ਇਕੱਤੀ ਸਾਲਾਂ ਦਾ ਕਹਿਰ

ਇਕੱਤੀ ਸਾਲ ਪਹਿਲਾਂ ਹੋਇਆ ਕਹਿਰ ਇਕ ਵਾਰ ਫਿਰ ਸਾਹਮਣੇ ਹੈ। ਇਨ੍ਹਾਂ ਇਕੱਤੀ ਸਾਲਾਂ ਦੌਰਾਨ ਅਣਗਿਣਤ ਸਵਾਲ ਸਾਹਮਣੇ ਆਏ ਜਿਨ੍ਹਾਂ ਵਿਚੋਂ ਬਹੁਤ ਸਾਰੇ ਅਜੇ ਵੀ ਜਿਉਂ ਦੀ ਤਿਉਂ ਬੂਹੇ ਮੱਲੀ ਬੈਠੇ ਹਨ। ਬੂਹਿਆਂ ਉਤੇ ਇਨ੍ਹਾਂ ਸਵਾਲਾਂ ਦੀ ਲਗਾਤਾਰ ਠੱਕ ਠੱਕ ਬੇਚੈਨੀ ਦਾ ਸਬੱਬ ਬਣਦੀ ਹੈ।

ਮਸਲਾ ਇਹ ਨਹੀਂ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਅਹੁੜ ਰਹੇ ਜਾਂ ਮਿਲ ਰਹੇ, ਮਸਲਾ ਇਹ ਹੈ ਕਿ ਹਰ ਕੋਈ ਸਾਹਮਣੇ ਸੇਕ ਛੱਡਦੇ ਸਵਾਲ ਦਾ ਜਵਾਬ ਦੇਣ ਦੀ ਥਾਂ ਆਪਣਾ ਸਵਾਲ ਅੱਗੇ ਕਰ ਦਿੰਦਾ ਹੈ। ਜ਼ਾਹਿਰ ਹੈ ਕਿ ਇਸ ਮਸਲੇ ਨਾਲ ਜੁੜੀ ਹਰ ਧਿਰ ਦੇ ਆਪਣੇ ਸਵਾਲ ਹਨ ਅਤੇ ਹਰ ਧਿਰ ਆਪਣੇ ਸਵਾਲ ਨੂੰ ਹੀ ਅੰਤਿਮ ਸਮਝ ਕੇ ਅਖਾੜੇ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਗੇੜੀਆਂ ਲਾ ਰਹੀ ਹੈ ਪਰ ਸਵਾਲਾਂ ਦੇ ਜਵਾਬ ਤਾਂ ਉਦੋਂ ਹੀ ਮਿਲਣੇ ਹਨ ਜਦੋਂ ਦੂਜਿਆਂ ਦੇ ਸਵਾਲਾਂ ਦੇ ਰੂ-ਬ-ਰੂ ਹੋਣਾ ਹੈ; ਬਲਕਿ ਇਕ-ਦੂਜੇ ਦੇ ਰੂ-ਬ-ਰੂ ਹੋਣ ਇਸ ਤੋਂ ਪਹਿਲਾਂ ਖੁਦ ਦੇ ਰੂ-ਬ-ਰੂ ਹੋਣਾ ਪਂੈਦਾ ਹੈ। ਮਸਲਾ ਇਹੀ ਹੈ ਕਿ ਕੋਈ ਵੀ ਖੁਦ ਦੇ ਰੂ-ਬ-ਰੂ ਹੋਣ ਲਈ ਤਿਆਰ ਨਹੀਂ ਹੈ, ਕਿਉਂਕਿ ਸਭ ਨੇ ਆਪੋ-ਆਪਣੇ ਸੱਚ ਘੜੇ ਹੋਏ ਹਨ ਅਤੇ ਇਧਰ-ਉਧਰ ਹੋਣ ਦੀ ਰੱਤੀ ਭਰ ਵੀ ਗੁੰਜਾਇਸ਼ ਨਹੀਂ ਛੱਡੀ ਹੋਈ। ਆਮ ਭਾਸ਼ਾ ਵਿਚ ਕਹਿਣਾ ਹੋਵੇ ਤਾਂ ਇਹ ਸੌੜਾਪਣ ਹੈ ਅਤੇ ਇਹ ਸੌੜਾਪਣ ਜਦੋਂ ਸਿਆਸਤ ਤੇ ਧਰਮ ਦੇ ਖੇਤਰ ਵਿਚ ਪੈਰ ਪਾਉਂਦਾ ਹੈ ਤਾਂ ਪੰਜਾਬ ਦਾ ਮਸਲਾ ਬਣਦਾ ਹੈ। ਸਿੱਟੇ ਵਜੋਂ ਬਾਬੇ ਨਾਨਕ ਦਾ ਉਚਰਿਆ ‘ਕਿਛੁ ਸੁਣੀਐ ਕਿਛੁ ਕਹੀਐ’ ਸ਼ਾਇਦ ਵਿੱਸਰ ਹੀ ਗਿਆ ਹੈ। ਇਹੀ ਨਹੀਂ, ਅੰਤਾਂ ਦੇ ਇਸ ਘਮਾਸਾਣ ਵਿਚ ਬਹੁਤ ਕੁਝ ਹੋਰ ਵੀ ਵਿੱਸਰ ਗਿਆ ਹੈ। ਜੇ ਯਾਦ ਰੱਖਿਆ ਜਾ ਰਿਹਾ ਹੈ, ਉਹ ਸਭ ਧਿਰਾਂ ਦੀ ਆਪਣੀ ਸਹੂਲਤ ਮੁਤਾਬਕ ਹੈ। ਇਸੇ ਲਈ ਤਿੰਨ ਦਹਾਕਿਆਂ ਤੋਂ ਅਖਾੜੇ ਦੇ ਭਲਵਾਨੀ ਗੇੜੇ ਮੁੱਕਣ ਦਾ ਨਾਂ ਨਹੀਂ ਲੈ ਰਹੇ। ਇਹ ਆਪਣੇ ਆਪ ਨਾਲ ਅਵੱਲਾ ਘੋਲ, ਸੱਚਮੁੱਚ ‘ਕਿਛੁ ਸੁਣੀਐ ਕਿਛੁ ਕਹੀਐ’ ਦਾ ਰਾਹ ਰੋਕੀ ਖੜ੍ਹਾ ਹੈ। ਅਸਲ ਵਿਚ ਇਸ ਮਸਲੇ ਦਾ ਸਿਆਸੀਕਰਨ ਹੋਇਆ ਪਿਆ ਹੈ ਅਤੇ ਸਿਆਸਤ ਦੀਆਂ ਗੋਟੀਆਂ ਨੇ ਸਦਾ ਹੀ ਘਾਣ-ਦਰ-ਘਾਣ ਲਈ ਹੀ ਰਾਹ ਖੋਲ੍ਹਿਆ ਹੈ।
ਉਂਜ, ਇਨ੍ਹਾਂ ਤਿੰਨ ਦਹਾਕਿਆਂ ਦੌਰਾਨ ਇਕ ਨੁਕਤਾ ਤਾਂ ਸਪਸ਼ਟ ਹੋ ਹੀ ਗਿਆ ਹੈ, ਬਲਕਿ ਵਾਰ ਵਾਰ ਸਪਸ਼ਟ ਹੋਇਆ ਹੈ ਕਿ ਹੱਲੇ ਤੋਂ ਬਗੈਰ ਸਰ ਸਕਦਾ ਸੀ। ਮਸਲਾ ਇਥੇ ਵੀ ਦਿਆਨਤਦਾਰੀ ਦਾ ਹੀ ਹੈ। ਇਸ ਗੈਰ-ਦਿਆਨਤਦਾਰੀ ਕਰ ਕੇ ਹੀ ਅਜੇ ਤੱਕ ਬੰਦੀ ਸਿੱਖਾਂ ਦਾ ਮਸਲਾ ਜਿਉਂ ਦਾ ਤਿਉਂ ਹੈ। ਕੁਝ ਧੜਿਆਂ ਦੀ ਸਿਆਸਤ ਨੂੰ ਇਹ ਦਿਆਨਤਦਾਰੀ ਕਿਉਂਕਿ ਮੁਆਫਕ ਨਹੀਂ ਹੈ, ਇਸ ਲਈ ਇਹ ਮਸਲਾ ਵੀ ਜਿਉਂ ਦਾ ਤਿਉਂ ਹੈ। ਮਸਲੇ ਉਤੇ ਮਿੱਟੀ ਪਾਉਣ ਲਈ ਪ੍ਰੈਸ ਕਾਨਫਰੰਸਾਂ ਹੋ ਸਕਦੀਆਂ ਹਨ, ਅਖਬਾਰਾਂ ਵਿਚ ਇਸ਼ਤਿਹਾਰ ਵੀ ਛਾਪੇ ਜਾ ਸਕਦੇ ਹਨ, ਪਰ ਮਸਲੇ ਦੀ ਜੜ੍ਹ ਤੱਕ ਜਾਣ ਦੀ ਲੋੜ ਹੀ ਨਹੀਂ ਸਮਝੀ ਜਾ ਰਹੀ। ਅਸਲ ਵਿਚ ਸ਼ਾਸਕ ਧਿਰ ਇਹ ਸਮਝਣ ਤੋਂ ਇਨਕਾਰੀ ਹੈ ਕਿ ਵਕਤ ਸਦਾ ਬਦਲਦਾ ਰਿਹਾ ਹੈ, ਇਸ ਨੂੰ ਇਕ ਥਾਂ ਬੰਨ੍ਹ ਕੇ ਕੋਈ ਨਹੀਂ ਬਿਠਾ ਸਕਿਆ। ਇਹ ਸੰਭਵ ਹੈ ਕਿ ਗੁਰਬਖਸ਼ ਸਿੰਘ ਜਾਂ ਸੂਰਤ ਸਿੰਘ ਦੇ ਰਾਹ ਵਿਚ ਹਰ ਅੜਿੱਕਾ ਡਾਹ ਦਿੱਤਾ ਜਾਵੇ, ਪਰ ਕਤੱਈ ਸੰਭਵ ਨਹੀਂ ਕਿ ਪੈਰ ਪੈਰ ‘ਤੇ ਸਾਹਮਣੇ ਆ ਰਹੇ ਮਸਲੇ ਨੂੰ ਇਉਂ ਦਰਕਿਨਾਰ ਕਰ ਦਿੱਤਾ ਜਾਵੇ। ਤਿੰਨ ਦਹਾਕੇ ਪਹਿਲਾਂ ਵਾਲੇ ਕਹਿਰ ਦੀਆਂ ਲੜੀਆਂ ਵੀ ਇਸੇ ਭਾਂਜ ਕਰ ਕੇ ਜੁੜੀਆਂ ਸਨ ਜੋ ਅੱਜ ਤੱਕ ਵੱਖ ਹੋਣ ਦਾ ਨਾਂ ਨਹੀਂ ਲੈ ਰਹੀਆਂ, ਸਗੋਂ ਦੂਣ-ਸਵਾਇਆ ਦਰਦ ਬਣ ਕੇ ਵਿਹੜਿਆਂ ਵਿਚ ਮਥੱਲਾ ਮਾਰੀ ਬੈਠੀਆਂ ਹਨ। ਇਸ ਸੂਰਤ ਵਿਚ ਸੰਵਾਦ ਦੀ ਆਸ ਟੁੱਟਦੀ ਟੁੱਟਦੀ ਟੁੱਟ ਜਾਂਦੀ ਹੈ ਅਤੇ ਸੂਰਤ ਇਕ ਵਾਰ ਫਿਰ ਮਸਲੇ ਦੀ ਜੂਨੇ ਪੈ ਜਾਂਦੀ ਹੈ। ਇਨ੍ਹਾਂ ਹਾਲਾਤ ਨਾਲ ਨਜਿੱਠਣ ਲਈ ਆਪਾ ਬਾਲਣਾ ਪੈਂਦਾ ਹੈ, ਪਰ ਅਫਸੋਸ! ਆਪਾ ਹੀ ਬਾਲਿਆ ਨਹੀਂ ਜਾ ਰਿਹਾ। ਦਹਾਕਿਆਂ ਦਾ ਦਰਦ ਅਜੇ ਵੀ ਸਿਆਸਤ ਦੀਆਂ ਘੁੰਮਣ-ਘੇਰੀਆਂ ਦੀ ਜੂਨੇ ਪਿਆ ਹੋਇਆ ਹੈ। ਕਿਸੇ ਸਿਆਸਤਦਾਨ ਨੇ ਇਨ੍ਹਾਂ ਘੁੰਮਣ-ਘੇਰੀਆਂ ਤੋਂ ਨਿਜਾਤ ਨਹੀਂ ਦਿਵਾਉਣੀ, ਉਹ ਤਾਂ ਲੋਕਾਂ ਨੂੰ ਸਗੋਂ ਖੁਦ ਅਜਿਹੀਆਂ ਘੁੰਮਣ-ਘੇਰੀਆਂ ਦੇ ਹਵਾਲੇ ਕਰਦੇ ਹਨ।
ਜ਼ਾਹਿਰ ਹੈ ਕਿ ਮਸਲਾ ਹੁਣ ਸਿਆਸਤਦਾਨਾਂ ਦੀਆਂ ਘੁੰਮਣ-ਘੇਰੀਆਂ ਦਾ ਹੈ ਅਤੇ ਇਹ ਸਿਆਸੀ ਘੁੰਮਣ-ਘੇਰੀਆਂ ਉਥੇ ਹੀ ਸੰਭਵ ਹਨ ਜਿਥੇ ਬੌਧਿਕ ਬੁਲੰਦੀ ਅਜਿਹੀ ਸੌੜੀ ਸਿਆਸਤ ਤੋਂ ਕਿਤੇ ਪਿਛਾਂਹ ਰਹਿ ਜਾਂਦੀ ਹੈ। ਇਸ ਬੌਧਿਕ ਬੁਲੰਦੀ ਦੇ ਇਕ ਨਹੀਂ, ਅਨੇਕ ਰਸਤੇ ਹਨ ਜੋ ਇਕ ਤੋਂ ਬਾਅਦ ਇਕ ਖੁੱਲ੍ਹਦੇ ਚਲੇ ਜਾਂਦੇ ਹਨ, ਪਰ ਇਹ ਰਸਤੇ ‘ਕਿਛੁ ਸੁਣੀਐ ਕਿਛੁ ਕਹੀਐ’ ਵਿਚੋਂ ਹੀ ਹੋ ਕੇ ਲੰਘਦੇ ਹਨ। ਬਾਬਾ ਨਾਨਕ ਨੇ ‘ਕਿਛੁ ਸੁਣੀਐ ਕਿਛੁ ਕਹੀਐ’ ਉਚਰਿਆ ਹੈ; ਪਹਿਲਾਂ ਸੁਣੀਏ, ਫਿਰ ਕਹੀਏ। ਇਸ ਲਈ ਇਸ ਗੈਰ-ਦਿਆਨਤਦਾਰ ਸਿਆਸਤ ਦੇ ਘੜਮੱਸ ਵਿਚ ਦਹਾਕਿਆਂ ਤੋਂ ਮੂੰਹ-ਜ਼ੋਰ ਬਣੇ ਹੋਏ ਮਸਲਿਆਂ ਦੇ ਮੋਛੇ ਲਾਉਣ ਲਈ ਬਾਬੇ ਨਾਨਕ ਦਾ ਰਾਹ ਅਪਨਾਈਏ ਅਤੇ ਦਰਦਾਂ ਦੇ ਦਰਿਆ ਨੂੰ ਲਗਾਤਾਰ ਪੀਵੀ ਜਾਈਏ। ‘ਤੈਂ ਕੀ ਦਰਦੁ ਨ ਆਇਆ’ ਦਾ ਉਲਾਂਭਾ, ਉਲਾਂਭਾ ਹੈ ਅਤੇ ਇਸ ਵਿਚ ਸੱਚ ਬਿਆਨ ਕਰਨ ਦੀ ਜੋਤ ਜਗਦੀ ਹੈ। ਸੱਚ ਦੀ ਇਹ ਜੋਤ ਹੀ ਅਗਾਂਹ ਦੇ ਰਸਤੇ ਦਿਖਾ ਸਕਦੀ ਹੈ। ਇਹ ਸਿਆਸਤ ਦੀਆਂ ਖਿਲਾਰੀਆਂ ਕੀਚਰਾਂ ਸਾਫ ਕਰ ਸਕਦੀ ਹੈ। ਹੁਣ ਵੇਲਾ ਸੱਚ ਦੀ ਇਸ ਜੋਤ ਨੂੰ ਪਛਾਣਨ ਦਾ ਹੈ ਅਤੇ ਸੱਚ ਨੂੰ ਪਛਾਣਨ ਦਾ ਵੇਲਾ ਹਰ ਵੇਲੇ ਮੌਜੂਦ ਰਹਿੰਦਾ ਹੈ। ਇਹ ਵੇਲਾ ਵਾਰ ਵਾਰ ਬੂਹਿਆਂ ਉਤੇ ਠੱਕ ਠੱਕ ਕਰਦਾ ਹੈ, ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਦਹਾਕੇ ਪੁਰਾਣਾ ਦਰਦ ਬੂਹੇ ਠਕੋਰਦਾ ਹੈ। ਆਓ, ਸੱਚ ਦੀ ਇਸ ਦਸਤਕ ‘ਤੇ ਬੂਹੇ ਚੁਪੱਟ ਖੋਲ੍ਹੀਏ ਅਤੇ ਸੰਵਾਦ ਦੀਆਂ ਲੜੀਆਂ ਨੂੰ ਆਪੋ-ਆਪਣੇ ਵਿਹੜਿਆਂ ਵਿਚ ਬੈਠਣ ਜੋਗੀ ਥਾਂ ਦੇਈਏ। ਕੱਲ੍ਹ ਵੀ ਇਸੇ ਦੀ ਲੋੜ ਸੀ, ਅੱਜ ਵੀ ਇਸੇ ਦੀ ਲੋੜ ਹੈ ਅਤੇ ਭਲਕ ਨੂੰ ਵੀ ਇਸੇ ਦੀ ਹੀ ਲੋੜ ਰਹਿਣੀ ਹੈ।