‘ਸੈਕੰਡ ਹੈਂਡ ਹਸਬੈਂਡ’ ਮੂਵੀ 3 ਜੁਲਾਈ ਨੂੰ ਰਿਲੀਜ਼ ਹੋਵੇਗੀ

ਸੈਨ ਫਰਾਂਸਿਸਕੋ (ਬਿਊਰੋ): ਟਰੱਕਿੰਗ, ਮੋਟਲ ਅਤੇ ਗੋਲਡਨ ਜਿਮ ਦੇ ਵੱਡੇ ਕਾਰੋਬਾਰ ਤੋਂ ਬਾਅਦ ਗਾਖਲ ਬ੍ਰਦਰਜ਼-ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ ਬਾਲੀਵੁੱਡ ਵਿਚ ਨਰੋਏ ਪੈਰੀਂ ਵੱਡੇ ਬਜਟ ਦੀ ਫਿਲਮ ‘ਸੈਕੰਡ ਹੈਂਡ ਹਸਬੈਂਡ’ ਨਾਲ ਦਸਤਕ ਦਿੱਤੀ ਹੈ। ਉਨ੍ਹਾਂ ਨੇ ਹਾਸਰਸ ਅਤੇ ਉਦੇਸ਼ ਭਰਪੂਰ ਕਹਾਣੀ ਦੇ ਨਾਲ ਨਾਲ ਇਕ ਨਵੀਂ ਦਿਸ਼ਾ ਅਤੇ ਦਸ਼ਾ ਫਿਲਮ ਜਗਤ ਨੂੰ ਪ੍ਰਦਾਨ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ।

ਫਿਲਮ ਦੇ ਨਿਰਮਾਤਾ ਅਮੋਲਕ ਸਿੰਘ ਗਾਖਲ ਅਨੁਸਾਰ ਜਿਥੇ ਸੁਪਰ ਸਟਾਰ ਗੋਵਿੰਦਾ ਦੀ ਬੇਟੀ ‘ਟੀਨਾ ਆਹੂਜਾ’ ਪਹਿਲੀ ਵਾਰ ਵੱਡੇ ਪਰਦੇ ‘ਤੇ ਦਿਸੇਗੀ ਉਥੇ ਹੀ ਪੰਜਾਬੀ ਫਿਲਮਾਂ ਵਿਚ ਨਰੋਏ ਪੈਰ ਟਿਕਾਉਣ ਪਿੱਛੋ ਪੰਜਾਬੀਆਂ ਦੇ ਚਹੇਤੇ ਅਦਾਕਾਰ ਤੇ ਕਲਾਕਾਰ ਗਿੱਪੀ ਗਰੇਵਾਲ ਦੀ ਇਹ ਪਹਿਲੀ ਵੱਡੀ ਹਿੰਦੀ ਫਿਲਮ ਹੋਵੇਗੀ। ਪੰਜਾਬੀਆਂ ਦਾ ਮਨਪਸੰਦ ‘ਤੇ ਬਾਲੀਵੁੱਡ ਦਾ ਸਦਾਬਹਾਰ ਅਦਾਕਾਰ ਧਰਮਿੰਦਰ ਪਹਿਲੀ ਵਾਰ ਫਿਲਮ ਪ੍ਰੇਮੀਆਂ ਨੂੰ ਇਕ ਵੱਖਰੇ ਅੰਦਾਜ ਵਿਚ ਵੇਖਣ ਨੂੰ ਮਿਲੇਗਾ। ਤਲਾਕ ਤੋਂ ਪਿੱਛੇ ਦੀਆਂ ਸਮੱਸਿਆਵਾਂ ਨੂੰ ਇਸ ਫਿਲਮ ਨੇ ਖੂਬਸੂਰਤ ਅਤੇ ਮਨੋਰੰਜਨ ਭਰੇ ਢੰਗ ਨਾਲ ਪੇਸ਼ ਕੀਤਾ ਹੈ। ਜਿਥੇ ਗੀਤਾ ਬਸਰਾ, ਸੰਜੇ ਮਿਸ਼ਰਾ, ਰਵੀ ਕਿਸ਼ਨ ਅਤੇ ਮੁਕੇਸ਼ ਤਿਵਾੜੀ ਦੀ ਖਾਸ ਭੂਮਿਕਾ ਹੋਵੇਗੀ ਉਥੇ ਹਿੰਦੀ ਫਿਲਮਾਂ ਵਿਚ ਗੁਰਪ੍ਰੀਤ ਘੁੱਗੀ ਵੀ ਆਪਣਾ ਆਹਲਾ ਸਦਾਬਹਾਰ ਪਰ ਵੱਖਰਾ ਅੰਦਾਜ ਪੇਸ਼ ਕਰੇਗਾ।
ਮੁੰਬਈ ਵਿਚ ਫਿਲਮ ਦਾ ਟਰੇਲਰ ਰਿਲੀਜ਼ ਕਰਨ ਲਈ ਕਰਵਾਏ ਗਏ ਸਮਾਰੋਹ ਵਿਚ ਫਿਲਮ ਦੀ ਸਟਾਰ ਕਾਸਟ ਤੋਂ ਇਲਾਵਾ ਆਪਣੀ ਬੇਟੀ ਟੀਨਾ ਆਹੂਜਾ ਦੀ ਪਹਿਲੀ ਫਿਲਮ ਦੇ ਜਸ਼ਨਾਂ ਵਿਚ ਸ਼ਾਮਿਲ ਹੋਣ ਲਈ ਸੁਪਰ ਸਟਾਰ ਗੋਵਿੰਦਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਲਿਆਉਂਦਿਆਂ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਦੀ ਪੁੱਤਰੀ ਨੂੰ ਪਹਿਲੀ ਫਿਲਮ ਹੀ ਬਹੁਤ ਵੱਡੇ ਬਜਟ ਅਤੇ ਵੱਡੇ ਸਟਾਰਾਂ ਵਾਲੀ ਮਿਲੀ ਹੈ। ਉਨ੍ਹਾਂ ਕਿਹਾ ਕਿ ਦੇਸੀ ਰਾਕ ਸਟਾਰ ਗਿੱਪੀ ਗਰੇਵਾਲ ਪੰਜਾਬੀ ਫਿਲਮਾਂ ਦੇ ਹਿੱਟ ਹੋਣ ਦੀ ਗਰੰਟੀ ਬਣਿਆ ਹੋਇਆ ਹੈ ਅਤੇ ਟਰੇਲਰ ਦੱਸਦਾ ਹੈ ਕਿ ਉਹ ਹਿੰਦੀ ਫਿਲਮਾਂ ਵਿਚ ਵੀ ਧਮਾਕਾ ਕਰੇਗਾ। ਸੂਤਰਾਂ ਅਨੁਸਾਰ ਯੂ ਟਿਊਬ ਉਤੇ ਪਾਏ ਗਏ ਟਰੇਲਰ ਨੂੰ 48 ਘੰਟਿਆਂ ਵਿਚ ਹੀ ਵੇਖਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੋ ਗਈ ਹੈ।
ਅਮੋਲਕ ਗਾਖਲ ਅਨੁਸਾਰ ਉਨ੍ਹਾਂ ਨੇ ਨਾ ਤਾਂ ਇਹ ਫਿਲਮ ਆਪਣੇ ਨਾਂ ਲਈ ਬਣਾਈ ਹੈ ਅਤੇ ਨਾ ਹੀ ਸ਼ੌਕ ਪੂਰਿਆ ਹੈ, ਸਗੋਂ ਉਨ੍ਹਾਂ ਨੇ ਫਿਲਮ ਸੱਨਅਤ ਵਿਚ ਬਹੁਤ ਕੁਝ ਵੱਖਰਾ ਕਰਨ ਦੇ ਨਾਲ ਪੈਰ ਧਰੇ ਹਨ। ਫਿਲਮ ਵਿਚਲੇ ਗੀਤ ‘ਮਿੱਠੀ ਮੇਰੀ ਜਾਨ’ ਅਤੇ ‘ਅੱਲ੍ਹਾ ਕਰੇ ਦਿਨ ਨਾ ਚੜ੍ਹੇ’ ਨੂੰ ਵੀ ਰੱਜਵਾਂ ਪਿਆਰ ਮਿਲ ਰਿਹਾ ਹੈ। ਫਿਲਮ ਦਾ ਨਿਰਦੇਸ਼ਨ ‘ਜੱਟ ਜੇਮਸ ਬਾਂਡ’ ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਸਮੀਪ ਕੰਗ ਨੇ ਕੀਤਾ ਹੈ। ਸੰਗੀਤ ਬਾਦਸ਼ਾਹ ਦਾ ਹੈ ਜਦੋਂ ਕਿ ਫਿਲਮ ਵਿਚਲੇ ਗੀਤਾਂ ਨੂੰ ਗਿੱਪੀ ਗਰੇਵਾਲ, ਸੁਨਿਧੀ ਚੌਹਾਨ ਅਤੇ ਲਾਭ ਜੰਜੂਆ ਨੇ ਗਾਇਆ ਹੈ। ਫਿਲਮ ਦੀ ਕਹਾਣੀ ਵੀ ਖੁਦ ਸਮੀਪ ਕੰਗ ਨੇ ਲਿਖੀ ਹੈ। ਕੰਗ ਨੇ ਦੱਸਿਆ ਕਿ ਤਲਾਕ ਤੋਂ ਬਾਅਦ ਇਕ ਪਤੀ ਨੂੰ ਆਪਣੇ ਬੱਚਿਆਂ ਤੇ ਪਤਨੀ ਨੂੰ ਕਿਵੇਂ ਖਰਚਾ ਅਦਾ ਕਰਨਾ ਪੈਂਦਾ ਹੈ ਅਤੇ ਜਿਹੜੀਆਂ ਸਮੱਸਿਆਵਾਂ ਘੇਰਦੀਆਂ ਹਨ, ਉਨ੍ਹਾਂ ਨੂੰ ਹਾਸਰਸ ਅੰਦਾਜ ਵਿਚ ਪੇਸ਼ ਕੀਤਾ ਗਿਆ ਹੈ। ਉਨਾਂ ਦਾਅਵਾ ਕੀਤਾ ਕਿ ‘ਸੈਕੰਡ ਹੈਂਡ ਹਸਬੈਂਡ’ ਫਿਲਮ ਵਿਚ ਨਾ ਸਿਰਫ ਟੀਨਾ ਅਹੂਜਾ ਸਿਖਰ ਬਣਾਵੇਗੀ ਸਗੋਂ ਗਿੱਪੀ ਗਰੇਵਾਲ ਵੀ ਹਿੰਦੀ ਫਿਲਮ ਜਗਤ ਲਈ ਇਕ ਵਧੀਆ ਅਭਿਨੇਤਾ ਸਾਬਿਤ ਹੋਵੇਗਾ।
ਸ਼ ਗਾਖਲ ਨੇ ਕਿਹਾ ਕਿ ਅਸੀਂ ਪੁੱਤ ਤਾਂ ਜੱਟਾਂ ਦੇ, ਪੈੜਾਂ ਟਰਾਂਸਪੋਰਟ ‘ਚ ਪਾਈਆਂ ਨੇ ਤੇ ਮੋਟਲ ਬਿਜ਼ਨਸ ਵਿਚ ਵੀ ਤੇ ਫਿਲਮ ਜਗਤ ਵਿਚ ਵੀ ਉਨ੍ਹਾਂ ਨੂੰ ਆਪਣੀ ਸਫਲਤਾ ਦਾ ਪੂਰਾ ਵਿਸ਼ਵਾਸ ਹੈ। ਦੁਨੀਆਂ ਭਰ ਵਿਚ 3 ਜੁਲਾਈ ਨੂੰ ਇਸ ਫਿਲਮ ਦੇ ਰਿਲੀਜ਼ ਹੋਣ ਪਿੱਛੋਂ ਨਵੀ ਪੰਜਾਬੀ ਤੇ ਹਿੰਦੀ ਫਿਲਮ ਬਣਾਉਣ ਦਾ ਐਲਾਨ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵੇਲੇ ਵਿਸ਼ਵ ਦਾ ਸਮੁੱਚਾ ਹਿੰਦੀ ਅਤੇ ਪੰਜਾਬੀ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਇਸ ਫਿਲਮ ਨੂੰ ਪ੍ਰਮੋਟ ਕਰਨ ਲਈ ਪੱਬਾਂ ਭਾਰ ਹੋਇਆ ਪਿਆ ਹੈ। ਉਨ੍ਹਾਂ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਅਤੇ ਭਾਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਫਿਲਮ ਦੇਖਣ ਲਈ ਥਿਏਟਰ ਤੱਕ ਜਾਣ ਅਤੇ ਜਦੋਂ ਉਹ ਫਿਲਮ ਵੇਖ ਕੇ ਵਾਪਿਸ ਪਰਤਣਗੇ ਤਾਂ ਬਾਗੋ ਬਾਗ ਹੀ ਨਹੀਂ ਹੋਣਗੇ ਸਗੋਂ ਫਿਲਮ ਜਗਤ ਦੇ ਇਸ ਨਵੇਂ ਕ੍ਰਿਸ਼ਮੇ ਪ੍ਰਤੀ ਹਾਮੀ ਵੀ ਭਰਨਗੇ।