ਗੁਰਬਤ ਦੇ ਪੰਜੇ ਵਿਚੋਂ ਨਾ ਨਿਕਲ ਸਕਿਆ ਭਾਰਤ ਮਹਾ

ਰੋਮ: ਭਾਰਤ ਵਿਚ ਸਭ ਤੋਂ ਵੱਧ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਸੰਯੁਕਤ ਰਾਸ਼ਟਰ ਦੀ ਭੁੱਖਮਰੀ ਬਾਰੇ ਸਾਲਾਨਾ ਰਿਪੋਰਟ ਮੁਤਾਬਕ ਭਾਰਤ ਵਿਚ ਇਸ ਵੇਲੇ 19 ਕਰੋੜ 46 ਲੱਖ ਲੋਕ ਰੋਟੀ ਨੂੰ ਤਰਸ ਰਹੇ ਹਨ। ਉਂਝ ਸਾਲ 1990-92 ਵਿਚ ਜਿਥੇ ਦੁਨੀਆ ਅੰਦਰ ਇਕ ਅਰਬ ਲੋਕ ਭੁੱਖਮਰੀ ਦੇ ਸ਼ਿਕਾਰ ਸਨ ਉਥੇ ਸਾਲ 2014-15 ਦੌਰਾਨ ਇਹ ਗਿਣਤੀ ਘਟ ਕੇ 79 ਕਰੋੜ 50 ਲੱਖ ਉਤੇ ਆ ਗਈ।

ਦੱਖਣੀ ਏਸ਼ੀਆ ਵਿਚੋਂ ਚੀਨ ਨੇ ਭੁੱਖਮਰੀ ਉਤੇ ਕਾਬੂ ਪਾਉਣ ਲਈ ਚੰਗਾ ਕੰਮ ਕੀਤਾ ਹੈ। ਭਾਵੇਂ ਭਾਰਤ ਨੇ ਵੀ ਸਥਿਤੀ ਸੁਧਾਰੀ ਹੈ ਪਰ ਇਹ ਸਲਾਹੁਣਯੋਗ ਨਹੀਂ ਹੈ।
ਸਾਲ 1990-92 ਵਿਚ ਭਾਰਤ ਅੰਦਰ ਭੁੱਖੇ ਢਿੱਡ ਸੌਂਣ ਵਾਲਿਆਂ ਦੀ ਗਿਣਤੀ 21 ਕਰੋੜ ਤੋਂ ਵੱਧ ਸੀ ਜੋ ਸਾਲ 2014-2015 ਤੱਕ ਘਟ ਕੇ 19 ਕਰੋੜ 46 ਲੱਖ ਆ ਗਈ। ਭੁੱਖਮਰੀ ‘ਤੇ ਕਾਬੂ ਪਾਉਣ ਲਈ ਭਾਰਤ ਨੇ ਚੀਨ ਵਾਂਗ ਕਾਰਗੁਜ਼ਾਰੀ ਨਹੀਂ ਦਿਖਾਈ। ਰਿਪੋਰਟ ਅਨੁਸਾਰ ਭਾਰਤ ਨੂੰ ਇਸ ਬੁਰਾਈ ਦੇ ਖਾਤਮੇ ਲਈ ਆਪਣੀਆਂ ਸਮਾਜਿਕ ਯੋਜਨਾਵਾਂ ਜਾਰੀ ਰੱਖਣੀਆਂ ਪੈਣਗੀਆਂ ਤਾਂ ਜੋ ਦੇਸ਼ ਵਿਚੋਂ ਗਰੀਬੀ ਤੇ ਭੁੱਖਮਰੀ ਖਤਮ ਕੀਤੀ ਜਾ ਸਕੇ। ਦੂਜੇ ਪਾਸੇ ਚੀਨ ਜਿਥੇ ਸਾਲ 1990-92 ਭੁੱਖਿਆਂ ਦੀ ਗਿਣਤੀ 28 ਕਰੋੜ 90 ਲੱਖ ਸੀ, ਉਹ ਸਾਲ 2014-15 ਵਿਚ ਘਟ ਕੇ 13 ਕਰੋੜ 38 ਲੱਖ ਰਹਿ ਗਈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੇ ਦੇਸ਼ ਵਿਚ ਗਰੀਬੀ ਤੇ ਭੁੱਖਮਰੀ ਨੂੰ ਦੂਰ ਕਾਰਨ ਲਈ ਉਸ ਤੇਜ਼ੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਹੋ ਰਹੇ ਜਿਵੇਂ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸਲਾਹ ਦਿੱਤੀ ਗਈ ਹੈ ਕਿ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਮੁਲਕ ਆਪਣੇ ਆਰਥਿਕ ਵਿਕਾਸ, ਖੇਤੀ ਨਿਵੇਸ਼ ਤੇ ਸਮਾਜਿਕ ਸੁਰੱਖਿਆ ਦੇ ਨਾਲ ਸਿਆਸੀ ਸਥਿਰਤਾ ਵੱਲ ਖਾਸ ਧਿਆਨ ਦੇਣ। ਰਿਪੋਰਟ ਵਿਚ ਲਾਤੀਨੀ ਅਮਰੀਕਾ ਤੇ ਕੈਰੇਬਿਆਈ, ਦੱਖਣੀ ਪੂਰਬੀ ਤੇ ਕੇਂਦਰੀ ਏਸ਼ੀਆ ਦੇ ਕੁਝ ਹਿੱਸਿਆਂ ਅੰਦਰ ਭੁੱਖਮਰੀ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰੰਸ਼ਸ਼ਾ ਕੀਤੀ ਹੈ। ਭਾਰਤ ਵਿਚ ਅਨਾਜ ਭੰਡਾਰਾਂ ਵਿਚ ਸੜ ਰਹੇ ਅਨਾਜ ਨੂੰ ਗ਼ਰੀਬਾਂ ਵਿਚ ਵੰਡ ਦੇਣ ਦੀ ਸੁਪਰੀਮ ਕੋਰਟ ਦੀ ਨਸੀਹਤ ਨੂੰ ਸਰਕਾਰ ਨੇ ਅਣਗੌਲਿਆ ਕਰ ਦਿੱਤਾ ਹੈ। ਯੂæਪੀæਏæ ਸਰਕਾਰ ਨੇ ਜਾਂਦੇ-ਜਾਂਦੇ ਖ਼ੁਰਾਕ ਸੁਰੱਖਿਆ ਬਿਲ ਨੂੰ ਕਾਹਲੀ ਵਿਚ ਪਾਸ ਕਰਵਾ ਲਿਆ ਤੇ ਗ਼ਰੀਬਾਂ ਨੂੰ ਸਸਤੇ ਭਾਅ ਅਨਾਜ ਦੇਣ ਦੀ ਕਾਨੂੰਨੀ ਗਰੰਟੀ ਤਾਂ ਦੇ ਦਿੱਤੀ ਪਰ ਇਸ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦਾ ਅਜੇ ਤੱਕ ਠੋਸ ਵਿਧਾਨ ਨਹੀਂ ਬਣ ਸਕਿਆ। ਸੰਸਾਰ ਭਰ ਵਿਚ ਮੌਸਮ ਵਿਚ ਵੱਡੀਆਂ ਤਬਦੀਲੀਆਂ, ਕੁਦਰਤੀ ਆਫ਼ਤਾਂ, ਸਿਆਸੀ ਅਸਥਿਰਤਾ ਤੇ ਗ੍ਰਹਿ ਯੁੱਧ ਵਰਗੇ ਹਾਲਾਤ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ। ਰਿਪੋਰਟ ਇਸ ਨੁਕਸ ਨੂੰ ਵੀ ਸਾਹਮਣੇ ਲਿਆਉਂਦੀ ਹੈ ਕਿ ਦੁਨੀਆ ਵਿਚ ਗ਼ਰੀਬੀ ਤੇ ਭੁੱਖਮਰੀ ਦੂਰ ਕਰਨ ਲਈ ਉਸ ਤੇਜ਼ੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਹੋ ਰਹੇ ਜਿੰਨੇ ਹੋਣੇ ਚਾਹੀਦੇ ਹਨ।
______________________________________
ਭੁੱਖਮਰੀ ਦੇ ਖਾਤਮੇ ਲਈ ਰਫ਼ਤਾਰ ਸੁਸਤ
ਭੁੱਖਮਰੀ ਨੂੰ ਦੂਰ ਕਰਨ ਵੱਲ ਭਾਰਤ ਦੀ ਰਫ਼ਤਾਰ ਬਹੁਤ ਸੁਸਤ ਰਹੀ ਹੈ। ਮੁਲਕ ਦੇ 19æ46 ਕਰੋੜ ਲੋਕ ਅਜੇ ਵੀ ਭੁੱਖਮਰੀ ਦਾ ਸ਼ਿਕਾਰ ਹਨ। ਰਿਪੋਰਟ ਅਨੁਸਾਰ ਚੀਨ, ਥਾਈਲੈਂਡ, ਵੀਅਤਨਾਮ ਤੇ ਇੰਡੋਨੇਸੀਆ ਨੇ ਇਸ ਪਾਸੇ ਵੱਡੀ ਪੁਲਾਂਘ ਪੁੱਟੀ ਹੈ। ਲਾਤੀਨੀ ਅਮਰੀਕੀ ਮੁਲਕਾਂ ਨੇ ਭੁੱਖਮਰੀ ਦੀ ਮੁਸੀਬਤ ਨੂੰ ਦੂਰ ਕਰਨ ਲਈ ਮਾਅਰਕੇ ਦਾ ਕੰਮ ਕੀਤਾ ਹੈ। ਰਿਪੋਰਟ ਵਿਚ ਇਨ੍ਹਾਂ ਦੇਸਾਂ ਤੋਂ ਸਬਕ ਲੈਣ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ। ਸੰਸਾਰ ਪੱਧਰ ਉਤੇ ਟੀਚਾ ਸੀ ਕਿ 2015 ਤੱਕ ਭੁੱਖਮਰੀ ਅੱਧੀ ਘਟਾ ਦਿੱਤੀ ਜਾਵੇਗੀ। ਯਾਦ ਰਹੇ ਕਿ ਭਾਰਤ ਵਿਚ ਸਰਕਾਰਾਂ ਨੇ ਸਕੀਮਾਂ ਤਾਂ ਬਥੇਰੀਆਂ ਚਲਾਈ, ਪਰ ਇਨ੍ਹਾਂ ਸਕੀਮਾਂ ਦਾ ਬਹੁਤਾ ਪੈਸਾ ਲੀਡਰਾਂ ਅਤੇ ਅਫਫਸਰਾਂ ਦੇ ਢਿੱਡ ਅੰਦਰ ਹੀ ਪੈ ਗਿਆ।
____________________________________
ਚੀਨ ਵਿਚ 3æ60 ਕਰੋੜ ਲੋਕ ਬੇਹੱਦ ਗ਼ਰੀਬ
ਪੇਈਚਿੰਗ: ਚੀਨ ਭਾਵੇਂ ਦੁਨੀਆ ਦੀ ਵੱਡੀ ਤਾਕਤ ਬਣ ਗਿਆ ਹੋਵੇ ਪਰ ਆਪਣੇ ਲੋਕਾਂ ਨੂੰ ਉਹ ਸਹੂਲਤਾਂ ਦੇਣ ਵਿਚ ਨਾਕਾਮ ਰਿਹਾ ਹੈ। ਚੀਨ ਵਿਚ ਤਿੰਨ ਕਰੋੜ 60 ਲੱਖ ਲੋਕ ਅਜਿਹੇ ਹਨ ਜਿਹੜੇ ਬੇਹੱਦ ਗ਼ਰੀਬੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿਚ ਛੇ ਸਾਲ ਤੋਂ ਘੱਟ ਉਮਰ ਦੇ 40 ਲੱਖ ਬੱਚੇ ਵੀ ਸ਼ਾਮਲ ਹਨ। ਸਰਕਾਰੀ ਜਥੇਬੰਦੀਆਂ ਆਲ ਚੀਨੀ ਮਹਿਲਾ ਫੈਡਰੇਸ਼ਨ ਤੇ ਕੌਮੀ ਸਿਹਤ ਤੇ ਪਰਿਵਾਰ ਨਿਯੋਜਨ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਇਹ ਖ਼ੁਲਾਸਾ ਕੀਤਾ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਦਾ ਪਾਲਣ ਪੋਸ਼ਣ ਸ਼ਹਿਰੀ ਇਲਾਕਿਆਂ ਦੇ ਬੱਚਿਆਂ ਨਾਲੋਂ ਕਾਫ਼ੀ ਧੀਮੀ ਰਫ਼ਤਾਰ ਨਾਲ ਹੁੰਦਾ ਹੈ।