‘ਕਿੱਸਾ ਪੰਜਾਬ’ ਨਾਮੀ ਫਿਲਮ ਦੇ ਨਿਰਮਾਤਾ

ਗੁਲਜ਼ਾਰ ਸਿੰਘ ਸੰਧੂ
ਅੱਜ ਕੱਲ੍ਹ ਇਕ ਨਵੀਂ ਪੰਜਾਬੀ ਫਿਲਮ ‘ਕਿੱਸਾ ਪੰਜਾਬ’ ਦੀ ਬੜੀ ਚਰਚਾ ਹੈ। ਮੈਂ ਇਸ ਦੀ ਪ੍ਰੋਡਕਸ਼ਨ ਦੇ ਵੱਖ-ਵੱਖ ਪੜਾਵਾਂ ਤੋਂ ਜਾਣੂ ਹਾਂ। ਇਸ ਦੀ ਕਹਾਣੀ ਸਕਰੀਨ ਪਲੇਅ ਤੇ ਡਾਇਲਾਗ ਲਿਖਣ ਵਿਚ ਮੇਰੇ ਅਜ਼ੀਜ਼ ਉਦੈ ਪ੍ਰਤਾਪ ਸਿੰਘ ਦਾ ਵੱਡਾ ਯੋਗਦਾਨ ਹੈ। ਜਦੋਂ ਉਹ ਫਿਲਮ ਦੇ ਡਾਇਰੈਕਟਰ ਜਤਿੰਦਰ ਮੌਹਰ ਨਾਲ ਕਦਮ ਮਿਲਾ ਕੇ ਚਲ ਰਿਹਾ ਸੀ ਤਾਂ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਹ ਇਕ ਅਜਿਹੀ ਫਿਲਮ ਬਣਾਉਣ ਵਿਚ ਰੁੱਝੇ ਹੋਏ ਹਨ ਜਿਹੜੀ ਪੰਜਾਬ ਦੀ ਡੋਬੇ ਖਾ ਰਹੀ ਜਵਾਨੀ ਨੂੰ ਉਨ੍ਹਾਂ ਦਾ ਮਾਣ ਮੱਤਾ ਪੰਜਾਬ ਚੇਤੇ ਕਰਾ ਰਹੀ ਹੈ।

ਇਥੇ ਕਿਹੜੇ ਪੰਜਾਬ ਦਾ ਕਿੱਸਾ ਪੇਸ਼ ਹੋ ਰਿਹਾ ਸੀ? ਦਿਸਦੇ ਪੰਜਾਬ ਦਾ ਜਾਂ ਨਾ ਦਿਸਦੇ ਪੰਜਾਬ ਦਾ, ਪ੍ਰਤੱਖ ਪੰਜਾਬ ਦਾ ਜਾਂ ਅਣਗੌਲੇ ਪੰਜਾਬ ਦਾ; ਇਸ ਦਾ ਅਨੁਮਾਨ ਲਾਉਣਾ ਔਖਾ ਨਹੀਂ ਸੀ। ਜਦੋਂ ਅਸੀਂ ਉਨ੍ਹਾਂ ਪਾਤਰਾ ਦੇ ਰੂਬਰੂ ਹੁੰਦੇ ਹਾਂ ਜਿਹੜੇ ਸ਼ੀਸ਼ੀਆ ਪੀ ਕੇ ਬੱਸਾਂ ਦੇ ਅੱਡਿਆ ‘ਤੇ ਆਵਾਰਾਗਰਦੀ ਕਰ ਰਹੇ ਹਨ ਤਾਂ ਏਦਾ ਜਾਪਦਾ ਹੈ ਕਿ ਉਨ੍ਹਾਂ ਦਾ ਘਰ ਬਾਰ ਕੋਈ ਨਹੀਂ। ਉਹ ਬੇਕਾਰ ਹਨ ਤੇ ਉਨ੍ਹਾਂ ਨੇ ਬਿਨਾ ਕੋਈ ਕੰਮ-ਕਾਰ ਕੀਤਿਆਂ ਹੀ ਤੁਰ ਜਾਣਾ ਹੈ। ਇਹੋ ਸਵਾਲ ਮੰਚ ਉਤੇ ਨੱਚ ਰਹੀ ਜਵਾਨੀ ਦਾ ਹੈ। ਉਸ ਨੂੰ ਦੇਖ ਕੇ ਲਲਕਾਰੇ ਮਾਰਦੀ ਜਵਾਨੀ ਦਾ ਵੀ। ਇਥੇ ਕੋਈ ਨਾਇਕ ਨਹੀਂ ਤੇ ਨਾ ਹੀ ਕੋਈ ਖਲਨਾਇਕ ਹੈ। ਪਰ ਸੰਦੇਸ਼ ਸਪਸ਼ਟ ਹੈ, ਉਹ ਇਹ ਕਿ ਪੰਜਾਬ ਦੀ ਜਵਾਨੀ ਡੁੱਬ ਰਹੀ ਹੈ ਤੇ ਗੋਤੇ ਖਾ ਰਹੀ ਏਸ ਜਵਾਨੀ ਨੂੰ ਢਾਰਸ ਦੇਣ ਵਾਲਾ ਕੋਈ ਨਹੀਂ। ਫਿਲਮ ਵਿਚ ਇਸ ਦਾ ਉਤਰ ਡੋਬੇ ਦੇ ਕਾਰਨ ਦਿੰਦੇ ਹਨ ਜਿਨ੍ਹਾਂ ਨੂੰ ਜਤਿੰਦਰ ਮੌਹਰ ਦੀ ਦਿਭ-ਦ੍ਰਿਸ਼ਟੀ ਨੇ ਦਰਸ਼ਕਾਂ ਦੇ ਸਾਹਮਣੇ ਜੀਵਤ ਰੂਪ ਵਿਚ ਪੇਸ਼ ਕੀਤਾ ਹੈ। ਜਦੋਂ ਇਹ ਫਿਲਮ ਸਾਊਥ ਏਸ਼ੀਆ ਦੇ ਇੰਟਰਨੈਸ਼ਲ ਫਿਲਮ ਫੈਸਟੀਵਲ ਵਿਚ ਪੇਸ਼ ਹੋਈ ਤਾਂ ਮੇਰੇ ਟੋਰਾਂਟੋ ਵਾਸੀ ਮਿੱਤਰਾਂ ਦਾ ਹੁੰਗਾਰਾ ਬੜਾ ਹਾਂ-ਪੱਖੀ ਸੀ। ਫਿਲਮ ਇੱਕ ਤੇ ਕਿੱਸੇ ਵੀਹ ਦਾ ਨਾਂ ਹੈ ‘ਕਿੱਸਾ ਪੰਜਾਬ।’ ਇਸ ਦਾ ਅੰਤਮ ਰੂਪ ਕਿਹੋ ਜਿਹਾ ਹੈ, ਮੈਨੂੰ ਉਸ ਦੀ ਝਾਕ ਲੱਗੀ ਹੋਈ ਹੈ।
‘ਲਹੂ ਮਿੱਟੀ’ ਵਾਲਾ ਸੰਤ ਸਿੰਘ ਸੇਖੋਂ: ਪੰਜਾਬੀ ਕਹਾਣੀ ਨੂੰ ਪੱਛਮੀ ਵਿਧਾ ਵਿਚ ਢਾਲਣ ਵਾਲਾ ਤੇ ‘ਲਹੂ ਮਿੱਟੀ’ ਨਾਂ ਦੇ ਨਾਵਲ ਦਾ ਲੇਖਕ ਸੰਤ ਸਿੰਘ ਸੇਖੋਂ ਮੇਰਾ ਦਿਸ਼ਾ ਨਿਰਦੇਸ਼ਕ ਵੀ ਸੀ ਤੇ ਸੀਨੀਅਰ ਮਿੱਤਰ ਵੀ। ਉਸ ਦੇ 105ਵੇਂ ਜਨਮ ਦਿਨ ਉਤੇ ਸੁਰਜੀਤ ਪਾਤਰ ਨੇ ਉਸ ਨੂੰ ਪੰਜਾਬੀ ਸਾਹਿਤ ਦੀਆਂ ਹੱਦਾਂ ਦਾ ਵਿਸਤਾਰ ਕਰਤਾ ਕਿਹਾ ਹੈ। ਉਹ ਮਹਾਨ ਸਿਰਜਕ ਤੇ ਮਹਾਨ ਉਸਰਈਆ ਸੀ ਇਹਦੇ ਬਾਰੇ ਦੋ ਰਾਵਾਂ ਨਹੀਂ। ਉਹ ਕਿੰਨਾ ਉਤਮ ਨਾਟਕਕਾਰ ਸੀ, ਪਿਛਲੇ ਹਫਤੇ ‘ਨਾਟ ਸੰਵਾਦ’ ਸੰਸਥਾ ਵਲੋਂ ਪੰਜਾਬੀ ਭਵਨ ਲੁਧਿਆਣਾ ਵਿਚ ਕਰਵਾਏ ਗਏ ਸਮਾਗਮ ਨੇ ਉਭਾਰਿਆ ਹੈ। ਇਸ ਸੰਸਥਾ ਦੇ ਕਰਤਾ-ਧਰਤਾ ਕੌਣ ਹਨ ਇਹ ਤਾ ਮੈਂ ਨਹੀਂ ਜਾਣਦਾ, ਪਰ ਪਤਾ ਲੱਗਿਆ ਹੈ ਕਿ ਸਮਾਗਮ ਵਿਚ ਸ਼ਿਰਕਤ ਕਰਨ ਵਾਲਿਆਂ ਵਿਚ ਸੁਰਜੀਤ ਪਾਤਰ ਤੋਂ ਬਿਨਾ ਜਸਵੰਤ ਸਿੰਘ ਕੰਵਲ, ਸਵਰਾਜਬੀਰ, ਤੇਜਵੰਤ ਗਿੱਲ, ਪਾਲ ਕੌਰ ਤੇ ਜਗਮੋਹਨ ਸਿੰਘ ਵੀ ਸਨ।
ਸਮਾਗਮ ਵਿਚ ਹਿੱਸਾ ਲੈਣ ਵਾਲੇ ਬੁਲਾਰਿਆਂ ਨੇ ਸੇਖੋਂ ਦੇ ਉਸ ਦਰਦ ਦੀ ਥਾਹ ਪਾਈ ਜਿਹੜਾ ਉਸ ਦੇ ਮਨ ਵਿਚ ਧੁਰ ਅੰਦਰ ਤੱਕ ਵੱਸਿਆ ਹੋਇਆ ਸੀ। ਸੇਖੋਂ ਦੀ ਸਿਰਜਣ ਪ੍ਰਕ੍ਰਿਆ ਵਿਚੋਂ ਪੰਜਾਬ ਦੀ ਲਹੂ ਮਿੱਟੀ ਨਿਚੋੜਨ ਦੇ ਪੱਖ ਤੋਂ ਇਹ ਸਮਾਗਮ ਸੱਚ-ਮੁੱਚ ਹੀ ਬੜਾ ਅਹਿਮ ਸੀ। ਇਹ ਗੱਲ ਵੀ ਓਨੇ ਹੀ ਮਹੱਤਵ ਵਾਲੀ ਹੈ ਕਿ ਇਸ ਮੌਕੇ ਉਘੇ ਨਾਟਕਾਕਰ ਸਵਰਾਜਬੀਰ ਦਾ ਸਨਮਾਨ ਕਰਨ ਲਈ ਸੇਖੋਂ ਰਚਿਤ ‘ਸਾਹਿਤਿਆਰਥ’ ਭੇਟ ਕੀਤੀ ਗਈ। ਭਾਵੇਂ ਸੰਤ ਸਿੰਘ ਸੇਖੋਂ ਨੂੰ ਕੇਂਦਰ ਦੀ ਸਾਹਿਤ ਅਕਾਡਮੀ ਦਾ ਪੁਰਸਕਾਰ ਉਸਦੇ ਨਾਟਕ ‘ਮਿੱਤਰ ਪਿਆਰਾ’ ਉਤੇ ਮਿਲਿਆ, ਪਰ ਪੰਜਾਬੀ ਆਲੋਚਨਾ ਦੇ ਖੇਤਰ ਵਿਚ ‘ਸਾਹਿਤਿਆਰਥ’ ਨੇ ਨਵੀਆਂ ਤੇ ਗੌਲਣਯੋਗ ਲੀਹਾਂ ਪਾਈਆਂ, ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਦੇ ਸਾਹਿਤ ਆਲੋਚਕ ਨਾਮਣਾ ਖੱਟ ਰਹੇ ਹਨ।
ਪਹਾੜੀ ਖੇਤਰ ਵਿਚ ਗੱਡੀਆਂ ਦੀ ਬਹੁਲਤਾ: ਏਸ ਵਰ੍ਹੇ ਮੌਸਮੀ ਅਦਲਾ-ਬਦਲੀ ਨੇ ਪਹਾੜੀ ਖੇਤਰ ਵਿਚ ਵੀ ਅੰਤਾਂ ਦੀ ਪ੍ਰੇਸ਼ਾਨੀ ਲਿਆਂਦੀ ਹੈ। ਮਨਾਲੀ ਦੀ ਨਗਰਪਾਲਿਕਾ ਵੱਲੋਂ ਮਨਾਲੀ ਤੇ ਰੋਹਤਾਗ ਪਾਸ/ਦੱਰਾ ਜਾਣ ਵਾਲੀਆਂ ਪਟਰੌਲ ਡੀਜ਼ਲ ਤੇ ਵੱਡੀਆਂ ਵਪਾਰਕ ਗੱਡੀਆਂ ਉਤੇ ਕ੍ਰਮਵਾਰ 1000, 2500 ਤੇ 5000 ਰੁਪਏ ਦਾ ਪਰਮਿਟ ਲਾਉਣ ਦੇ ਬਾਵਜੂਦ ਗੱਡੀਆਂ ਦੀ ਭੀੜ ਦਾ ਅੰਤ ਨਹੀਂ ਸੀ। ਇਥੋਂ ਤੱਕ ਕਿ ਨਗਰਪਾਲਿਕਾ ਨੂੰ ਗੋਲਾਬਾ ਚੈਕ ਪੋਸਟ ਲੰਘਣ ਵਾਲੀਆਂ ਗੱਡੀਆਂ ਦੀ ਗਿਣਤੀ 1000 (600 ਪੈਟਰੌਲ ਤੇ 400 ਡੀਜ਼ਲ) ਤਕ ਸੀਮਤ ਕਰਨੀ ਪਈ। ਏਨੀਆਂ ਗੱਡੀਆਂ ਤਾ ਸਵੇਰ ਦੇ 9 ਵੱਜਣ ਤੱਕ ਹੀ ਲੰਘ ਜਾਦੀਆਂ ਸਨ ਤੇ ਬਾਕੀਆਂ ਨੂੰ ਵਾਪਸ ਪਰਤਣਾ ਪੈ ਰਿਹਾ ਸੀ। ਜਿਹੜੇ ਟੂਰਿਸਟ ਰੋਹਤਾਗ ਜਾਣ ਲਈ ਦਿਨ-ਰਾਤ ਇਕ ਕਰਕੇ ਪਹੁੰਚੇ ਸਨ, ਉਨ੍ਹਾਂ ਦੀ ਨਿਰਾਸ਼ਾ ਦਾ ਅਨੁਮਾਨ ਲਾਉਣਾ ਔਖਾ ਨਹੀਂ। ਅੱਜ ਦੇ ਮਨਾਲੀ, ਡਲਹੌਜ਼ੀ, ਧਰਮਸ਼ਾਲਾ, ਸ਼ਿਮਲਾ, ਕਸੌਲੀ ਕਾਰਾਂ ਤੇ ਗੱਡੀਆਂ ਦੇ ਵੱਡੇ ਗੜ੍ਹ ਹਨ। ਸ਼ਿਮਲਾ ਦੀ ਨਗਰਪਾਲਿਕਾ ਇੱਕ ਪਰਿਵਾਰ ਕੋਲ ਗੱਡੀਆਂ ਦੀ ਗਿਣਤੀ ਉਤੇ ਇੱਕ ਤੋਂ ਵੱਧ ਰੱਖਣ ਉਤੇ ਰੋਕ ਲਾਉਣ ਦੀ ਸੋਚ ਰਹੀ ਹੈ। ਇੱਕ ਅਨੁਮਾਨ ਅਨੁਸਾਰ ਓਥੇ ਗੱਡੀਆਂ ਦੀ ਗਿਣਤੀ 80,000 ਨੂੰ ਢੁੱਕ ਚੁੱਕੀ ਹੈ। ਏਸ ਰੋਕ ਵਿਚ ਹੋਣ ਵਾਲੀਆਂ ਚੋਰ-ਮੋਰੀਆਂ ਦੀ ਘੁਸਰਮੁਸਰ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਕੀ ਪਾਲਿਕਾਵਾਂ ਏਸ ਵਾਧੇ ਨੂੰ ਰੋਕ ਸਕਦੀਆਂ ਹਨ, ਉਕਾ ਹੀ ਨਹੀਂ। ਮਸਲਾ ‘ਜਾਏਂ ਤੋਂ ਜਾਏਂ ਕਹਾਂ’ ਦਾ ਨਹੀਂ, ‘ਰਹੀਏ ਤੋਂ ਰਹੀਏ ਕਹਾਂ’ ਦਾ ਹੈ। ਵੇਖੀਏ ਕੌਣ ਜਿੱਤਦਾ ਹੈ?
1960 ਵਿਚ ਮੈਂ ਤੇ ਮੇਰਾ ਪੱਤਰਕਾਰ ਮਿੱਤਰ ਰਾਜ ਗਿੱਲ ਰੋਹਤਾਗ ਗਏ ਸਾਂ। ਅਸੀਂ ਡੇਢ ਹਾਰਸ ਪਾਵਰ ਦੇ ਰਾਇਲ ਇਨਫੀਲਡ ਮੋਟਰਸਾਈਕਲ ਉਤੇ ਦਿੱਲੀ ਤੋਂ ਗਏ ਸਾਂ। ਓਦੋਂ ਅਸੀਂ ਆਪਣਾ ਮੋਟਰਸਾਈਕਲ ਵੀ ਓਥੇ ਨਹੀਂ ਸੀ ਲਿਜਾ ਸਕੇ ਤੇ ਇਸ ਨੂੰ ਮੜ੍ਹੀ ਨਾਂ ਦੇ ਇਕ ਸਥਾਨ ‘ਤੇ ਚਾਹ ਦੀ ਦੁਕਾਨ ਉਤੇ ਛੱਡ ਕੇ ਪੈਦਲ ਹੀ ਰੋਹਤਾਗ ਪਾਰ ਕਰਕੇ ਆਏ ਸਾਂ।
ਮੈਂ ਨਿਸਚੇ ਨਾਲ ਤਾ ਨਹੀਂ ਕਹਿ ਸਕਦਾ ਪਰ ਮੜ੍ਹੀ ਨਾਂ ਦੇ ਸਥਾਨ ਨੂੰ ਹੀ ਅਜ ਗੋਲਾਬਾ ਚੈਕ ਪੋਸਟ ਕਹਿੰਦੇ ਹੋਣਗੇ। ਏਥੋਂ ਅੱਜ ਹਜ਼ਾਰਾਂ ਗੱਡੀਆਂ ਲੰਘ ਰਹੀਆਂ ਹਨ ਤੇ 1960 ਵਿਚ ਨਿੱਕਾ ਮੋਟਰ ਸਾਈਕਲ ਨਹੀਂ ਸੀ ਲੰਘ ਸਕਿਆ। ਸੋਚੋ ਜ਼ਰਾ!
ਅੰਤਿਕਾ: ਇਕਬਾਲ ਸਿੰਘ ਢਿੱਲੋਂ
ਬਹੁਤ ਉਦਾਸ ਲੱਗੇ ਪਰ ਖੁਸ਼ਬੂ ਤੋਂ ਜਾਪੇ,
ਪੌਣ ਵਗੇ ਜੋ ਸਾਡੇ ਪਿੰਡਾਂ ਵਲ ਦੀ ਹੈ।
ਉਗ ਪੈਂਦੀ ਹੈ ਸਰਘੀ ‘ਚੋਂ ਇਕ ਆਸ ਨਵੀਂ,
ਰਿਸ਼ਮਾਂ ਦੇ ਹੱਥ ਰੋਜ਼ ਸੁਨੇਹੇ ਘਲਦੀ ਹੈ।