ਜਲਾਵਤਨ ਸ਼ਬਦ: ਤਸਲੀਮਾ ਨਸਰੀਨ ਨੂੰ ਅਮਰੀਕਾ ‘ਚ ਪਨਾਹ

ਜਗਜੀਤ ਸਿੰਘ ਸੇਖੋਂ
ਬੰਗਲਾ ਲੇਖਕਾ ਤਸਲੀਮਾ ਨਸਰੀਨ ਨੇ ਫਿਲਹਾਲ ਅਮਰੀਕਾ ਵਿਚ ਡੇਰਾ ਲਾ ਲਿਆ ਹੈ। ਇਸਲਾਮਿਕ ਕੱਟੜਪੰਥੀਆਂ ਵਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਸਨ। ਇਨ੍ਹਾਂ ਕੱਟੜਪੰਥੀਆਂ ਦਾ ਸਬੰਧ ਅਲ-ਕਾਇਦਾ ਦੇ ਜਹਾਦੀਆਂ ਨਾਲ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੇ ਪਿਛੇ ਕੁਝ ਸਮੇਂ ਦੌਰਾਨ ਬੰਗਲਾਦੇਸ਼ ਦੀ ਪੰਜ ਨਾਸਤਿਕ ਬਲੌਗਰਾਂ ਨੂੰ ਮਾਰ ਮੁਕਾਇਆ ਸੀ।

ਇਨ੍ਹਾਂ ਵਿਚ ਅਵੀਜੀਤ ਰਾਏ, ਵਸ਼ੀਕ-ਉਰ-ਰਹਿਮਾਨ, ਅਨੰਤ ਬਿਜੌਇ ਦਾਸ ਅਤੇ ਅਹਿਮਦ ਰਾਜੀਬ ਹੈਦਰ ਸ਼ਾਮਲ ਹਨ। ਇਹ ਸਾਰੇ ਬਲੌਗਰ ਧਰਮ ਦੀ ਕੱਟੜਤਾ ਖਿਲਾਫ ਆਵਾਜ਼ ਬੁਲੰਦ ਕਰ ਰਹੇ ਸਨ।
ਨਿਊ ਯਾਰਕ ਸਥਿਤ ਸੈਂਟਰ ਫ਼ਾਰ ਇਨਕੁਆਰੀ (ਸੀæਓæਆਈæ) ਦੇ ਨੁਮਾਇੰਦਿਆਂ, ਜਿਨ੍ਹਾਂ ਨੇ ਅਮਰੀਕਾ ਵਿਚ ਤਸਲੀਮਾ ਦੀ ਇਮਦਾਦ ਕੀਤੀ ਹੈ, ਦਾ ਕਹਿਣਾ ਹੈ ਕਿ ਭਾਰਤ ਵਿਚ ਹੁਣ ਤਸਲੀਮਾ ਨੂੰ ਮਾਰਨ ਦੀਆਂ ਧਮਕੀਆਂ ਤੇਜ਼ ਹੋ ਗਈਆਂ ਸਨ, ਇਸੇ ਲਈ ਉਨ੍ਹਾਂ ਆਪਣਾ ਟਿਕਾਣਾ ਆਰਜ਼ੀ ਤੌਰ ‘ਤੇ ਬਦਲਣ ਦਾ ਫੈਸਲਾ ਕੀਤਾ ਹੈ। ਤਸਲੀਮਾ ਮੁਤਾਬਕ, ਉਹਨੇ ਪੱਕੇ ਤੌਰ ‘ਤੇ ਭਾਰਤ ਨਹੀਂ ਛੱਡਿਆ ਹੈ। ਯਾਦ ਰਹੇ, ਨਾਵਲ ḔਲੱਜਾḔ ਛਪਣ ਤੋਂ ਬਾਅਦ ਕੱਟੜਪੰਥੀਆਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਨਾਵਲ ਇਕ ਹਿੰਦੂ ਪਰਿਵਾਰ ਦੀਆਂ ਦੁਸ਼ਵਾਰੀਆਂ ਬਾਰੇ ਹੈ ਜਿਹੜਾ ਦੰਗਿਆਂ ਦੀ ਮਾਰ ਹੇਠ ਆ ਜਾਂਦਾ ਹੈ। ਤਸਲੀਮਾ ਨੇ ਇਸ ਨਾਵਲ ਵਿਚ ਬੰਗਲਾਦੇਸ਼ ਵਿਚ ਘੱਟ-ਗਿਣਤੀ ਹਿੰਦੂਆਂ ਉਤੇ ਹੋ ਰਹੇ ਜ਼ੁਲਮਾਂ ਦੀ ਬਾਤ ਬਹੁਤ ਮਾਰਮਿਕ ਢੰਗ ਨਾਲ ਸੁਣਾਈ ਹੈ। ਯਾਦ ਰਹੇ, ਬੰਗਲਾਦੇਸ਼ ਭਾਵੇਂ ਧਰਮ ਨਿਰਪੱਖ ਦੇਸ਼ ਅਖਵਾਉਂਦਾ ਹੈ, ਪਰ ਉਥੇ 90 ਫ਼ੀਸਦੀ ਮੁਸਲਮਾਨ ਹਨ ਅਤੇ ਅੱਜ ਕੱਲ੍ਹ ਕੱਟੜਪੰਥੀ ਮੁਸਲਮਾਨ ਜਥੇਬੰਦੀਆਂ ਦਾ ਬਹੁਤ ਜ਼ੋਰ ਹੈ।
ਪੇਸ਼ੇ ਵਜੋਂ ਡਾਕਟਰ 52 ਸਾਲਾ ਤਸਲੀਮ ਨਸਰੀਨ ਨੂੰ ḔਲੱਜਾḔ ਬਾਰੇ ਵਿਵਾਦ ਵਧਣ ਕਾਰਨ 1994 ਵਿਚ ਜਲਾਵਤਨ ਹੋਣਾ ਪੈ ਗਿਆ ਸੀ ਅਤੇ ਉਹ 2004 ਤੋਂ ਭਾਰਤ ਵਿਚ ਵੀਜ਼ੇ ਉਤੇ ਰਹਿ ਰਹੀ ਹੈ। ਉਂਜ ਉਸ ਨੇ ਸਵੀਡਨ ਦੀ ਨਾਗਰਿਕਤਾ ਹਾਸਲ ਕੀਤੀ ਹੋਈ ਹੈ। ਉਹ ਚਾਹੁੰਦੀ ਹੈ ਕਿ ਉਹ ਭਾਰਤ, ਖਾਸ ਕਰ ਕੇ ਕੋਲਕਾਤਾ ਵਿਚ ਪੱਕੇ ਤੌਰ ‘ਤੇ ਰਹੇ, ਪਰ 2007 ਵਿਚ ਕੋਲਕਾਤਾ ਵਿਚ ਉਸ ਖਿਲਾਫ਼ ਜ਼ੋਰਦਾਰ ਮੁਜ਼ਾਹਰੇ ਹੋਣ ਕਾਰਨ ਉਸ ਨੂੰ ਲੁਕਣਾ ਪੈ ਗਿਆ ਸੀ।
ਤਸਲੀਮਾ ਨਸਰੀਨ ਭਾਵੇਂ ਪਹਿਲਾਂ ਵੀ ਅਮਰੀਕਾ ਦਾ ਗੇੜਾ ਮਾਰ ਚੁੱਕੀ ਹੈ ਪਰ ਇਸ ਵਾਰ ਉਸ ਦੇ ਆਉਣ ਦਾ ਕਾਰਨ ਭਾਰਤ ਸਰਕਾਰ ਵਲੋਂ ਹੁੰਗਾਰਾ ਨਾ ਭਰਨਾ ਹੈ। ਅਮਰੀਕਾ ਅੱਪੜਨ ਤੋਂ ਪਹਿਲਾਂ ਉਸ ਨੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਦੀ ਬੇਨਤੀ ਕੀਤੀ ਸੀ, ਪਰ ਉਨ੍ਹਾਂ ਵਲੋਂ ਕੋਈ ਜਵਾਬ ਹੀ ਨਹੀਂ ਦਿੱਤਾ ਗਿਆ। ਆਖਰ ਜਵਾਬ ਉਡੀਕਦੀ ਤਸਲੀਮਾ ਅੱਕ ਕੇ ਅਮਰੀਕਾ ਆ ਗਈ। ਯਾਦ ਰਹੇ, ਜਦੋਂ ḔਲੱਜਾḔ ਬਾਰੇ ਵਿਵਾਦ ਸ਼ੁਰੂ ਹੋਇਆ ਸੀ ਤਾਂ ਇਸ ਨਾਵਲ ਦੇ ਹਿੰਦੂ ਪਿਛੋਕੜ ਕਰ ਕੇ ਭਾਰਤੀ ਜਨਤਾ ਪਾਰਟੀ ਨੇ ਪੁੱਜ ਕੇ ਉਸ ਦੀ ਮਦਦ ਕੀਤੀ ਸੀ। ਉਂਜ ਇਹ ਗੱਲ ਵੱਖਰੀ ਹੈ ਕਿ ਹੋਰ ਕਲਾਕਾਰਾਂ ਨੂੰ ਕੱਟੜ ਹਿੰਦੂ ਜਥੇਬੰਦੀਆਂ ਵਲੋਂ ਮਿਲਦੀਆਂ ਧਮਕੀਆਂ ਬਾਰੇ ਭਾਰਤੀ ਜਨਤਾ ਪਾਰਟੀ ਸਦਾ ਖਾਮੋਸ਼ ਹੀ ਨਹੀਂ ਰਹਿੰਦੀ, ਸਗੋਂ ਇਸ ਦੇ ਕਾਰਕੁਨ ਅਜਿਹੇ ਕਲਾਕਾਰਾਂ ਖਿਲਾਫ਼ ਰੋਸ ਮੁਜ਼ਾਹਰੇ ਵੀ ਕਰਦੇ ਰਹੇ ਹਨ। ਸ਼ਿਵ ਸੈਨਾ ਅਤੇ ਇਸ ਦੀਆਂ ਜੋਟੀਦਾਰ ਹੋਰ ਕੱਟੜ ਹਿੰਦੂ ਜਥੇਬੰਦੀਆਂ ਦੇ ਲਾਗਤਾਰ ਵਿਰੋਧ ਕਾਰਨ ਮਕਬੂਲ ਫਿਦਾ ਹੁਸੈਨ ਵਰਗੇ ਸੰਸਾਰ ਪ੍ਰਸਿੱਧ ਚਿੱਤਰਕਾਰ ਨੂੰ ਜਲਾਵਤਨ ਹੋਣਾ ਪਿਆ ਸੀ ਅਤੇ ਜਲਾਵਤਨੀ ਹੀ ਉਸ ਦੀ ਮੌਤ ਹੋ ਗਈ ਸੀ।
ਗੌਰਤਲਬ ਹੈ ਕਿ ਤਸਲੀਮਾ ਨਸਰੀਨ ਵਲੋਂ ਆਪਣੀਆਂ ਰਚਨਾਵਾਂ ਵਿਚ ਔਰਤਾਂ ਦੇ ਹੱਕ ਵਿਚ ਡਟ ਕੇ ਗੱਲ ਕਰਨ ਅਤੇ ਧਰਮ ਦੀ ਕੱਟੜਤਾ ਖਿਲਾਫ਼ ਲਿਖਣ ਕਾਰਨ ਇਸਲਾਮੀ ਕੱਟੜਪੰਥੀ ਉਸ ਦੀ ਜਾਨ ਦਾ ਦੁਸ਼ਮਣ ਬਣੇ ਹੋਏ ਹਨ। ਉਂਜ ਉਹ ਧਮਕੀਆਂ ਦੇ ਬਾਵਜੂਦ ਲਗਾਤਾਰ ਲਿਖ ਰਹੀ ਹੈ। ਉਸ ਦੀ ਕਵਿਤਾ ਦੀ ਪਹਿਲੀ ਕਿਤਾਬ 20 ਵਰ੍ਹਿਆਂ ਦੀ ਉਮਰ ਵਿਚ 1982 ਨੂੰ ਛਪੀ ਸੀ। ḔਲੱਜਾḔ ਨਾਵਲ 1993 ਵਿਚ ਛਪਿਆ ਸੀ।