ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵੰਨ ਸੁਵੰਨਤਾ ਤੋਂ ਹੱਥ ਖੜ੍ਹੇ

ਪਟਿਆਲਾ: ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਭਾਵੇਂ ਸੂਬੇ ਵਿਚ ਰਵਾਇਤੀ ਫਸਲਾਂ ਦੀ ਥਾਂ ਬਦਲਵੀਂ ਖੇਤੀ ਦਾ ਸੱਦਾ ਦਿੱਤਾ ਜਾ ਰਿਹਾ ਹੈ ਪਰ ਪੰਜਾਬ ਦੇ ਕਿਸਾਨਾਂ ਕੋਲ ਝੋਨੇ ਤੇ ਕਣਕ ਦਾ ਕੋਈ ਬਦਲ ਨਹੀਂ। ਕਿਸਾਨਾਂ ਵੱਲੋਂ ਭਾਵੇਂ ਕਣਕ ਤੇ ਝੋਨੇ ਦੀ ਥਾਂ ਗੰਨਾ ਤੇ ਸਬਜ਼ੀਆਂ ਦੀ ਖੇਤੀ ਵੱਲ ਰੁਚੀ ਵਿਖਾਈ ਸੀ ਪਰ ਇਹ ਘਾਟੇ ਦਾ ਸੌਦਾ ਸਾਬਤ ਹੋਈ।

ਫ਼ਸਲੀ ਵੰਨ ਸੁਵੰਨਤਾ ਮਿਸ਼ਨ ਦਾ ਐਲਾਨ ਕਰਨ ਵਾਲੀ ਸਰਕਾਰ ਵੱਲੋਂ ਗੰਨੇ ਦੇ ਬਕਾਏ ਬਾਰੇ ਧਾਰੀ ਖਾਮੋਸ਼ੀ ਨੇ ਕਿਸਾਨਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਸਰਕਾਰ ਵੱਲੋਂ ਗੰਨੇ ਦੇ ਭੁਗਤਾਨ ਲਈ ਬਜਟ ਵਿਚ ਰੱਖੇ 600 ਕਰੋੜ ਵਿਚੋਂ ਸਿਰਫ 50 ਕਰੋੜ ਰੁਪਏ ਹੀ ਜਾਰੀ ਕੀਤੇ ਗਏ ਹਨ ਜਦਕਿ ਪੰਜਾਬ ਦੇ ਕਿਸਾਨਾਂ ਦੇ ਸਹਿਕਾਰੀ ਤੇ ਨਿੱਜੀ ਮਿੱਲਾਂ ਵੱਲ 700 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਪਿਛਲੇ ਦੋ ਸਾਲ ਤੋਂ ਆਲੂਆਂ ਦੇ ਵਪਾਰ ਵਿਚ ਮੰਦੇ ਤੇ ਇਸ ਸਾਲ ਮੌਸਮ ਤੇ ਮੰਦੇ ਦੋਹਾਂ ਦੀ ਮਾਰ ਨੇ ਆਲੂ ਉਤਪਾਦਕਾਂ ਦਾ ਕਚੂੰਮਰ ਹੀ ਕੱਢ ਕੇ ਰੱਖ ਦਿੱਤਾ। ਪਿਛਲੇ 8-9 ਸੌ ਰੁਪਏ ਕੁਇੰਟਲ ਦੇ ਮੁਕਾਬਲੇ ਆਲੂ ਚਾਰ ਗੁਣਾਂ ਘੱਟ ਕੀਮਤ 200 ਰੁਪਏ ਕੁਇੰਟਲ ਤੱਕ ਹੀ ਥੋਕ ਬਾਜ਼ਾਰ ਵਿਚ ਵਿਕ ਰਹੇ ਹਨ। ਸੇਮ ਦੇ ਇਲਾਕਿਆਂ ਨੂੰ ਛੱਡ ਕੇ ਪੰਜਾਬ ਦੇ ਸਾਰੇ ਹੀ ਇਲਾਕੇ ਅਜਿਹੇ ਹਨ, ਜਿਥੇ ਜ਼ਮੀਨਦੋਜ਼ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਝੋਨੇ ਦੇ ਬਦਲ ਦੇ ਰੂਪ ਵਿਚ ਕਿਸਾਨਾਂ ਨੇ ਬਾਸਮਤੀ ਨੂੰ ਅਪਣਾਇਆ ਪਰ ਬਾਸਮਤੀ ਦੀ ਫ਼ਸਲ ਕਿਸਾਨਾਂ ਦੇ ਹਿੱਤ ਵਿਚ ਨਹੀਂ ਆਈ, ਜਿਸ ਕਰਕੇ ਇਸ ਵਾਰ ਆੜ੍ਹਤੀਆਂ ਨੇ ਹੁਣੇ ਤੋਂ ਹੀ ਇਸ ਫ਼ਸਲ ਨੂੰ ਖ਼ਰੀਦਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪਿਛਲੇ ਸਾਲ ਪੰਜਾਬ ਦੇ ਮੁਕਾਬਲੇ ਹਰਿਆਣਾ ਵਿਚ ਬਾਸਮਤੀ ਕਿਤੇ ਵੱਧ ਕੀਮਤ ਉਤੇ ਵਿਕੀ, ਜਿਸ ਕਾਰਨ ਕਿਸਾਨਾਂ ਨੂੰ ਨਿਰਾਸ਼ਤਾ ਹੀ ਪੱਲੇ ਪਈ। ਸੂਬਾ ਸਰਕਾਰ ਵੀ ਕਣਕ, ਝੋਨੇ ਦੇ ਫ਼ਸਲੀ ਫੇਰਬਦਲ ਦੀ ਥਾਂ ਕੋਈ ਹੋਰ ਫ਼ਸਲ ਨਹੀਂ ਦੇ ਸਕੀ ਜਿਸ ਦਾ ਮੰਡੀਕਰਨ ਸੌਖਾ ਹੋ ਜਾਵੇ। ਪਟਿਆਲਾ ਜ਼ਿਲ੍ਹੇ ਦੇ ਸਾਰੇ ਹੀ ਬਲਾਕਾਂ ਦੀ ਸਥਿਤੀ ਵੀ ਕਾਫ਼ੀ ਗੰਭੀਰਤਾ ਵਾਲੀ ਹੈ ਤੇ ਲਗਾਤਾਰ ਪਾਣੀ ਹੇਠਾਂ ਜਾ ਰਿਹਾ ਹੈ। ਪਟਿਆਲਾ ਜ਼ਿਲ੍ਹੇ ਅੰਦਰ ਪਿਛਲੇ ਸਾਲ ਦੇ ਅੰਤ ਤੱਕ ਔਸਤਨ 0æ86 ਮੀਟਰ ਧਰਤੀ ਹੇਠਲਾ ਪਾਣੀ ਦਾ ਪੱਧਰ ਹੇਠਾਂ ਜਾ ਚੁੱਕਾ ਹੈ।
ਸਭ ਤੋਂ ਵੱਧ ਧਰਤੀ ਹੇਠਲਾ ਪਾਣੀ ਸਮਾਣਾ ਬਲਾਕ ਅੰਦਰ 1æ25 ਮੀਟਰ ਹੇਠਾਂ ਡਿੱਗਿਆ ਹੈ। ਇਸ ਬਲਾਕ ਵਿਚ ਪਿਛਲੇ ਸਾਲ ਬਰਸਾਤ 494 ਮਿਲੀਮੀਟਰ ਦਰਜ ਕੀਤੀ ਗਈ। ਦੂਜਾ ਬਲਾਕ ਰਾਜਪੁਰਾ ਹੈ ਜਿਥੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ 1æ03 ਮੀਟਰ ਹੇਠਾਂ ਡਿੱਗ ਗਿਆ ਹੈ। ਇਸ ਬਲਾਕ ਵਿਚ ਔਸਤਨ 401 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਇਸੇ ਤਰਾਂ ਸਨੌਰ ਬਲਾਕ ਵਿਚ 0æ25, ਭੁੱਨਰਹੇੜੀ ਵਿਚ 1æ6 ਮੀਟਰ, ਨਾਭਾ ਵਿਚ 0æ67 ਮੀਟਰ, ਪਟਿਆਲਾ ਵਿਚ 0æ55 ਮੀਟਰ, ਪਾਤੜਾਂ ਵਿਚ 0æ07 ਮੀਟਰ ਪਾਣੀ ਦਾ ਪੱਧਰ ਹੇਠਾਂ ਡਿੱਗਿਆ ਹੈ। ਇਸ ਤਰ੍ਹਾਂ ਔਸਤਨ 0æ86 ਮੀਟਰ ਪਾਣੀ ਦਾ ਪੱਧਰ ਹੇਠਾਂ ਗਿਆ ਹੈ। ਇਕੋ ਇਕ ਬਲਾਕ ਘਨੌਰ ਹੈ, ਜਿਥੇ ਪਾਣੀ ਦਾ ਪੱਧਰ 0æ26 ਮੀਟਰ ਵਧਿਆ ਹੈ। ਇਸ ਜ਼ਿਲ੍ਹੇ ਅੰਦਰ ਪਿਛਲੇ ਸਾਲ ਔਸਤਨ ਬਰਸਾਤ 238æ13 ਮਿਲੀਮੀਟਰ ਦਰਜ ਕੀਤੀ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾæ ਜਸਵੀਰ ਸਿੰਘ ਸੰਧੂ ਜੋ ਆਪਣੇ ਅਹੁਦੇ ਤੋਂ ਸੇਵਾ-ਮੁਕਤ ਹੋ ਚੁੱਕੇ ਹਨ, ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕਣਕ ਝੋਨੇ ਦੀ ਰਵਾਇਤੀ ਫ਼ਸਲ ਤੋਂ ਬਚਣ ਲਈ ਨਵੀਂ ਵਿਧੀ ਅਪਣਾਉਣੀ ਚਾਹੀਦੀ ਹੈ।
__________________________
ਸਰਕਾਰ ਨੇ ਮੁਆਵਜ਼ੇ ਲਈ ਹੱਥ ਘੁੱਟਿਆ
ਚੰਡੀਗੜ੍ਹ: ਬੇਮੌਸਮੀ ਬਾਰਸ਼ਾਂ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਕਿਸਾਨਾਂ ਨੂੰ ਪੰਜਾਬ ਸਰਕਾਰ 78æ51 ਕਰੋੜ ਰੁਪਏ ਦੀ ਮਾਲੀ ਰਾਹਤ ਦੇਵੇਗੀ। ਇਨ੍ਹਾਂ ਵਿਚੋਂ 41æ52 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਜਦੋਂ ਕਿ 36æ98 ਕਰੋੜ ਰੁਪਏ ਪੈਸੇ ਦੀ ਕਮੀ ਕਾਰਨ ਜਾਰੀ ਨਹੀਂ ਕੀਤੇ ਗਏ। ਸਰਕਾਰ ਵੱਲੋਂ ਇਹ ਮੁਆਵਜ਼ਾ ਗਿਰਦਾਵਰੀ ਰਿਪੋਰਟਾਂ ਦੇ ਅਧਾਰ ‘ਤੇ ਦਿੱਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਤੋਂ ਕਣਕ ਦੀ ਫ਼ਸਲ ਦਾ ਮੁਆਵਜ਼ਾ ਦੇਣ ਲਈ 717 ਕਰੋੜ ਰੁਪਏ ਮੰਗੇ ਸਨ। ਕੇਂਦਰ ਨੇ ਤਾਂ ਮੁਆਵਜ਼ਾ ਦੇਣ ਸਬੰਧੀ ਕੋਈ ਹਾਮੀ ਨਹੀਂ ਭਰੀ ਤੇ ਰਾਜ ਸਰਕਾਰ ਨੇ ਵੀ ਹੱਥ ਘੁੱਟ ਲਿਆ। ਤਜਵੀਜ਼ ਮੁਤਾਬਕ ਇਕ ਲੱਖ 29 ਹਜ਼ਾਰ 679 ਏਕੜ ਰਕਬੇ ਵਿਚ ਪ੍ਰਭਾਵਤ ਹੋਈ ਫ਼ਸਲ ਦੇ ਮਾਲਕ ਕਿਸਾਨਾਂ ਨੂੰ ਅੱਠ ਹਜ਼ਾਰ ਰੁਪਏ ਫ਼ੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ।
______________________________________
ਕਣਕ ਦੀ ਪੈਦਾਵਾਰ ਵਿਚ ਪਛੜਿਆ ਪੰਜਾਬ
ਚੰਡੀਗੜ੍ਹ: ਪਿਛਲੇ ਕਈ ਸਾਲਾਂ ਤੋਂ ਕਣਕ ਦੀ ਪੈਦਾਵਾਰ ਵਿਚ ਦੂਜਾ ਨੰਬਰ ਹਾਸਲ ਕਰਦਾ ਆ ਰਿਹਾ ਪੰਜਾਬ ਹੁਣ ਤੀਜੇ ਨੰਬਰ ਉਤੇ ਪੁੱਜ ਗਿਆ ਹੈ। ਉਤਰ ਪ੍ਰਦੇਸ਼ ਤੋਂ ਬਾਅਦ ਦੂਜਾ ਸਥਾਨ ਇਸ ਵਾਰ ਮੱਧ ਪ੍ਰਦੇਸ਼ ਨੇ ਮੱਲ੍ਹ ਲਿਆ ਹੈ। ਉਂਜ ਕੇਂਦਰੀ ਪੂਲ ਵਿਚ ਸਭ ਤੋਂ ਵੱਧ ਕਣਕ ਦਾ ਯੋਗਦਾਨ ਪੰਜਾਬ ਵੱਲੋਂ ਪਾਇਆ ਜਾ ਰਿਹਾ ਹੈ। ਪੰਜਾਬ ਵਿਚ ਇਸ ਵਾਰ 150 ਲੱਖ ਟਨ ਕਣਕ ਦੀ ਪੈਦਾਵਾਰ ਹੋਈ ਜੋ ਨਿਰਧਾਰਿਤ ਟੀਚੇ 168 ਟਨ ਨਾਲੋਂ ਕਾਫ਼ੀ ਘੱਟ ਹੈ। ਮੱਧ ਪ੍ਰਦੇਸ਼ ਵਿਚ ਇਸ ਸੀਜ਼ਨ 184 ਲੱਖ ਟਨ ਤੇ ਉਤਰ ਪ੍ਰਦੇਸ਼ ਵਿਚ 290 ਲੱਖ ਟਨ ਕਣਕ ਦੀ ਪੈਦਾਵਾਰ ਹੋਈ ਸੀ। ਇਸ ਦੇ ਮੁਕਾਬਲੇ ਵਿਚ ਮੱਧ ਪ੍ਰਦੇਸ਼ ਵਿਚ ਪਿਛਲੇ ਸਾਲ 175 ਲੱਖ ਟਨ ਕਣਕ ਦੀ ਪੈਦਾਵਾਰ ਹੋਈ ਸੀ ਜੋ ਮਾਮੂਲੀ ਜਿਹੀ ਘੱਟ ਸੀ।