ਦਰਬਾਰ ਸਾਹਿਬ ਉਤੇ ਫੌਜੀ ਹਮਲੇ ਤੋਂ ਪਹਿਲਾਂ ਸੰਤ ਭਿੰਡਰਾਂਵਾਲੇ ਵੀ ਸਨਮਾਨਯੋਗ ਸਮਝੌਤਾ ਚਾਹੁੰਦੇ ਸਨ

25 ਮਈ 1984 ਨੂੰ ਸੰਤ ਭਿੰਡਰਾਂਵਾਲਿਆਂ ਨਾਲ ਹੋਈ ਆਖਰੀ ਮੁਲਾਕਾਤ ‘ਤੇ ਆਧਾਰਤ
ਜਗਤਾਰ ਸਿੰਘ
27 ਮਾਰਚ 1983 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਪ੍ਰਤੀਨਿਧੀ ਤੇ ਉਨ੍ਹਾਂ ਦੀ ਸਰਕਾਰ ਵਿਚ ਗ੍ਰਹਿ ਮੰਤਰੀ ਪੀ ਵੀ ਨਰਸਿਮਹਾ ਰਾਉ ਦੇ ਨਾਲ ਉਸ ਦੇ ਹੋਰ ਸਹਿਯੋਗੀਆਂ ਵਿਚ ਸੀ ਆਰ ਕ੍ਰਿਸ਼ਨਾ ਸੁਆਮੀ ਰਾਉ ਸਾਹਿਬ, ਪੀ ਸੀ ਅਲੈਗਜ਼ੈਂਡਰ ਅਤੇ ਐਮ ਐਮ ਕੇ ਵਾਲੀ ਅਕਾਲੀ ਆਗੂਆਂ ਨਾਲ ਪੰਜਾਬ ਦਾ ਮਸਲਾ ਨਿਬੇੜਨ ਲਈ ਜਿਹੜੀ ਗੱਲਬਾਤ ਕਰ ਰਹੇ ਸਨ, ਉਸ ਵਿਚ ਅਕਾਲੀ ਦਲ ਵਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ ਅਤੇ ਰਣਧੀਰ ਸਿੰਘ ਚੀਮਾ ਸ਼ਾਮਲ ਸਨ।

ਇਹ ਗੱਲਬਾਤ ਚੰਡੀਗੜ੍ਹ ਦੇ ਕਿਸੇ ਨਿਜੀ ਘਰ ਵਿਚ ਹੋਈ ਸੀ।
ਅਜਿਹੀ ਇਕ ਹੋਰ ਮੀਟਿੰਗ ਇਸੇ ਘਰ ਵਿਚ 29 ਮਾਰਚ ਨੂੰ ਫਿਰ ਹੋਈ ਅਤੇ ਇਸ ਮੀਟਿੰਗ ਵਿਚ ਕਈ ਨਵੇਂ ਚਿਹਰੇ ਵੀ ਸ਼ਾਮਲ ਸਨ। ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲੇ ਆਗੂਆਂ ਦੇ ਨਾਲ-ਨਾਲ ਇਸ ਮੀਟਿੰਗ ਵਿਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹੋਏ। ਸਰਕਾਰ ਵਲੋਂ ਉਸ ਵੇਲੇ ਦੇ ਵਿਸ਼ੇਸ਼ ਗ੍ਰਹਿ ਸਕੱਤਰ ਪ੍ਰੇਮ ਕੁਮਾਰ ਮੀਟਿੰਗ ਵਿਚ ਸ਼ਾਮਲ ਸਨ।
ਪਰ ਕੇਂਦਰ ਅਤੇ ਅਕਾਲੀ ਦਲ ਵਿਚ ਚੱਲ ਰਹੀ ਇਸ ਗੁਪਤ ਗੱਲਬਾਤ ਦਾ ਬਹੁਤ ਹੀ ਅਹਿਮ ਪਹਿਲੂ ਇਨ੍ਹਾਂ ਦੋਹਾਂ ਮੀਟਿੰਗਾਂ ਦੇ ਵਿਚਕਾਰਲੇ ਦਿਨ 28 ਮਾਰਚ 1984 ਨੂੰ ਦਿੱਲੀ ਦੇ ਇਕ ਗੈਸਟ ਹਾਊਸ ਵਿਚ ਹੋਈ ਇੱਕ ਹੋਰ ਮੀਟਿੰਗ ਹੈ ਜੋ ਪ੍ਰਕਾਸ਼ ਸਿੰਘ ਬਾਦਲ ਅਤੇ ਨਰਸਿਮਹਾ ਰਾਉ ਤੇ ਉਸ ਦੇ ਸਾਥੀਆਂ ਵਿਚਕਾਰ ਹੋਈ ਸੀ। ਸਵਾਲ ਇਹ ਹੈ ਕਿ ਜਦੋਂ ਅਕਾਲੀ ਦਲ ਅਤੇ ਕੇਂਦਰ ਸਰਕਾਰ ਵਿਚ ਚੰਡੀਗੜ੍ਹ ਗੱਲਬਾਤ ਚੱਲ ਰਹੀ ਸੀ ਤਾਂ ਉਸ ਵੇਲੇ ਇਕੱਲੇ ਬਾਦਲ ਨੂੰ ਦਿੱਲੀ ਬੁਲਾ ਕੇ ਗੱਲਬਾਤ ਕਰਨ ਦਾ ਕੀ ਮਕਸਦ ਸੀ? ਇਸ ਮੀਟਿੰਗ ਵਿਚ ਕੀ-ਕੀ ਗੱਲਾਂ ਹੋਈਆਂ ਅਤੇ ਕੀ-ਕੀ ਫੈਸਲੇ ਹੋਏ, ਇਸ ਦਾ ਖੁਲਾਸਾ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਇਸ ਦਾ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫੌਜੀ ਹਮਲੇ ਨਾਲ ਕੋਈ ਨਾ ਕੋਈ ਸਬੰਧ ਜ਼ਰੂਰ ਬਣਦਾ ਹੈ।
ਸ਼ ਬਾਦਲ ਹੁਣ ਤੱਕ ਅਕਾਲੀ ਆਗੂਆਂ ਅਤੇ ਕੇਂਦਰ ਸਰਕਾਰ ਵਿਚ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੋਈਆਂ 9 ਗੁਪਤ ਮੀਟਿੰਗਾਂ ਤੋਂ ਇਨਕਾਰ ਹੀ ਕਰਦੇ ਆ ਰਹੇ ਹਨ। ਪਿਛਲੇ ਸਾਲ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫਾ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਗੁਪਤ ਮੀਟਿੰਗਾਂ ਦਾ ਇਹ ਮਸਲਾ ਉਠਾਇਆ ਵੀ ਸੀ। ਇਨ੍ਹਾਂ ਮੀਟਿੰਗਾਂ ਦਾ ਹਵਾਲਾ ਕੇਂਦਰ ਸਰਕਾਰ ਵਲੋਂ ਪੰਜਾਬ ਸਬੰਧੀ 10 ਜੁਲਾਈ 1984 ਨੂੰ ਜਾਰੀ ਕੀਤੇ ਗਏ ਵਾਈਟ ਪੇਪਰ ਵਿਚ ਵੀ ਹੈ।
ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਨੈਤਿਕ ਹੌਂਸਲਾ ਵਿਖਾਉਂਦਿਆਂ ਇਨ੍ਹਾਂ ਮੀਟਿੰਗਾਂ ਨੂੰ ਰਿਕਾਰਡ ਉਤੇ ਲਿਆਂਦਾ। ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫੌਜੀ ਹਮਲੇ ਤੋਂ ਪਹਿਲਾਂ ਇੰਦਰਾ ਗਾਂਧੀ ਦੀ ਕੇਂਦਰ ਸਰਕਾਰ ਅਤੇ ਅਕਾਲੀ ਆਗੂਆਂ ਵਿਚਕਾਰ ਕੁੱਲ 26 ਮੀਟਿੰਗਾਂ ਹੋਈਆਂ ਅਤੇ ਇਹ ਸਿਲਸਿਲਾ 23 ਅਕਤੂਬਰ 1981 ਨੂੰ ਅਕਾਲੀ ਦਲ ਵਲੋਂ ਆਪਣੀਆਂ ਮੰਗਾਂ ਦਾ ਚਾਰਟਰ ਦੇਣ ਨਾਲ ਸ਼ੁਰੂ ਹੋਇਆ ਸੀ ਅਤੇ ਆਖਰੀ ਮੀਟਿੰਗ 26 ਮਈ 1984 ਨੂੰ ਨਵੀਂ ਦਿੱਲੀ ਦੇ ਆਰ ਕੇ ਪੁਰਮ ਇਲਾਕੇ ਵਿਚ ਸਥਿਤ ਇੱਕ ਸਰਕਾਰੀ ਗੈਸਟ ਹਾਊਸ ਵਿਚ ਹੋਈ ਸੀ ਜਿਸ ਵਿਚ ਅਕਾਲੀ ਦਲ ਵਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਸ਼ਾਮਲ ਹੋਏ ਜਦੋਂ ਕਿ ਤਿੰਨ ਕੇਂਦਰੀ ਮੰਤਰੀਆਂ ਨਰਸਿਮਹਾ ਰਾਉ, ਪ੍ਰਣਬ ਮੁਖਰਜੀ (ਹੁਣ ਰਾਸ਼ਟਰਪਤੀ) ਅਤੇ ਸ਼ਿਵ ਸ਼ੰਕਰ ਤੋਂ ਬਿਨਾਂ ਤਿੰਨ ਸਕੱਤਰ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਸਨ। ਇਸ ਤਰ੍ਹਾਂ ਦੀਆਂ ਕੁੱਲ 9 ਮੀਟਿੰਗਾਂ ਹੋਈਆਂ।
ਕੇਂਦਰ ਸਰਕਾਰ ਅਤੇ ਅਕਾਲੀ ਦਲ ਦੇ ਆਗੂਆਂ ਵਿਚਾਲੇ 26 ਮਈ 1984 ਨੂੰ ਆਖਰੀ ਮੀਟਿੰਗ ਦਾ ਵੇਰਵਾ ਇਸ ਪੱਤਰਕਾਰ ਦੀ ਕਿਤਾਬ ‘ਖਾਲਿਸਤਾਨ ਸਟਰਗਲ:ਏ ਨਾਨ ਮੂਵਮੈਂਟ’ ਵਿਚ ਉਸੇ ਤਰ੍ਹਾਂ ਦਿੱਤਾ ਹੋਇਆ ਹੈ ਜਿਸ ਤਰ੍ਹਾਂ ਜਥੇਦਾਰ ਟੌਹੜਾ ਨੇ ਖੁਦ ਬਿਆਨ ਕੀਤਾ ਹੈ, “ਅਕਾਲੀ ਲੀਡਰਾਂ ਤੇ ਕੇਂਦਰ ਵਿਚਕਾਰ 26 ਮਈ 1984 ਨੂੰ ਆਖਰੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਅਕਾਲੀ ਦਲ ਵਲੋਂ ਮੇਰੇ ਨਾਲ ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਵੀ ਸਨ। ਕੇਂਦਰ ਸਰਕਾਰ ਵਲੋਂ ਨਰਸਿਮਹਾ ਰਾਉ, ਪ੍ਰਣਬ ਮੁਖਰਜੀ ਅਤੇ ਸ਼ਿਵ ਸ਼ੰਕਰ ਸਨ। ਉਨ੍ਹਾਂ ਨਾਲ ਤਿੰਨ ਸਕੱਤਰ ਪੱਧਰ ਦੇ ਅਧਿਕਾਰੀ ਵੀ ਸਨ। ਸਾਨੂੰ ਚੰਡੀਗੜ੍ਹ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਦੇ ਆਰ ਕੇ ਪੁਰਮ ਵਿਚਲੇ ਸਰਕਾਰੀ ਗੈਸਟ ਹਾਊਸ ਵਿਚ ਲਿਜਾਇਆ ਗਿਆ। ਮੀਟਿੰਗ ਵਿਚ 8 ਦਿਨਾਂ ਦੇ ਅੰਦਰ ਚੰਡੀਗੜ੍ਹ ਪੰਜਾਬ ਨੂੰ ਦੇ ਦੇਣ, ਪੰਜਾਬੀ ਬੋਲਦੇ ਇਲਾਕਿਆਂ ਸਬੰਧੀ ਫੈਸਲਾ ਕਰਨ ਲਈ ਇੱਕ ਕਮਿਸ਼ਨ ਬਣਾਉਣ, ਦਰਿਆਈ ਪਾਣੀਆਂ ਦਾ ਮਸਲਾ ਸੁਪਰੀਮ ਕੋਰਟ ਦੇ ਹਵਾਲੇ ਕਰਨ ਅਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਇੱਕ ਕਮਿਸ਼ਨ ਨੂੰ ਸੌਂਪਣ ਦੀ ਤਜਵੀਜ਼ ਬਣੀ।”
ਅਕਾਲੀ ਆਗੂਆਂ ਨੇ ਮੀਟਿੰਗ ਵਿਚ ਕਿਹਾ ਕਿ ਦਰਿਆਈ ਪਾਣੀਆਂ ਦਾ ਮਸਲਾ ਰਾਏਪੇਰੀਅਨ ਸਿਧਾਂਤਾਂ ਅਨੁਸਾਰ ਹੱਲ ਕਰਨ ਲਈ ਸੁਪਰੀਮ ਕੋਰਟ ਨੂੰ ਸੌਂਪ ਦਿੱਤਾ ਜਾਵੇ। ਉਨ੍ਹਾਂ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣੇ ਅਤੇ ਦਿੱਲੀ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਮੰਗ ਉਤੇ ਵੀ ਜ਼ੋਰ ਦਿੱਤਾ। ਕੇਂਦਰੀ ਮੰਤਰੀ ਸ਼ਿਵ ਸ਼ੰਕਰ ਚਾਹੁੰਦਾ ਸੀ ਕਿ ਅਕਾਲੀ ਆਗੂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਸਮਝੌਤੇ ਨੂੰ ਪ੍ਰਵਾਨ ਕਰਨ ਦੀ ਜ਼ਿੰਮੇਵਾਰੀ ਲੈਣ। ਜਥੇਦਾਰ ਟੌਹੜਾ ਨੇ ਖੁਦ ਇਹ ਜ਼ਿੰਮੇਵਾਰੀ ਲਈ। ਅਕਾਲੀ ਆਗੂਆਂ ਦਾ ਇਹ ਵੀ ਸੁਝਾਅ ਸੀ ਕਿ ਜੇ ਕੇਂਦਰ ਨੂੰ ਹਰਿਆਣੇ ਦੀ ਬਹੁਤੀ ਹੀ ਚਿੰਤਾ ਹੈ ਤਾਂ ਇਸ ਸੂਬੇ ਨੂੰ ਉਤਰ ਪ੍ਰਦੇਸ਼ ਵਿਚੋਂ ਕੁਝ ਇਲਾਕਾ ਦੇ ਦਿੱਤਾ ਜਾਵੇ। ਮੀਟਿੰਗ ਕਰੀਬ ਚਾਰ ਘੰਟੇ ਚੱਲੀ। ਇਹ ਪਹਿਲੀ ਮੀਟਿੰਗ ਸੀ ਜਿਸ ਵਿਚ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਅਕਾਲੀ ਆਗੂਆਂ ਦੀਆਂ ਤਜਵੀਜ਼ਾਂ ਅਤੇ ਸੁਝਾਵਾਂ ਉਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਕੇਂਦਰੀ ਮੰਤਰੀਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਸਲਾਹ ਕਰਨ ਤੋਂ ਬਾਅਦ ਫਿਰ ਉਨ੍ਹਾਂ ਨੂੰ ਮਿਲਣਗੇ। ਸ਼ਾਮ ਦੇ ਕਰੀਬ ਸਾਢੇ ਚਾਰ ਵਜੇ ਉਹ ਵਾਪਸ ਆਏ ਅਤੇ ਖੜ੍ਹੇ ਖੜ੍ਹੇ ਹੀ ਕਹਿਣ ਲੱਗੇ, “ਵੈਰੀ ਵੈਰੀ ਸੌਰੀ, ਮੈਡਮ ਨਹੀਂ ਮੰਨੇ।” ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮੀਟਿੰਗ ਵਿਚ ਘੜਿਆ ਫਾਰਮੂਲਾ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਇਸ ਤੋਂ ਤੁਰੰਤ ਬਾਅਦ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰ ਦਿੱਤਾ ਗਿਆ। ਇਸ ਤੋਂ ਕਈ ਸਾਲ ਬਾਅਦ ਜਥੇਦਾਰ ਟੌਹੜਾ ਨੇ ਇਨ੍ਹਾਂ ਮੀਟਿੰਗਾਂ ਦੇ ਵੇਰਵੇ ਕਈ ਥਾਂਵਾਂ ਉਤੇ ਸਾਂਝੇ ਕੀਤੇ।
ਇਨ੍ਹਾਂ ਮੀਟਿੰਗਾਂ ਤੋਂ ਬਾਅਦ ਜਥੇਦਾਰ ਟੌਹੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਦੱਸ ਦਿੱਤਾ ਕਿ ਕੇਂਦਰ ਸਰਕਾਰ ਮਸਲੇ ਦੇ ਕਿਸੇ ਵੀ ਹੱਲ ਪ੍ਰਤੀ ਗੰਭੀਰ ਨਹੀਂ ਹੈ। ਦੋਹੇਂ ਆਗੂ ਇਸ ਸਿੱਟੇ ਉਤੇ ਪਹੁੰਚੇ ਕਿ ਗੱਲਬਾਤ ਦਾ ਇਹ ਸਾਰਾ ਡਰਾਮਾ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਲਈ ਲੋੜੀਂਦੀ ਤਿਆਰੀ ਲਈ ਚਾਹੀਦਾ ਸਮਾਂ ਲੈਣ ਲਈ ਰਚਿਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਦਾ ਮਨ ਸਾਫ ਨਹੀਂ ਹੈ। ਜਥੇਦਾਰ ਟੌਹੜਾ ਨੇ ਇਹ ਵੀ ਦੱਸਿਆ ਕਿ ਦੇਹਰਾਦੂਨ ਦੇ ਨੇੜੇ ਚਕਾਰਤਾ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕਮਾਂਡੋਆਂ ਨੂੰ ਸਿੱਖਾਂ ਦੇ ਇਸ ਸਭ ਤੋਂ ਮੁਕੱਦਸ ਅਸਥਾਨ ਉਤੇ ਹਮਲਾ ਕਰਨ ਲਈ ਸਿਖਲਾਈ ਦਿੱਤੀ ਗਈ ਸੀ। ਸੰਤ ਲੌਂਗੋਵਾਲ ਨੇ 2 ਜੂਨ ਨੂੰ ਜਥੇਦਾਰ ਟੌਹੜਾ ਨੂੰ ਕਿਹਾ ਕਿ ਉਹ ਇਸ ਗੰਭੀਰ ਸਥਿਤੀ ਉਤੇ ਵਿਚਾਰ ਕਰਨ ਲਈ ਪਾਰਟੀ ਦੀ ਤੁਰੰਤ ਮੀਟਿੰਗ ਸੱਦਣ।
ਗੁਪਤ ਮੀਟਿੰਗਾਂ ਅਜੇ ਚੱਲ ਹੀ ਰਹੀਆਂ ਸਨ ਕਿ ਸੰਤ ਭਿੰਡਰਾਂਵਾਲਿਆਂ ਨੇ ਇਸ ਪੱਤਰਕਾਰ ਨਾਲ 25 ਮਈ 1984 ਨੂੰ ਸ੍ਰੀ ਅਕਾਲ ਤਖ਼ਤ ਵਿਖੇ ਹੋਈ ਇੱਕ ਮੀਟਿੰਗ ਵਿਚ ਕਿਹਾ ਕਿ ਉਹ ਕੇਂਦਰ ਸਰਕਾਰ ਨਾਲ ਕਿਸੇ ਸਨਮਾਨਯੋਗ ਸਮਝੌਤੇ ਦੇ ਵਿਰੁਧ ਨਹੀਂ ਹਨ। ਇਸ ਮੀਟਿੰਗ ਦਾ ਵੇਰਵਾ ਇਸ ਪ੍ਰਕਾਰ ਹੈ:
1984 ਦੇ ਸਾਲ ਦੀ ਉਹ 25 ਮਈ ਦਾ ਦਿਨ ਸੀ।ਗਰਮੀ ਆਪਣੇ ਪੂਰੇ ਜੋਬਨ ‘ਤੇ ਸੀ।ਅਜੇ ਭਾਵੇਂ ਸਵੇਰ ਦੇ ਕੋਈ 9 ਹੀ ਵਜੇ ਸਨ, ਫਿਰ ਵੀ ਤਪਸ਼ ਨਾਲ ਬੁਰਾ ਹਾਲ ਸੀ।ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਅੰਦਰ ਤੇ ਬਾਹਰ ਆਮ ਨਾਲੋਂ ਅੱਜ ਵੱਧ ਭੀੜ ਸੀ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਤਖ਼ਤ ਸਾਹਿਬ ਦੀ ਉਪਰਲੀ ਮੰਜ਼ਿਲ ਉਤੇ ਆਪਣਾ ḔਦਰਬਾਰḔ ਲਾ ਕੇ ਲੋਕਾਂ ਦੇ ਝਗੜੇ ਨਿਬੇੜ ਰਹੇ ਸਨ।ਉਹ, ਉਦੋਂ ਤੱਕ, ਸੰਤ ਭਿੰਡਰਾਂਵਾਲਿਆਂ ਦੇ ਕਈ ਕੰਮ ਖੁਦ ਵੀ ਕਰਨ ਲੱਗ ਪਏ ਸਨ, ਖਾਸ ਕਰਕੇ ਖੁੱਲਾ ਦਰਬਾਰ ਲਾ ਕੇ ਲੋਕਾਂ ਦੇ ਝਗੜੇ ਨਿਬੇੜਨ ਦਾ। ਸੰਤ ਪਿਛਲੇ ਕਾਫੀ ਸਮੇਂ ਤੋਂ ਲੰਗਰ ਹਾਲ ਜਾਂ ਅਕਾਲ ਤਖਤ ਸਾਹਿਬ ਦੀ ਛੱਤ ਉਤੇ ਖੁੱਲਾ ਦਰਬਾਰ ਲਾ ਕੇ ਲੋਕਾਂ ਦੇ ਝਗੜੇ ਨਿਬੇੜਿਆ ਕਰਦੇ ਸਨ।ਅਦਾਲਤਾਂ ਦੇ ਲੰਬੇ ਖਲਜਗਣ ਦੀ ਥਾਂ ਲੋਕਾਂ ਨੂੰ ਇਨਸਾਫ ਦੇਣ ਦਾ ਇਹ ਸਸਤਾ ਤੇ ਤੁਰੰਤ ਇਨਸਾਫ ਦੇਣ ਦਾ ਸੌਖਾ ਰਾਹ ਸੀ।ਲੋਕ ਉਨ੍ਹਾਂ ਕੋਲ ਘਰੇਲੂ ਝਗੜਿਆਂ ਦੇ ਨਾਲ ਨਾਲ ਜ਼ਮੀਨਾਂ ਤੱਕ ਦੇ ਝਗੜੇ ਵੀ ਲਿਆਉਣ ਲੱਗ ਪਏ ਸਨ।
ਸੰਤ ਭਿੰਡਰਾਂਵਾਲੇ ਆਪਣੇ ਕਮਰੇ ਨੂੰ ਅੰਦਰੋਂ ਕੁੰਡੀ ਲਾ ਕੇ ਅਰਾਮ ਕਰ ਰਹੇ ਸਨ।ਉਹ ਬਹੁਤ ਸਵੱਖਤੇ ਉਠਣ ਕਰਕੇ ਦਿਨ ਵਿਚ ਨੀਂਦ ਦੀ ਇੱਕ ਅੱਧ ਝਪਕੀ ਲਾ ਲੈਂਦੇ ਸਨ।ਦਮਦਮੀ ਟਕਸਾਲ ਦੇ ਉਨ੍ਹਾਂ ਦੇ ਸਾਥੀ ਨਾਲ ਲਗਦੇ ਕਮਰੇ ਵਿਚ ਆਪਣੇ ਹਥਿਆਰ ਸਾਫ ਕਰ ਰਹੇ ਸਨ।ਸੰਤਾਂ ਦੇ ਬਹੁਤ ਹੀ ਘੱਟ ਤੇ ਮਿੱਠਾ ਬੋਲਣ ਵਾਲੇ ਨਿੱਜੀ ਸਹਾਇਕ ਰਛਪਾਲ ਸਿੰਘ ਨਾਲ ਗੱਲਾਂ ਕਰਦਿਆਂ ਮੈਨੂੰ ਪਤਾ ਲੱਗਿਆ ਕਿ ਅਮਰੀਕ ਸਿੰਘ ਵਲੋਂ ਸੰਤ ਭਿੰਡਰਾਂਵਾਲੇ ਵਾਂਗੂ ਲੋਕਾਂ ਦੇ ਝਗੜੇ ਨਿਬੇੜਨ ਦੇ ਸ਼ੁਰੂ ਕੀਤੇ ਗਏ ਕੰਮ ਨੂੰ ਟਕਸਾਲ ਦੇ ਸੀਨੀਅਰ ਆਗੂਆਂ ਵਿਚੋਂ ਕੁਝ ਪਸੰਦ ਨਹੀਂ ਸਨ ਕਰਦੇ ਅਤੇ ਉਸ ਉਤੇ ਲੋੜੋਂ ਵੱਧ ਇਛਾਵਾਂ ਪਾਲਣ ਦਾ ਦੋਸ਼ ਲਾਉਂਦੇ ਸਨ।ਰਛਪਾਲ ਸਿੰਘ ਨੇ ਇਸ ਸਬੰਧੀ ਮੇਰੇ ਨਾਲ ਗੱਲਬਾਤ ਕਰਦਿਆਂ ਮੈਨੂੰ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਸ ਮਾਮਲੇ ਬਾਰੇ ਸੰਤ ਭਿੰਡਰਾਂਵਾਲੇ ਨਾਲ ਗੱਲ ਕਰਾਂ।
ਇੱਕ ਘੰਟੇ ਦੀ ਉਡੀਕ ਤੋਂ ਬਾਅਦ ਮੈਂ ਵਾਪਸ ਆਉਣ ਦਾ ਫੈਸਲਾ ਕਰ ਲਿਆ ਕਿਉਂਕਿ ਅਕਾਲੀ ਦਲ ਵਲੋਂ ਚਲਾਏ ਜਾ ਰਹੇ ਧਰਮ ਯੁੱਧ ਮੋਰਚੇ ਕਾਰਨ ਤੇਜ਼ੀ ਨਾਲ ਕਰਵਟ ਲੈ ਰਹੀਆਂ ਹਾਲਤਾਂ ਸਬੰਧੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਕੇ ਖ਼ਬਰ ਕਰਨ ਦੀ ਮੇਰੇ ਅਖ਼ਬਾਰ ਵਲੋਂ ਲਾਈ ਆਪਣੀ ਵਿਸ਼ੇਸ਼ ਡਿਊਟੀ ਮੈਂ ਪਹਿਲਾਂ ਹੀ ਖਤਮ ਕਰ ਲਈ ਸੀ।ਪਰ ਰਛਪਾਲ ਸਿੰਘ ਨੇ ਇਹ ਕਹਿ ਕੇ ਮੈਨੂੰ ਕੁਝ ਦੇਰ ਹੋਰ ਉਡੀਕ ਕਰਨ ਲਈ ਮਨਾ ਲਿਆ ਕਿ ਜੇ ਸੰਤਾਂ ਨੂੰ ਪਤਾ ਲੱਗ ਗਿਆ ਕਿ ਤੂੰ ਇਥੇ ਆ ਕੇ ਬਿਨਾਂ ਮਿਲੇ ਚਲਾ ਗਿਆ ਹੈਂ ਤਾਂ ਸੰਤ ਸਾਡੇ ਨਾਲ ਨਾਰਾਜ਼ ਹੋਣਗੇ।ਕੁਝ ਦੇਰ ਬਾਅਦ ਦਰਵਾਜ਼ਾ ਖੁੱਲਿਆ ਅਤੇ ਸੰਤ ਭਿੰਡਰਾਂਵਾਲੇ ਆਪਣੇ ਕਮਰੇ ਵਿਚੋਂ ਨਿਕਲ ਕੇ ਗੁਸਲਖਾਨੇ ਚਲੇ ਗਏ।ਵਾਪਸੀ ਸਮੇਂ ਉਥੇ ਉਡੀਕ ਕਰ ਰਹੀ ਭੀੜ ਇੱਕਦਮ ਉਨ੍ਹਾਂ ਵੱਲ ਉਲਰ ਪਈ।ਮੈਨੂੰ ਇੱਕ ਖੂੰਜੇ ਵਿਚ ਲੱਗੇ ਖੜੇ ਨੂੰ ਵੇਖਦਿਆਂ ਹੀ ਉਨ੍ਹਾਂ ਮੈਨੂੰ ਹੱਥ ਦਾ ਇਸ਼ਾਰਾ ਕਰਕੇ ਰੁਕਣ ਲਈ ਕਿਹਾ।ਤਕਰੀਬਨ ਅੱਧੇ ਘੰਟੇ ਦੀ ਹੋਰ ਉਡੀਕ ਤੋਂ ਬਾਅਦ ਮੈਂ ਤੇ ਅਮਰੀਕ ਸਿੰਘ ਕਮਰੇ ਵਿਚ ਉਨ੍ਹਾਂ ਦੇ ਨਾਲ ਸਾਂ।ਮੈਂ ਸੰਤਾਂ ਨੂੰ ਕਿਹਾ ਕਿ ਮੈਂ ਕੁਝ ਗੱਲਾਂ ਉਨ੍ਹਾਂ ਨਾਲ ਇਕੱਲਿਆਂ ਕਰਨਾ ਚਾਹੁੰਦਾ ਹਾਂ।ਅਮਰੀਕ ਸਿੰਘ ਉਠ ਕੇ ਚਲਾ ਗਿਆ।ਇੱਕ ਘੰਟਾ ਲੰਬੀ ਗੱਲਬਾਤ ਦੌਰਾਨ ਹੋਰਨਾਂ ਮਸਲਿਆਂ ਦੇ ਨਾਲ ਨਾਲ ਸੰਭਾਵਿਤ ਫੌਜੀ ਹਮਲੇ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ।ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤਿੱਖੇ ਟਕਰਾਅ ਵਾਲੀਆਂ ਇਨ੍ਹਾਂ ਹਾਲਤਾਂ ਵਿਚ ਕੇਂਦਰ ਸਰਕਾਰ ਵਲੋਂ ਕੀਤੀ ਜਾ ਸਕਣ ਵਾਲੀ ਕਿਸੇ ਸਿਰੇ ਦੀ ਕਾਰਵਾਈ ਨੂੰ ਟਾਲਣ ਦਾ ਕੋਈ ਰਾਹ ਹਾਲੇ ਵੀ ਬਚਿਆ ਹੈ।ਉਨ੍ਹਾਂ ਬੜਾ ਸਿੱਧਾ ਤੇ ਸਪਸ਼ਟ ਜੁਆਬ ਦਿੱਤਾ, “ਸਰਕਾਰ ਅਕਾਲੀ ਨੇਤਾਵਾਂ ਨਾਲ ਮੋਰਚੇ ਦੀਆਂ ਮੰਗਾਂ ਸਬੰਧੀ ਕੋਈ ਸਨਮਾਨਯੋਗ ਹੱਲ ਕੱਢ ਲਵੇ।ਜੇਲ੍ਹਾਂ ਵਿਚ ਬੰਦ ਸਾਰੇ ਸਿੱਖ ਨੌਜਵਾਨਾਂ, ਸਮੇਤ ਖਾੜਕੂਆਂ ਦੇ, ਨੂੰ ਆਮ ਮੁਆਫੀ ਦੇ ਕੇ ਜੇਲ੍ਹਾਂ ਵਿਚੋਂ ਰਿਹਾ ਕਰ ਦੇਵੇ।ਮੈਂ ਤੁਰੰਤ ਆਪਣੇ ਹੈਡ ਕੁਆਰਟਰ ਚੌਕ ਮਹਿਤਾ ਚਲਾ ਜਾਵਾਂਗਾ।”
ਇੱਕ ਪਲ ਲਈ ਮੈਨੂੰ ਯਕੀਨ ਨਾ ਆਇਆ ਕਿ ਇਹ ਗੱਲ ਸੰਤ ਭਿੰਡਰਾਂਵਾਲੇ ਹੀ ਕਹਿ ਰਹੇ ਹਨ।ਪਰ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਜਦੋਂ ਮੈਂ ਇਹ ਗੱਲ ਸੀਨੀਅਰ ਕਾਂਗਰਸੀ ਆਗੂ ਆਰæਐਲ਼ ਭਾਟੀਆ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਦਸਿਆ ਕਿ 28 ਮਈ ਨੂੰ ਸੰਤ ਭਿੰਡਰਾਂਵਾਲੇ ਨੇ ਇਹੀ ਤਜਵੀਜ ਦਿੱਲੀ ਤੋਂ ਆਏ ਇੱਕ ਵਿਸ਼ੇਸ਼ ਵਿਚੋਲੇ ਨੂੰ ਵੀ ਦਿੱਤੀ ਸੀ ਅਤੇ ਉਨ੍ਹਾਂ ਦੀ ਇਸ ਤਜਵੀਜ਼ ਦੀ ਵੀਡੀਓ ਰਿਕਾਰਡਿੰਗ ਕਰ ਕੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਵਿਖਾਈ ਵੀ ਗਈ ਸੀ।
ਸੰਤ ਭਿੰਡਰਾਂਵਾਲਿਆਂ ਨਾਲ ਮੇਰੀ ਇਸ ਆਖਰੀ ਮੁਲਾਕਾਤ ਸਮੇਂ ਬਹੁਤ ਹੀ ਤਲਖੀ ਅਤੇ ਵਿਆਪਕ ਭੈਅ ਦਾ ਮਾਹੌਲ ਬਣਿਆ ਹੋਇਆ ਸੀ ਪਰ ਸੰਤ ਭਿੰਡਰਾਂਵਾਲੇ ਪੂਰੀ ਤਰਾਂ ਸਹਿਜ ਤੇ ਸ਼ਾਂਤਚਿੱਤ ਸਨ।ਚੰਡੀਗੜ੍ਹ ਨੂੰ ਵਾਪਸ ਆਉਂਦਿਆਂ ਮੈਂ ਵੇਖਿਆ ਕਿ ਵੱਡੀ ਗਿਣਤੀ ਵਿਚ ਫੌਜੀ ਗੱਡੀਆਂ ਅੰਮ੍ਰਿਤਸਰ ਵੱਲ ਜਾ ਰਹੀਆਂ ਸਨ।ਦਰਅਸਲ ਆਪ੍ਰੇਸ਼ਨ ਬਲੂ ਸਟਾਰ ਦੀ ਕਾਰਵਾਈ ਅਰੰਭ ਹੋ ਚੁੱਕੀ ਸੀ, ਜਿਹੜਾ ਕਿ ਟਾਲਿਆ ਜਾਣਾ ਚਾਹੀਦਾ ਸੀ।
ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੂੰ ਇਹ ਦਸਣਾ ਚਾਹੀਦਾ ਹੈ ਕਿ ਜਦੋਂ ਕੇਂਦਰ ਸਰਕਾਰ ਦੇ ਪ੍ਰਤੀਨਿਧੀਆਂ ਦੀ ਅਕਾਲੀ ਆਗੂਆਂ ਨਾਲ ਚੰਡੀਗੜ੍ਹ ਗੱਲਬਾਤ ਚੱਲ ਰਹੀ ਸੀ ਤਾਂ ਉਨ੍ਹਾਂ ਨਾਲ ਇਕੱਲਿਆਂ ਦਿੱਲੀ ਵਿਚ ਮੀਟਿੰਗ ਕਰਨ ਦੀ ਕੀ ਲੋੜ ਪੈ ਗਈ ਸੀ।ਇਸ ਮੀਟਿੰਗ ਦਾ ਵੇਰਵਾ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਦਾ ਰਹੱਸ ਖੋਲ੍ਹਣ ਵਿਚ ਸਹਾਈ ਹੋ ਸਕਦਾ ਹੈ।