ਬੂਰਮਾਜਰੇ ਵਾਲਾ ਬਾਈ ਗੁਰਮੇਲ ਨੇ ਉਭਾਰੀਆਂ ਯਾਦਾਂ

ਪਿਆਰੇ ਅਮੋਲਕ ਜੀ,
12 ਸਤੰਬਰ ਦੇ ਪੰਜਾਬ ਟਾਈਮਜ਼ ਵਿਚ “ਬੂਰਮਾਜਰੇ ਵਾਲੇ ਬਾਈ ਗੁਰਮੇਲ” ਵਾਲਾ ਲੇਖ ਛਾਪ ਕੇ ਤੁਸੀਂ 30-35 ਸਾਲ ਪੁਰਾਣਾ ਇਤਿਹਾਸ ਮੁੜ ਉਜਾਗਰ ਕੀਤਾ ਹੈ। ਇਸ ਲੇਖ ਵਿਚ ਤੁਸੀਂ ਕਈ ਸ਼ਖ਼ਸੀਅਤਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਵਿਚੋਂ ਕੁਝ ਇਕ ਦੀ ਯਾਦ ਮੇਰੇ ਦਿਲ ਵਿਚ ਵੀ ਵਸੀ ਹੋਈ ਹੈ। ਅੱਜ ਉਨ੍ਹਾਂ ਵਿਚੋਂ ਕਈ ਇਸ ਫਾਨੀ ਦੁਨੀਆਂ ਵਿਚ ਨਹੀਂ ਹਨ ਪਰ ਲੇਖ ਪੜ੍ਹ ਕੇ ਉਵੇਂ ਹੀ ਸਾਹਮਣੇ ਖੜ੍ਹੇ ਲਗਦੇ ਹਨ।
ਪੰਜਾਬੀ ਵਿਭਾਗ ਦੇ ਪ੍ਰੋਫੈਸਰ ਹਰਦੇਵ ਸਿੰਘ ਸੱਚਰ ਸੰਨ 1963-64 ਵਿਚ ਮੈਨੂੰ ਅੰਬਾਲੇ ਵਿਚ ਅੰਗਰੇਜ਼ੀ ਪੜ੍ਹਾਉਂਦੇ ਸਨ। ਉਨ੍ਹਾਂ ਦਿਨਾਂ ਵਿਚ ਮੈਂ ਆਪਣੇ ਮਹਿਕਮੇ ਵਲੋਂ ਹਿੰਦੀ ਟੈਲੀਗਰਾਫੀ ਦਾ ਕੋਰਸ ਕਰਨ ਚੰਡੀਗੜ੍ਹੋਂ ਅੰਬਾਲੇ ਗਿਆ ਹੋਇਆ ਸਾਂ। ਨੌਕਰੀ ਦੇ ਨਾਲ ਨਾਲ ਮੈਂ ਗਿਆਨੀ ਕਰ ਕੇ ਬੀ ਏ ਬਾਈ ਪਾਰਟਸ ਕਰ ਰਿਹਾ ਸਾਂ।
ਸੱਚਰ ਸਾਹਿਬ ਨੇ ਇਕ ਅਧੂਰੀ ਜਿਹੀ ਕੋਠੀ ਵਿਚ ਹਰਦੇਵ ਵਿਸਮਿਕ ਦੇ ਨਾਂ ਹੇਠ ਗਲੋਬਲ ਅਕੈਡਮੀ ਕਰਕੇ ਇਕ ਪ੍ਰਾਈਵੇਟ ਕਾਲਜ ਖੋਲ੍ਹਿਆ ਹੋਇਆ ਸੀ। ਉਸ ਸਮੇਂ ਉਹ ਤੀਹ ਕੁ ਸਾਲ ਦੇ ਪਤਲੇ ਜਿਹੇ ਜੀਨਧਾਰੀ ਰੋਮਾਂਟਿਕ ਨੌਜਵਾਨ ਸਨ। ਪਗੜੀ ਬੰਨਣ ਦੇ ਸਟਾਈਲ ਅਤੇ ਕੱਟੀ ਦਾਹੜੀ ਦੇ ਅੰਦਾਜ਼ ਤੋਂ ਉਹ ਪੂਰੇ ਜੱਟ ਲਗਦੇ ਸਨ ਪਰ ਬੋਲੀ ਤੋਂ ਭਾਪੇ। ਉਹ ਸਾਰਾ ਦਿਨ ਪਾਨ ਖਾਂਦੇ ਤੇ ਵੰਨ ਸੁਵੰਨੇ ਅਖਬਾਰ ਰਸਾਲੇ ਪੜ੍ਹਦੇ ਰਹਿੰਦੇ। ਕਲਾਸ ਵਿਚ ਅੰਗਰੇਜ਼ੀ ਤਾਂ ਉਨ੍ਹਾਂ ਕਦੇ ਪੜ੍ਹਾਈ ਨਹੀਂ ਸੀ, ਬੱਸ ਅਖਬਾਰੀ ਖਬਰਾਂ ਤੇ ਹੀ ਤਬਸਰਾ ਕਰਦੇ ਰਹਿੰਦੇ। ਬਿਆਨੋ-ਬਖਿਆਨ ਵਿਚ ਇੰਨੇ ਮਾਹਿਰ ਕਿ ਗੱਲਾਂ ਬਾਤਾਂ ਨਾਲ ਹੀ ਪੜ੍ਹਾਈ ਦਾ ਬੁੱਤਾ ਸਾਰੀ ਰਖਦੇ। ਉਨ੍ਹਾਂ ਦਿਨਾਂ ਵਿਚ ਜਦੋਂ ਅਮਰੀਕੀ ਪ੍ਰਧਾਨ ਕਨੇਡੀ ਦਾ ਤਾਜ਼ਾ ਤਾਜ਼ਾ ਕਤਲ ਹੋਇਆ ਤਾਂ ਉਨ੍ਹਾਂ ਨੇ ਕਈ ਦਿਨ ਇਸ ਕਤਲ ਦੀਆਂ ਗੁਥੀਆਂ ਬਾਰੇ ਹੀ ਚਰਚਾ ਕੀਤੀ ਰਖੀ। ਉਨ੍ਹਾਂ ਦੇ ਕਾਲਜ ਵਿਚ ਕੇਵਲ ਦੋ ਹੀ ਵਿਦਿਆਰਥੀ ਸਨ, ਇਕ ਮੈਂ ਤੇ ਇਕ ਕਿਸੇ ਮਾੜੇ ਜਿਹੇ ਫੌਜੀ ਦੀ ਨਵ-ਵਿਆਹੁਤਾ ਪਤਨੀ ਰਜਨੀ। ਦੋ ਕੁ ਮਹੀਨਿਆਂ ਬਾਦ ਵਿਸਮਿਕ ਸਾਹਿਬ ਅਚਨਚੇਤ ਗਾਇਬ ਹੋ ਗਏ। ਪਤਾ ਲਗਿਆ ਕਿ ਉਹ ਕਿਸੇ ਹੋਰ ਸ਼ਹਿਰ ਚਲੇ ਗਏ ਹਨ।
1977 ਵਿਚ ਮੈਂ ਪੰਜਾਬ ਯੂਨੀਵਰਸਿਟੀ ਦੇ ਪੁਲੀਟਿਕਲ ਸਾਇੰਸ ਵਿਭਾਗ ਵਿਚ ਐਮ ਫਿਲ ਕਰਨ ਲਈ ਗਿਆ ਤਾਂ ਮੈਨੂੰ ਉਥੇ ਯੁਨੀਵਰਸਿਟੀ ਦੀ ਅਧਿਆਪਕ ਐਸੋਸੀਏਸ਼ਨ ‘ਤੇ ਖੋਜ ਪੱਤਰ ਲਿਖਣ ਦਾ ਕੰਮ ਸੌਂਪਿਆ ਗਿਆ। ਇਸ ਖਾਤਰ ਮੈਂ ਯੂਨੀਵਰਸਿਟੀ ਦੇ ਅਧਿਆਪਕ ਲੀਡਰਾਂ ਨਾਲ ਮੁਲਾਕਾਤਾਂ ਕਰਨੀਆਂ ਸਨ। ਭਾਈ ਵੀਰ ਸਿੰਘ ਚੇਅਰ ਦੇ ਮੁਖੀ ਪ੍ਰੋæ ਵਿਸ਼ਵਾਨਾਥ ਤਿਵਾੜੀ ਲੰਮੇ ਸਮੇਂ ਤੋਂ ਪੂਟਾ ਦੇ ਸਿਰਕੱਢ ਨੇਤਾ ਸਨ, ਇਸ ਲਈ ਮੈਂ ਮੁਲਾਕਾਤਾਂ ਦਾ ਕੰਮ ਉਨ੍ਹਾਂ ਤੋਂ ਹੀ ਅਰੰਭਿਆ। ਉਹ ਬਹੁਤ ਹੀ ਸਪਸ਼ਟ, ਬੇ-ਤਕਲੁਫ਼ ਤੇ ਬੇਧੜਕ ਵਿਅਕਤੀ ਸਨ। ਲੰਮੀ ਮੁਲਾਕਾਤ ਉਪਰੰਤ ਉਨ੍ਹਾਂ ਨੇ ਫਖ਼ਰ ਨਾਲ ਕਿਹਾ, “ਮੇਰਾ ਦਫਤਰ ਭਾਨਮਤੀ ਦਾ ਕੁਨਬਾ ਹੈ। ਇਥੇ ਵੱਖ ਵੱਖ ਵਿਚਾਰਾਂ ਵਾਲੇ ਲੋਕ ਬੈਠਦੇ ਹਨ ਪਰ ਅਸੀਂ ਸਾਰੇ ਇਕ ਪਰਿਵਾਰ ਦੇ ਮੈਂਬਰਾਂ ਵਾਂਗ ਹਾਂ।” ਉਨ੍ਹਾਂ ਹਾਸੇ ਨਾਲ ਕਿਹਾ ਕਿ ਤੇਰਾ ਸਾਰਾ ਡਿਜ਼ਰਟੇਸ਼ਨ ਉਨ੍ਹਾਂ ਦੇ ਵਿਭਾਗ ਵਿਚੋਂ ਹੀ ਬਣ ਜਾਵੇਗਾ।
ਉਥੇ ਹੀ ਮੇਰੀ ਜਾਣ-ਪਛਾਣ ਉਨ੍ਹਾਂ ਨੇ ਆਪਣੇ ਮਿੱਠੇ ਸੁਭਾਅ ਵਾਲੇ ਪਰ ਘਟ-ਬੋਲੜੇ ਸਟੈਨੋ ਹਰਸਿਮਰਨ ਸਿੰਘ ਨਾਲ ਕਰਵਾਈ ਤੇ ਕਿਹਾ ਕਿ ਮੇਰਾ ਅਸਿਸਟੈਂਟ ਵੀ ਰਾਜਨੀਤੀ ਵਿਚ ਕਿਸੇ ਪ੍ਰੋਫੈਸਰ ਨਾਲੋਂ ਘੱਟ ਨਹੀਂ ਹੈ। ਪ੍ਰੋæ ਤਿਵਾੜੀ ਨੇ ਸੁਝਾਅ ਦਿਤਾ ਕਿ ਮੈਂ ਆਪਣਾ ਡਿਜ਼ਰਟੇਸ਼ਨ ਵੀ ਉਸ ਤੋਂ ਹੀ ਟਾਈਪ ਕਰਵਾਵਾਂ ਕਿਉਂਕਿ ਉਹ ਇਕ ਕੁਸ਼ਲ ਟਾਈਪਿਸਟ ਸੀ। ਪ੍ਰੋæ ਤਿਵਾੜੀ ਦੀ ਗੱਲ ਸੱਚੀ ਨਿਕਲੀ ਜਦੋਂ ਹਰਸਿਮਰਨ ਸਿੰਘ ਰਾਤੋ ਰਾਤ ਦਲ ਖਾਲਸਾ ਦਾ ਆਗੂ ਬਣ ਗਿਆ। ਉਨ੍ਹਾਂ ਦਿਨਾਂ ਵਿਚ ਅਫਵਾਹ ਸੀ ਕਿ ਇਸ ਕੰਮ ਵਿਚ ਡਾæ ਤਿਵਾੜੀ ਨੇ ਗਿਆਨੀ ਜ਼ੈਲ ਸਿੰਘ ਤੇ ਹਰਸਿਮਰਨ ਵਿਚਕਾਰ ਲਿੰਕ ਵਜੋਂ ਭੂਮਿਕਾ ਨਿਭਾਈ ਸੀ। ਪਿਛੋਂ ਲੰਮਾ ਸਮਾਂ ਹਰਸਿਮਰਨ ਸਿੰਘ ਰੂ-ਪੋਸ਼ ਰਿਹਾ ਪਰ ਹੁਣ ਤੁਹਾਡੇ ਲੇਖ ਤੋਂ ਜਾਣ ਕੇ ਖੁਸ਼ੀ ਹੋਈ ਕਿ ਉਹ ਆਨੰਦਪੁਰ ਸਾਹਿਬ ਰਹਿ ਰਿਹਾ ਹੈ।
ਹਾਂ! ਉਸ ਤੋਂ ਬਾਅਦ ਪ੍ਰੋæ ਤਿਵਾੜੀ ਨੇ ਮੈਨੂੰ ਇਕ ਦਰਮਿਆਨੇ ਕੱਦ ਦੇ ਅਧਿਆਪਕ ਨਾਲ ਮਿਲਾਇਆ। ਮੜੰਗਾ ਪਛਾਣ ਕੇ ਮੈਂ ਹੈਰਾਨੀ ਨਾਲ ਚੀਕਿਆ, “ਵਿਸਮਿਕ ਸਾਹਿਬ!” ਪ੍ਰੋæ ਤਿਵਾੜੀ ਕਹਿਣ ਲਗੇ, “ਵਿਸਮਿਕ ਸਾਹਿਬ ਨਹੀਂ ਇਹ ਸੱਚਰ ਸਾਹਿਬ ਹਨ।” ਇਸ ਤੋਂ ਪਹਿਲਾਂ ਕਿ ਮੇਰਾ ਉਤਸ਼ਾਹ ਨਿਰਾਸ਼ਾ ਵਿਚ ਬਦਲ ਜਾਂਦਾ, ਪ੍ਰੋæ ਸੱਚਰ ਬੋਲੇ, “ਤੁਸੀਂ ਠੀਕ ਕਹਿੰਦੇ ਓ, ਮੈਂ ਤੁਹਾਨੂੰ ਪਹਿਚਾਣ ਲਿਆ ਹੈ। ਵਿਸਮਿਕ ਮੇਰਾ ਤਖੱਲੁਸ ਹੁੰਦਾ ਸੀ।” ਸਾਡੀ ਪੁਰਾਣੀ ਜਾਣ ਪਹਿਚਾਣ ਵੇਖ ਕੇ ਪ੍ਰੋæ ਤਿਵਾੜੀ ਚਲੇ ਗਏ ਤੇ ਅਸੀਂ ਘੰਟਾ ਭਰ ਗਲਾਂ ਕਰਦੇ ਰਹੇ। ਰਜਨੀ ਦੀ ਗੱਲ ਵੀ ਚਲੀ। ਉਨ੍ਹਾਂ ਹੱਸ ਕੇ ਕਿਹਾ ਕਿ ਉਹ ਅੰਬਾਲੇ ਦੀਆਂ ਸਭ ਚੀਜ਼ਾਂ ਅੰਬਾਲੇ ਹੀ ਛੱਡ ਆਏ ਸਨ।
ਭੂਸ਼ਨ ਧਿਆਨਪੁਰੀ ਮੈਨੂੰ ਪਹਿਲੀ ਵਾਰ ਜੁਲਾਈ 1982 ਵਿਚ ਮਿਲਿਆ। ਉਹ ਚੰਡੀਗੜ੍ਹ ਤੋ ਗੌਰਮਿੰਟ ਕਾਲਜ ਰੋਪੜ ਪੜ੍ਹਾਉਣ ਜਾਣ ਵਾਲੇ ਸਾਡੇ 15-20 ਅਧਿਆਪਕਾਂ ਦੇ ਟੋਲੇ ਵਿਚ ਸ਼ਾਮਲ ਹੁੰਦਾ ਸੀ। ਉਸ ਦੀ ਆਦਤ ਸੀ ਕਿ ਉਹ ਇਕ ਅੱਧੇ ਜਣੇ ਨੂੰ ਨਵੇਕਲਾ ਕੱਢ ਲੈਂਦਾ ਤੇ ਬੁਕਲ ਵਿਚ ਭੇਲੀਆਂ ਜਿਹੀਆਂ ਭੰਨ ਭੰਨ ਉਸ ਨੂੰ ਹਸਾਉਣ ਦਾ ਯਤਨ ਕਰੀ ਜਾਂਦਾ ਤੇ ਨਾਲ ਆਪ ਹੱਸੀ ਜਾਂਦਾ। ਗੱਲਾਂ ਕਰਦਿਆਂ ਉਸ ਨੂੰ ਹੱਕ ਪਈ ਜਾਂਦੀ ਤੇ ਛਾਤੀ ਵਿਚ ਦਮੇ ਦੀ ਖਾਂਸੀ ਬੋਲੀ ਜਾਂਦੀ। ਉਹ ਚੇਨ ਸਮੋਕਰ ਸੀ। ਮੇਰੀ ਉਸ ਨਾਲ ਕਦੇ ਨਹੀ ਸੀ ਬਣੀ। ਮੈਂ ਉਸ ਨੂੰ ਸਿਗਰਟ ਪੀਣ ਤੋਂ ਕਈ ਵਾਰ ਤਾੜਿਆ। ਪਰ ਉਹ ਹੱਸ ਕੇ ਗੱਲ ਗੁਆ ਦਿੰਦਾ।
ਉਨ੍ਹਾਂ ਦਿਨਾਂ ਵਿਚ ਮੈਂ ਚੰਡੀਗੜ੍ਹ ਪੰਜਾਬੀ ਸਾਹਿਤ ਸਭਾ ਦਾ ਮੈਂਬਰ ਸਾਂ। ਤਾਰਾ ਸਿੰਘ ਚੰਨ ਪ੍ਰਧਾਨ ਹੁੰਦਾ ਸੀ ਤੇ ਹਰਭਰਨ ਹਲਵਾਰਵੀ ਸਕੱਤਰ। ਡਾæ ਗੁਰਬਚਨ, ਗੁਰਦੇਵ ਚੌਹਾਨ, ਮੋਹਨ ਭੰਡਾਰੀ ਤੇ ਡਾæ ਜਸਪਾਲ ਸਿੰਘ (ਐਡੀਟਰ ਦੇਸ ਸੇਵਕ) ਸਮੇਤ ਬਹੁਤ ਸਾਰੇ ਮੈਂਬਰ ਇਸ ਦੀਆਂ ਮੀਟਿੰਗਾਂ ਵਿਚ ਹਾਜ਼ਰ ਹੁੰਦੇ। ਉਸੇ ਸਾਲ ਭੂਸ਼ਨ ਧਿਆਨਪੁਰੀ ਨੇ ਇਕ ਕਿਤਾਬ ਛਾਪੀ ਸੀ ‘ਸਿਰਜਣਧਾਰਾ’। ਸਾਹਿਤ ਸਭਾ ਨੇ ਇਸ ਕਿਤਾਬ ‘ਤੇ ਗੋਸ਼ਟੀ ਕਰਵਾਉਣੀ ਚਾਹੀ। ਹਰਭਜਨ ਹਲਵਾਰਵੀ ਨੇ ਮੈਨੂੰ ਕਿਤਾਬ ਦੀ ਇਕ ਕਾਪੀ ਦੇ ਕੇ ਪੇਪਰ ਲਿਖਣ ਲਈ ਕਿਹਾ। ਉਸ ਦੀ ਕਿਤਾਬ ਵਿਚ ਮੈਨੂੰ ਕੁਝ ਵੀ ਅਜਿਹਾ ਨਾ ਲਗਿਆ ਜਿਸ ਦੀ ਸਰਾਹਨਾ ਕੀਤੀ ਜਾਵੇ। ਮੈਂ ਆਪਣੇ ਪੇਪਰ ਵਿਚ ਪੁਸਤਕ ਦੀ ਖੁਲ੍ਹ ਕੇ ਆਲੋਚਨਾ ਕੀਤੀ। ਭੂਸ਼ਨ ਨੇ ਹਲਵਾਰਵੀ ਕੋਲ ਮੇਰੇ ਬਾਰੇ ਸ਼ਿਕਾਇਤ ਕੀਤੀ ਕਿ ਜੇ ਇਹ ਪਰਚਾ ਪੜ੍ਹੇਗਾ ਤਾਂ ਬਿਹਤਰ ਹੈ ਗੋਸ਼ਟੀ ਨਾ ਹੀ ਕਰਵਾਈ ਜਾਵੇ। ਹਲਵਾਰਵੀ ਨੇ ਉਸ ਨੂੰ ਸਮਝਾਇਆ ਕਿ ਇਕ ਸਿਆਣੇ ਲੇਖਕ ਨੂੰ ਆਲੋਚਨਾ ਤੋਂ ਡਰਨਾ ਨਹੀਂ ਚਾਹੀਦਾ। ਫਿਰ ਉਸ ਨੇ ਮੈਨੂੰ ਵੀ ਕਿਹਾ ਕਿ ਮੈਂ ਪਰਚਾ ਪੜ੍ਹਨ ਦੀ ਥਾਂ ਸੰਖੇਪ ਵਿਚ ਜ਼ਬਾਨੀ ਪੇਸ਼ ਕਰਾਂ ਤਾਂ ਜੋ ਇਸ ਦੀ ਕੁੜਿਤਣ ਘਟ ਜਾਵੇ। ਮੈਂ ਤਾਂ ਮੰਨ ਗਿਆ ਪਰ ਉਸ ਦਿਨ ਦੀ ਮੀਟਿੰਗ ਵਿਚ ਭੂਸ਼ਨ ਨਾ ਆਇਆ। ਲਿਹਾਜ਼ਾ ਉਸ ਦੀ ਪੁਸਤਕ ਤੇ ਗੋਸ਼ਟੀ ਰੱਦ ਕਰਨੀ ਪਈ। ਉਸ ਦੀ ਉਹ ਕਿਤਾਬ ਤੇ ਉਹ ਹੱਥ ਲਿਖਤ ਪੇਪਰ ਮੇਰੇ ਕੋਲ ਅੱਜ ਵੀ ਕਿਤੇ ਪਏ ਹੋਏ ਹਨ।
ਪਰ ਇਹ ਗੱਲ ਵੀ ਸਹੀ ਹੈ ਕਿ ਭੂਸ਼ਨ ਵਿਚ ਵਿਅੰਗਕਲਾ ਸੀ। ਮੈਂ ਉਸ ਦੇ ਪੰਜਾਬੀ ਟ੍ਰਿਬਿਊਨ ਵਿਚ ਛਪਦੇ ਰਸੀਦੀ ਟਿਕਟ ਸਮੇਤ ਸਾਰੇ ਲੜੀ-ਵਾਰ ਲੇਖ ਦਿਲਚਸਪੀ ਨਾਲ ਪੜਦਾ ਰਿਹਾ ਹਾਂ।
ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-991-4249

Be the first to comment

Leave a Reply

Your email address will not be published.