ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਸਰਗਰਮੀਆਂ ਮੁੜ ਜ਼ੋਰ ਫੜਦੀਆਂ ਜਾ ਰਹੀਆਂ ਹਨ ਤੇ ਪ੍ਰਧਾਨਗੀ ਦਾ ਫੈਸਲਾ ਜਲਦੀ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਗੂ ਪਾਰਟੀ ਹਾਈਕਮਾਨ ਨੂੰ ਕਹਿ ਰਹੇ ਹਨ ਕਿ ਚੋਣਾਂ ਵਿਚ ਡੇਢ ਸਾਲ ਦਾ ਹੀ ਸਮਾਂ ਰਹਿ ਗਿਆ ਹੈ ਤੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੂੰ ਗੱਦੀ ਤੋਂ ਲਾਹੁਣ ਲਈ ਪ੍ਰਧਾਨਗੀ ਦਾ ਫੈਸਲਾ ਛੇਤੀ ਕੀਤਾ ਜਾਵੇ।
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀਆਂ ਤਿੰਨ ਵਿਧਾਇਕ ਬੀਬੀਆਂ ਪਾਰਟੀ ਹਾਈਕਮਾਨ ਨੂੰ ਦਿੱਲੀ ਵਿਚ ਮਿਲੀਆਂ ਸਨ ਤੇ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨਗੀ ਦਾ ਫੈਸਲਾ ਜਲਦੀ ਕਰਨ ਉਤੇ ਜ਼ੋਰ ਦਿੱਤਾ ਸੀ। ਉਨ੍ਹਾਂ ਨੇ ਪਾਰਟੀ ਦੇ ਲੋਕ ਸਭਾ ਵਿਚ ਉਪ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੀ ਕਮਾਨ ਸੌਂਪਣ ਲਈ ਜ਼ੋਰ ਦਿੱਤਾ ਸੀ ਤੇ ਇਸ ਮੁੱਦੇ ਉਤੇ ਹਾਈਕਮਾਨ ਦਾ ਰੁਖ਼ ਵੀ ਠੀਕ ਜਾਪਦਾ ਸੀ। ਇਨ੍ਹਾਂ ਵਿਧਾਇਕ ਬੀਬੀਆਂ ਵਿਚ ਕਰਨ ਬਰਾੜ, ਹਰਚੰਦ ਕੌਰ ਤੇ ਗੁਰਇਕਬਾਲ ਬਬਲੀ ਸ਼ਾਮਲ ਸਨ। ਬੀਬੀਆਂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕੁਝ ਹੋਰ ਸੀਨੀਅਰ ਆਗੂ ਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਵੀ ਵਿਦੇਸ਼ ਦੌਰੇ ਉਤੇ ਜਾਣ ਤੋਂ ਪਹਿਲਾਂ ਕੇਂਦਰੀ ਲੀਡਰਸ਼ਿਪ ਨੂੰ ਮਿਲ ਚੁੱਕੇ ਹਨ।
ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਸ਼ਕਤੀਸ਼ਾਲੀ ਆਗੂ ਹਨ ਜਿਹੜੇ ਅਕਾਲੀ ਦਲ ਤੇ ਭਾਜਪਾ ਸਰਕਾਰ ਨੂੰ ਹਰਾਉਣ ਲਈ ਸਖ਼ਤ ਟੱਕਰ ਦੇਣ ਦੀ ਸਮਰੱਥਾ ਰੱਖਦੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਤਜਵੀਜ਼ ਬਾਰੇ ਉਨ੍ਹਾਂ ਕਿਹਾ ਕਿ ਉਹ ਤਜਵੀਜ਼ ਪੁਰਾਣੀ ਹੋ ਗਈ ਹੈ ਤੇ ਹੁਣ ਤਾਂ ਸਾਰੇ ਮਾਮਲੇ ‘ਤੇ ਹੀ ਨਵੇਂ ਸਿਰੇ ਤੋਂ ਵਿਚਾਰ ਹੋ ਰਿਹਾ ਹੈ। ਹਾਈਕਮਾਨ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਪਾਰਟੀ ਕਿਸ ਆਗੂ ਦੀ ਅਗਵਾਈ ਹੇਠ ਜਿੱਤ ਹਾਸਲ ਕਰ ਸਕਦੀ ਹੈ। ਦੂਜਾ ਸੂਬੇ ਵਿਚ ਲੜਾਈ ਇੰਨੀ ਸਿੱਧੀ ਤੇ ਆਸਾਨ ਨਹੀਂ ਹੈ, ਕਿਉਂਕਿ ਇਕ ਪਾਸੇ ਆਮ ਆਦਮੀ ਪਾਰਟੀ ਤੇ ਦੂਜੇ ਪਾਸੇ ਹਾਕਮ ਧਿਰ ਹੈ। ਪਿਛਲੇ ਸਮੇਂ ਵਿਚ ਆਮ ਆਦਮੀ ਪਾਰਟੀ ਦੀ ਸ਼ਕਤੀ ਕਮਜ਼ੋਰ ਹੋਈ ਹੈ ਪਰ ਫਿਰ ਵੀ ਇਕ ਧਿਰ ਵਜੋਂ ਤਾਂ ਇਹ ਪਾਰਟੀ ਉਭਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਜਲਦੀ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣਗੇ ਤੇ ਸੂਬੇ ਦੀ ਸਮੁੱਚੀ ਸਿਆਸੀ ਸਥਿਤੀ ਦਾ ਸਾਰ ਤੱਤ ਪੇਸ਼ ਕਰਨਗੇ।