ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
“ਰੱਬ ਹੈ ਕਿਥੇ ਨਹੀਂæææ? ਤੁਹਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਐ ਜੀæææਦੇਖੋ ਤਾਂ, ਧੰਨੇ ਨੇ ਪੱਥਰ ਵਿਚੋਂ ਹੀ ਪ੍ਰਗਟ ਕਰ ਲਿਆ ਸੀ ਰੱਬ ਨੂੰ।”
ਅਕਸਰ ਹੀ ਕੰਨੀਂ ਪੈਂਦਾ ਇਹ ਫਿਕਰਾ, ਜਾਪਦਾ ਹੈ ਕਿ ਸਾਡੇ ਲੋਕਾਂ ਦੇ ਧੁਰ ਅੰਦਰ ਵੱਸਿਆ ਹੋਇਆ ਹੈ। ਜਦ ਕਿਤੇ ਦੋਂਹ-ਚਹੁੰ ਜਣਿਆਂ ਵਿਚ ਕੋਈ ਗਿਆਨਵਾਨ ਬੰਦਾ ਮੂਰਤੀ ਪੂਜਾ ਜਾਂ ਕਬਰਾਂ ਜਠੇਰਿਆਂ ਉਤੇ ਮੱਥੇ ਰਗੜਨ ਨੂੰ ਫੋਕਟ ਕਰਮ ਦੱਸ ਰਿਹਾ ਹੋਵੇ, ਤਾਂ ਲਾਗਿਉਂ ਕੋਈ ਨਾ ਕੋਈ ਅਕਲ ਦਾ ਧਨੀ ਮਾਈ-ਭਾਈ ਉਕਤ ਵਾਕ ਦਾ ਠਾਹ ਸੋਟਾ ਮਾਰ ਹੀ ਦਿੰਦਾ ਹੈ।
ਧੰਨੇ ਵਾਲੀ ਮਿਸਾਲ ਦੇ ਕੇ ਆਪਣੇ ਚਿੱਤੋਂ ਉਹ ‘ਅੰਤਮ ਸੱਚ’ ਹੀ ਕਹਿ ਦਿੰਦਾ ਹੈ। ਪੱਥਰ ਵਿਚੋਂ ਰੱਬ ਪਾਉਣ ਵਾਲੀ ‘ਸਾਖੀ’ ਕੋਈ ਹੋਰ ਸੁਣਾਵੇ ਤਾਂ ਰੰਜ ਨਹੀਂ ਹੁੰਦਾ, ਪਰ ਜਦ ਕੋਈ ਗੁਰਦੁਆਰੇ ਜਾਣ ਵਾਲਾ, ਕਥਾ ਕੀਰਤਨ ਸੁਣਨ ਵਾਲਾ ਅਤੇ ਘਰ ਵਿਚ ਗੁਰਬਾਣੀ ਦੇ ਪਾਠ ਕਰਵਾਉਣ ਵਾਲਾ ਸਿੱਖ ਇਹ ਕਹੇ ਤਾਂ ਹੈਰਾਨੀ ਵੀ ਹੁੰਦੀ ਹੈ ਤੇ ਗਿਲਾਨੀ ਵੀ ਆਉਂਦੀ ਹੈ।
ਇਹ ਸੱਚ ਹੈ ਕਿ ਜਦ ਕਿਸੇ ਇਤਿਹਾਸਕ ਸ਼ਖਸੀਅਤ ਦਾ ਬਜਾਤੇ-ਖੁਦ ਲਿਖਿਆ ਹਲਫ਼ੀਆ ਬਿਆਨ ਮੌਜੂਦ ਹੋਵੇ, ਤਾਂ ਉਹਦੇ ਬਾਰੇ ਆਮ ਲੋਕਾਈ ਵਿਚ ਪ੍ਰਚਲਿਤ ਦੰਦ ਕਥਾਵਾਂ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ। ਉਸ ਦੀ ਆਪਣੀ ਲਿਖਤ ਨੂੰ ਅਣਡਿੱਠ ਕਰ ਕੇ, ਉਹਦੇ ਬਾਰੇ ਅਟਕਲ-ਪੱਚੂ ਖੜ੍ਹੇ ਕਰਨ ਨੂੰ ਬੌਧਿਕ ਬੇਈਮਾਨੀ ਹੀ ਕਿਹਾ ਜਾਣਾ ਚਾਹੀਦਾ ਹੈ। ਬਿਲਕੁਲ ਇਹੀ ਪੈਮਾਨਾ ਭਗਤ ਧੰਨਾ ਜੀ ਵੱਲੋਂ ਪੱਥਰ ਵਿਚੋਂ ਭਗਵਾਨ ਪ੍ਰਗਟ ਕਰ ਦੇਣ ਵਾਲੀ ਕਥਾ ਬਣਾਉਣ ਵਾਲਿਆਂ ਅਤੇ ਸੱਚ ਮੰਨਣ/ਜਾਨਣ ਵਾਲਿਆਂ ਉਤੇ ਲਾਗੂ ਹੁੰਦਾ ਹੈ। ਅਸਲੀਅਤ ਲੁਕਾ ਕੇ ਪੱਥਰ ਵਿਚੋਂ ਭਗਵਾਨ ਪਾਉਣ ਦੀ ਗੱਪ-ਗਾਥਾ ਕਿਨ੍ਹਾਂ ਨੇ, ਕਦੋਂ ਤੇ ਕਿਉਂ ਘੜੀ? ਇਨ੍ਹਾਂ ਸਵਾਲਾਂ ਦਾ ਜਵਾਬ ਸੁਣਨ ਤੋਂ ਪਹਿਲਾਂ ਭਗਤ ਧੰਨਾ ਜੀ ਦੀ ਆਪਣੀ ਲਿਖਤ ਵਾਚੀਏ ਕਿ ਉਨ੍ਹਾਂ ਨੇ ਰੱਬ ਪਾਉਣ ਦਾ ਕੀ ਤਰੀਕਾ ਵਰਤਿਆ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 487-88 ਉਤੇ ਭਗਤ ਧੰਨਾ ਜੀ ਦੀ ਬਾਣੀ ਦਰਜ ਹੈ। ਪਹਿਲੇ ਸ਼ਬਦ ਵਿਚ ਧੰਨਾ ਜੀ ਸਪਸ਼ਟ ਕਹਿੰਦੇ ਨੇ,
ਧੰਨੈ ਧਨੁ ਪਾਇਆ ਧਰਣੀਧਰੁ
ਮਿਲਿ ਜਨ ਸੰਤ ਸਮਾਨਿਆ॥
ਇਸੇ ਆਸਾ ਰਾਗ ਵਿਚ ਉਚਾਰੇ ਇਸ ਸ਼ਬਦ ਦੇ ਨਾਲ ਹੀ ਪੰਜਵੇਂ ਗੁਰੂ ਜੀ ਨੇ ਧੰਨਾ ਜੀ ਦੀ ਰੱਬ ਪ੍ਰਾਪਤੀ ਨੂੰ ਜ਼ਰਾ ਹੋਰ ਖੋਲ੍ਹ ਕੇ ਸਪਸ਼ਟ ਕਰਦਿਆਂ ਉਨ੍ਹਾਂ ਭਗਤਾਂ ਦੇ ਨਾਂ ਲਿਖੇ ਹਨ ਜਿਨ੍ਹਾਂ ਦੀ ਉਸਤਤਿ ਸੁਣ ਕੇ ਧੰਨਾ ਜੀ ਨੂੰ ਪ੍ਰਭੂ ਨੂੰ ਮਿਲਣ ਦੀ ਚਾਹਤ ਪੈਦਾ ਹੋਈ। ਪੰਜਵੇਂ ਗੁਰੂ ਜੀ ਧੰਨੇ ਬਾਬਤ ਲਿਖਦੇ ਨੇ ਕਿ ਨਾਮ ਦੇਉ, ਕਬੀਰ, ਰਵਿਦਾਸ ਅਤੇ ਸੈਨ ਭਗਤ ਦੀਆਂ ਮਿਸਾਲਾਂ ਉਸ ਦੇ ਸਾਹਮਣੇ ਆਈਆਂ ਤਾਂ,
ਇਹ ਬਿਧਿ ਸੁਨਿ ਕੈ ਜਾਟਰੋ
ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥
ਸਿਤਮ ਦੀ ਗੱਲ ਹੈ ਕਿ ਧੰਨਾ ਜੀ ਦੀ ਖੁਦ ਦੀ ਅਤੇ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਦੀ ਲਿਖਤ ਵੱਲ ਧਿਆਨ ਨਾ ਦੇ ਕੇ ਭਾਈ ਗੁਰਦਾਸ ਜੀ ਦੀ ਦਸਵੀਂ ਵਾਰ ਦੀ ਤੇਈਵੀਂ ਪਉੜੀ ਸੁਣਾਉਣ ਬਹਿ ਜਾਂਦੇ ਨੇ ਕਈ ‘ਖਰੜ ਗਿਆਨੀ,’
ਬ੍ਹਾਮਣ ਪੂਜੈ ਦੇਵਤੇ
ਧੰਨਾ ਗਊ ਚਰਾਵਣ ਆਵੈ।
ਧੰਨੈ ਡਿਠਾ ਚਲਿਤ ਏਹੁ
ਪੁੱਛੈ ਬ੍ਹਾਮਣ ਆਖਿ ਸੁਣਾਵੈ।
ਠਾਕੁਰ ਦੀ ਸੇਵਾ ਕਰੈ ਜੋ
ਇੱਛੈ ਸੋਈ ਫਲ ਪਾਵੈ।
ਧੰਨਾ ਕਰਦਾ ਜੋਦੜੀ
ਮੈਂ ਭਿ ਦੇਹ ਇਕ ਜੇ ਤੁਧ ਭਾਵੈ।
ਪੱਥਰ ਇਕ ਲਪੇਟਿ ਕਰਿ
ਦੇ ਧੰਨੇ ਨੋ ਗੈਲ ਛੁਡਾਵੈ।
ਠਾਕੁਰ ਲੋ ਨ੍ਹਾਵਾਲਿਕੈ
ਛਾਹਿ ਰੋਟੀ ਲੈ ਭੋਗ ਚੜ੍ਹਾਵੈ।
ਹਥਿ ਜੋੜਿ ਮਿਨਤਾਂ ਕਰੈ
ਪੈਰੀਂ ਪੈ ਪੈ ਬਹੁਤ ਮਨਾਵੈ।
æææ æææ æææ
ਭੋਲਾ ਭਾਉ ਗੋਬਿੰਦ ਮਿਲਾਵੈ।
ਯਾਦ ਰਹੇ, ਭਾਈ ਗੁਰਦਾਸ ਜੀ ਨੇ ਇਹ ਪਉੜੀ ਦਸਵੀਂ ਵਾਰ ਵਿਚ ਉਥੇ ਲਿਖੀ ਹੋਈ ਹੈ ਜਿਥੇ ਉਨ੍ਹਾਂ ਭਗਤ ਧੰਨਾ ਜੀ ਜਿਹੀ ਇਤਿਹਾਸਕ ਰੂਹਾਨੀ ਸ਼ਖ਼ਸੀਅਤ ਸਮੇਤ ਲਗਭਗ ਅਠਾਈ ਭਗਤਾਂ ਦੀਆਂ ਜੀਵਨ ਕਥਾਵਾਂ ਲਿਖੀਆਂ ਹਨ। ਇਨ੍ਹਾਂ ਵਿਚ ਬਹੁਤੇ ਮਿਥਿਹਾਸਕ ਪਾਤਰ ਹਨ। ਇਸੇ ਕਰ ਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਸੰਪਾਦਨ ਕਰਦਿਆਂ ਭਾਈ ਵੀਰ ਸਿੰਘ ਨੇ ਦਸਵੀਂ ਵਾਰ ਵਾਲੇ ਸਫ਼ੇ ਹੇਠਾਂ ਫੁਟਨੋਟ ਵਿਚ ਸਪਸ਼ਟ ਲਿਖਿਆ ਹੈ,
“æææਇਸ ਵਾਰ ਵਿਚ ਲੋਕ ਪ੍ਰਸਿੱਧ ਕਥਾਵਾਂ ਦ੍ਰਿਸ਼ਟਾਂਤ ਦੇ ਢੰਗ ਪੁਰ ਕਹੀਆਂ ਹਨæææਭਾਈ ਸਾਹਿਬ ਜੀ ਇਤਿਹਾਸ ਨਹੀਂ ਲਿਖ ਰਹੇæææਦ੍ਰਿਸ਼ਟਾਂਤ ਦੇ ਕੇ ਆਪਣੇ ਉਪਦੇਸ਼ ਨੂੰ ਪ੍ਰਕਾਸ਼ ਕਰਦੇ ਹਨ।æææਪ੍ਰਸਿੱਧ ਕਥਾਵਾਂ ਨੂੰ ਉਪਦੇਸ਼ ਮਾਤ੍ਰ ਕਹਿਣਾ, ਕਰਤਾ ਨੂੰ ਇਤਿਹਾਸਕ ਸੱਤਯਤਾ ਦਾ ਜ਼ਿੰਮੇਵਾਰ ਵੀ ਨਹੀਂ ਠਹਿਰਾਉਂਦਾ। ਉਹ ਪੱਖ ਜੁਦਾ ਹੈ, ਇਹ ਪੱਖ ਜੁਦਾ ਹੈ, ਪਾਠਕ ਜਨ ਰਲਾ-ਮਿਲਾ ਕੇ ਰੌਲੇ ਵਿਚ ਨਾ ਪੈ ਜਾਣ।”
ਕਿਸੇ ਵੀ ਗ੍ਰੰਥ ਜਾਂ ਪੁਸਤਕ ਵਿਚ ਗੁਰੂ-ਰੀਤੀ ਵਿਰੁੱਧ ਕਿਸੇ ਤਰ੍ਹਾਂ ਦੇ ਸੰਸਕਾਰਾਂ ਦਾ ਹੋਣਾ ਲਿਖਿਆ ਹੋਵੇ, ਉਹ ਮੰਨਣਯੋਗ ਨਹੀਂ, ਕਿਉਂਕਿ ਗੁਰਬਾਣੀ ਤੋਂ ਵਧ ਕੇ ਸਾਡੇ ਮੱਤ ਵਿਚ ਕੋਈ ਪੁਸਤਕ ਸ਼ਰਧਾਯੋਗ ਨਹੀਂ। ਇਹ ਟੂਕ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਆਪਣੀ ਪ੍ਰਸਿੱਧ ਪੁਸਤਕ ‘ਹਮ ਹਿੰਦੂ ਨਹੀ’ ਦੇ ਸਫ਼ਾ 117 ‘ਤੇ ਲਿਖੀ ਹੋਈ ਹੈ। ਇਸੇ ਪੁਸਤਕ ਦੇ ਸਫ਼ਾ 15 ਉਤੇ ਮਨ-ਮਤੀਆਂ ਵੱਲੋਂ ਗੁਰਮਤਿ ਫਲਸਫੇ ਵਿਚ ਘੁਸੇੜੇ ਜਾ ਰਹੇ ਥੋਥੇ ਕਰਮ ਕਾਂਡ ਅਤੇ ਥੋਪੀਆਂ ਜਾ ਰਹੀਆਂ ਬਿਬੇਕ-ਵਿਹੂਣ ਕਥਾ ਕਹਾਣੀਆਂ ਦਾ ਵਿਸ਼ਲੇਸ਼ਣ ਕਰਨ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਕਸਵੱਟੀ ਮੰਨਣ ਦੀ ਤਾਕੀਦ ਕੀਤੀ ਗਈ ਹੈ,
“ਸਿਧਾਂਤ ਏਹ ਹੈ ਕਿ ਜੋ ਪ੍ਰਮਾਣ ਗੁਰਬਾਣੀ ਸੰਮਤ ਹੈ, ਉਹੀ ਮੰਨਣਯੋਗ ਹੈ, ਔਰ ਜੋ (ਗੁਰਬਾਣੀ ਤੋਂ) ਵਿਰੁੱਧ ਹੈ, ਉਸ ਦਾ ਸਰਬਥਾ ਤਿਆਗ ਹੈ।”
ਇਉਂ ਜਾਪਦਾ ਹੈ, ਜਿਵੇਂ ਉਕਤ ਨਿਰਣੇਜਨਕ ਕਥਨ, ਭਾਈ ਨਾਭਾ ਜੀ ਨੇ ਚੌਥੇ ਗੁਰੂ ਜੀ ਦੀਆਂ ਇਹ ਤੁਕਾਂ ਪੜ੍ਹ ਕੇ ਲਿਖਿਆ ਹੋਵੇ,
ਸਭਸੈ ਊਪਰਿ ਗੁਰ ਸਬਦੁ ਬੀਚਾਰੁ॥
ਹੋਰ ਕਥਨੀ ਬਦਉ ਨ ਸਗਲੀ ਛਾਰੁ॥ (ਅੰਗ 904)
ਸਿੱਖ ਧਰਮ ਵਿਚ ਇਕ ਹੋਰ ਵੱਡੇ ਭਰਮ-ਭੁਲੇਖੇ ਵਾਲੀ ਗੱਲ ਪ੍ਰਚਲਿਤ ਹੈ, ਅਖੇ ਦਸਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਕੋਈ ਮੁਸਲਮਾਨ ਏਨੀਆਂ ਕਸਮਾਂ ਵੀ ਚੁੱਕ ਲਵੇ, ਜਿੰਨੇ ਤੇਲ ਨਾਲ ਲਿਬੜੀ ਬਾਂਹ ਨੂੰ ਤਿਲ ਲੱਗ ਜਾਣ, ਤਾਂ ਵੀ ਉਸ ਦਾ ਇਤਬਾਰ ਨਹੀਂ ਕਰਨਾ। ਹੈਰਾਨੀ ਦੀ ਗੱਲ ਹੈ ਕਿ ਮੁੱਢੋਂ-ਸੁੱਢੋਂ ਹੀ ਗਲਤ ਅਤੇ ਕਿਸੇ ਇਸਲਾਮ ਦੋਖੀ ਵਲੋਂ ਘੜੀ ਗਈ ਇਸ ਬੇਹੂਦਾ ‘ਨਸੀਹਤ’ ਨੂੰ ਵੀ ਸਾਡੇ ਸਿੱਖ ਭਰਾ ਸੀਨਾ-ਬ-ਸੀਨਾ ਸਾਂਭੀ ਫਿਰਦੇ ਨੇ ਅਤੇ ਕਿਸੇ ਸਿੱਕੇਬੰਦ ਸੱਚਾਈ ਵਾਂਗ ਬੋਲਦੇ ਸੁਣਦੇ ਰਹਿੰਦੇ ਨੇ। ਕਪਟ ਅਤੇ ਈਰਖਾ ਨਾਲ ਲਬਾ-ਲਬ ਹਦਾਇਤ ਨੂੰ ਸੁਚੱਜੀ ਸਮਝਣ ਵਾਲੇ ਮਾਈ-ਭਾਈ ਕਦੀ ਸੋਚਦੇ ਹੀ ਨਹੀਂ ਕਿ ਪੀਰ ਬੁੱਧੂ ਸ਼ਾਹ, ਕੋਟਲਾ ਨਿਹੰਗ ਵਾਲੇ ਪਠਾਣ ਅਤੇ ਮਾਛੀਵਾੜੇ ਦੇ ਗਨੀ ਖਾਂ ਨਬੀ ਖਾਂ ਜਿਹੇ ਮੁਸਲਮਾਨਾਂ ਨਾਲ ਰੂਹਾਨੀ ਦੋਸਤੀ ਰੱਖਣ ਵਾਲੇ ਸ੍ਰੀ ਦਸਮੇਸ਼ ਪਿਤਾ, ਕਦੇ ਅਜਿਹੀ ਵਿਤਕਰੇ ਵਾਲੀ ਗੱਲ ਕਹਿ ਸਕਦੇ ਸਨ? ਜਿਸ ਗੁਰੂ ਨੇ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥’ ਦੀ ਸਦ ਲਾ ਰਹੀ ਇਲਾਹੀ ਬਾਣੀ ਨੂੰ ਜੁੱਗੋ ਜੁੱਗ ਅਟੱਲ ਇਸ਼ਟ ਥਾਪਿਆ ਹੋਵੇ, ਭਲਾ ਉਹ ਕਿਸੇ ਫਿਰਕੇ ਨੂੰ ਵੈਰ ਭਾਵਨਾ ਵਾਲੇ ਬਚਨ ਕਹਿ ਸਕਦੇ ਹਨ? ਦੇਖਾ-ਦੇਖੀ ਅਜਿਹੀਆਂ ਮਨਘੜਤ ਗੱਲਾਂ ਨੂੰ ਗੁਰੂ ਸਾਹਿਬ ਨਾਲ ਜੋੜਨਾ ਸਿੱਖ ਫ਼ਿਲਾਸਫੀ ਦੀ ਨਿਰਾਦਰੀ ਤੁਲ ਹੀ ਹੈ।
ਮੈਂ ਆਪਣੇ ਪਿੰਡ ਕਿਸੇ ਦੇ ਘਰੇ ਅਖੰਡ ਪਾਠ ਦੇ ਭੋਗ ‘ਤੇ ਗਿਆ ਹੋਇਆ ਸਾਂ। ਸਮਾਪਤੀ ਤੋਂ ਬਾਅਦ ਗੁਰੂ ਮਹਾਰਾਜ ਦੀ ਤਾਬਿਆ ਬੈਠਾ ਗ੍ਰੰਥੀ ਆਪਣਾ ਪ੍ਰਸ਼ਾਦ ਵਾਲਾ ਕੌਲਾ ਪਾਲਕੀ ਹੇਠੋਂ ਚੁਕ ਕੇ ਮੇਰੇ ਲਾਗੇ ਆ ਬੈਠਾ। ਪ੍ਰਸ਼ਾਦ ਵਰਤਾਵੇ ਨੇ ਉਸ ਦੇ ਕੌਲੇ ਵਿਚ ਗੱਫਾ ਕੁਝ ਵਾਧੂ ਹੀ ਰੱਖਿਆ ਹੋਇਆ ਸੀ। ਕੌਲੇ ਵਿਚੋਂ ਥੋੜ੍ਹਾ ਜਿਹਾ ਪ੍ਰਸ਼ਾਦ ਚੁੱਕ ਕੇ ਉਹ ਮੇਰੇ ਇਕ ਪਾਸੇ ਬੈਠੇ ਸਿੰਘ ਨੂੰ ਦੇਣ ਲੱਗਾ, ਤਾਂ ਮੋਹਰਿਉਂ ਸਿੰਘ ਪ੍ਰਸ਼ਾਦ ਲੈਣ ਤੋਂ ਇਨਕਾਰ ਕਰਦਿਆਂ ਬੋਲਿਆ, “ਨਾ ਜੀ ਨਾ!æææਇਹ ਪ੍ਰਸ਼ਾਦ ਤਾਂ ਤੁਸੀਂ ਹੀ ਛਕ ਸਕਦੇ ਐਂ, ਅਸੀਂ ਨਹੀਂ।”
ਮੈਂ ਹੈਰਾਨ ਹੁੰਦਿਆਂ ਪੁਛਿਆ, “ਤੂੰ ਕਿਉਂ ਨਹੀਂ ਛਕ ਸਕਦਾ ਇਹ ਪ੍ਰਸ਼ਾਦ ਭਾਈ ਸਿੰਘਾ?”
“ਲਓ ਜੀ, ਇਹ ਮ੍ਹਾਰਾਜ ਦਾ ਪ੍ਰਸ਼ਾਦ ਹੁੰਦਾ ਐ, ਅਸੀਂ ਭਲਾ ਕਿਵੇਂ ਖਾ ਸਕਦੇ ਹਾਂ?” ਉਹਦਾ ਜਵਾਬ ਸੁਣ ਕੇ ਮੈਂ ਮੱਥੇ ‘ਤੇ ਹੱਥ ਮਾਰਿਆ।
ਸਿੱਖ ਧਰਮ ਦੀਆਂ ਆਮ ਰਹੁ-ਰੀਤਾਂ ਤੋਂ ਵੀ ਸਿਰੇ ਦੀ ਅਗਿਆਨਤਾ ਭਰੀ ਇਸ ਘਟਨਾ ਤੋਂ ਬਾਅਦ ਮੈਂ ਆਪਣੇ ਪਿੰਡ ਤੋਂ ਇਲਾਵਾ ਲਾਗ-ਪਾਸ ਦੇ ਪਿੰਡਾਂ ਵਿਚ ਵੀ ਹੋਣ ਵਾਲੇ ਕੁਝ ਧਾਰਮਿਕ ਪ੍ਰੋਗਰਾਮਾਂ ਵਿਚ ਹਾਜ਼ਰ ਹੋ ਕੇ ਪ੍ਰਸ਼ਾਦ ਵਰਤਾਉਣ ਦੀ ਪਰੰਪਰਾ ਬਾਰੇ ਸਮਝਾਉਂਦਾ ਰਿਹਾ। ਤਕਰੀਬਨ ਹਰ ਥਾਂ ਹੀ ਤਾਬਿਆ ਬੈਠੇ ਗ੍ਰੰਥੀ ਸਿੰਘ ਲਈ ਰੱਖੇ ਜਾਣ ਵਾਲੇ ਕੜਾਹ ਪ੍ਰਸ਼ਾਦ ਨੂੰ ਮਹਾਰਾਜ ਦਾ ਪ੍ਰਸ਼ਾਦ ਹੀ ਮੰਨਿਆ ਜਾ ਰਿਹਾ ਸੀ। ਪੰਜਾਹਾਂ-ਸੱਠਾਂ ਨੂੰ ਢੁੱਕੇ ਕਈ ‘ਸਿੰਘ’ ਵੀ ਮੈਨੂੰ ਦੱਸ ਰਹੇ ਸਨ ਕਿ ਸਾਨੂੰ ਤਾਂ ਅੱਜ ਪਤਾ ਲੱਗਾ ਕਿ ਮੰਜੀ ਸਾਹਿਬ ਥੱਲੇ ਰੱਖਿਆ ਜਾਂਦਾ ਪ੍ਰਸ਼ਾਦ ਚੌਰ ਦੀ ਸੇਵਾ ਕਰ ਰਹੇ ਗ੍ਰੰਥੀ ਸਿੰਘ ਦਾ ਗੱਫ਼ਾ ਹੁੰਦਾ ਹੈ, ਕਿਉਂਕਿ ਪ੍ਰਸ਼ਾਦ ਵਰਤਾਏ ਜਾਣ ਵੇਲੇ ਉਹ ਪ੍ਰਸ਼ਾਦ ਨਹੀਂ ਲੈ ਸਕਦਾ।
ਸਿੱਖ ਧਰਮ ਵਿਚ ਆ ਵੜੇ ਭਰਮ-ਭੁਲੇਖਿਆਂ ਦੀਆਂ ਇਹ ਤਾਂ ਕੁਝ ਕੁ ਵੰਨਗੀਆਂ ਹੀ ਹਨ। ਪਿੰਡਾਂ ਥਾਂਵਾਂ ਵਿਚ ਜਾ ਕੇ ਪਤਾ ਲਗਦਾ ਹੈ ਕਿ ਕੀ ਦਾ ਕੀ ਬਣਿਆ ਹੋਇਆ ਹੈ। ਸਾਡੇ ਲਾਗੇ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ‘ਮਰਯਾਦਾ ਬਣਾਈ’ ਹੋਈ ਹੈ ਕਿ ਜਿਹੜਾ ਵੀ ਕੋਈ ਪੰਜ ਸੌ ਰੁਪਏ ਗੁਰਦੁਆਰੇ ਨੂੰ ਦੇਵੇ, ਉਸ ਨੂੰ ਸਿਰੋਪਾ ਭੇਟ ਕੀਤਾ ਜਾਂਦਾ ਹੈ। ਉਥੇ ਕਈ ਵਾਰ ਅਜਿਹਾ ਵੀ ਸੁਣਿਆ ਹੈ ਕਿ ਪੰਜ ਸੌ ਰੁਪਏ ਦੇਣ ਵਾਲੇ ਕਈ ਦਾਨੀ ਸੱਜਣ ਪ੍ਰਬੰਧਕਾਂ ਨਾਲ ਲੜਦੇ ਨੇ ਕਿ ਉਨ੍ਹਾਂ ਨੂੰ ਸਿਰੋਪਾ ਦੇਣ ਤੋਂ ਜਾਣ-ਬੁੱਝ ਕੇ ਅਣਗੌਲਿਆ ਗਿਆ ਹੈ। ਇਕ ਪਿੰਡ ਦੇ ਗੁਰਦੁਆਰੇ ਵਿਚ ਨਿਸ਼ਾਨ ਸਾਹਿਬ ਦੇ ਥੜ੍ਹੇ ਦੇ ਆਲੇ-ਦੁਆਲੇ ਹਨੂੰਮਾਨ, ਸ਼ਿਵ-ਪਾਰਬਤੀ ਅਤੇ ਦੇਵੀਆਂ ਆਦਿ ਦੀਆਂ ਮੂਰਤਾਂ ਵਾਲੀਆਂ ਪਲੇਟਾਂ ਜੜੀਆਂ ਹੋਈਆਂ ਵੀ ਦੇਖੀਆਂ। ਈਸਬਗੋਲ ਤੇ ਕੁਝ ਨਾ ਫੋਲ!
ਗੁਰੂ ਨਾਨਕ ਸਾਹਿਬ ਦੇ ਸਾਜੇ ਨਿਰਮਲ ਪੰਥ ਦੇ ਵਿਹੜਿਆਂ ਵਿਚ ਅਹਿ ਕੁਝ ਦੇਖਦਿਆਂ ਭਗਤ ਕਬੀਰ ਦਾ ਸਲੋਕ ਯਾਦ ਆਉਂਦਾ ਹੈ,
ਕਬੀਰ ਸਾਚਾ ਸਤਿਗੁਰੁ ਕਿਆ ਕਰੈ
ਜਉ ਸਿਖਾ ਮਹਿ ਚੂਕ॥
ਅੰਧੇ ਏਕ ਨ ਲਾਗਈ
ਜਿਉ ਬਾਂਸੁ ਬਜਾਈਐ ਫੂਕ॥