ਕਿਰਪਾਲ ਕੌਰ
ਫੋਨ: 815-356-9535
ਸਮਝਿਆ ਜਾਂਦਾ ਹੈ ਕਿ ਗੁਰਸਿੱਖੀ ਜੀਵਨ ਬੜਾ ਔਖਾ ਹੈ, ਖੰਡੇ ਦੀ ਧਾਰ ਉਤੇ ਚੱਲਣ ਸਮਾਨ ਹੈ, ਦੁਰਗਮ ਪਹਾੜ ਉਤੇ ਚੜ੍ਹਨ ਵਾਂਗ ਹੈ, ਜਾਂ ਸੂਈ ਦੇ ਨੱਕੇ ਵਿਚੋਂ ਲੰਘਣ ਵਾਂਗ ਹੈ, ਪਰ ਪਹਿਲਾ ਸਵਾਲ ਤਾਂ ਇਹੀ ਹੈ ਕਿ ਗੁਰਸਿੱਖੀ ਹੈ ਕੀ? ਗੁਰਸਿੱਖ ਉਹ ਹੈ ਜੋ ਗੁਰੂ ਦਾ ਸਿੱਖ ਅਰਥਾਤ ਸ਼ਿਸ਼, ਭਾਵ ਵਿਦਿਆਰਥੀ ਹੋਵੇ।
ਅਸੀਂ ਗੁਰਸਿੱਖ ਸ਼ਬਦ ਉਸ ਲਈ ਵਰਤਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਦਾ ਸਿੱਖ/ਵਿਦਿਆਰਥੀ ਹੋਵੇ, ਜੋ ਜੀਵਨ ਦੀ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈਂਦਾ ਹੈ, ਜਿਸ ਦਾ ਗੁਰੂ ਦੇਹਧਾਰੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹੈ। ਸਾਡੇ ਜੀਵਨ ਦੀ ਕੋਈ ਵੀ ਔਕੜ ਜਾਂ ਉਲਝਣ ਹੋਵੇ, ਹਰ ਗੱਲ ਦਾ ਉਤਰ ਗੁਰੂ ਗ੍ਰੰਥ ਸਾਹਿਬ ਵਿਚ ਹੈ।
ਸਾਡੀ ਇਕ ਅਧਿਆਪਕਾ ਜਵਾਨੀ ਵਿਚ ਹੀ ਵਿਧਵਾ ਹੋ ਗਈ। ਘਰ ਵਾਲਿਆਂ ਜ਼ੋਰ ਪਾਇਆ ਕਿ ਆਪਣੇ ਦਿਓਰ ਉਤੇ ਚਾਦਰ ਪਾ ਲਵੇ। ਉਸ ਨੇ ਸਾਫ ਨਾਂਹ ਕਰ ਦਿੱਤੀ। ਪੇਕੇ ਘਰ ਆ ਗਈ। ਪੰਜਵੀਂ ਪੜ੍ਹੀ ਹੋਈ ਸੀ, ਅੱਗੇ ਪੜ੍ਹਨ ਲੱਗ ਪਈ। ਇਕ ਦਿਨ ਪਾਠ ਕਰਦਿਆਂ ਤੁਕ ਪੜ੍ਹੀ,
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥੧॥
ਉਨ੍ਹਾਂ ਨੂੰ ਲੱਗਾ, ਜੀਵਨ ਨੂੰ ਸੇਧ ਮਿਲ ਗਈ ਹੈ। ਕੁਝ ਸਹਾਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਉਨ੍ਹਾਂ ਅੱਠਵੀਂ ਕਰ ਕੇ ਜੇæਬੀæਟੀæ ਕਰ ਲਈ ਤੇ ਟੀਚਰ ਬਣ ਗਈ। ਮਨ ਬਾਣੀ ਨਾਲ ਜੋੜ ਲਿਆ। ਫਿਰ ਸਹੁਰੇ ਕਹਿਣ, ਅਸੀਂ ਆਪਣੇ ਕੋਲ ਰੱਖਣਾ, ਪੇਕੇ ਕਹਿਣ ਸਾਡੇ ਕੋਲ ਰਹੇਗੀ। ਉਨ੍ਹਾਂ ਬਿਰਹਾ ਦੀ ਚੋਟ ਸੀਨੇ ਅੰਦਰ ਰੱਖ ਕੇ ਕਰਮ ਕੀਤਾ ਅਤੇ ਗੁਰੂ ਦੇ ਹੋਰ ਨੇੜੇ ਹੋ ਗਏ। ਦੇਖਣਾ ਇਹ ਹੈ ਕਿ ਔਖਾ ਪੈਂਡਾ, ਚੱਲਣ ਵਾਲੇ ਨੂੰ ਕਿੰਨਾ ਕੁ ਔਖਾ ਲੱਗਦਾ ਹੈ। ਗੁਰੂ ਦਾ ਭਾਣਾ ਮੰਨਣ ਵਾਲਾ ਇਹ ਸਭ ਜਾਣਦਾ ਹੈ, “ਗੁਰਸਿਖੀ ਦੀ ਰਾਹ ਏਹੁ ਗੁਰਮੁਖਿ ਚਾਲ ਚਲੈ ਸੋ ਦੇਖੇ॥”
ਗੁਰੂ ਉਤੇ ਭਰੋਸਾ ਕਰਨ ਵਾਲੇ ਨੂੰ ਕੋਈ ਪੰਧ ਔਖਾ ਨਹੀਂ ਲੱਗਦਾ। ਉਸ ਦੇ ਭਰੋਸੇ ਤੁਰਦਿਆਂ ਸਭ ਰਾਹ ਤੇ ਸਭ ਥਾਨ ਸਹਿਜੇ ਹੀ ਪਾਰ ਹੋ ਜਾਂਦੇ ਹਨ। ਸਹਿਜ ਤੋਂ ਸਰਲਤਾ ਤੇ ਸਰਲਤਾ ਤੋਂ ਸੁਹੇਲ ਪੈਦਾ ਹੁੰਦਾ ਹੈ।
ਗੁਰੂ (ਗੁਰਬਾਣੀ) ਦੇ ਚਰਨੀਂ ਲੱਗ ਜਦ ਅਸੀਂ ਗੁਰਸਿੱਖ ਅਖਵਾਉਣ ਦੇ ਯੋਗ ਹੋ ਜਾਂਦੇ ਹਾਂ, ਆਪਣੀ ਜੀਵਨ ਡੋਰ ਉਸ ਨੂੰ ਸੌਂਪ ਕੇ ਬੇਫਿਕਰ ਹੋ ਜਾਂਦੇ ਹਾਂ। ਸਭ ਕੁਝ ਸਹਿਜ ਭਾ ਹੁੰਦਾ ਜਾਪਦਾ ਹੈ। ਫਿਰ ਤਾਂ ਮਨ ਅੰਦਰ ਵਿਚਾਰ ਹੀ ਇਕ ਹੈ- ਜਿਸ ਨੋ ਤੂ ਰਖਵਾਲਾ ਮਾਰੇ ਤਿਸ ਕਉਣੁ॥ ਤੇ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ॥ ਜਿਵੇਂ ਜਿਵੇਂ ਗੁਰਬਾਣੀ ਉਤੇ ਭਰੋਸਾ ਵਧਦਾ ਹੈ, ਸਿੱਖ ਗੁਰਬਾਣੀ ਨੂੰ ਆਪਣੇ ਸਾਹਾਂ ਨਾਲ ਜੋੜਦਾ ਜਾਂਦਾ ਹੈ। ਉਠਦਾ-ਬੈਠਦਾ ਨਾਮ ਸਿਮਰਦਾ ਰਹਿੰਦਾ ਹੈ। ਉਸ ਨੂੰ ਭਰੋਸਾ ਹੈ ਕਿ ਗੁਰੂ ਮੇਰੇ ਅੰਗ-ਸੰਗ ਹੈ। ਮੈਂ ਆਪਣੇ ਪਿਆਰੇ ਨੂੰ ਭਾਲਣ ਕਿਤੇ ਪਹਾੜਾਂ ਦੀਆਂ ਚੋਟੀਆਂ ਜਾਂ ਗੁਫ਼ਾਵਾਂ ਅੰਦਰ ਨਹੀਂ ਜਾਣਾ। ਮੇਰੇ ਘਰ ਹੈ, “ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ॥”
ਗੁਰਸਿੱਖ ਦਾ ਇਸ਼ਟ, ਸਰਬ ਸ਼ਕਤੀਮਾਨ ਪਰਮਾਤਮਾ ਉਸ ਦੇ ਅੰਦਰ ਹੀ ਹੈ। ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ॥ ਇਸ ਲਈ ਗੁਰਸਿੱਖ ਨੂੰ ਪਿੰਡੇ ਉਤੇ ਰਾਖ ਮਲਣ ਦੀ ਵੀ ਲੋੜ ਨਹੀਂ। ਘਰ ਤਿਆਗ ਕੇ ਭੁੱਖੇ ਰਹਿ ਕੇ ਸਰੀਰ ਨੂੰ ਕਸ਼ਟ ਦੇ ਕੇ ਰੱਬ ਨਹੀਂ ਲੱਭਦਾ। ਗੁਰਸਿੱਖ ਦਾ ਘਰ ਹੀ ਉਸ ਦਾ ਤਪੋਬਨ ਹੈ। ਮਾਤਾ ਪਿਤਾ ਤੇ ਬਜ਼ੁਰਗਾਂ ਦੀ ਸੇਵਾ ਉਸ ਦਾ ਤੀਰਥ ਦਰਸ਼ਨ ਤੇ ਤੀਰਥ ਇਸ਼ਨਾਨ ਹੈ। ਗੁਰਬਾਣੀ ਵਿਚ ਨਾਮ ਨੂੰ ਤੀਰਥ ਦੱਸਿਆ ਹੈ। ਗੁਰੂ ਨੂੰ ਸਿਮਰਦਿਆਂ ਹੀ ਹਰ ਕੰਮ ਕਰਨਾ ਹੈ। ਗੁਰੂ ਸਿੱਖ ਗ੍ਰਹਿਸਥੀ ਹੈ ਤੇ ਉਸ ਨੂੰ ਕਮਾਈ ਦੀ ਲੋੜ ਹੈ। ਉਸ ਨਾਲ ਪਰਿਵਾਰ ਦਾ ਤੇ ਆਪਣਾ ਪਾਲਣ ਕਰਨਾ ਹੈ। ਕੁਝ ਬਚਾ ਕੇ ਕਿਸੇ ਲੋੜਵੰਦ ਦੀ ਲੋੜ ਪੂਰਤੀ ਕਰਨੀ ਹੈ,
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
ਕਿਰਤ-ਕਮਾਈ ਵੰਡਣੀ ਵਰਤਾਉਣੀ ਵੀ ਹੈ, ਪਰ ਪਹਿਲਾਂ ਘਰ ਸੰਭਾਲਣਾ ਹੈ। ਨਾਮ ਵੀ ਜਪਣਾ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤਾਂ ਦੀ ਬਾਣੀ ਵਿਚ ਇਕ ਭਗਤ ਦੂਜੇ ਨੂੰ ਸਮਝਾਉਂਦਾ ਹੈ,
ਨਾਮਾ ਕਹੇ ਤਲੋਚਨਾ
ਮਨ ਮੇ ਰਾਮ ਸਮਾਲਿ
ਹਾਥਿ ਪਾਓ ਕਰ ਕੰਮ ਸਭ
ਚੀਤ ਨਿਰੰਜਨ ਨਾਲ॥
ਗੁਰੂ ਅਰਜਨ ਦੇਵ ਦਾ ਸਲੋਕ ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਰੋਜ਼ ਉਚਾਰਦੇ ਹਾਂ, “ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥” ਅਰਥਾਤ ਕੰਮ ਤੇ ਸੇਵਾ ਕਰਦੇ ਹੋਏ ਮਨ ਅੰਦਰ ਨਾਮ ਜਪਣਾ ਹੈ। ਇਹ ਸੱਚੀ ਭਗਤੀ ਤੇ ਸੱਚੀ ਕਿਰਤ ਦੀ ਜੁਗਤੀ ਹੈ। ਗੁਰਸਿੱਖੀ ਵਿਚ ਗ੍ਰਹਿਸਥ ਜੀਵਨ ਨੂੰ ਉਚੇ ਸੁੱਚੇ ਢੰਗ ਨਾਲ ਜਿਉਣ ਦੀ ਜੁਗਤੀ ਜੋ ਨੌਵੇਂ ਪਾਤਸ਼ਾਹ ਨੇ ਆਪਣੇ ਗੁਰੂ ਬੇਟੇ ਨੂੰ ਦਿੱਤੀ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੱਸੀ ਹੈ,
ਸੁੱਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।
ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗੂ ਘਟ ਥਾਰੇ।
ਨਿਜ ਨਾਰੀ ਕੇ ਸੰਗ ਨੇਹ ਤੁਮ ਨਿਤ ਬੜੋਯਹੁ
ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।
ਇਹ ਉਪਦੇਸ਼ ਸਿੱਖ ਦੇ ਚਰਿੱਤਰਵਾਨ ਬਣਨ ਤੇ ਸੁਖੀ ਜੀਵਨ ਜਿਉਣ ਲਈ ਹਨ ਜਿਸ ਦੀ ਪਾਲਣਾ ਸਹਿਜ ਰੂਪ ਵਿਚ ਕਰਦਿਆਂ ਆਦਰਸ਼ ਪਰਿਵਾਰ ਤੇ ਸੁਖੀ ਸਮਾਜ ਦੀ ਸਿਰਜਣਾ ਹੁੰਦੀ ਹੈ।
ਗੁਰਸਿੱਖ ਜੀਵਨ ਵਿਚ ਇਸਤਰੀ ਤੇ ਪੁਰਸ਼ ਬਰਾਬਰ ਹਨ। ਜਿਸ ਸਮੇਂ ਗੁਰੂ ਨਾਨਕ ਦੇਵ ਲੋਕਾਂ ਦਾ ਉਧਾਰ ਕਰ ਰਹੇ ਸਨ, ਉਸ ਸਮੇਂ ਭਾਰਤੀ ਸਮਾਜ ਦੇ ਹਾਲਾਤ ਬਹੁਤ ਖਰਾਬ ਸਨ। ਸਮਾਜਕ, ਆਰਥਿਕ, ਰਾਜਨੀਤਿਕ ਤੇ ਧਾਰਮਿਕ ਪੱਖ ਤੋਂ ਬੁਰਾ ਹਾਲ ਸੀ। ਬਾਹਰੀ ਹਮਲਿਆਂ ਕਾਰਨ ਲੋਕ ਡਰੇ ਹੋਏ ਸਨ। ਇਸਤਰੀ ਨੂੰ ਘਰੋਂ ਬਾਹਰ ਭੇਜਣਾ ਖਤਰੇ ਵਾਲੀ ਗੱਲ ਸੀ। ਉਸ ਨੂੰ ਪਰਦਾ ਕਰਨਾ ਪੈਂਦਾ। ਉਸ ਨੂੰ ਪੈਰ ਦੀ ਜੁੱਤੀ ਦਾ ਦਰਜਾ ਦਿੱਤਾ ਗਿਆ। ਗੁਰੂ ਨਾਨਕ ਦੇਵ ਨੇ ਇਸਤਰੀ ਨੂੰ ਮਾਣ ਸਨਮਾਨ ਦੇ ਕੇ ਸਮਝਾਇਆ ਕਿ ਇਹ ਜਗ ਜਨਣੀ ਹੈ, ਰਾਜੇ ਮਹਾਰਾਜੇ ਤੇ ਵੀਰ ਯੋਧੇ ਇਸ ਦੀ ਕੁੱਖ ਵਿਚ ਪਲਦੇ ਹਨ।
ਵਿਦੇਸ਼ੀ ਹਮਲਾਵਰ ਧਨ ਲੁਟ ਕੇ ਲਿਜਾ ਰਹੇ ਸਨ। ਬਾਕੀ ਧਨ ਰਾਜਿਆਂ ਮਹਾਰਾਜਿਆਂ ਦੀਆਂ ਤਿਜੋਰੀਆਂ ਵਿਚ ਸੀ। ਆਮ ਜਨਤਾ ਬਹੁਤ ਗਰੀਬ ਸੀ। ਰਾਜੇ ਆਪਸ ਵਿਚ ਲੜਦੇ ਤੇ ਬੇਗਾਨਿਆਂ ਦੇ ਹੱਥਾਂ ਵਿਚ ਵਿਕਦੇ ਸਨ। ਆਮ ਜਨਤਾ ਦੀ ਫਿਕਰ ਕਿਸੇ ਨੂੰ ਨਹੀਂ ਸੀ। ਬੁੱਧ ਜੈਨ ਦਾ ਵੀ ਪਤਨ ਹੋ ਗਿਆ। ਹਿੰਦੂ ਧਰਮ ਵਿਚ ਕੁਰੀਤੀਆਂ ਆ ਗਈਆਂ ਸਨ। ਉਹ ਕਰਮ-ਕਾਂਡ ਵਿਚ ਲੋਕਾਂ ਨੂੰ ਉਲਝਾ ਕੇ ਲੁੱਟਣ ਦੇ ਢੰਗ ਕੱਢਦੇ ਸਨ।
ਗੁਰੂ ਨਾਨਕ ਦੇਵ ਨੇ ਆਪਣੇ ਸਿੱਖਾਂ ਨੂੰ ਇਕ ਗੁਰੂ ਦੇ ਲੜ ਲਾਇਆ। ਪੂਰੇ ਸੰਸਾਰ ਨੂੰ ਚਲਾਉਣ ਵਾਲੀ ਇਕ ਸ਼ਕਤੀ ਹੈ। ਇਸ ਨੂੰ ਜਿਸ ਨਾਮ ਨਾਲ ਚਾਹੋ, ਯਾਦ ਕਰੋ। ਕਿਸੇ ਨੂੰ ਦੁੱਖ ਨਾ ਦਿਓ, ਦੁਖੀ ਦੀ ਸੇਵਾ ਕਰੋ ਤੇ ਲੋੜਵੰਦ ਦੀ ਮਦਦ ਕਰੋ, ਇਹੀ ਭਗਤੀ ਹੈ। ਸਬਰ ਤੇ ਸੰਤੋਖ ਕਿਸੇ ਵੀ ਪਰਿਵਾਰ ਜਾਂ ਸਮਾਜ ਦੇ ਸੁੱਖ ਦੀ ਕੁੰਜੀ ਹਨ। ਮਿਹਨਤ ਕਰ ਕੇ ਜੋ ਕਮਾਉਂਦੇ ਹੋ, ਉਸ ਵਿਚ ਹੀ ਸਬਰ ਕਰਨਾ ਹੈ ਤੇ ਕਿਸੇ ਦੂਜੇ ਦੀ ਕਮਾਈ ਉਤੇ ਧਿਆਨ ਨਹੀਂ ਰੱਖਣਾ। ਆਪਣੀ ਕਮਾਈ ‘ਤੇ ਸੰਤੋਖ ਹੋਵੇਗਾ, ਤਾਂ ਫਿਰ ਵੈਰ, ਵਿਰੋਧ ਤੇ ਈਰਖਾ ਨਹੀਂ ਉਪਜੇਗੀ। ਜਦ ਸਬਰ ਤੇ ਸੰਤੋਖ ਦੀ ਗੰਢ ਮਨ ਵਿਚ ਬੰਨ੍ਹ ਲਈ ਤਾਂ ਸਮਝੋ ਗੁਰੂ ਦੇ ਭਾਣੇ ਵਿਚ ਜੀਣਾ ਆ ਗਿਆ। ਫਿਰ ‘ਤੇਰਾ ਕੀਆ ਮੀਠਾ ਲਾਗੈ’ ਮਨ ਆਪੇ ਉਚਾਰਨ ਲੱਗ ਜਾਵੇਗਾ। ਜਦ ਗੁਰੂ ਦੀ ਰਜ਼ਾ ਵਿਚ ਖੁਸ਼ ਰਹਿਣਾ ਆ ਗਿਆ, ਫਿਰ ਸੁੱਖ-ਦੁੱਖ ਦਾ ਭੇਤ ਹੀ ਮੁੱਕ ਜਾਂਦਾ ਹੈ। ਸੁੱਖ-ਦੁੱਖ ਦੋਵੇਂ ਉਸੇ ਦੀ ਦਾਤ ਹਨ। ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥
ਗੁਰਬਾਣੀ ਦੇ ਦੱਸੇ ਰਾਹ ਉਤੇ ਚੱਲਦਾ ਸਿੱਖ ਆਪਣੇ ਘਰ ਤੇ ਪਰਿਵਾਰ ਨੂੰ ਸੁੱਖ ਸਾਗਰ ਬਣਾ ਲੈਂਦਾ ਹੈ। ਗੁਰਬਾਣੀ ਵਿਚ ਸਿੱਖ ਸ਼ਬਦ ਇਸਤਰੀ ਤੇ ਪੁਰਸ਼, ਦੋਹਾਂ ਲਈ ਹੈ। ਗੁਰਬਾਣੀ ਵਿਚ ਇਸਤਰੀ ਨੂੰ ਇਮਾਨ, ਪੁੱਤਰ ਨੂੰ ਨਿਸ਼ਾਨ ਤੇ ਦੌਲਤ ਨੂੰ ਗੁਜਰਾਨ ਕਿਹਾ ਹੈ। ਇਸੇ ਲਈ ਸਿੱਖ ਗ੍ਰਹਿਸਥੀ ਹੈ। ਗ੍ਰਹਿਸਥ ਚਲਾਉਣ ਲਈ ਮਿਹਨਤ ਕਰਨੀ ਹੈ। ਧਰਮ ਪੈਂਡੇ ਉਤੇ ਚੱਲਣ ਲਈ ਸਿੱਖੀ ਵਿਚ ਹੁਕਮ ਹੈ ਕਿ ਪਰਿਵਾਰ ਨੇ ਰਲ ਕੇ ਚੱਲਣਾ ਹੈ। ਰਾਹ ਜਾਂਦਿਆਂ ਜਿਸ ਤਰ੍ਹਾਂ ਦੀ ਸੇਵਾ ਦੀ ਲੋੜ ਹੋਵੇ, ਉਹ ਕਰਨੀ ਹੈ। ਸਿੱਖ ਤਾਂ ਆਪ ਪ੍ਰਸਾਦ ਛਕਣ ਤੋਂ ਪਹਿਲਾਂ ਬੂਹੇ ਤੋਂ ਬਾਹਰ ਦੇਖਦਾ ਹੈ ਕਿ ਕੋਈ ਲੋੜਵੰਦ ਭੁੱਖਾ ਤਾਂ ਨਹੀਂ। ਜੋ ਗੁਰੂ ਨੇ ਦਿੱਤਾ, ਉਸ ਲਈ ਉਸ ਦਾ ਸ਼ੁਕਰਾਨਾ ਸਵਾਸ ਸਵਾਸ ਕਰਨਾ ਹੈ।
ਮਿਹਨਤ ਦਾ ਫਲ ਜੋ ਗੁਰੂ ਨੇ ਦਿੱਤਾ, ਉਸ ਦੀ ਕਿਰਪਾ ਹੈ। ਜੇ ਇਹ ਵੀ ਨਾ ਮਿਲਦਾ? ਜੋ ਹੈ, ਜੇ ਉਹ ਵੀ ਲੈ ਲਵੇ, ਤਾਂ ਕੀ ਕਰ ਸਕਦੇ ਹਾਂ ਅਸੀਂ? ਇਸ ਲਈ ਸਿੱਖ ਦਾ ਧਰਮ ਕਿਰਤ ਕਰਨੀ ਤੇ ਨਾਮ ਜਪਣਾ ਹੈ। ਗੁਰੂ ਦੇ ਭਾਣੇ ਵਿਚ ਰਹਿੰਦਾ ਸਿੱਖ ਸਹਿਜੇ ਸਹਿਜੇ ਆਪਣੇ ਅੰਤਮ ਪੜਾਅ ਮੁਕਤੀ ਦਵਾਰੇ ਪਹੁੰਚ ਜਾਂਦਾ ਹੈ ਜਿਥੇ ਉਸ ਨੂੰ ਸਭ ਆਪਣੇ ਸੁਹੇਲੇ ਮਿਲਦੇ ਹਨ। ਪੰਜਵੇਂ ਪਾਤਸ਼ਾਹ ਦਾ ਫਰਮਾਨ ਹੈ, “ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆਂ ਵਿਚੇ ਹੋਵੈ ਮੁਕਤਿ॥” ਇਸ ਤੋਂ ਸਹਿਜ, ਸਰਲ ਤੇ ਸੁਹੇਲਾ ਹੋਰ ਕਿਹੜਾ ਰਾਹ ਹੋ ਸਕਦਾ ਹੈ। ਲੋੜ ਹੈ ਇਕ ਮਨ, ਇਕ ਚਿਤ ਹੋ ਕੇ ਗੁਰੂ ਦੀ ਚਰਨੀਂ ਲੱਗਣ ਦੀ।