ਦਰਸ਼ਨ ਸਿੰਘ ਆਸ਼ਟ (ਡਾæ)
ਫੋਨ: 91-98144-23703
Ḕਬਾਬਾ-ਏ-ਪੰਜਾਬੀḔ ਵਜੋਂ ਮਕਬੂਲ ਡਾæ ਫਕੀਰ ਮੁਹੰਮਦ ਫਕੀਰ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਇੱਕੋ ਜਿੰਨਾ ਮਕਬੂਲ ਪੰਜਾਬੀ ਲਿਖਾਰੀ ਹੈ| ਪ੍ਰਸਿੱਧ ਕਾਵਿ-ਟੁਕੜੀ “ਮਾਂ ਬੋਲੀ ਜੇ ਭੁੱਲ ਜਾਵੋਗੇ, ਕੱਖਾਂ ਵਾਂਗੂੰ ਰੁੱਲ ਜਾਵੋਗੇ” ਦੇ ਰਚੈਤਾ ਡਾæ ਫਕੀਰ ਦਾ ਜਨਮ ਗੁੱਜਰਾਂਵਾਲਾ ਵਿਖੇ ਵਾਲਿਦ ਹਕੀਮ ਲਾਲ ਦੀਨ ਦੇ ਘਰ ਹੋਇਆ| ਬਚਪਨ ਵਿਚ ਫਕੀਰਾਂ ਅਤੇ ਦਰਵੇਸ਼ਾਂ ਦੀ ਸੰਗਤ ਮਾਣਦਿਆਂ ਰਹਿਣ ਕਾਰਨ ਇਸ ਜ਼ਹੀਨ ਪੰਜਾਬੀ ਬਾਲਕ ‘ਤੇ ਫਕੀਰੀ ਦਾ ਰੰਗ ਚੜ੍ਹ ਗਿਆ ਸੀ| ਇਉਂ ਉਸ ਨੇ ਆਪਣਾ ਤਖੱਲਸ ‘ਫਕੀਰ’ ਹੀ ਰੱਖ ਲਿਆ|
ਡਾæ ਫਕੀਰ ਮੁਹੰਮਦ ਫਕੀਰ ਦੇ ਕਲਾਮ ‘ਤੇ ਠੇਠ ਪੰਜਾਬੀ ਦੀ ਲੱਗੀ ਮੋਹਰ ਇਸ ਗੱਲ ਦਾ ਪ੍ਰਮਾਣ ਹੈ ਕਿ ਉਨ੍ਹਾਂ ਦੀ ਮਾਂ ਬੋਲੀ ਤੇ ਅਦਬ ਨਾਲ ਡੂੰਘੀ ਅਪਣੱਤ ਰਹੀ ਹੈ| 1947 ਤੋਂ ਪਹਿਲਾਂ ਉਸ ਨੇ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਪਟਿਆਲੇ ਵੀ ਗੁਜ਼ਾਰਿਆ| ਸਾਂਝੇ ਪੰਜਾਬ ਵਿਚ ਜਾਣੀ ਜਾਂਦੀ ਸੈਂਟਰਲ ਪੰਜਾਬੀ ਸਭਾ, ਪਟਿਆਲਾ ਦੀ ਸਦਾਰਤ ਦੀ ਵਾਗਡੋਰ ਵੀ ਉਸ ਦੇ ਹੱਥ ਰਹੀ| ਉਸ ਦੀ ਸ਼ਾਇਰੀ ਦਾ ਪਲੇਠਾ ਪਰਾਗਾ ‘ਸੰਗੀ’ ਸੀ ਜਿਸ ਤੋਂ ਖੁਸ਼ ਹੋ ਕੇ ਮਹਾਰਾਜਾ ਪਟਿਆਲਾ ਸ਼ ਭੁਪਿੰਦਰ ਸਿੰਘ ਪਟਿਆਲਾ ਨੇ ਉਸ ਨੂੰ ਪੰਜ ਸੌ ਰੁਪਏ ਨਗਦ ਦੇ ਕੇ ਸ਼੍ਰੋਮਣੀ ਪੰਜਾਬੀ ਸ਼ਾਇਰ ਦੇ ਖਿਤਾਬ ਨਾਲ ਸਨਮਾਨਿਆ| 1947 ਦੀ ਵੰਡ ਪਿਛੋਂ ਉਹ ਪਰਿਵਾਰ ਸਮੇਤ ਪਟਿਆਲਾ ਛੱਡ ਕੇ ਲਾਹੌਰ ਜਾ ਵੱਸੇ| ਡਾæ ਫਕੀਰ ਨੇ ਲਾਹੌਰ ਦੇ ਦਿਆਲ ਸਿੰਘ ਕਾਲਜ ਵਿਖੇ ਪੰਜਾਬੀ ਪੱਖੀ ਸਰਗਰਮੀਆਂ ਨੂੰ ਅਮਲੀ ਰੂਪ ਦੇਣ ਦੇ ਮਨਸੂਬੇ ਤਿਆਰ ਕੀਤੇ ਅਤੇ 1951 ਵਿਚ ਇਕ ਮਾਹਵਾਰੀ ਪੰਜਾਬੀ ਰਸਾਲਾ ‘ਪੰਜਾਬੀ’ ਸ਼ਾਹਮੁਖੀ ਲਿਪੀ ਵਿਚ ਅਰੰਭਿਆ| ਅੱਜਕੱਲ੍ਹ ਉਨ੍ਹਾਂ ਦੇ ਲਾਏ ਇਸ ਬੂਟੇ ਨੂੰ ਉਨ੍ਹਾਂ ਦਾ ਲੇਖਕ ਅਤੇ ਪ੍ਰੋਫੈਸਰ ਮਿੱਤਰ ਜ਼ੁਨੈਦ ਅਕਰਮ ਜ਼ੁਨੈਦ ਪਾਲ ਰਿਹਾ ਹੈ| ਡਾæ ਫਕੀਰ ਨੇ ‘ਲਹਿਰਾਂ’ ਨਾਮੀ ਪੰਜਾਬੀ ਕਹਾਣੀ ਸੰਗ੍ਰਿਹ ਵਿਚ ਚੜ੍ਹਦੇ-ਲਹਿੰਦੇ ਪੰਜਾਬ ਦੇ ਪ੍ਰਸਿੱਧ ਕਹਾਣੀਕਾਰਾਂ ਦੀਆਂ ਕਹਾਣੀਆਂ ਵੀ ਸੰਪਾਦਿਤ ਕੀਤੀਆਂ|
ਡਾæ ਫਕੀਰ ਦੀ ਸ਼ਾਇਰੀ ਸਮੂਹ ਲੋਕ ਮਨਾਂ ਦੀ ਆਵਾਜ਼ ਹੈ| ਉਸ ਨੇ ਪੰਜਾਬੀ ਵਿਚ ḔਰੁਬਾਈਆਂḔ ਰਾਹੀਂ ਸਮਾਜਕ, ਆਰਥਕ ਅਤੇ ਰਾਜਨੀਤਕ ਹਾਲਾਤ ਉਤੇ ਕਟਾਖਸ਼ ਵੀ ਕੀਤੇ| ਹੇਠਲੀ ਰੁਬਾਈ ਵਿਚ ਜ਼ਿੰਦਗੀ ਤੋਂ ਬੇਆਸ-ਨਿਰਾਸ ਹੋਏ ਵਿਅਕਤੀ ਨੂੰ ਜ਼ਿੰਦਗੀ ਤੋਂ ਭਾਂਜਵਾਦੀ ਰਵੱਈਆ ਅਖਤਿਆਰ ਨਾ ਕਰਨ ਦਾ ਸੁਨੇਹਾ ਇਸ ਪ੍ਰਕਾਰ ਦਿੱਤਾ ਹੈ:
ਦੁਖ ਜਰਨ ਤੋਂ, ਦਮ ਹਰਨ ਤੋਂ ਪਹਿਲਾਂ ਤੇ ਨਾ ਮਰ|
ਆਇਆ ਏਂ ਤੇ ਕੁਝ ਕਰਨ ਤੋਂ, ਪਹਿਲਾਂ ਤੇ ਨਾ ਮਰ|
ਮਰਨਾ ਏ ਤੇ ਮਰ ਲਈ ਖਾਂ, ਜਦ ਆਵੇਗੀ ਮੌਤ,
ਗ਼ਮ ਮੌਤ ਦੇ ਵਿਚ ਮਰਨ ਤੋਂ, ਪਹਿਲਾਂ ਤੇ ਨਾ ਮਰ|
ਉਸ ਨੂੰ ਕਈ ਵਿਦਵਾਨਾਂ-ਆਲੋਚਕਾਂ ਨੇ ‘ਪੰਜਾਬੀ ਦਾ ਉਮਰ ਖਿਆਮ’ ਦਾ ਖਿਤਾਬ ਦਿੱਤਾ ਹੈ| ਉਸ ਦੀਆਂ ਰੁਬਾਈਆਂ ‘ਰੁਬਾਈਯਾਤ-ਏ-ਫਕੀਰ’ ਸੰਗ੍ਰਿਹ ਵਿਚ ਸੰਕਲਿਤ ਹਨ| ‘ਸੰਗੀ’ ਤੋਂ ਇਲਾਵਾ ਡਾæ ਫਕੀਰ ਮੁਹੰਮਦ ਫਕੀਰ ਦੀਆਂ ਹੋਰ ਪੁਸਤਕਾਂ ਹਨ-‘ਸਦਾ-ਇ-ਫਕੀਰ’, ‘ਚੰਗਿਆੜੇ’, ‘ਹੀਰ ਰਾਂਝਾ’, ‘ਮਹਿਕਦੇ ਫੁੱਲ’ ਅਤੇ ‘ਮਵਾਤੇ’। ਕਲਾਸਕੀ ਸ਼ਾਇਰਾਂ ਦੇ ਜੀਵਨ ਅਤੇ ਉਨ੍ਹਾਂ ਦੀ ਰਚਨਾ ਬਾਰੇ ਵੀ ਡਾæ ਫਕੀਰ ਨੇ ‘ਸੱਯਦ ਬੁਲ੍ਹੇ ਸ਼ਾਹ ਦਾ ਮੁਕੰਮਲ ਕਲਾਮ,’ ‘ਸੁਲਤਾਨ ਬਾਹੂ’ ਅਤੇ ‘ਅਲੀ ਹੈਦਰ’ ਪੁਸਤਕਾਂ ਰਚ ਕੇ ਪੰਜਾਬੀ ਖੋਜ ਲਈ ਸੁਖਾਵਾਂ ਕਾਰਜ ਕੀਤਾ|
ਉਨ੍ਹਾਂ ਨੇ ਨਜ਼ਮਾਂ ਅਤੇ ਗਜ਼ਲਾਂ ਤੋਂ ਇਲਾਵਾ ਪੰਜਾਬੀ ਵਿਚ ਬੱਚਿਆਂ ਲਈ ਵੀ ਕਵਿਤਾਵਾਂ ਰਚੀਆਂ| ਪੰਜਾਬੀ ਕਲਚਰਲ ਸੁਸਾਇਟੀ ਲਾਹੌਰ ਵਲੋਂ ਮਨਾਏ ਜਾਂਦੇ ‘ਵਾਰਸ ਸ਼ਾਹ ਦਿਵਸ’ ਰਾਹੀਂ ਪੰਜਾਬੀ ਦੇ ਹੱਕ ਵਿਚ ਆਪਣੀ ਆਵਾਜ਼ ਦੂਰ-ਦੂਰ ਤੱਕ ਫੈਲਾਉਣ ਵਾਲਿਆਂ ਵਿਚ ਡਾæ ਫਕੀਰ ਦੀ ਭੂਮਿਕਾ ਅਹਿਮ ਰਹੀ| ਉਸ ਦੀ ਪੰਜਾਬੀ ਪੱਖੀ ਸੇਵਾ ਨੂੰ ਮੁੱਖ ਰੱਖਦਿਆਂ ‘ਬਾਬਾ-ਏ-ਪੰਜਾਬੀ’ ਦਾ ਖਿਤਾਬ ਵੀ ਦਿੱਤਾ ਗਿਆ ਸੀ| ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਰਸਾਲਿਆਂ ਵਿਚੋਂ ḔਲਹਿਰਾਂḔ ਅਤੇ ḔਪੰਜਾਬੀḔ ਨੇ ਡਾæ ਫਕੀਰ ਮੁਹੰਮਦ ਫਕੀਰ ਬਾਰੇ ਵਿਸ਼ੇਸ਼ ਅੰਕ ਕੱਢੇ| ਆਪਣੇ ਅਦਬ ਰਾਹੀਂ ਸਮਾਜਕ ਬੁਰਾਈਆਂ ਨੂੰ ਬੇਨਕਾਬ ਕਰਨ ਵਾਲਾ ਅਤੇ ਆਪਣੇ-ਆਪ ਨੂੰ ਪੰਜਾਬੀ ਜ਼ਬਾਨ ਦੇ ਕਰਜ਼ਦਾਰ ਸਮਝਣ ਵਾਲਾ ਇਹ ਕਲਮਕਾਰ ਭਾਵੇਂ ਸਾਡੇ ਕੋਲੋਂ 11 ਸਤੰਬਰ 1974 ਨੂੰ ਸਦੀਵੀ ਅਲਵਿਦਾ ਆਖ ਗਿਆ ਪਰੰਤੂ ਦੋਵਾਂ ਪੰਜਾਬਾਂ ਨੂੰ ਉਸ ਦੀ ਅਦਬੀ ਰਚਨਾ ‘ਤੇ ਹਮੇਸ਼ ਫਖਰ ਰਹੇਗਾ|
11 ਜੂਨ 2015 ਨੂੰ ਇਸ ਕਲਮਕਾਰ ਦੀ 115ਵੀਂ ਜਨਮ-ਵਰ੍ਹੇ ਗੰਢ ਮੌਕੇ Ḕਡਾæ ਫਕੀਰ ਮੁਹੰਮਦ ਫਕੀਰ ਰਿਸਰਚ ਚੇਅਰḔ ਅਤੇ ਓਰੀਐਂਟਲ ਕਾਲਜ ਪੰਜਾਬ ਯੂਨੀਵਰਸਿਟੀ ਲਾਹੌਰ ਵਲੋਂ ਸਾਂਝ ਪਬਲੀਕੇਸ਼ਨਜ਼ ਲਾਹੌਰ, ਪੰਜਾਬੀ ਬਾਲ ਅਦਬੀ ਬੋਰਡ ਲਾਹੌਰ ਅਤੇ ਲਾਹੌਰ ਆਰਟਸ ਕੌਂਸਲ ਲਾਹੌਰ ਆਦਿ ਸੰਸਥਾਵਾਂ ਦੇ ਸਹਿਯੋਗ ਨਾਲ ਲਾਹੌਰ (ਪਾਕਿਸਤਾਨ) ਦੀ ਮਾਲ ਰੋਡ ‘ਤੇ ਸਥਿਤ ਅਲਹਮਰਾ ਮਿਊਜ਼ੀਅਮ ਵਿਚ Ḕਸ਼ਾਮ-ਏ-ਫਕੀਰḔ ਮਨਾਈ ਜਾ ਰਹੀ ਹੈ| ਇਸ ਦੌਰਾਨ ਲਹਿੰਦੇ ਪੰਜਾਬ ਦੇ ਪਿਛਲੇ ਵੀਹ ਸਾਲਾਂ ਤੋਂ ਵੱਧ ਅਰਸੇ ਤੋਂ ਛਪ ਰਹੇ ਇਕੋ ਇਕ ਪੰਜਾਬੀ ਬਾਲ ਰਸਾਲੇ ḔਪੰਖੇਰੂḔ ਦੇ ਜ਼ਰੀਏ ਸੰਪਾਦਕ ਜਨਾਬ ਅਸ਼ਰਫ ਸੁਹੇਲ ਨੂੰ ਪੰਜਾਬੀ ਸੱਥ ਲਾਂਬੜਾ (ਜਲੰਧਰ) ਵਲੋਂ Ḕਡਾæ ਫਕੀਰ ਮੁਹੰਮਦ ਫਕੀਰ ਪੁਰਸਕਾਰḔ ਵੀ ਇਸੇ ਸਮਾਗਮ ਵਿਚ ਭੇਂਟ ਕੀਤਾ ਜਾ ਰਿਹਾ ਹੈ| ਇਸ ਦੇ ਨਾਲ ਹੀ ḔਪੰਖੇਰੂḔ ਦਾ ਡਾæ ਫਕੀਰ ਮੁਹੰਮਦ ਫਕੀਰ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਜਾ ਰਿਹਾ ਹੈ|