ਬਠਿੰਡਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਰਕਾਰੀ ਦੌਰਿਆਂ ਤਹਿਤ ਦੇਸ਼ ਨਾਲੋਂ ਜ਼ਿਆਦਾ ਦਿਨ ਵਿਦੇਸ਼ ਵਿਚ ਗੁਜ਼ਾਰੇ ਹਨ। ਬੀਤੇ ਇਕ ਵਰ੍ਹੇ ਵਿਚ 10 ਦੌਰਿਆਂ ਦੌਰਾਨ ਸ੍ਰੀ ਮੋਦੀ 51 ਦਿਨ ਵਿਦੇਸ਼ਾਂ ਵਿਚ ਰਹੇ ਹਨ ਤੇ 37 ਸਰਕਾਰੀ ਦੌਰੇ ਕਰਕੇ 44 ਦਿਨ ਵੱਖ-ਵੱਖ ਸੂਬਿਆਂ ਵਿਚ ਵਿਚਰੇ ਹਨ।
ਵਿਰੋਧੀ ਇਨ੍ਹਾਂ ਦੌਰਿਆਂ ਵਿਚੋਂ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ ਜਦਕਿ ਹਾਕਮ ਧਿਰ ਇਨ੍ਹਾਂ ਦੌਰਿਆਂ ਨੂੰ ਦੇਸ਼ ਦੇ ਹੱਕ ਵਿਚ ਪ੍ਰਚਾਰ ਰਹੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਅਨੁਸਾਰ ਸ਼੍ਰੀ ਮੋਦੀ ਨੇ ਇਕ ਸਾਲ ਵਿਚ ਦੇਸ਼ ਭਰ ਵਿਚ 56 ਦੌਰੇ ਕੀਤੇ ਤੇ 67 ਦਿਨ ਵੱਖ-ਵੱਖ ਰਾਜਾਂ ਵਿਚ ਰਹੇ। ਇਨ੍ਹਾਂ ਵਿਚੋਂ ਪ੍ਰਧਾਨ ਮੰਤਰੀ ਦੇ 37 ਸਰਕਾਰੀ ਦੌਰੇ ਹਨ, ਜਦਕਿ 19 ਨਿੱਜੀ ਦੌਰੇ ਹਨ। ਨਿੱਜੀ ਦੌਰਿਆਂ ਦੌਰਾਨ ਪ੍ਰਧਾਨ ਮੰਤਰੀ 23 ਦਿਨ ਸੂਬਿਆਂ ਵਿਚ ਰਹੇ ਹਨ। ਨਿੱਜੀ ਦੌਰਿਆਂ ਦੌਰਾਨ ਨਰੇਂਦਰ ਮੋਦੀ ਨੇ ਸੂਬਿਆਂ ਦੀਆਂ ਅਸੈਂਬਲੀ ਚੋਣਾਂ ਦੇ ਪ੍ਰਚਾਰ ਵੱਲ ਧਿਆਨ ਕੇਂਦਰਤ ਰੱਖਿਆ। ਦੇਸ਼ ਦੇ 9 ਸੂਬਿਆਂ ਵਿਚ ਹਾਲੇ ਤੱਕ ਪ੍ਰਧਾਨ ਮੰਤਰੀ ਨੇ ਆਪਣਾ ਪਹਿਲਾ ਗੇੜਾ ਵੀ ਨਹੀਂ ਮਾਰਿਆ, ਜਿਨ੍ਹਾਂ ਵਿਚ ਬਿਹਾਰ, ਤੇਲੰਗਾਨਾ, ਕੇਰਲਾ, ਉਤਰਾਖੰਡ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ, ਮਿਜ਼ੋਰਮ ਸ਼ਾਮਲ ਹਨ। ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚੋਂ ਦਿੱਲੀ ਤੋਂ ਇਲਾਵਾ ਕਿਤੇ ਵੀ ਪ੍ਰਧਾਨ ਮੰਤਰੀ ਨੇ ਗੇੜਾ ਨਹੀਂ ਮਾਰਿਆ। ਨਰੇਂਦਰ ਮੋਦੀ 23 ਮਾਰਚ ਨੂੰ ਜ਼ਿਲ੍ਹਾ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿਚ ਆਏ ਸਨ। ਹੁਣ ਜੂਨ ਮਹੀਨੇ ਵਿਚ ਉਨ੍ਹਾਂ ਦਾ ਦੂਸਰਾ ਦੌਰਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਾ ਹੈ। ਪ੍ਰਧਾਨ ਮੰਤਰੀ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਜੰਮੂ ਕਸ਼ਮੀਰ ਵਿਚ 10 ਦੌਰੇ (ਸਰਕਾਰੀ ਤੇ ਗੈਰਸਰਕਾਰੀ) ਕੀਤੇ ਹਨ ਜਦਕਿ ਮਹਾਂਰਾਸ਼ਟਰ ਦੇ ਦੌਰਿਆਂ ਦੀ ਗਿਣਤੀ ਨੌਂ ਹੈ। ਹਰਿਆਣਾ ਤੇ ਝਾਰਖੰਡ ਦੇ ਅੱਠ-ਅੱਠ ਦੌਰੇ ਪ੍ਰਧਾਨ ਮੰਤਰੀ ਕਰ ਚੁੱਕੇ ਹਨ ਜਦਕਿ ਗੁਜਰਾਤ ਤੇ ਯੂæਪੀæ ਦੇ ਤਿੰਨ-ਤਿੰਨ ਦੌਰੇ ਕੀਤੇ ਹਨ। ਸ੍ਰੀ ਮੋਦੀ ਨੇ ਦੇਸ਼ ਦਾ ਪਹਿਲਾ ਦੌਰਾ 14 ਜੂਨ 2014 ਨੂੰ ਗੋਆ ਦਾ ਕੀਤਾ ਸੀ ਜਦਕਿ ਪਿਛਲੇ ਇਕ ਵਰ੍ਹੇ ਦਾ ਆਖਰੀ ਦੌਰਾ 25 ਮਈ ਨੂੰ ਮਥੂਰਾ (ਯੂæਪੀæ) ਦਾ ਕੀਤਾ।
ਦੂਜੇ ਪਾਸੇ ਜੇਕਰ ਵਿਦੇਸ਼ੀ ਦੌਰਿਆਂ ਉਤੇ ਨਜ਼ਰ ਮਾਰੀਏ ਤਾਂ ਨਰੇਂਦਰ ਮੋਦੀ ਨੇ ਬੀਤੇ ਇਕ ਵਰ੍ਹੇ ਦੌਰਾਨ 10 ਵਿਦੇਸ਼ੀ ਦੌਰੇ ਕਰਕੇ 17 ਮੁਲਕਾਂ ਵਿਚ 51 ਦਿਨ ਗੁਜ਼ਾਰੇ ਹਨ। ਨੇਪਾਲ ਵਿਚ ਪ੍ਰਧਾਨ ਮੰਤਰੀ ਦੋ ਵਾਰ ਜਾ ਚੁੱਕੇ ਹਨ। ਸ਼੍ਰੀ ਮੋਦੀ ਨੇ ਵਿਦੇਸ਼ ਦੀ ਪਹਿਲੀ ਫੇਰੀ 15 ਜੂਨ 2014 ਨੂੰ ਭੂਟਾਨ ਫੇਰੀ ਸੀ ਜਦਕਿ ਪਿਛਲੇ ਇਕ ਸਾਲ ਦਾ ਆਖ਼ਰੀ ਦੌਰਾ 14 ਮਈ ਤੋਂ 19 ਮਈ 2015 ਤੱਕ ਚੀਨ, ਮੰਗੋਲੀਆ ਤੇ ਦੱਖਣੀ ਕੋਰੀਆ ਦਾ ਸੀ। ਨਰੇਂਦਰ ਮੋਦੀ ਦੀਆਂ ਦੋ ਵਿਦੇਸ਼ ਫੇਰੀਆਂ ਲੰਬੀਆਂ ਸਨ। ਪ੍ਰਧਾਨ ਮੰਤਰੀ ਨੇ ਫਰਾਂਸ, ਜਰਮਨੀ ਤੇ ਕੇਨੈਡਾ ਦਾ ਨੌਂ ਦਿਨਾਂ ਦਾ ਦੌਰਾ ਕੀਤਾ, ਜੋ ਕਿ 10 ਅਪਰੈਲ ਤੋਂ 18 ਅਪਰੈਲ 2015 ਤੱਕ ਦਾ ਸੀ। ਪ੍ਰਧਾਨ ਮੰਤਰੀ ਨੇ ਅਮਰੀਕਾ ਦਾ ਪੰਜ ਰੋਜ਼ਾ ਦੌਰਾ ਤੇ ਜਪਾਨ ਦਾ ਵੀ ਪੰਜ ਰੋਜ਼ਾ ਦੌਰਾ ਕੀਤਾ। ਬਰਾਜ਼ੀਲ ਵਿਚ ਹੋਏ ਬਰਿੱਕਸ ਸੰਮੇਲਨ ਦੌਰਾਨ ਵੀ ਉਨ੍ਹਾਂ ਨੇ ਉਥੇ ਪੰਜ ਦਿਨ ਬਿਤਾਏ। ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਮੋਹਿਤ ਗੁਪਤਾ ਨੇ ਕਿਹਾ ਕਿ ਨਰੇਂਦਰ ਮੋਦੀ ਨੇ ਇਕ ਸਾਲ ਦੌਰਾਨ ਦੇਸ਼ ਨੂੰ ਵੱਡੀਆਂ ਯੋਜਨਾਵਾਂ ਦਿੱਤੀਆਂ ਹਨ ਤੇ ਕਾਫੀ ਸਾਲਾਂ ਤੋਂ ਪੱਛੜੇ ਵਿਦੇਸ਼ੀ ਸਮਝੌਤਿਆਂ ਨੂੰ ਸਿਰੇ ਲਾਇਆ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਵਿਦੇਸ਼ੀ ਦੌਰੇ ਕਰਕੇ ਪਿਛਲੇ 10 ਸਾਲਾਂ ਦਾ ਕੰਮ ਕਰਨਾ ਪੈ ਰਿਹਾ ਹੈ।
___________________________________
ਵਿਦੇਸ਼ ਦੌਰਿਆਂ ਸਮੇਂ ਮਿਲੇ 3æ11 ਲੱਖ ਦੇ ਤੋਹਫ਼ੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਿਛਲੇ ਸਾਲ ਅਹੁਦਾ ਸੰਭਾਲਣ ਪਿੱਛੋਂ ਪਿਛਲੇ 10 ਮਹੀਨਿਆਂ ਵਿਚ ਵਿਦੇਸ਼ੀ ਦੌਰਿਆਂ ਦੌਰਾਨ 3æ11 ਲੱਖ ਰੁਪਏ ਦੇ 65 ਤੋਹਫੇ ਮਿਲੇ ਹਨ। ਵਿਦੇਸ਼ ਮੰਤਰਾਲੇ ਨੇ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਵਿਚ ਦੱਸਿਆ ਕਿ 19 ਫਰਵਰੀ ਨੂੰ ਸ੍ਰੀ ਮੋਦੀ ਨੂੰ 75000 ਰੁਪਏ ਮੁੱਲ ਦੇ ਮੇਜਬਾਨ ਦੇਸ਼ ਤੋਂ ਸੋਨਾ ਤੇ ਹੀਰਾ ਜੜੇ ਕਫਲਿੰਕ ਮਿਲੇ। ਪ੍ਰਧਾਨ ਮੰਤਰੀ ਨੂੰ ਦੋ ਟੀ-ਸੈੱਟ ਤੇ ਕਿਤਾਬਾਂ ਵੀ ਤੋਹਫੇ ਵਜੋਂ ਦਿੱਤੀਆਂ ਗਈਆਂ। ਉਨ੍ਹਾਂ ਨੂੰ ਮਹਾਤਮਾ ਬੁੱਧ ਦੀ ਮੂਰਤੀ ਵੀ ਭੇਂਟ ਕੀਤੀ ਗਈ ਸੀ ਜਿਨ੍ਹਾਂ ਦਾ ਸੰਦੇਸ਼ ਨੂੰ ਉਨ੍ਹਾਂ ਆਪਣੇ ਵਿਦੇਸ਼ਾਂ ਵਿਚ ਦਿੱਤੇ ਕਈ ਭਾਸ਼ਣਾਂ ਵਿਚ ਸ਼ਾਮਲ ਕੀਤਾ।