47 ਤੋਂ 52: ਸਿਨੇਮਾ ਦਾ ਸੁਨਹਿਰੀ ਦੌਰ

ਕੁਲਦੀਪ ਕੌਰ
ਸੰਤਾਲੀ ਦੀ ਵੰਡ ਤੋਂ ਬਾਅਦ ਲੱਗ ਰਿਹਾ ਸੀ ਜਿਵੇਂ ਪੰਜਾਬੀ ਫਿਲਮ ਜਗਤ ਤਾਂ ਜ਼ਖਮਾਂ ਦੀ ਭਿਅੰਕਰਤਾ ਤੋਂ ਤ੍ਰਬਕਦਾ ਹੋਇਆ ਇਨ੍ਹਾਂ ਨੂੰ ਛੇੜਨ ਤੋਂ ਵੀ ਡਰ ਰਿਹਾ ਸੀ ਤੇ ਹਿੰਦੀ ਫਿਲਮ ਸਨਅਤ ਇਨ੍ਹਾਂ ਜ਼ਖ਼ਮਾਂ ਨੂੰ ਆਪਸੀ ਸਦਭਾਵਨਾ, ਭਾਈਚਾਰੇ ਅਤੇ ਸਾਂਝੀਆਂ ਤੰਦਾਂ ਰਾਹੀਂ ਸਮਝਣ ਦਾ ਯਤਨ ਕਰ ਰਹੀ ਸੀ। ਇਸ ਪ੍ਰਸੰਗ ਵਿਚ ਤਿੰਨ ਫਿਲਮਾਂ ਦਾ ਜ਼ਿਕਰ ਜ਼ਰੂਰੀ ਹੈ।

ਪਹਿਲੀ ਸੀ ‘ਬੈਜੂ ਬਾਵਰਾ’। ਇਹ ਫਿਲਮ 1952 ਵਿਚ ਰਿਲੀਜ਼ ਹੋਈ। ਫਿਲਮ ਦੇ ਨਿਰਦੇਸ਼ਕ ਵਿਜੇ ਭੱਟ ਸਨ ਅਤੇ ਇਸ ਵਿਚ ਮੁੱਖ ਰੋਲ ਭਾਰਤ ਭੂਸ਼ਣ ਅਤੇ ਮੀਨਾ ਕੁਮਾਰੀ ਦਾ ਸੀ। ਸੰਗੀਤਕਾਰ ਨੌਸ਼ਾਦ ਦੇ ਕਰੀਅਰ ਦੀ ਇਹ ਸਭ ਤੋਂ ਮਹੱਤਵਪੂਰਨ ਫਿਲਮ ਹੈ।
ਫਿਲਮ ਮੁਗਲ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ ਗਾਇਕ ਰਹੇ ਬੈਜੂ ਬਾਵਰਾ ਦੀ ਜੀਵਨੀ ‘ਤੇ ਆਧਾਰਤ ਸੀ। ਫਿਲਮ ਦੇ ਮੁੱਖ ਪਾਤਰ ਬੈਜੂ ਬਾਵਰਾ ਨੂੰ ਇਹ ਗਲਤਫ਼ਹਿਮੀ ਹੋ ਜਾਂਦੀ ਹੈ ਕਿ ਉਸ ਦੇ ਪਿਤਾ ਦਾ ਕਾਤਲ ਅਕਬਰ ਦੇ ਦਰਬਾਰ ਦਾ ਗਾਇਕ ਤਾਨਸੇਨ ਹੈ। ਬਦਲੇ ਦੀ ਭਾਵਨਾ ਨਾਲ ਉਹ ਤਾਨਸੇਨ ਨੂੰ ਗਾਇਕੀ ਦੇ ਮੁਕਾਬਲੇ ਲਈ ਵੰਗਾਰਦਾ ਹੈ। ਦੂਜੀ ਫਿਲਮ ਸੀ 1953 ਵਿਚ ਬਣੀ ‘ਅਨਾਰਕਲੀ’। ਇਸ ਫਿਲਮ ਦੇ ਨਿਰਦੇਸ਼ਕ ਨੰਦ ਲਾਲ ਤੇ ਜਸਵੰਤ ਲਾਲ ਸਨ। ਫਿਲਮ ਮੁਗਲ ਬਾਦਸ਼ਾਹ ਜਹਾਂਗੀਰ ‘ਤੇ ਆਧਾਰਤ ਸੀ ਜਿਸ ਨੇ ਸਾਧਾਰਨ ਕੁੜੀ ਨਾਲ ਵਿਆਹ ਕਰਾਉਣ ਲਈ ਅਕਬਰ ਵਿਰੁਧ ਬਗਾਵਤ ਕਰ ਦਿੱਤੀ ਸੀ। ਫਿਲਮ ਬੇਹੱਦ ਮਕਬੂਲ ਹੋਈ ਅਤੇ ਇਸ ਦੇ ਗੀਤ ‘ਯੇ ਜ਼ਿੰਦਗੀ ਉਸੀ ਕੀ ਹੈ’, ‘ਦੁਆ ਕਰ ਗਮੇਂ-ਦਿਲ, ਖੁਦਾ ਸੇ ਦੁਆ ਕਰ’, ‘ਮੁਹੱਬਤ ਐਸੀ ਧੜਕਣ ਹੈ’ ਅਤੇ ‘ਐ ਜਾਨੇ-ਵਫ਼ਾ’ ਹਿੰਦੀ ਫਿਲਮ ਸੰਗੀਤ ਵਿਚ ਕਲਾਸਿਕ ਦਾ ਦਰਜਾ ਰੱਖਦੇ ਹਨ।
ਤੀਜੀ ਫਿਲਮ ‘ਮਿਰਜ਼ਾ ਗਾਲਿਬ’ (1954) ਸੀ ਜਿਸ ਨੂੰ ਸੋਹਰਾਬ ਮੋਦੀ ਨੇ ਨਿਰਦੇਸ਼ਿਤ ਕੀਤਾ ਸੀ। ਇਸ ਵਿਚ ਮੁੱਖ ਰੋਲ ਭਾਰਤ ਭੂਸ਼ਣ ਅਤੇ ਸੁਰੱਈਆ ਦੇ ਸਨ। ਫਿਲਮ ਦੀ ਕਹਾਣੀ ਸਆਦਤ ਹਸਨ ਮੰਟੋ ਅਤੇ ਰਾਜਿੰਦਰ ਸਿੰਘ ਬੇਦੀ ਨੇ ਲਿਖੀ ਸੀ। 1952 ਵਿਚ ਹੀ ਬਣੀ ਫਿਲਮ ‘ਕਲਪਨਾ’ ਹਿੰਦੀ ਫਿਲਮ ਇਤਿਹਾਸ ਵਿਚ ਵਿਲੱਖਣ ਕਿਸਮ ਦੀ ਫਿਲਮ ਹੈ ਜਿਸ ਨੂੰ ਨ੍ਰਿਤ-ਨਿਰਦੇਸ਼ਕ ਉਦੈ ਸ਼ੰਕਰ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ ਸੀ। ਉਹਨੇ ਆਪਣੇ ਪੂਰੇ ਫਿਲਮੀ ਕਰੀਅਰ ਵਿਚ ਸਿਰਫ਼ ਇਹੋ ਫਿਲਮ ਬਣਾਈ। ਫਿਲਮ ਦੀ ਕਹਾਣੀ ਨਾਚ ਨਾਲ ਜੁੜੇ ਅਜਿਹੇ ਬੰਦੇ ਦੇ ਅੰਤਰ-ਦਵੰਦ ਅਤੇ ਸੰਘਰਸ਼ ਦੀ ਕਹਾਣੀ ਹੈ ਜੋ ਸੰਗੀਤ ਸਿੱਖਿਆ ਨੂੰ ਸੰਚਾਰ ਦਾ ਸਭ ਤੋਂ ਸਮਰੱਥ ਮਾਧਿਅਮ ਮੰਨਦਿਆਂ, ਇਸ ਦੀ ਸਿਖਲਾਈ ਨੂੰ ਸਿੱਖਿਆ ਦਾ ਮਹੱਤਵਪੂਰਨ ਭਾਗ ਬਣਾਉਣਾ ਚਾਹੁੰਦਾ ਹੈ। 1951 ਵਿਚ ਹੀ ਜ਼ਿਆ ਸਰਹੱਦੀ ਨੇ ‘ਹਮਰਾਹੀ’ ਦਾ ਨਿਰਦੇਸ਼ਨ ਕੀਤਾ।
1951 ਵਿਚ ਭਾਰਤ ਵਿਚ ਤਕਰੀਬਨ 2059 ਕਰੋੜ ਰੁਪਏ ਦੇ ਨਿਵੇਸ਼ ਨਾਲ ਪਹਿਲੀ ਪੰਜ ਸਾਲਾ ਯੋਜਨਾ ਲਾਗੂ ਕੀਤੀ ਗਈ। ਮੁਲਕ ਦਾ ਵਿਕਾਸ ਸਮਾਜਵਾਦੀ-ਨਹਿਰੂਵਾਦੀ ਵਿਚਾਰਧਾਰਾ ਅਨੁਸਾਰ ਕਰਨਾ ਮਿਥਿਆ ਗਿਆ। 1952 ਵਿਚ ਵਿਚ ਸਰਕਾਰ ਦੁਆਰਾ ਬਣਾਈ ਫਿਲਮ ਇਨਕੁਆਰੀ ਕਮੇਟੀ ਨੇ ਆਪਣੀਆਂ ਸਿਫ਼ਾਰਿਸ਼ਾਂ ਪੇਸ਼ ਕੀਤੀਆਂ। ਇਹ ਸਿਫ਼ਾਰਿਸ਼ਾਂ ਲਾਗੂ ਕਰਦਿਆਂ ਸਰਕਾਰ ਨੇ ਨਾ ਸਿਰਫ਼ ਸਟੂਡੀਓ ਸਿਸਟਮ ਦਾ ਖ਼ਾਤਮਾ ਕਰ ਦਿੱਤਾ, ਸਗੋਂ ਉਨ੍ਹਾਂ ਫਿਲਮ ਨਿਰਦੇਸ਼ਕਾਂ-ਨਿਰਮਾਤਾਵਾਂ ਨੂੰ ਉਤਸ਼ਾਹਿਤ ਕੀਤਾ ਜਿਨ੍ਹਾਂ ਨੂੰ ਸਿਨੇਮਾ ਦੀ ਕਲਾ ਤੇ ਸੁਹਜ ਦਾ ਮਿਆਰ ਕਾਇਮ ਰੱਖਣ ਦਾ ਹੁਨਰ ਸੀ। ਸਰਕਾਰ ਨੇ ਫਿਲਮ ਵਿੱਤ ਨਿਗਮ ਬਣਾਇਆ ਅਤੇ ਸਰਕਾਰੀ ਤੌਰ ‘ਤੇ ਫਿਲਮ ਸਨਅਤ ਵਿਚ ਲੱਗ ਰਿਹਾ ਕਾਲਾ ਧਨ ਠੱਲ੍ਹ ਲਿਆ। ਵਿੱਤ ਵਿਭਾਗ ਨੇ ਹੁਨਰਮੰਦ ਨਿਰਦੇਸ਼ਕਾਂ ਨੂੰ ਫਿਲਮ ਲਈ ਕਰਜ਼ੇ ਮੁਹੱਈਆ ਕਰਵਾਈ। ਇਸੇ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਆਧਾਰ ਬਣਾ ਕੇ ‘ਫਿਲਮ ਇੰਸਟੀਚਿਊਟ ਪੂਨਾ’ ਕਾਇਮ ਕੀਤੀ ਗਈ ਜਿਸ ਦਾ ਮੁੱਖ ਉਦੇਸ਼ ਨਾ ਸਿਰਫ ਭਾਰਤੀ ਸਿਨੇਮਾ ਦੇ ਮਿਆਰ ਨੂੰ ਉਚਾ ਚੁੱਕਣਾ ਸੀ, ਸਗੋਂ ਸਿਨੇਮਾ ਵਿਚ ਸਮਾਜ, ਕਲਾ, ਸੰਚਾਰ ਤੇ ਸਭਿਆਚਾਰ ਦੇ ਸੁਮੇਲ ਨੂੰ ਨਵੇਂ ਸਿਰਿਉਂ ਵਾਚਣਾ ਵੀ ਸੀ। ਕਮੇਟੀ ਨੇ ਮੂਕ ਸਿਨੇਮਾ ਦੇ ਦੌਰ ਦੀਆਂ ਫਿਲਮਾਂ ਸਾਂਭਣ ਲਈ ਵੀ ਖ਼ਾਸ ਵਿਭਾਗ ਬਣਾਉਣ ਦੀ ਸਿਫ਼ਾਰਿਸ਼ ਕੀਤੀ। 1952 ਵਿਚ ਭਾਰਤ ਵਿਚ ਪਹਿਲਾ ਕੌਮਾਂਤਰੀ ਫਿਲਮ ਸਮਾਰੋਹ ਹੋਇਆ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੀਤੀ। ਇਸ ਦੌਰ ਦੀ ਮਹੱਤਵਪੂਰਨ ਫਿਲਮ ਸੀ ਬਲਦੇਵ ਰਾਜ ਚੋਪੜਾ ਦੁਆਰਾ ਬਣਾਈ ‘ਅਫ਼ਸਾਨਾ’। ਇਹ ਫਿਲਮ ਅਮੀਰ ਅਤੇ ਗਰੀਬ, ਦੋ ਪਰਿਵਾਰਕ ਮਾਹੌਲ ਵਿਚ ਪਲੇ ਹੋਏ ਹਮਸ਼ਕਲ ਭਰਾਵਾਂ ਦੀ ਕਹਾਣੀ ਸੀ ਜਿਹੜੇ ਆਪਸ ਵਿਚ ਚੰਗਿਆਈ ਅਤੇ ਬੁਰਾਈ ਦੇ ਮੁੱਦੇ ‘ਤੇ ਇਕ-ਦੂਜੇ ਨਾਲ ਆਹਮੋ-ਸਾਹਮਣੇ ਹੁੰਦੇ ਹਨ। ਫਿਲਮ ਵਿਚ ਜਿਥੇ ਦੂਜੇ ਸੰਸਾਰ ਯੁੱਧ ਤੋਂ ਬਾਅਦ ਹੋਂਦ ਵਿਚ ਆਈ ਸੁਪਰ ਅਮੀਰ ਕਲਾਸ ਦੇ ਸਮਾਜਕ ਸਰੋਕਾਰਾਂ ਤੋਂ ਕੰਨੀ ਵੱਟਣ ਨੂੰ ਫਿਲਮਾਇਆ ਗਿਆ ਸੀ, ਉਥੇ ਫਿਲਮ ਗੀਤ-ਸੰਗੀਤ ਦੀ ਖੂਬਸੂਰਤੀ ਕਰ ਕੇ ਵੀ ਯਾਦ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਰਾਜ ਕਪੂਰ ‘ਬਰਸਾਤ’ ਰਾਹੀਂ ਆਪਣੀ ਸ਼ਾਨਦਾਰ ਸ਼ੁਰੂਆਤ ਕਰ ਚੁੱਕੇ ਸਨ। 1951 ਵਿਚ ਨਿਤਿਨ ਬੋਸ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਦੀਦਾਰ’ ਵੀ ਚਰਚਿਤ ਰਹੀ, ਪਰ ਮਹਿਬੂਬ ਖਾਨ ਦੀ ਫਿਲਮ ‘ਆਨ’ ਨੇ 1952 ਵਿਚ ਕੌਮਾਂਤਰੀ ਪੱਧਰ ‘ਤੇ ਭਾਰਤ ਨੂੰ ਮੂਹਰਲੀਆਂ ਕਤਾਰਾਂ ਵਿਚ ਲਿਜਾ ਖੜ੍ਹਾ ਕੀਤਾ।
ਸੰਤਾਲੀ ਤੋਂ ਲੈ ਕੇ ਪਚਵੰਜਾ ਤੱਕ ਬਣੇ ਸਿਨੇਮਾ ਨੂੰ ਭਾਰਤ ਦੇ ਸਿਨੇਮਾ ਦਾ ‘ਕਲਾਤਮਿਕ ਦੌਰ’ ਜਾਂ ‘ਸੁਨਹਿਰੀ ਦੌਰ’ ਕਿਹਾ ਜਾਂਦਾ ਹੈ। ਇਹ ਦੌਰ ਮੁੱਖ ਰੂਪ ਵਿਚ ਗੁਰੂ ਦੱਤ ਅਤੇ ਰਾਜ ਕਪੂਰ ਦੇ ਨਾਮ ਲਿਖਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਦੁਆਰਾ ਬਣਾਈਆਂ ਫਿਲਮਾਂ ਨੇ ਕਲਾ, ਸੁਹਜ, ਤਕਨੀਕ ਤੇ ਵਿਸ਼ੇ ਪੱਖੋਂ ਭਾਰਤ ਦੇ ਸਿਨੇਮਾ ਨੂੰ ਨਵੀਆਂ ਲੀਹਾਂ ‘ਤੇ ਤੋਰਿਆ।
(ਚਲਦਾ)