮਾਂ ਆਪਣੇ ਸਮੇਂ ਦਾ ਆਪ ਰੋਲ-ਮਾਡਲ ਪੈਦਾ ਨਹੀਂ ਕਰ ਸਕਦੀਆਂ, ਉਹ ਪਛੜ ਜਾਂਦੀਆਂ ਹਨ। ਇਸ ਹਾਲਤ ਵਿਚ ਰੋਲ-ਮਾਡਲ ਹੋ ਜਾਣ ਦਾ ਭਰਮ ਪੈਦਾ ਕਰ ਸਕਣ ਵਾਲੇ ਚਾਲਾਕ ਲੋਕ, ਲੋਕਾਂ ਨੂੰ ਨੈਤਿਕਤਾ ਦੇ ਮਾਰਗ ‘ਤੇ ਤੋਰਨ ਦੀ ਥਾਂ ਭਰਮ ਮੂਲਕ ਕਰਮਾਂ ਅਤੇ ਕਲਪਿਤ ਬੰਧਨਾਂ ਦਾ ਸ਼ਿਕਾਰ ਬਣਾ ਕੇ ਧਰਮ ਦੀਆਂ ਦੁਕਾਨਾਂ ਚਲਾ ਲੈਂਦੇ ਹਨ। ਗੁਰੂ ਸਾਹਿਬਾਨ ਨੇ ਭਰਪੂਰ ਜੀਵਨ ਜਿਊਂਦਿਆਂ ਵਰਤਮਾਨ ਨੂੰ ਸੁਆਰਨ ਅਤੇ ਮਾਨਵ ਭਲਾਈ ਕਰਨ ਵਾਲੇ ਧਰਮ ਦੀ ਸਥਾਪਨਾ ਕੀਤੀ ਸੀ। ਇਸ ਅਤਿ ਲੋੜੀਂਦੇ ਸੰਦੇਸ਼ ਨੂੰ ਤਾਜ਼ਾ ਰੱਖਣ ਲਈ ਵਿਰਾਸਤੀ ਊਰਜਾ ਨਾਲ ਜੁੜੇ ਹੋਏ ਕਾਰਜ ਸਹਾਈ ਸਾਬਤ ਹੋ ਸਕਦੇ ਹਨ। ਅਕਾਦਮਿਕ-ਸੰਸਥਾਵਾਂ ਨੂੰ ਵਾਰਸਾਂ ਵਾਲੀ ਭੂਮਿਕਾ ਨਿਭਾਉਣ ਦੀ ਸਦਾ ਲੋੜ ਰਹਿੰਦੀ ਹੈ ਕਿਉਂਕਿ ਇਹੋ ਜਿਹੇ ਮੌਕਿਆਂ ਦਾ ਸਹੀ ਲਾਹਾ, ਇਸੇ ਢੰਗ ਨਾਲ ਹੀ ਲਿਆ ਜਾ ਸਕਦਾ ਹੈ। ਇਸ ਪ੍ਰਸੰਗ ਵਿਚ ਪੰਚਮ ਪਾਤਸ਼ਾਹ ਦੀ ਸ਼ਹੀਦੀ ਨੂੰ ਸ਼ਹੀਦੀ ਰੋਲ ਮਾਡਲ ਵਜੋਂ ਸਮਝੇ-ਸਮਝਾਏ ਜਾਣ ਦੀ ਲੋੜ ਹੈ।
ਸਿੱਖ ਧਰਮ ਦੇ ਅਰੰਭ ਨੂੰ ਕਿਸੇ ਹੋਰ ਧਰਮ ਦੀ ਨਿਰੰਤਰਤਾ ਵਿਚ ਜਾਂ ਹੋਰ ਧਰਮਾਂ ਦੇ ਮਿਲਗੋਭੇ ਵਜੋਂ ਵੇਖਣ ਨਾਲ ਸਿੱਖ ਧਰਮ ਦੀਆਂ ਸੁਤੰਤਰ ਸਥਾਪਨਾਵਾਂ ਨੂੰ ਸਾਹਮਣੇ ਲਿਆਉਣਾ ਮੁਸ਼ਕਲ ਹੁੰਦਾ ਰਿਹਾ ਹੈ। ਮਿਸਾਲ ਵਜੋਂ ਕਿਸੇ ਹੋਰ ਦੀ ਕੁਰਬਾਨੀ ਦੇ ਕੇ ਆਪਣਾ ਭਲਾ ਚਾਹੁਣ ਵਾਲਿਆਂ ਨੂੰ ਤਾਂ ਸ਼ਹੀਦੀ ਵਰਗੇ ਬੁਲੰਦ ਜਜ਼ਬੇ ਦੇ ਪਿਤਰ ਤਾਂ ਨਹੀਂ ਮੰਨਿਆ ਜਾ ਸਕਦਾ। ਇਸਲਾਮ ਵਿਚ ਸ਼ਹੀਦੀ ਦੇ ਸੰਕਲਪ ਨੂੰ ਜਿਵੇਂ ਇਸਲਾਮੀ ਹੱਦਬੰਦੀਆਂ ਵਿਚ ਬੰਨ੍ਹਿਆ ਗਿਆ ਹੈ, ਉਸ ਤੋਂ ਪ੍ਰਭਾਵਿਤ ਹੋਣ ਦੀ ਪ੍ਰੋੜ੍ਹਤਾ ਸ਼ਹੀਦੀ ਦੇ ਸਿੱਖ ਪ੍ਰਸੰਗ ਨਾਲ ਨਹੀਂ ਹੋ ਸਕਦੀ। ਇਸ ਨਾਲ ਜੇ ਇਹ ਪ੍ਰਭਾਵ ਪੈਂਦਾ ਹੋਵੇ ਕਿ ਤਾਜ਼ਾ ਸਥਾਪਨਾਵਾਂ ਨੂੰ ਵੀ ਧਰਾਤਲ ਚਾਹੀਦੀ ਹੈ ਤਾਂ ਲੋੜੀਂਦੀ ਧਰਾਤਲ ਗੁਰਬਾਣੀ ਦੇ ਰੂਪ ਵਿਚ ਪ੍ਰਾਪਤ ਹੈ। ਇਹ ਠੀਕ ਹੈ ਕਿ ਜਿਸ ਤਰ੍ਹਾਂ ਸ਼ਹੀਦੀ ਦੀਆਂ ਸੰਕਲਪੀ ਅਤੇ ਇਤਿਹਾਸਕ ਪਰਤਾਂ ਸਾਹਮਣੇ ਆਈਆਂ ਹਨ, ਉਸ ਤਰ੍ਹਾਂ ਦੀਆਂ ਸਿਧਾਂਤਕੀਆਂ ਵੱਲ ਗੁਰੂ ਗ੍ਰੰਥ ਸਾਹਿਬ ਵਿਚਲੇ ਪ੍ਰਾਪਤ ਹਵਾਲੇ ਪ੍ਰਸੰਗਕ-ਸੰਕੇਤ ਤਾਂ ਕਰਦੇ ਹਨ ਪਰ ਕਿਸੇ ਪ੍ਰਾਪਤ ਸਿਧਾਂਤਕੀ ਨੂੰ ਰੀਸ ਕਰਨਯੋਗ ਸਥਾਪਤੀ ਪ੍ਰਵਾਨ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾ ਹਵਾਲਾ ਭਗਤ ਰਵਿਦਾਸ ਦਾ ਹੈ ਅਤੇ ਉਸ ਵਿਚ ਦਿੱਤੇ ਜਾ ਰਹੇ ਬਲੀਦਾਨ ਦੇ ਅਰਥਾਂ ਵਿਚ ਹੀ ਸ਼ਹੀਦ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਹ ਕੁਰਬਾਨੀ ਪ੍ਰਸੰਗ ਹੈ ਅਤੇ ਇਸ ਵਿਚੋਂ ਸ਼ਹੀਦੀ ਦਾ ਸਿੱਖ-ਉਸਾਰ ਸੰਭਵ ਨਹੀਂ ਹੈ,
ਜਾ ਕੈ ਈਦਿ ਬਕਰੀਦਿ ਕੁਲ ਗਊ ਰੇ
ਬਧੁ ਕਰਹਿ ਮਾਨੀਅਹਿ ਸੇਖ ਸ਼ਹੀਦ ਪੀਰਾ॥
ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ
ਲੋਕ ਪਰਸਿਧ ਕਬੀਰਾ॥ (ਪੰਨਾ 1293)
ਦੂਜਾ ਹਵਾਲਾ ਗੁਰੂ ਨਾਨਕ ਦੇਵ ਦੀ ਬਾਣੀ ਵਿਚ ਆਇਆ ਹੈ ਅਤੇ ਸ਼ਹੀਦ ਨੂੰ ਵਡੀਆਂ ਰੂਹਾਂ ਵਿਚ ਗਿਣਿਆ ਗਿਆ ਹੈ। ਧਰਮ ਵਾਸਤੇ ਜਿਊਣ ਵਾਲੇ ਰਹਿਬਰਾਂ, ਪੈਗੰਬਰਾਂ, ਹਲੀਮਾਂ ਅਤੇ ਸਿਦਕੀਆਂ ਦੇ ਬਰਾਬਰ ਧਰਮ ਵਾਸਤੇ ਮਰਨ ਵਾਲੇ ਸ਼ਹੀਦਾਂ ਨੂੰ ਮੰਨਿਆ ਗਿਆ ਹੈ। ਸ਼ਹੀਦ, ਇਸ ਤਰ੍ਹਾਂ ਰੱਬੀ ਰਹਿਮਤਾਂ ਦੇ ਹੱਕਦਾਰ ਤਾਂ ਮੰਨੇ ਗਏ ਹਨ, ਪਰ ਇਸ ਨਾਲ ਵੀ ਸ਼ਹੀਦੀ ਦੇ ਸਿੱਖ ਸੰਕਲਪ ਨੂੰ ਨਹੀਂ ਉਸਾਰਿਆ ਜਾ ਸਕਦਾ,
ਪੀਰ ਪੈਕਾਮਰ ਸਾਲਕ ਸਾਦਕ ਅਉਰ ਸ਼ਹੀਦ॥
ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ॥
ਬਰਕਤਿ ਤਿਨ ਕਉ ਅਗਲੀ ਪੜਦੇ ਰਹਿਨਿ ਦਰੂਦ॥ (ਪੰਨਾ 53)
ਗੁਰੂ ਅਰਜਨ ਦੇਵ ਦੀ ਸ਼ਹੀਦੀ ਨੂੰ ਦੇਹੀ-ਸਰੋਕਾਰਾਂ ਦੇ ਖਾਤਮੇ ਤੱਕ ਮਹਿਦੂਦ ਕਰਕੇ ਵੇਖਣ ਦੀ ਇਤਿਹਾਸਕਤਾ ਨਾਲ ਸਿੱਖ ਸ਼ਹੀਦੀ ਦੇ ਸੰਕਲਪ ਦੀ ਥਾਂ ਸ਼ਹੀਦ ਕਰਨ ਦਾ ਵਰਤਾਰਾ ਹੀ ਸਾਹਮਣੇ ਆਉਂਦਾ ਰਿਹਾ ਹੈ। ਜਿਸ ਸਰੀਰ ਨੂੰ ਸਿੱਖ ਚਿੰਤਨ ਵਿਚ ਜੋਤਿ ਅਤੇ ਜੁਗਤਿ ਦਾ ਮਾਧਿਅਮ ਮਾਤਰ ਮੰਨਿਆ ਗਿਆ ਹੈ, ਉਸ ਸਰੀਰ ਨਾਲ ਵਾਪਰੀਆਂ ਘਟਨਾਵਾਂ, ਸਿਧਾਂਤਕ ਪ੍ਰਸੰਗ ਨੂੰ ਸਮਝਣ ਵਿਚ ਸਹਾਇਤਾ ਤਾਂ ਕਰ ਸਕਦੀਆਂ ਹਨ, ਸਿਧਾਂਤਕ ਪ੍ਰਸੰਗ ਸਥਾਪਤ ਕਰਨ ਵਿਚ ਮਦਦ ਨਹੀਂ ਕਰ ਸਕਦੀਆਂ। ਇਸੇ ਕਰਕੇ ਅਸੀਂ ਇਹ ਸਥਾਪਤ ਨਹੀਂ ਕਰ ਸਕੇ ਕਿ ਗੁਰੂ ਅਰਜਨ ਦੇਵ ਦੇ ਅੰਤਲੇ ਪਲਾਂ ਦੇ ਜ਼ੁਲਮੀ ਵੇਰਵੇ ਕੀ ਸਨ? ਸੱਤਾ ਨੂੰ ਸਰੀਰ ਤੋਂ ਅੱਗੇ ਕੁਝ ਨਜ਼ਰ ਨਹੀਂ ਆਉਂਦਾ ਸੀ ਅਤੇ ਗੁਰੂ ਸਾਹਿਬ ਵਾਸਤੇ ਸਰੀਰ, ਕੇਵਲ ਮਾਤਰ ਮਾਧਿਅਮ ਸੀ। ਜਿਸ ਜੋਤਿ ਅਤੇ ਜੁਗਤਿ ਦਾ ਸਰੀਰ ਮਾਧਿਅਮ ਸੀ, ਉਹ ਜੋਤਿ ਅਤੇ ਜੁਗਤਿ ਤਾਂ ਗੁਰੂ ਹਰਿਗੋਬਿੰਦ ਸਾਹਿਬ ਵਿਚ ਵਰਤ ਰਹੀ ਸੀ। ਭਾਈ ਗੁਰਦਾਸ ਵਾਸਤੇ ਮੋਢੀ ਤੇ ਸਥਾਪਤ ਗੁਰੂ ਤਾਂ ਗੁਰੂ ਨਾਨਕ ਦੇਵ ਹੀ ਸਨ ਅਤੇ ਬਾਕੀ ਗੁਰੂ “ਗੁਰ ਅੰਗਦੁ ਗੁਰਸਿਖੁ”, “ਗੁਰਸਿਖੁ ਹੈ ਗੁਰ ਅਮਰੁ”, “ਰਾਮਦਾਸੁ ਗੁਰਸਿਖੁ”, “ਗੁਰੁ ਅਰਜਨੁ ਗੁਰਸਿਖੁ” ਅਤੇ “ਗੁਰਸਿਖੁ ਹਰਿਗੋਵਿੰਦੁ ਨ ਲੁਕੈ ਲੁਕਾਇਆ” ਸਨ (ਵਾਰ 20, ਪਉੜੀ ਪਹਿਲੀ)। ਭਾਈ ਸਾਹਿਬ ਨੇ ਪੰਚਮ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਝਣ ਵਾਸਤੇ ਜੋ ਵਿਧੀ ਦਿੱਤੀ, ਉਹ ਵੇਰਵਿਆਂ ‘ਤੇ ਆਧਾਰਤ ਨਹੀਂ ਹੈ। ਇਸ ਦਾ ਜੋਤਿ ਅਤੇ ਜੁਗਤਿ ਪ੍ਰਸੰਗ ਵਿਚ ਜੋਤੀ ਜੋਤਿ ਸਮਾਉਣਾ, ਇਸ ਤਰ੍ਹਾਂ ਪ੍ਰਾਪਤ ਹੈ,
ਰਹਿੰਦੇ ਗੁਰੁ ਦਰਿਆਉ ਵਿਚਿ
ਮੀਨ ਕੁਲੀਨ ਹੇਤੁ ਨਿਰਬਾਣੀ।
ਦਰਸਨੁ ਦੇਖਿ ਪਤੰਗ ਜਿਉਂ
ਜੋਤੀ ਅੰਦਰਿ ਜੋਤਿ ਸਮਾਣੀ।
ਸਬਦੁ ਸੁਰਤਿ ਲਿਵ ਮਿਰਗ
ਜਿਉਂ ਭੀੜ ਪਈ ਚਿਤਿ ਅਵਰੁ ਨ ਆਣੀ।
ਚਰਣ ਕਵਲ ਮਿਲਿ ਭਵਰ ਜਿਉਂ
ਸੁਖ ਸੰਪਟ ਵਿਚਿ ਰੈਣਿ ਵਿਹਾਣੀ।
ਗੁਰੁ ਉਪਦੇਸੁ ਨ ਵਿਸਰੈ
ਬਾਬੀਹੇ ਜਿਉਂ ਆਖ ਵਖਾਣੀ।
ਗੁਰਮੁਖਿ ਸੁਖ ਫਲੁ ਪਿਰਮ ਰਸੁ
ਸਹਜ ਸਮਾਧਿ ਸਾਧ ਸੰਗਿ ਜਾਣੀ।
ਗੁਰ ਅਰਜਨ ਵਿਟਹੁ ਕੁਰਬਾਣੀ।
(ਵਾਰ 24, ਪਉੜੀ 23)
ਭਾਈ ਸੰਤੋਖ ਸਿੰਘ ਨੇ ਗੁਰੂ ਅਰਜਨ ਦੇਵ ਨੂੰ ਪ੍ਰਾਪਤ ਅਰਜਨ (ਪਾਂਡਵ ਪੁੱਤਰ), ਅਰਜੰਨ (ਉਜਲ) ਅਤੇ ਅਰਜਿਨ (ਬੇਨਤੀਆਂ) ਨਾਲੋਂ ਨਿਖੇੜ ਕੇ ਦੱਸਿਆ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਵਾਕ ਅਰਜਨ ਦੇ ਤੀਰਾਂ ਵਰਗੇ ਹਨ, ਜਿਨ੍ਹਾਂ ਦਾ ਸ੍ਰੇਸ਼ਟ ਜੱਸ ਸਾਰੇ ਜਗਤ ਵਿਚ ਪ੍ਰਗਟ ਹੋ ਰਿਹਾ ਹੈ। ਗੁਰੂ ਜੀ ਸੇਵਕਾਂ ਦੀਆਂ ਬੇਨਤੀਆਂ ਨੂੰ ਸੁਣਦੇ ਹਨ। ਅਜਿਹੇ ਸ੍ਰੀ ਗੁਰੂ ਅਰਜਨ ਦੇਵ ਨੂੰ ਕਵੀ ਸੰਤੋਖ ਸਿੰਘ ਦੀ ਨਮਸਕਾਰ ਹੋਵੇ,
ਅਰਜਨ ਸਰ ਸੇ ਵਾਕ ਜਿਨ
ਬਿਦਤ ਸੁਜਸ ਅਰਜੰਨ।
ਅਰਜਿਨ ਦਾਸਨਿ ਕੀ ਸੁਨਤਿ
ਨਮੋ ਗੁਰੂ ਅਰਜੰਨ।
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਤੀਜੀ ਰਾਸ, ਭਾਗ ਪਹਿਲਾ, ਪੰਨਾ 500)
ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਸਿੱਖ ਪ੍ਰਸੰਗ ਸਾਹਮਣੇ ਲਿਆਉਣ ਵਾਸਤੇ ਹਿੰਦੂ ਅਵਤਾਰ, ਇਸਲਾਮੀ ਪੈਗੰਬਰ ਅਤੇ ਸਿੱਖ ਗੁਰੂ ਦਾ ਨਿਖੇੜ ਵੀ ਕੰਮ ਆ ਸਕਦਾ ਹੈ। ਅਵਤਾਰ ਅਤੇ ਪੈਗੰਬਰ ਵਿਚ ਸਰੀਰ ਦਾ ਪਵਿਤਰੀਕਰਨ ਸ਼ਾਮਲ ਹੈ ਅਤੇ ਗੁਰੂ ਵਾਸਤੇ ਸਰੀਰ ਮਹਿਜ ਮਾਧਿਅਮ ਹੈ, ਸ਼ਬਦ ਗੁਰੂ ਵਿਚੋਂ ਸਰੀਰ ਮਨਫੀ ਹੈ। ਅਵਤਾਰ ਅਤੇ ਪੈਗੰਬਰ ਦੇ ਸਰੀਰ ਨੂੰ ਅਵਤਾਰੀਅਤ ਅਤੇ ਪੈਗੰਬਰੀਅਤ ਨਾਲ ਜੋੜ ਕੇ, ਪਵਿੱਤਰ, ਕਰਾਮਾਤੀ ਅਤੇ ਅਬਿਨਸਨਹਾਰ ਮੰਨਿਆ ਜਾਣਾ ਜ਼ਰੂਰੀ ਹੈ। ਪਰ ਗੁਰੂ ਆਪਣੇ ਸਰੀਰ ਨੂੰ ਆਪ ਹੀ ਬਿਨਸਨਹਾਰ ਸਰੀਰ ਵਜੋਂ ਪ੍ਰਗਟ ਕਰਦੇ ਆਏ ਸਨ। ਗੁਰੂ ਨਾਨਕ ਦੇਵ ਦਾ ਜਿਊਂਦੇ ਜੀਅ ਗੁਰੂ ਅੰਗਦ ਦੇਵ ਨੂੰ ਗੁਰਗੱਦੀ ਸੌਂਪ ਕੇ ਮੱਥਾ ਟੇਕਣ ਨਾਲ ਅਰੰਭ ਹੋਈ ਸਿਧਾਂਤਕੀ ਗੁਰੂ ਗੋਬਿੰਦ ਸਿੰਘ ਦੇ ਸ਼ਬਦਾਂ ਵਿਚ “ਠੀਕਰ ਫੋਰਿ ਦਿਲੀਸ ਸਿਰ ਪ੍ਰਭ ਪੁਰ ਕੀਆ ਪਿਆਨ” ਵਜੋਂ ਪ੍ਰਗਟ ਹੁੰਦੀ ਹੈ। ਇਸ ਨਾਲ ਸਿੱਖ ਸਿਧਾਂਤਕੀ ਦੀ ਇਹ ਪਰਤ ਸਾਹਮਣੇ ਆ ਜਾਂਦੀ ਹੈ ਕਿ ਸਰੀਰ ਦੇ ਅਵਤਾਰੀ ਅਤੇ ਪੈਗੰਬਰੀ ਪ੍ਰਸੰਗ ਦਾ ਭੂਤ ਅਤੇ ਭਵਿੱਖ ਨਾਲ ਜੁੜਿਆ ਇਕ ਸਮਕਾਲ ਤਾਂ ਹੈ ਪਰ ਉਸ ਦਾ ਕੋਈ ਸਦੀਵੀ ਵਰਤਮਾਨ ਨਹੀਂ ਹੈ। ਸਮਕਾਲ ਵਿਚ ਵੀ ਅਵਤਾਰ ਅਤੇ ਪੈਗੰਬਰ, ਕਿਸੇ ਸਮਕਾਲ ਰਹਿਤ ਭੂਤ ਦਾ ਪ੍ਰਤੀਨਿਧ ਹੀ ਰਹਿੰਦੇ ਹਨ। ਗੁਰੂ ਨੂੰ ਇਹੋ ਜਿਹਾ ਕੋਈ ਬੰਧਨ ਨਹੀਂ ਹੈ ਕਿਉਂਕਿ ਗੁਰੂ ਆਪਣੇ ਹਰ ਸਮਕਾਲ ਵਿਚ ਸ਼ਬਦ ਗੁਰੂ ਵਜੋਂ ਜੋਤਿ ਅਤੇ ਜੁਗਤਿ ਦਾ ਸਦੀਵੀ ਸ੍ਰੋਤ ਰਹਿੰਦਾ ਹੈ। ਇਸ ਨਾਲ ਜਗਿਆਸੂ ਨੂੰ ਭੂਤ ਦੇ ਭੈਅ ਅਤੇ ਭਵਿੱਖ ਦੇ ਲਾਰੇ ਤੋਂ ਮੁਕਤ ਹੋ ਸਕਣ ਦੀ ਸੰਭਾਵਨਾ ਨੂੰ ਜੀਵਨ-ਮੁਕਤ ਆਖਿਆ ਗਿਆ ਹੈ। ਇਸੇ ਕਰਕੇ ਸਿੱਖ ਧਰਮ ਹਰ ਸਮਕਾਲ ਦਾ ਧਰਮ ਹੋ ਗਿਆ ਹੈ। ਧਰਮ ਦੇ ਸੱਚ ਨੂੰ ਕਿਸੇ ਵੀ ਸਮਕਾਲ ਵਿਚ ਸਥਾਪਤ ਕਰਨ ਵਾਸਤੇ ਜਿਸ ਹੱਦ ਤੱਕ ਜਾਇਆ ਜਾ ਸਕਦਾ ਹੈ, ਉਸੇ ਦੀ ਰੋਸ਼ਨੀ ਵਿਚ ਪੰਚਮ ਪਾਤਸ਼ਾਹ ਦੀ ਸ਼ਹੀਦੀ ਨੂੰ ਵੇਖਿਆ ਜਾਣਾ ਚਾਹੀਦਾ ਹੈ। ਇਹੀ ਗੁਰੁ ਸੁਰਤਿ ਵਿਚ ਜਿਊਣਾ ਹੈ ਅਤੇ ਸ਼ਬਦ ਗੁਰੂ ਦੀ ਅਗਵਾਈ ਵਿਚ ਸਿੱਖ ਸਮਕਾਲ ਨੂੰ ਘੜਿਆ ਜਾਣਾ ਹੈ। ਸਿੱਖ ਅਮਲ ਵਿਚੋਂ ਜਿੰਨੀ ਨਿਜੀ ਹੈਸੀਅਤ ਘਟਦੀ ਜਾਏਗੀ, ਉਨੀ ਹੀ ਸਿੱਖੀ, ਕੇਸਾਂ ਸੁਆਸਾਂ ਸੰਗ ਨਿਭਦੀ ਜਾਏਗੀ। ਸਿੱਖ ਵਚਨਬੱਧਤਾ ਵਿਚ ਗੁਰੂ ਅੰਗ-ਸੰਗ ਰਹਿੰਦਾ ਹੈ। ਇਸ ਦਾ ਸੰਗਤੀ ਪ੍ਰਗਟਾਵਾ ਪੰਥਕਤਾ ਹੈ ਅਤੇ ਕਿਸੇ ਵੀ ਸਮਕਾਲ ਦੀ ਸਾਂਝੀ-ਸਮਝ, ਗੁਰਮਤਾ ਹੈ। ਇਸ ਦਾ ਸ੍ਰੋਤ ਕਿਸੇ ਨ ਕਿਸੇ ਰੂਪ ਵਿਚ ਗੁਰਬਾਣੀ ਹੈ ਅਤੇ ਇਸ ਦੇ ਪ੍ਰਗਟਾਵਿਆਂ ਵਿਚ ਰੋਲ ਮਾਡਲ ਹੋ ਜਾਣ ਦਾ ਇਕ ਪ੍ਰਗਟਾਵਾ ਗੁਰੂ ਅਰਜਨ ਦੇਵ ਦੀ ਸ਼ਹੀਦੀ ਹੈ। ਇਸ ਨਾਲ ਮਾਨਸ ਜਨਮ ਦੀਆਂ ਉਤਮ-ਜੋਨੀ (ਦੁਰਲਭ) ਹੋਣ ਦੀਆਂ ਪਰਤਾਂ ਖੁਲ੍ਹ ਸਕਦੀਆਂ ਹਨ। ਇਸੇ ਉਤਮ ਜੋਨੀ ਦੀ ਇਕ ਬਿਨਸਨਹਾਰ ਪਰਤ “ਕਰਤੂਤ ਪਸੂ ਕੀ” ਵੀ ਹੈ। ਇਸ ਨਾਲ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਮੌਕੇ ਦੀ ਸੰਭਾਲ ਸ਼ਹੀਦੀ ਹੈ ਅਤੇ ਮੌਕੇ ਦਾ ਫਿਸਲ ਜਾਣਾ ਬੁਜ਼ਦਿਲੀ ਹੈ। ਇਸ ਨੂੰ ਇਕ ਸ਼ਾਇਰ ਨੇ “ਲਮਹੋਂ ਨੇ ਖਤਾ ਖਾਈ, ਸਦੀਉਂ ਨੇ ਸਜ਼ਾ ਪਾਈ” ਕਿਹਾ ਹੈ। ਇਸ ਦਾ ਬਾਣੀ ਪ੍ਰਸੰਗ “ਦਾਗੇ ਹੋਇ ਸੋ ਰਣ ਮਹਿ ਜੂਝਹਿ, ਬਿਨ ਦਾਗੇ ਭਗ ਜਾਹੀਂ” ਨਾਲ ਸਥਾਪਤ ਕੀਤਾ ਜਾ ਸਕਦਾ ਹੈ। ਸਿਆਸੀ ਸ਼ਹੀਦ ਜਿਵੇਂ ਭਗਤ ਸਿੰਘ, ਸਭਿਆਚਾਰਕ ਸ਼ਹੀਦ ਜਿਵੇਂ ਦੁੱਲਾ ਭੱਟੀ ਅਤੇ ਧਾਰਮਿਕ ਸ਼ਹੀਦ ਜਿਵੇਂ ਵੀਰ ਹਕੀਕਤ ਰਾਏ ਨਾਲੋਂ ਨਿਖੇੜ ਕੇ ਸਿੱਖ ਸ਼ਹੀਦਾਂ ਨੂੰ ਸਾਹਮਣੇ ਲਿਆਉਣ ਦਾ ਅਕਾਦਮਿਕ ਪ੍ਰਸੰਗ ਉਸਾਰੇ ਜਾਣ ਦੀ ਲੋੜ ਹੈ। ਇਸੇ ਨੂੰ ਸ਼ਹੀਦੀ ਸ੍ਰੋਤ ਅਤੇ ਸ਼ਹੀਦੀ ਪ੍ਰਸੰਗ ਦੀ ਧੁਰੋਹਰ ਵਜੋਂ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।