ਜਾਦੂਗਰ ਵੀ ਕਹਿੰਦੇ ਨੇ ਇੱਦਾਂ ਹੋ ਤਾਂ ਨਹੀਂ ਸਕਦਾ ਪਰæææ

ਜਿਹੜੇ ਸੈਰ ਕਰਨ ਵੇਲੇ ਵੀ ਗੱਲਾਂ ਕਰੀ ਜਾਂਦੇ ਨੇ, ਉਨ੍ਹਾਂ ਦੇ ਢਿੱਡ ਦਾ ਅਫਾਰਾ ਤਾਂ ਘਟ ਜਾਂਦੈ, ਪਰ ਵਜ਼ਨ ਨਹੀਂ ਘਟਦਾ। ਇਨ੍ਹਾਂ ਦੀ ਹਾਲਤ ਉਸ ਮੁਟਿਆਰ ਵਰਗੀ ਹੁੰਦੀ ਹੈ ਜਿਸ ਨੇ ਪ੍ਰੇਮ ਵਿਆਹ ਤਾਂ ਸਮਾਜ ਦੀ ਹਿੱਕ ਉਤੇ ਚੜ੍ਹ ਕੇ ਕਰਵਾਇਆ ਹੁੰਦਾ ਹੈ, ਪਰ ਵਿਆਹ ਪਿਛੋਂ ਪਿਆਰ ਨੂੰ ਲਕਵਾ ਮਾਰ ਜਾਂਦਾ ਹੈ।

ਅੱਜ ਕੱਲ੍ਹ ਲਗਦਾ ਨਹੀਂ ਕਿ ਮੁਹੱਬਤ ਕੈਦ ਹੋ ਗਈ ਹੈ ਅਤੇ ਕਾਮ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਦੇ ਮੁਜ਼ਾਹਰੇ ਸੜਕਾਂ, ਬਾਜ਼ਾਰਾਂ ਵਿਚ ਹੋ ਰਹੇ ਹਨ। ਦਿੱਲੀ ਬੱਸਾਂ ਵਿਚ ਵਿਲਕ ਕੇ ਹਟੀ ਹੀ ਤਾਂ ਹੈ। ਹੁਣ ਹਰ ਮਾਂ-ਬਾਪ ਦੀ ਇੱਛਾ ਤੇ ਅਰਦਾਸ ਇਹੋ ਹੈ ਕਿ ਧੀ ਜਦੋਂ ਮੁਕਲਾਵੇ ਤੋਂ ਪਰਤੇ ਤਾਂ ਚਿਹਰੇ ‘ਤੇ ਖੁਸ਼ੀਆਂ ਦੇ ਗੁਲਾਬ ਟਹਿਕਦੇ ਦਿਸਣ। ਵਿਆਹ ਮਗਰੋਂ ਮੁੱਕਦਾ ਹੈ, ਰਿਸ਼ਤੇਦਾਰਾਂ ਨੇ ਹਾਲੇ ਵਿਦਿਆ ਹੋਣਾ ਹੁੰਦਾ ਹੈ; ਧੀ ਦੀਆਂ ਉਦਾਸੀਆਂ ਦਾ ਧੂੰਆਂ ਫਿਕਰਾਂ ਦੀ ਚਿਮਨੀ ਵਿਚੋਂ ਨਿਕਲਣ ਵੀ ਲੱਗ ਪੈਂਦਾ ਹੈ। ਬਹੁਤ ਸਾਰੇ ਲੋਕ ਹਿੱਕ ਠੋਕ ਕੇ ਆਖਣਗੇ, “ਤੇਰੇ ਨਾਲ ਚਟਾਨ ਵਾਂਗ ਖੜ੍ਹੇ ਹਾਂ, ਘਬਰਾ ਨਾ।” ਇਹ ਲੋਕ ਸਿਆਣੇ ਨਹੀਂ, ਉਹ ਨਹੀਂ ਜਾਣਦੇ ਕਿ ਵਕਤ ਨੇ ਬਦਲ ਜਾਣਾ ਹੁੰਦਾ ਹੈ। ਦਿਨ ਅਤੇ ਰਾਤ ਬਣੇ ਹੀ ਇਸ ਕਰ ਕੇ ਹਨ। ਇਕ ਗੀਤ ਦੀਆਂ ਸਤਰਾਂ ਹਨ, ‘ਇਹ ਧਰਤੀ ਘੁੰਮਦੀ ਹੈ, ਕਿਹੜਾ ਇਕ ਜਗ੍ਹਾ ‘ਤੇ ਖੜ੍ਹਦਾ, ਇਥੇ ਰੱਬ ਬਦਲ ਜਾਂਦੈ, ਚੰਗਾ ਰਹਿ ਜੇ ਜਿੰਨਾ ਚਿਰ ਪਰਦਾ।’ ਜ਼ਿੰਦਗੀ ਢਕੀ ਰਹਿਣ ਦਾ ਨਾਂ ਹੀ ਬਾਪੂ ਆਸਾ ਰਾਮ ਸੀ, ਹੁਣ ਲੋਕ ਉਹਨੂੰ ਰਾਮ ਆਸਰਾ ਕਹਿਣ ਤੋਂ ਵੀ ਨੱਕ ਵੱਟ ਰਹੇ ਹਨ। ਜਾਦੂਗਰ ਤਾਂ ਖਾਲੀ ਰੁਮਾਲ ਵਿਚੋਂ ਆਂਡਾ ਕੱਢ ਹੀ ਦਿੰਦਾ ਹੈ, ਸਿਆਸੀ ਲੋਕ ਭਰਿਆ ਖਜ਼ਾਨਾ ਖਾਲੀ ਕਰ ਕੇ ਚੰਗੇ ਬਣ ਰਹੇ ਨੇ; ਸੋਚੋ ਤਾਂ ਸਹੀ, ਵੱਡਾ ਕੌਣ ਹੈ? ਲੱਗਦਾ ਨਹੀਂ, ਤਮਾਸ਼ਾ ਵੇਖਣ ਲਈ ਭੀੜ ਜੁੜ ਗਈ ਹੈ, ਡੁਗ-ਡੁਗੀ ਵੱਜਣ ਲੱਗ ਪਈ ਹੈ ਤੇ ਜਿੱਦਣ ਬੰਸਰੀ ਵੱਜ ਪਈ, ਲੋਕਾਂ ਨੇ ਵੋਟਾਂ ਵਾਲੇ ਡੱਬਿਆਂ ਜਾਂ ਮਸ਼ੀਨਾਂ ਨੂੰ ਲੱਤਾਂ ਮਾਰ ਕੇ ਚੋਣ ਨਿਸ਼ਾਨ ਕੁੱਟਣੇ ਨੇ, ਪਰ ਹਾਲੇ ਪਤਾ ਨਹੀਂ ਕਿਉਂਕਿ ਜਾਦੂ ਦਾ ਸ਼ਿਕਾਰ ਜੇ ਮੇਰੇ ਵਾਂਗ ਹੋਰ ਲੋਕ ਹੋ ਗਏ ਹਨ, ਤਾਂ ਬੰਗਾਲ ਨੇ ਕਾਲੇ ਜਾਦੂ ਦਾ ਦਾਅਵਾ ਵਾਪਸ ਲੈ ਲੈਣਾ ਹੈ। ਚਲੋ! ਖਰਬੂਜੇ ਉਤੇ ਉਕਰੀਆਂ ਕਤਲੀਆਂ ਇਹੀ ਦੱਸਦੀਆਂ ਕਿ ਬੰਦਿਆæææਖਾਣ ਦਾ ਤਰੀਕਾ ਆਹ ਹੁੰਦੈ।

ਐਸ਼ ਅਸ਼ੋਕ ਭੌਰਾ

ਕਈ ਗੱਲਾਂ ਤਾਂ ਨਿੱਕੀਆਂ ਨਿੱਕੀਆਂ ਸਨ, ਪਰ ਧਰਮ ਨੇ ਵੱਡੀਆਂ ਵੱਡੀਆਂ ਮੁਸੀਬਤਾਂ ਤੇ ਸਮੱਸਿਆਵਾਂ ਬਣਾ ਦਿੱਤੀਆਂ। ਮਨੁੱਖ ਹੱਥੋਂ ਮਨੁੱਖ ਦੀਆਂ ਝਟਕਾਈਆਂ ਜਾਂਦੀਆਂ ਗਰਦਨਾਂ ਵਾਲੀ ਵਾਰਦਾਤ ਵੇਖ ਕੇ ਬੱਕਰਾ ਖੁਸ਼ ਹੋਈ ਜਾਂਦਾ ਹੈ; ਹੁਣ ਪਤਾ ਲੱਗਾæææਮੇਰੇ ‘ਤੇ ਕੀ ਬੀਤਦੀ ਸੀ? ਧਰਮੀ ਬੰਦਿਆਂ ਹੱਥੋਂ ਇਰਾਕ ਤੇ ਸੀਰੀਆ ਵਿਚ ਪਾਪ ਹੁੰਦਾ ਵੇਖ ਕੇ ਰੱਬ ਦੀਆਂ ਚੀਕਾਂ ਨਹੀਂ, ਲੇਰਾਂ ਨਿਕਲਦੀਆਂ ਹੀ ਹੋਣਗੀਆਂ। ਅਸਲ ਵਿਚ ਮਨੁੱਖ ਚੁਸਤ ਤਾਂ ਹੋਣਾ ਹੀ ਚਾਹੀਦਾ ਸੀ; ਚਲਾਕ ਹੋ ਜਾਂਦਾ ਫਿਰ ਵੀ ਠੀਕ ਸੀ, ਪਰ ਸ਼ੈਤਾਨ ਹੀ ਬਣ ਗਿਆ ਹੈ। ਵਿਗਿਆਨ ਦੀ ਤਰੱਕੀ ਨਾਲ ਹੀ ਪਤਾ ਲੱਗਾ ਹੈ ਕਿ ਜਾਦੂ ‘ਕਲਾ ਕਲੰਦਰ’ ਹੀ ਹੁੰਦਾ ਹੈ, ਉਹ ਭਾਵੇਂ ਬੰਗਾਲ ਦਾ ਹੀ ਕਿਉਂ ਨਾ ਹੋਵੇ। ਬੰਦੇ ਦਾ ਸੱਪ ਬਣਾ ਦੇਣਾ, ਰੁਮਾਲ ਦਾ ਕਬੂਤਰ, ਧੜ ਦੇ ਦੋ ਹਿੱਸੇ ਕਰ ਦੇਣਾ, ਇਕ ਸਕਿੰਟ ਵਿਚ ਪੰਜ ਹਜ਼ਾਰ ਫੋਟੋ ਖਿੱਚਣ ਵਾਲੇ ਕੈਮਰੇ ਵਾਂਗ ਹੀ ਸੀ ਜਿਸ ਨੂੰ ਮਨੁੱਖੀ ਅੱਖ ਫੜ ਹੀ ਨਹੀਂ ਸੀ ਸਕਦੀ; ਤੇ ਜਾਦੂ ਵੀ ਅਤਿ ਗਤੀਸ਼ੀਲ ਪ੍ਰਕਿਰਿਆ ਦਾ ਹੀ ਕਮਾਲ ਹੈ। ਮੁਕੰਮਲ ਅਨਪੜ੍ਹ ਯੁੱਗ ਵਿਚ ਇਸ ਨੂੰ ਨਜ਼ਰ ਬੰਨ੍ਹ ਲੈਣਾ ਕਹਿੰਦੇ ਸੀ, ਫਿਰ ਇਸ ਨੂੰ ਹੱਥ ਦੀ ਸਫ਼ਾਈ ਕਿਹਾ ਜਾਣ ਲੱਗਾ, ਤੇ ਫਿਰ ਹੌਲੀ ਹੌਲੀ ਇਹ ਸਫ਼ਾਈ ਇੰਨੀ ਵਿਕਸਤ ਹੋਈ ਕਿ ਲੋਕੀਂ ਇਸੇ ਨਾਲ ਹੀ ਬਹੁਤਾ ਕਰ ਕੇ ਲੁੱਟੇ ਜਾ ਰਹੇ ਹਨ।
ਮੇਰਾ ਵਿਗਿਆਨ ਨਾਲ ਨੇੜਲਾ ਅਤੇ ਡੂੰਘਾ ਵਾਸਤਾ ਹੈ। ਵਿਗਿਆਨ ਨੇ ਹੀ ਨਜ਼ਰ ਬੰਨ੍ਹਣ ਨੂੰ ਹਿਪਨੋਟਿਜ਼ਮ ਦਾ ਨਾਂ ਦਿੱਤਾ ਹੈ, ਪਰ ਇਸ ਯੁੱਗ ਵਿਚ ਵੀ ਕਈ ਵਾਰ ਸੁਚੇਤ ਮਨ ਉਖੜ ਜਾਂਦਾ ਹੈ। ਇਸੇ ਲਈ ਇਸ ਜਾਦੂ ਦੀ ਕਹਾਣੀ ਨੂੰ ਤਨ, ਮਨ ਤੇ ਅੱਖਾਂ ਸਾਹਮਣੇ ਹੰਢਾਏ ਹੋਣ ਕਰ ਕੇ ਤੁਹਾਡੇ ਅੱਗੇ ਇਉਂ ਹੀ ਪੇਸ਼ ਕਰਨ ਦਾ ਯਤਨ ਕਰ ਰਿਹਾ ਹਾਂ, ਜਿਵੇਂ ਕਿਸੇ ਨੇ ਚਮਚੇ ‘ਤੇ ਪੰਦਰਾਂ ਕਿੱਲੋ ਦਾ ਹਦਵਾਣਾ ਟਿਕਾ ਕੇ ਪਰੋਸ ਦਿੱਤਾ ਹੋਵੇæææ
ਬੜੀ ਦੇਰ ਪਹਿਲਾਂ ਜਲੰਧਰ ਦੇ ਬੱਸ ਅੱਡੇ ਦੇ ਬਾਹਰ ਪੁਰਾਣੇ ਪਾਸਪੋਰਟ ਦਫ਼ਤਰ ਅੱਗੇ ਇਕ ਜਾਦੂਗਰ ਨੇ ਬੰਸਰੀ ‘ਤੇ ਡੁਗ-ਡੁਗੀ ਵਜਾ ਕੇ ਮਜਮਾ ਲਾਇਆ ਹੋਇਆ ਸੀ। ਲੀਰਾਂ ਦੇ ਸੱਪ ਨਾਲ ਪੜ੍ਹਿਆ ਲਿਖਿਆ, ਸੂਟਡ-ਬੂਟਡ ਮੁੰਡਾ ਜਾਦੂਗਰ ਸਾਹਮਣੇ ਬੈਠਾ ਤਾਂ ਮਸ਼ਕਰੀ ਲਹਿਜ਼ੇ ਵਿਚ ਸੀ, ਪਰ ਚੰਦ ਕੁ ਮਿੰਟਾਂ ਵਿਚ ਧਾਹਾਂ ਮਾਰਨ ਲੱਗ ਪਿਆ। ਉਹਦੇ ਬਹਿੰਦੇ ਸਾਰ ਜਾਦੂਗਰ ਨੇ ਕਹਿ ਵੀ ਦਿੱਤਾ ਸੀ ਕਿ ਤੇਰੀ ਸ਼ੁਕੀਨੀ, ਆਕੜ ਤੇ ਫੂਕ ਕੱਢਣ ਨੂੰ ਦੋ ਮਿੰਟ ਨਹੀਂ ਲੱਗਣੇ।
ਉਹਦੇ ਦੁਆਲੇ ਬੰਸਰੀ ਤੇ ਡੁਗ-ਡੁਗੀ ਵਜਾ ਕੇ ਦੋ ਕੁ ਗੇੜੇ ਦਿੱਤੇ, ਤੇ ਨਾਲ ਹੀ ਕਹਿ ਦਿੱਤਾ, “ਚੱਲ ਕਾਲੀ ਕਲਕੱਤੇ ਵਾਲੀæææਤੇਰਾ ਵਾਰ ਨਾ ਜਾਏ ਖਾਲੀ।” ਜਾਦੂਗਰ ਪੰਦਰਾਂ-ਸੌਲਾਂ ਸਾਲਾਂ ਦੇ ਇਸ ਮੁੰਡੇ ਨੂੰ ਆਖਣ ਲੱਗਾ, “ਓਏ ਮੁੰਡਿਆ, ਤੂੰ ਮਰਦ ਐਂ ਕਿ ਖੁਸਰਾ?”
ਉਹ ਪਟਾਕ ਦੇਣੀ ਬੋਲਿਆ, “ਦੀਂਹਦਾ ਨਹੀਂ?”
“ਦੀਂਹਦਾ ਹੁੰਦਾ ਤਾਂ ਪੁੱਛਦਾ ਕਾਹਨੂੰ? ਤੂੰ ਖੁਸਰਾ ਐਂæææਸਾਰੇ ਲੋਕਾਂ ਵਿਚ ਹੁਣੇ ਤੇਰਾ ਭੇਤ ਖੋਲ੍ਹ ਦਿਆਂਗੇ, ਤੇ ਆਥਣ ਨੂੰ ਜ਼ੋਰਾਵਰ ਲੈ ਜਾਣਗੇ।”
ਸੀ ਤਾਂ ਉਹ ਮੁੰਡਾ ਹੀ, ਪਰ ਪਤਾ ਨਹੀਂ ਕੀ ਜਾਦੂ ਚੱਲਿਆ, ਲੱਗ ਪਿਆ ਦੁਹਾਈਆਂ ਦੇਣæææਚੁੱਕ ਲਏ ਪੱਥਰ। ਆਖੇæææਤੂੰ ਬਣਾਇਆ ਹੁਣ। ਨਾਲੇ ਰੋਵੇ, ਨਾਲੇ ਗਾਲ੍ਹਾਂ ਕੱਢੇ। ਜਾਦੂਗਰ ਬੋਲਿਆ, “ਬੰਦਾ ਬਣ ਕੇ ਮੂੰਹ ਬੰਦ ਕਰ ਲੈ, ਨਹੀਂ ਤਾਂ ਖੁਸਰਾ ਈ ਤੋਰੂੰ ਘਰ ਨੂੰ।”
ਤੇ ਪੰਦਰਾਂ-ਵੀਹ ਮਿੰਟ ਉਹਨੂੰ ਤੜਫਾ ਕੇ ਫਿਰ ਉਹਦੇ ਦੁਆਲੇ ਸਾਜ਼ ਵਜਾਏ ਤਾਂ ਮੁੰਡੇ ਦਾ ਮੁੜ ਕੇ ਮਰਦ ਬਣਿਆ ਹੋਣ ਕਰ ਕੇ ਹਾਸਾ ਵੀ ਨਿਕਲ ਗਿਆ ਤੇ ਭੀੜ ਵਿਚੋਂ ਆਪ ਵੀ ਨਿਕਲ ਗਿਆ।
ਇਹ ਭੇਤ ਮੈਨੂੰ ਹਾਲੇ ਤੱਕ ਵਿਗਿਆਨ ਵਿਚੋਂ ਕਿਤੋਂ ਨਹੀਂ ਲੱਭਾ।
ਅਗਲਾ ਜਾਦੂ ਇਹ ਸੀ ਕਿ ਪੜ੍ਹੇ ਲਿਖੇ ਲੋਕਾਂ ਨੇ ਵੀ ਮੱਲੋ-ਮੱਲੀ ਜੇਬਾਂ ਵਿਚੋਂ ਨੋਟ ਕੱਢ ਲਏ। ਜਾਦੂਗਰ ਨੇ ਲਲਕਾਰ ਕੇ, ਤੇ ਬੜੇ ਭਰੋਸੇ ਨਾਲ ਭੀੜ ਨੂੰ ਕਿਹਾ, “ਕੋਈ ਹੈ ਤੁਹਾਡੇ ਵਿਚੋਂ ਜਿਹੜਾ ਪਾਣੀ ਨਾਲ ਅੱਗ ਲਾ ਸਕਦੈ?” ਜਦੋਂ ਸਾਰਿਆਂ ਨੇ ਨਾਂਹ ਵਿਚ ਸਿਰ ਹਿਲਾਇਆ ਤਾਂ ਉਹਨੇ ਵਿਚਾਲੇ ਰੱਖੀਆਂ ਹੱਡੀਆਂ ਉਤੇ ਪਾਣੀ ਦੀ ਗੜਵੀ ਵਿਚੋਂ ਛਿੱਟਾ ਮਾਰ ਕੇ ਅੱਗ ਲਾ ਦਿੱਤੀ।
ਡੇਢ ਕੁ ਘੰਟੇ ਦੀ ਖੇਡ ਵਿਚ ਉਹ ਰੱਜਵੀਂ ਦਿਹਾੜੀ ਪਾ ਕੇ ਝੋਲੀ ਚੁੱਕ ਤੁਰ ਗਿਆ।
ਉਦੋਂ ਮੈਂ ਹਾਲੇ ਦਸਵੀਂ ਪਾਸ ਕਰ ਕੇ ਹਟਿਆ ਸਾਂ ਅਤੇ ਅੱਗ ਲਾਉਣ ਦਾ ਭੇਤ ਹੁਣ ਜਾਣ ਗਿਆ ਹਾਂ। ਉਹਨੇ ਹੱਡੀਆਂ ਨੂੰ ਕੈਮੀਕਲ ਲਾਇਆ ਹੋਇਆ ਸੀ ਜੋ ਪਾਣੀ ਨਾਲ ਮਿਲ ਕੇ ਅੱਗ ਪੈਦਾ ਕਰਦਾ ਹੈ। ਇਥੋਂ ਹੀ ਜਾਦੂ ਵਿਚ ਮੇਰੀ ਦਿਲਚਸਪੀ ਬਣ ਗਈ ਅਤੇ ਇਹ ਭੇਤ ਜਾਣਨ ਦੀ ਉਤਸੁਕਤਾ ਵੀ ਰਹੀ। ਧੀਮੀ ਗਤੀ ਨਾਲ ਮੈਂ ਹੁਣ ਵੀ ਕਈਆਂ ਨੂੰ ਹਿਪਨੋਟਾਈਜ਼ ਕਰ ਸਕਦਾ ਹਾਂ, ਪਰ ਦੇਰ ਬਾਅਦ ਇਕ ਜਾਦੂਗਰ ਨੇ ਮੈਨੂੰ ਹੀ ਦਿਨ-ਦੀਵੀ ਆਪਣੇ ਜਾਦੂ ਦੀ ਲਪੇਟ ਵਿਚ ਲੈ ਕੇ ਪੂਰੇ ਦਾ ਪੂਰਾ ਅਗਿਆਨੀ ਬਣਾ ਦਿੱਤਾ।
ਰਾਜਸਥਾਨੀਏ ਜਾਦੂਗਰ ਸਮਰਾਟ ਸ਼ੰਕਰ ਦੇ ਨਾਂ ਤੋਂ ਜਾਦੂ ਨੂੰ ਮੁਹੱਬਤ ਕਰਨ ਵਾਲੇ ਲੋਕ ਬਹੁਤ ਚੰਗੀ ਤਰ੍ਹਾਂ ਵਾਕਿਫ਼ ਹਨ। ਨਵੇਂ ਜਾਦੂਗਰ ਉਸ ਨੂੰ ਗੁਰੂ ਵਾਂਗ ਪੂਜਦੇ ਹਨ। ਉਹ ਤਾਂ ਹੁਣ ਇਸ ਦੁਨੀਆਂ ‘ਤੇ ਨਹੀਂ, ਪਰ ਉਸ ਦਾ ਪੁੱਤਰ ਬਾਪੂ ਦੇ ਪੌਂਚੇ ਵਿਚ ਪੈਰ ਫਸਾ ਕੇ ਜ਼ਰੂਰ ਚੱਲ ਰਿਹਾ ਹੈ।
ਗੱਲ 1994-95 ਦੀ ਹੋਵੇਗੀ। ਨਵਾਂ ਸ਼ਹਿਰ ਦੇ ਸਤਲੁਜ ਸਿਨਮੇ ਵਿਚ ਇਕ ਮਹੀਨੇ ਦੇ ਕਰੀਬ ਉਹਦਾ ਸ਼ੋਅ ਚੱਲਿਆ। ਉਹਦੇ ਸ਼ੋਅ ਦੀ ਖਾਸ ਆਈਟਮ ਸੀ, ਕੁੜੀ ਨੂੰ ਪੰਡਾਲ ਵਿਚੋਂ ਸੱਦਣਾ ਤੇ ਫਿਰ ਹਵਾ ਵਿਚ ਉਡਾਉਣਾ। ਮੈਂ ਆਪਣੇ ਪਰਿਵਾਰ ਨਾਲ ਗਿਆ ਅਤੇ ਦਿੱਲੀ ਤੋਂ ਆਈ ਬੀæਐਸ ਸੀæ ਕਰ ਰਹੀ ਆਪਣੀ ਭਾਣਜੀ ਨੂੰ ਇਹ ਕਹਿ ਕੇ ਨਾਲ ਲੈ ਗਿਆ ਕਿ ਜਦੋਂ ਹੀ ਸਮਰਾਟ ਸ਼ੰਕਰ ਇਸ ਜਾਦੂ ਲਈ ਆਵਾਜ਼ ਮਾਰੇ, ਤੂੰ ਉਠ ਕੇ ਭੱਜ ਜਾਈਂ ਅਤੇ ਬਾਅਦ ਵਿਚ ਦੱਸੀਂ ਕਿ ਹੋਇਆ ਕੀ ਸੀ।
ਉਹੀ ਗੱਲ ਹੋਈ, ਜਦੋਂ ਹਵਾ ਵਿਚ ਉਡਾਉਣ ਲਈ ਉਸ ਨੇ ਦਰਸ਼ਕਾਂ ਵਿਚੋਂ ਆਵਾਜ਼ ਮਾਰੀ ਤਾਂ ਮੇਰੀ ਭਾਣਜੀ ਅੱਖ ਝਪਕਦਿਆਂ ਮੰਚ ਉਤੇ। ਜਾਦੂਗਰ ਨੇ ਉਹਦੀਆਂ ਅੱਖਾਂ ਅੱਗੇ ਦੋ ਕੁ ਵਾਰ ਹੱਥ ਘੁਮਾਇਆ ਤਾਂ ਦੋ ਜਣਿਆਂ ਨੇ ਕੁੜੀ ਨੂੰ ਚੁੱਕ ਕੇ ਸਟੈਂਡ ‘ਤੇ ਲਿਟਾ ਦਿੱਤਾ। ਉਹਦੀਆਂ ਅੱਖਾਂ ਬੰਦ ਕਰਾ ਦਿੱਤੀਆਂ। ਫਿਰ ਦੁਆਲੇ ਕਾਲਾ ਕੱਪੜਾ ਘੁਮਾਇਆ ਅਤੇ ਕੱਢ ਦਿੱਤਾ ਹੇਠੋਂ ਸਟੈਂਡ। ਕੁੜੀ ਦੇ ਸਰੀਰ ਦੁਆਲੇ ਲੋਹੇ ਦਾ ਰਿੰਗ ਵੀ ਘੁਮਾ ਦਿੱਤਾ ਤੇ ਆਪਣੇ ਹੱਥ ਦੇ ਇਸ਼ਾਰੇ ਨਾਲ ਕੁੜੀ ਦੇ ਸਰੀਰ ਨੂੰ ਉਪਰ ਥੱਲੇ ਵੀ ਕੀਤਾ। ਵੱਜ ਗਈਆਂ ਤਾਲੀਆਂ, ਗੂੰਜ ਪਿਆ ਸਿਨੇਮਾ ਹਾਲ। ਕੁੜੀ ਫਿਰ ਸਟੈਂਡ ‘ਤੇ ਲਿਟਾਈ, ਅੱਖਾਂ ਅੱਗੇ ਹੱਥ ਘੁੰਮਾਇਆ ਤੇ ਆ ਗਈ ਸਾਡੇ ਵਿਚ। ਘਰ ਆ ਕੇ ਮੈਂ ਪੁੱਛਿਆ ਤਾਂ ਉਹ ਕਹਿੰਦੀ, “ਮੈਨੂੰ ਤਾਂ ਉਦੋਂ ਤੱਕ ਹੀ ਪਤਾ ਸੀ ਜਦੋਂ ਉਪਰ ਗਈ, ਜਾਦੂਗਰ ਦੇ ਅੱਖਾਂ ਮੂਹਰੇ ਹੱਥ ਘੁਮਾਉਣ ਤੋਂ ਬਾਅਦ ਉਦੋਂ ਹੀ ਪਤਾ ਲੱਗਾ, ਜਦੋਂ ਦੋ ਜਣਿਆਂ ਨੇ ਮੈਨੂੰ ਫੜ ਕੇ ਖੜ੍ਹਾ ਕੀਤਾ, ਤੇ ਉਹਨੇ ਦੁਬਾਰਾ ਅੱਖਾਂ ਅੱਗੇ ਸੱਜਾ ਹੱਥ ਘੁਮਾਇਆ।”
ਇਹ ਭੇਤ ਜਾਣਨ ਲਈ ਮੇਰੇ ਅੰਦਰ ਹਲਚਲ ਮੱਚ ਗਈ। ਨਵਾਂ ਸ਼ਹਿਰ ਤਾਂ ਮੈਂ ਮਿਲ ਨਾ ਸਕਿਆ, ਪਰ ਅਗਲੇ ਸ਼ੋਅ ਫਗਵਾੜੇ ਦੇ ‘ਇਲੀਟ’ ਸਿਨਮੇ ਵਿਚ ਸਨ। ਠਹਿਰਿਆ ਉਹ ਪੰਜਾਬ ਟੂਰਿਜ਼ਮ ਦੇ ਰੈਸਟੋਰੈਂਟ ‘ਬਲਿਊ ਬੈਲ’ ਵਿਚ ਸੀ ਜਿਥੇ ਕਾਲਜ ਪੜ੍ਹਨ ਵੇਲੇ ਚਾਹ ਨਾਲ ਪਨੀਰ ਦੇ ਪਕੌੜੇ ਬੜੇ ਖਾਧੇ ਸਨ। ‘ਅਜੀਤ’ ਦਾ ਹਵਾਲਾ ਦੇ ਕੇ ਫਿਰ ਜਾਦੂਗਰ ਸਮਰਾਟ ਨੂੰ ਮਿਲਣ ਦਾ ਸਮਾਂ ਮਿਲ ਹੀ ਗਿਆ।
ਦੋ ਨੰਬਰ ਕਮਰੇ ਵਿਚ ਜਦੋਂ ਮੈਂ ਉਹਨੂੰ ਮਿਲਣ ਲਈ ਘੰਟੀ ਵਜਾ ਕੇ ਦਾਖ਼ਲ ਹੋਇਆ ਤਾਂ ਉਹ ਭੱਜ ਕੇ ਮਿਲਣ ਲਈ ਆਇਆ, ਘੁੱਟ ਕੇ ਜੱਫ਼ੀ ਪਾਈ ਤੇ ਮੇਰੇ ਮੂੰਹ ‘ਤੇ ਹੱਥ ਫੇਰ ਕੇ ਕਹਿੰਦਾ, “ਦਾੜ੍ਹੀ ਕਿਤਨੀ ਅੱਛੀ ਲਗਤੀ ਹੈ, ਥੋੜ੍ਹੀ ਛੋਟੀ ਰੱਖੋ ਨਾ।” ਟੇਬਲ ਦੁਆਲੇ ਰੱਖੀਆਂ ਦੋ ਕੁਰਸੀਆਂ ‘ਤੇ ਅਸੀਂ ਆਹਮੋ-ਸਾਹਮਣੇ ਬੈਠ ਗਏ। ਰਸਮੀ ਗੱਲਾਂ ਦੌਰਾਨ ਉਹਨੇ ਕਿਹਾ, “ਕਿਤਨੀ ਦੇਰ ਸੇ ਆਪ ਜਰਨਲਿਜ਼ਮ ਸੇ ਜੁੜੇ ਹੂਏ ਹੋ?”
“ਕਰੀਬ ਪੰਦਰਾਂ-ਸੌਲਾਂ ਸਾਲਾਂ ਤੋਂ।” ਜਵਾਬ ਮੈਂ ਪੰਜਾਬੀ ਵਿਚ ਹੀ ਦਿੱਤਾ।
ਟੇਬਲ ਉਤੇ ਪਏ ਕੱਚ ਦੇ ਖਾਲੀ ਗਲਾਸ ਹੇਠੋਂ ਉਸ ਨੇ ਪੁਰਾਣੀ ਪਈ ਅੰਗਰੇਜ਼ੀ ਟ੍ਰਿਬਿਊਨ ਅਖਬਾਰ ਕੱਢੀ, ਉਹਦੀ ਇਕ ਤਹਿ ਹੋਰ ਲਾਈ ਤੇ ਉਪਰਲਾ ਸਿਰਾ ਗਲਾਸ ਵੱਲ ਟੇਢਾ ਕਰ ਕੇ ਨੱਕੋ-ਨੱਕ ਭਰ ਦਿੱਤਾ ਤੇ ਕਹਿਣ ਲੱਗਾ, “ਆਪ ਪੀਜੀਏ ਨਾæææਕੋਕਾ ਕੋਲਾ ਹੈ।”
ਮੈਂ ਹਾਲਾਂਕਿ ਤੈਅ ਕਰ ਕੇ ਗਿਆ ਸਾਂ ਕਿ ਉਹ ਮੈਨੂੰ ਹਿਪਨੋਟਾਈਜ਼ ਨਹੀਂ ਕਰ ਸਕੇਗਾ, ਪਰ ਮੈਨੂੰ ਕਈ ਕੁਝ ਅਜੀਬ ਜਿਹਾ ਵਾਪਰਦਾ ਲੱਗ ਰਿਹਾ ਸੀ।
ਮੈਂ ਅੱਧਾ ਗਲਾਸ ਪੀਤਾ ਤੇ ਮੇਰੇ ਚਿਹਰੇ ‘ਤੇ ਹੈਰਾਨੀ ਦੀ ਝਲਕ ਵੇਖ ਤਾੜੀ ਵਜਾ ਕੇ ਇਕ ਹੱਥ ਦੀ ਤਲੀ ਮੇਰੇ ਅੱਗੇ ਕਰ ਕੇ ਕਹਿਣ ਲੱਗਾ, “ਲੋ ਬਦਾਮ ਖਾਓ।”
“ਹੈਂ!”
“ਅਸਲੀ ਹੈਂ।”
ਖਾ ਲਏ ਹੱਸ ਕੇ, ਫਿਰ ਕਿੰਨਾ ਚਿਰ ਜਾਦੂ ਬਾਰੇ, ਉਹਦੇ ਪਿਛੋਕੜ ਬਾਰੇ, ਕਿਥੇ-ਕਿਥੇ ਸ਼ੋਅ ਕੀਤੇ, ਲੰਮੀਆਂ ਗੱਲਾਂ ਹੁੰਦੀਆਂ ਰਹੀਆਂ।
ਅਖਬਾਰ ਵਿਚੋਂ ਕੋਕ ਪਿਲਾਉਣ ਦਾ ਭੇਤ ਤਾਂ ਹੁਣ ਮੈਂ ਵੀ ਜਾਣਦਾ ਹਾਂ, ਪਰ ਕਾਂ ਦੇ ਕਬੂਤਰ, ਜਾਂ ਗੁੰਗੇ ਅੱਗੇ ਕਥਾ ਕਰਦੇ ਜਿਹੜੇ ਮੈਂ ਵੇਖੇ, ਉਹ ਤੁਹਾਨੂੰ ਵੀ ਸ਼ਸ਼ੋਪੰਜ ਵਿਚ ਜ਼ਰੂਰ ਪਾਉਣਗੇ।
ਗੱਲਾਂ ਕਰਦਿਆਂ ਕਰਦਿਆਂ ਉਹ ਮੇਰੀ ਕੁਰਸੀ ਦੇ ਹੇਠਾਂ ਵੱਲ ਨਜ਼ਰਾਂ ਘੁਮਾਉਂਦਿਆਂ ਕਹਿਣ ਲੱਗਾ, “ਯੇਹ ਆਪ ਕਾ ਤੋਂ ਕੁਛ ਨਹੀਂ ਗਿਰਾ?”
ਮੇਰੇ ਹੱਥ ਵਿਚ ਫੜੀ ‘ਅਜੀਤ’ ਅਖਬਾਰ ਦਾ ਫਿਲਮੀ ਅੰਕ ਹੇਠਾਂ ਡਿੱਗ ਪਿਆ ਸੀ। ਮੈਂ ਬੈਠੇ ਬੈਠੇ ਨੇ ਹੇਠੋਂ ਅਖਬਾਰ ਚੁੱਕੀ ਤਾਂ ਅੱਗੇ ਚਾਹ ਨਾਲ ਭਰੇ ਦੋ ਕੱਪ ਤੇ ਬਿਸਕੁਟ ਟਰੇਅ ਵਿਚ ਰੱਖੇ ਅੱਗੇ ਪਏ ਸਨ।
ਮੈਂ ਉਲਝ ਰਿਹਾ ਸਾਂ ਕਿ ਅੰਦਰ ਤਾਂ ਕੋਈ ਆਇਆ ਹੀ ਨਹੀਂ, ਦਰਵਾਜ਼ਾ ਬੰਦ ਹੈ, ਇਹ ਕਿਵੇਂ ਹੋ ਗਿਆ? ਉਹ ਮੇਰੇ ਪੁੱਛਣ ਉਤੇ ਕਹਿਣ ਲੱਗਾ, “ਆਪ ਨੇ ਦੇਖਾ ਨਹੀਂ, ਅਭੀ ਜਬ ਤੁਮ ਅਪਨੀ ਕੁਰਸੀ ਕੇ ਨੀਚੇ ਸੇ ਪੇਪਰ ਉਠਾ ਰਹੇ ਥੇ, ਤਭੀ ਵੇਟਰ ਛੋੜ ਕਰ ਗਯਾ ਹੈ।”
ਮਨ ਨਹੀਂ ਸੀ ਮੰਨਦਾ ਕਿ ਕੋਈ ਬਿਨਾਂ ਦਰਵਾਜ਼ਾ ਖੋਲ੍ਹਿਆਂ ਅੰਦਰ ਆਇਆ ਹੋਵੇ, ਹੋਰ ਕੋਈ ਅੰਦਰ ਹੈ ਵੀ ਨਹੀਂ ਸੀ!
“ਚੀਨੀ ਹੈ ਹੀ ਨਹੀਂ?”
ਉਹਨੇ ਮੇਰੀ ਜੇਬ ਵਿਚੋਂ ਖੰਡ ਦੀ ਪੁੜੀ ਕੱਢ ਕੇ ਕਿਹਾ, “ਵੇਟਰ ਨੇ ਯਹਾਂ ਡਾਲ ਦੀ ਥੀ।”
“ਯਹ ਕੈਸੇ ਹੋ ਰਹਾ ਹੈ?” ਮੈਂ ਹਿੰਦੀ ਬੋਲਣ ਲੱਗ ਪਿਆ ਸਾਂ।
“ਜਨਾਬ! ਸਾਧਾਰਨ ਆਦਮੀ ਕੇ ਸਾਮਨੇ ਨਹੀਂ, ਆਪ ਜਾਦੂਗਰ ਸਮਰਾਟ ਸ਼ੰਕਰ ਕੇ ਸਾਮਨੇ ਹੋ। ਐਸਾ ਤੋ ਹੋਗਾ ਹੀ।”
ਹੱਥ ਦੀ ਸਫ਼ਾਈ ਫੜਨ ਲਈ ਮੈਂ ਕਾਫ਼ੀ ਚੁਕੰਨਾ ਹੋ ਰਿਹਾ ਸਾਂ। ਉਹਨੇ ਆਪਣਾ ਕੱਪ ਮੇਰੇ ਅੱਗੇ ਕਰਦਿਆਂ ਕਿਹਾ, “ਆਪ ਚਾਏ ਪੀ ਰਹੇ ਹੋ, ਮੈਂ ਤੋ ਦੂਧ ਪੀਤਾ ਹੂੰ।”
ਇਹ ਮੈਨੂੰ ਪੂਰਾ ਯਕੀਨ ਸੀ ਕਿ ਪਹਿਲਾਂ ਤਾਂ ਦੋਵਾਂ ਕੱਪਾਂ ਵਿਚ ਚਾਹ ਸੀ।
ਬਿਸਕੁਟ ਵੀ ਖਾ ਲਏ, ਤੇ ਜਦੋਂ ਕੱਪ ਖਾਲੀ ਕਰ ਕੇ ਮੈਂ ਟੇਬਲ ‘ਤੇ ਰੱਖਿਆ ਤਾਂ ਜਾਦੂਗਰ ਦਾ ਅਗਲਾ ਸਵਾਲ ਸੀ, “ਕਿਤਨੇ ਪੈਸੇ ਹੈਂ ਆਪ ਕੇ ਪਾਸ?”
ਮੈਨੂੰ ਪਤਾ ਸੀ ਕਿ ਆਇਆ ਤਾਂ ਪੱਤਰਕਾਰ ਬਣ ਕੇ ਮੁਲਾਕਾਤ ਕਰਨ ਸਾਂ, ਪਰ ਝੁਰਲੂ ਜਿਹਾ ਬਣਦਾ ਜਾ ਰਿਹਾ ਸਾਂ, ਕਿਹਾ, “ਚਾਰ-ਪਾਂਚ ਸੌ ਹੋਗਾ।”
“ਦਿਖਾਨਾ ਜ਼ਰਾ?”
ਪੈਂਟ ਦੀ ਪਿਛਲੀ ਜੇਬ ਨੂੰ ਹੱਥ ਲਾਇਆ ਤਾਂ ਖਾਲੀ। ਉਹ ਹੱਸ ਪਿਆ ਖੁੱਲ੍ਹ ਕੇ, “ਬੱਸ ਮੇਂ ਆਏ ਹੋਂਗੇ ਨਾ ਬੰਗਾ ਸੇ, ਕਾਟੀ ਗਈ। ਘਬਰਾਈਏ ਮਤ, ਕਿਰਾਇਆ ਮੈਂ ਦੇ ਦੂੰਗਾ।”
ਮੈਨੂੰ ਪਤਾ ਸੀ ਕਿ ਮੈਂ ਉਹਦੇ ਕਮਰੇ ਦੇ ਬਾਹਰ ਪਹਿਲਾਂ ਪਿਛਲੀ ਜੇਬ ਵਿਚੋਂ ਕੰਘੀ ਕੱਢ ਕੇ ਸਿਰ ਵਾਹਿਆ ਸੀ, ਉਦੋਂ ਤਾਂ ਬਟੂਆ ਸੀ। ਸ਼ਾਇਦ ਡਿੱਗ ਵੀ ਪਿਆ ਹੋਵੇ। ਪੈਸੇ ਊਂ ਹਜ਼ਾਰ ਕੁ ਤੋਂ ਵੱਧ ਸਨ।
ਨੁਕਸਾਨ ਹੋਣ ਕਰ ਕੇ ਮੇਰੇ ਗੱਲਬਾਤ ਕਰਨ ਵਿਚ ਕੁਦਰਤੀ ਫਿੱਕਾਪਣ ਆ ਗਿਆ ਸੀ।
ਮੱਥੇ ਦੀਆਂ ਤਾਂ ਚਲੋ ਨਾ ਵੀ ਪੜ੍ਹਨੀਆਂ ਆਉਂਦੀਆਂ ਹੋਣਗੀਆਂ ਉਸ ਨੂੰ, ਪਰ ਚਿਹਰੇ ਦੀਆਂ ਜਾਦੂਗਰ ਨੇ ਜ਼ਰੂਰ ਪੜ੍ਹ ਲਈਆਂ ਲੱਗਦੀਆਂ ਸਨ। ਉਹ ਹੱਸ ਪਿਆ, ਕਹਿਣ ਲੱਗਾ, “ਪੱਤਰਕਾਰ ਸਾਹਿਬ, ਵੋਹ ਸਾਮਨੇ ਹਮਾਰਾ ਬੈਡ ਹੈ, ਉਸ ਕੇ ਤਕੀਏ ਕੇ ਨੀਚੇ ਪੜੇ ਹੈਂ ਆਪ ਕੇ ਤੇਰਹ ਸੌ ਨੌਂ ਰੁਪਏ, ਔਰ ਯੇਹ ਲੋ ਆਪਕਾ ਪਰਸ।”
ਬਟੂਆ ਕਦੋਂ ਨਿਕਲ ਗਿਆ, ਪੈਸੇ ਕਦੋਂ ਗਿਣੇ ਗਏ, ਸਿਰਹਾਣੇ ਥੱਲੇ ਕਿਵੇਂ ਚਲੇ ਗਏ, ਬਟੂਆ ਉਹਦੀ ਜੇਬ ਵਿਚ ਕਿਵੇਂ ਗਿਆ? ਮੇਰੇ ਲਈ ਇਹ ਮਸਲਾ ਉਵੇਂ ਸੀ ਜਿਵੇਂ ਸੁਨਿਆਰ ਨੂੰ ਸੋਨਾ ਕੋਈ ਨਕਲੀ ਵੇਚ ਰਿਹਾ ਹੋਵੇ।
“ਆਪ ਅਭੀ ਪੱਤਰਕਾਰ ਨਹੀਂ ਬਨੇ, ਅਪਨਾ ਸਾਮਾਨ ਖੋਏ ਬੈਠੇ ਹੋ। ਅਰੇ ਭਾਈ, ਮੀਡੀਆ ਕਾ ਕਾਮ ਤੋਂ ਬੜਾ ਜ਼ਿੰਮੇਵਾਰੀ ਕਾ ਹੋਤਾ ਹੈ।” ਉਹਨੇ ਵਿਅੰਗ ਵਿਚ ਉਵੇਂ ਕਿਹਾ ਜਿਵੇਂ ਢਿੱਡ ਦੁਖਦੇ ਬੰਦੇ ਦੀ ਵੱਖੀ ਵਿਚ ਵਾਰ ਵਾਰ ਕੋਈ ਘਸੁੰਨ ਮਾਰ ਰਿਹਾ ਹੋਵੇ। ਚਲੋ ਹੱਥ ਦੀ ਸਫ਼ਾਈ ਤਾਂ ਮੰਨ ਲੈਂਦੇ ਆਂ, ਪਰ ਦਿਨੇ ਹਨ੍ਹੇਰ ਪੈ ਰਿਹਾ ਸੀ, ਹੈਰਾਨੀ ਇਹ ਸੀ।
ਮੈਂ ਪੁੱਛਿਆ, “ਕੁਛ ਬਤਾ ਤੋ ਦੋ, ਯੇਹ ਕੈਸੇ ਹੋ ਗਯਾ ਹੈ?”
“ਜਿਸ ਦਿਨ ਭਾਈ ਯੇਹ ਬਤਾਨੇ ਲਗ ਪੜੇ, ਫਿਰ ਤੋ ਚਲ ਗਯਾ ਸਮਰਾਟ ਕਾ ਜਾਦੂ! ਕੱਲ੍ਹ ਡੀæਸੀæ ਸਾਹਬ ਕਾ ਸ਼ੋਅ ਨੇ ਤਲਾਕ ਕਰਵਾ ਦੀਆ, ਤੋ ਉਸ ਕੀ ਬੀਵੀ ਵੀ ਪੂਛਤੀ ਥੀ, ਅਰੇ ਯੇਹ ਕੈਸੇ ਹੋ ਗਯਾ? ਅਸ਼ੋਕ, ਜਾਦੂਗਰ ਤੋ ਜਾਦੂਗਰ ਕੋ ਕੁਛ ਨਹੀਂ ਬਤਾਏਗਾ, ਆਪ ਕੋ ਕਹਾਂ?”
ਅਖਬਾਰ ਵਿਚ ਲਿਖਣ ਲਈ ਮੁਲਾਕਾਤ ਲਗਭਗ ਮੁਕੰਮਲ ਸੀ। ਮੈਂ ਜਾਣ ਲਈ ਕਿਹਾ ਤਾਂ ਉਹ ਬੋਲਿਆ, “ਅਰੇ ਭਾਈ, ਐਸੇ ਥੋੜ੍ਹਾ ਨਾæææਬਾਹਰ ਛੋੜ ਕੇ ਆਏਂਗੇ।”
ਰਿਸੈਪਸ਼ਨ ਵਾਲੇ ਕਾਊਂਟਰ ‘ਤੇ ਅਸੀਂ ਕੁਝ ਪਲ ਲਈ ਰੁਕੇ ਤਾਂ ਉਹਨੇ ਟੇਢਾ ਜਿਹਾ ਸਵਾਲ ਹੋਰ ਕਰ ਦਿੱਤਾ, “ਆਪ ਕੀ ਬੀਵੀ ਕਾ ਨਾਮ ਕਸ਼ਮੀਰ ਕੌਰ ਹੈ?”
ਨਾ ਉਹਦਾ ਕਿਤੇ ਜ਼ਿਕਰ ਹੋਇਆ, ਨਾ ਉਹ ਪਹਿਲਾਂ ਕਿਤੇ ਮਿਲਿਆæææਨਾਂ ਦਾ ਉਹਨੂੰ ਕਿਵੇਂ ਪਤਾ ਲੱਗ ਗਿਆ ਤੇ ਲਗਦੇ ਹੱਥ ਹੀ ਉਹਨੇ ਆਪਣੀ ਕਮੀਜ਼ ਦੀ ਜੇਬ ਵਿਚੋਂ ਪਾਸਪੋਰਟ ਸਾਈਜ਼ ਫੋਟੋ ਕੱਢ ਕੇ ਮੇਰੇ ਵੱਲ ਕਰਦਿਆਂ ਕਿਹਾ, “ਯਹੀ ਹੈ ਨਾ ਕਸ਼ਮੀਰ? ਅਰੇ ਭਾਈ ਬੀਵੀ ਕੀ ਫੋਟੋ ਤੋ ਐਸੇ ਨਾ ਫੈਂਕ ਦੀਆ ਕਰੋ।”
ਮੈਂ ਚੁੱਪ ਸਾਂ, ਤੇ ਨਾਲ ਹੀ ਉਹਨੇ ਕਾਊਂਟਰ ਤੋਂ ਕੰਘੀ ਚੁੱਕ ਕੇ ਫੜਾ ਦਿੱਤੀ, “ਯੇਹ ਭੀ ਆਪਕੀ ਹੀ ਹੈ ਨਾ?” ਮੈਂ ਪੈਂਟ ਦੀ ਪਿਛਲੀ ਜੇਬ ਦੇਖੀ, ਕੰਘੀ ਹੈ ਹੀ ਨਹੀਂ ਸੀ।
ਹੱਸਦਿਆਂ ਜਦੋਂ ਬਾਹਰ ਨਿਕਲਣ ਲੱਗੇ ਤਾਂ ਉਹਨੇ ਮੇਰਾ ਹੱਥ ਘੁੱਟ ਕੇ ਕਿਹਾ, “ਯੇਹ ਲੋ ਚਾਏ ਪਾਨੀ ਪੀ ਲੇਨਾ।” ਪੰਜ ਸੌ ਦਾ ਨੋਟ ਉਹਨੇ ਮੈਨੂੰ ਫੜਾਇਆ, ਨਾਂਹ ਨਾਂਹ ਕਰਦਿਆਂ ਮੈਂ ਜੇਬ ਵਿਚ ਤਾਂ ਪਾ ਲਿਆ, ਪਰ ਨਾਲ ਹੀ ਉਹਨੇ ਮੈਨੂੰ ਇਕ ਹੋਰ ਪੰਜ ਸੌ ਦਾ ਨੋਟ ਫੜਾ ਕੇ ਕਿਹਾ, “ਅਸ਼ੋਕ ਭਾਈ, ਯੇਹ ਪਾਂਚ ਸੌ ਕਾ ਰਖ ਲੋ, ਪਹਿਲੇ ਵਾਲੇ ਨਕਲੀ ਹੈਂ।” ਜਦੋਂ ਮੈਂ ਜੇਬ ਵਿਚੋਂ ਕੱਢਣ ਲੱਗਾ, ਤਾਂ ਪੰਜ ਸੌ ਦੇ ਨੋਟ ਦੀ ਥਾਂ ਸੌ-ਸੌ ਦੇ ਪੰਜ ਨੋਟ ਸਨ।
ਚਲੋ ਮੇਰੀ ਬੀਵੀ ਦਾ ਫੋਟੋ ਤਾਂ ਬਟੂਏ ਵਿਚ ਸੀ, ਉਹਦੇ ਪਿੱਛੇ ਨਾਂ ਵੀ ਲਿਖਿਆ ਹੋਇਆ ਸੀ ਉਹਦਾ, ਪਰ ਬਾਕੀ ਸਭ ਕੀ ਸੀ? ਅਸਲ ਵਿਚ ਲੱਗ ਮੈਨੂੰ ਫਿਰ ਵੀ ਰਿਹਾ ਸੀ ਕਿ ਉਹਦੇ ਕੋਲ ਹੱਥ ਦੀ ਸਫਾਈ ਫਿਰ ਵੀ ਸਿਆਸਤਦਾਨਾਂ ਨਾਲੋਂ ਕਿਤੇ ਘੱਟ ਹੋਵੇਗੀ, ਕਿਉਂਕਿ ਜਾਦੂਗਰ ਨੇ ਤਾਂ ਸਿਰਫ਼ ਇਕ ਦਿਨ ਜਾਦੂ ਵਿਖਾਉਣਾ ਹੁੰਦਾ ਹੈ। ਕਈ ਹੋਰ ਜਾਦੂਗਰਾਂ ਨੂੰ ਪੁੱਛਿਆ; ਕਹਿੰਦੇ, “ਇੱਦਾਂ ਹੁੰਦਾ ਤਾਂ ਨਹੀਂæææਚਲੋ।”
ਚਲੋ ਜੇ ਅੱਜ ਕੱਲ੍ਹ ਚੋਰੀ ਤੇ ਮਰਨ ਦੇ ਡਰ ਕਾਰਨ ਸੰਤਾਂ ਨੇ ਗੰਨਮੈਨ ਰੱਖ ਲਏ ਹਨ ਤਾਂ ਇਹ ਘਟਨਾ ਇੰਨੀ ਫਿਕਰ ਵਾਲੀ ਨਹੀਂ।

ਗੱਲ ਬਣੀ ਕਿ ਨਹੀਂ
ਮਨ ਮੰਨਦਾ ਤਾਂ ਹੋਊ!
ਜੇ ਵਹਿਮੀ ਬੰਦਾ ਹੋ ਜਾਵੇ ਡਾਕਟਰ, ਕੀ ਕਰੂ ਇਲਾਜ ਕੋਈ।
ਫਿਰ ਸੁਆਹ ਨਿਕਲਣੇ ਰਾਗ ਵਿਚੋਂ, ਜੇ ਟੁੱਟਿਆ ਹੋਵੇ ਸਾਜ਼ ਕੋਈ।
ਹੁਣ ਬੜਾ ਧਰਮ ਦਾ ਰੌਲਾ ਹੈ, ਕੋਈ ਧਰਮੀ ਤਾਂ ਵੀ ਦਿਸਦਾ ਨਹੀਂ।
ਤਾਂ ਹੀ ਰੋਜ਼ ਡਰਾਉਂਦਾ ਚਿੜੀਆਂ ਨੂੰ, ਫਿਰੇ ਹਲਕਿਆ ਹੋਇਆ ਬਾਜ਼ ਕੋਈ।
ਧਰਤੀ ਤਪਦੀ ਅੱਗ ਵਾਂਗੂ ਤੇ ਵਹਿਣ ਸੁੱਕੇ ਦਰਿਆਵਾਂ ਦੇ,
ਫਿਰ ਛੱਲਾਂ ਦੇ ਉਠਣ ਦੀ, ਕਿੰਝ ਸੁਣ ਲਊ ਭਲਾ ਅਵਾਜ਼ ਕੋਈ।
ਜੇ ਬੇਈਮਾਨੀ ਦਾ ਰੌਲਾ ਹੈ ਤੇ ਪਰਜ਼ਾ ਖੁਸ਼ ਨਹੀਂ ਰਾਜੇ ਤੋਂ,
ਤਾਂ ਲਾਹ ਕੇ ਛੇਤੀ ਲੈ ਜਾਏਗਾ, ਦੁਖਿਆ ਫਿਰ ਸਿਰ ਤੋਂ ਤਾਜ ਕੋਈ।
ਕੋਇਲਾਂ ਨੂੰ ਕਊਏ ਦਬਕ ਰਹੇ, ਹੁਣ ਬੂਥੇ ਰੱਖੋ ਬੰਦ ਜ਼ਰਾ,
ਇਹ ਕਾਲੇ ਰੰਗ ਦਾ ਹੈ ਰੱਖਿਆ, ਦੋਹਾਂ ਵਿਚ ਰੱਬ ਨੇ ਰਾਜ਼ ਕੋਈ।
ਇਹ ਬੇਸੁਰੀਆਂ ਹੀ ਹੇਕਾਂ ਦੇ ਨਾਲ ਬਣੇ ਗਵੱਈਏ ਦੱਸਦੇ ਨੇ,
ਸਾਡੇ ਬਾਪੂ ਹੀ ਬਸ ਕਰ ਗਏ ਨੇ, ਅਸੀਂ ਕੀਤਾ ਨਹੀਂ ਰਿਆਜ਼ ਕੋਈ।
ਹੁਣ ਲੱਗੀਆਂ ਦੇ ਮੁੱਲ ਤਾਰਨ ਦਾ, ‘ਭੌਰੇ’ ਹੀਲਾ ਦੱਸੋ ਕੀ ਕਰੀਏ,
ਜਿੱਥੇ ਕਰਜ਼ਾ ਚੱਕਿਆ ਹੋਰਾਂ ਨੇ, ਤੇ ਦਿੰਦਾ ਪਿਆ ਵਿਆਜ ਕੋਈ।