ਪਟਿਆਲਾ: ਭਾਰਤ ਵਿਚ ਹਰ ਸਾਲ ਦਸ ਲੱਖ ਲੋਕ ਲਾਪਤਾ ਹੁੰਦੇ ਹਨ ਜਿਨ੍ਹਾਂ ਵਿਚੋਂ 2,000,00 ਤੋਂ ਜ਼ਿਆਦਾ ਬੱਚੇ ਸ਼ਾਮਲ ਹਨ। ਬੱਚਿਆਂ ਦੇ ਗ਼ਾਇਬ ਹੋਣ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਪੱਛਮੀ ਬੰਗਾਲ ਵਿਚ ਵਾਪਰਦੀਆਂ ਹਨ। ਉਸ ਤੋਂ ਬਾਅਦ ਪੰਜਾਬ, ਮਹਾਰਾਸ਼ਟਰ, ਜੰਮੂ-ਕਸ਼ਮੀਰ, ਉੜੀਸਾ, ਝਾਰਖੰਡ ਆਦਿ ਸ਼ਾਮਲ ਹਨ।
ਸਾਲ 2011 ਵਿਚ ਦਿੱਲੀ ਅੰਦਰੋਂ ਹੀ 5111 ਬੱਚੇ ਗ਼ਾਇਬ ਹੋਏ। ਮੱਧ ਪ੍ਰਦੇਸ਼ ਵਿਚੋਂ 7797 ਤੇ ਪੱਛਮੀ ਬੰਗਾਲ ਵਿਚੋਂ 12 ਹਜ਼ਾਰ ਬੱਚੇ ਗ਼ਾਇਬ ਹੋਏ। 2008 ਤੋਂ ਲੈ ਕੇ 2010 ਵਿਚਕਾਰ ਗ਼ਾਇਬ ਹੋਏ 41546 ਬੱਚਿਆਂ ਦੀ ਕੋਈ ਖ਼ਬਰ ਹੀ ਨਹੀਂ ਹੈ।
ਇਸ ਮਾਮਲੇ ਵਿਚ ਪੰਜਾਬ ਦੀ ਸਥਿਤੀ ਸਭ ਤੋਂ ਮਾੜੀ ਹੈ। ਕ੍ਰਾਈਮ ਵਿਭਾਗ ਦੀ ਰਿਪੋਰਟ ਮੁਤਾਬਕ ਸਾਲ 1992 ਤੋਂ ਲੈ ਕੇ ਸਾਲ 2012 ਤੱਕ ਗ਼ਾਇਬ ਹੋਏ ਸੈਂਕੜੇ ਲੋਕਾਂ ਦਾ ਕੋਈ ਪਤਾ ਹੀ ਨਹੀਂ ਹੈ। ਸ਼ਹਿਰੀ ਥਾਣਾ ਮਾਨਸਾ ਅਧੀਨ 86 ਵਿਅਕਤੀ ਗੁੰਮ ਹੋਏ ਜਿਨ੍ਹਾਂ ਵਿਚੋਂ 10 ਵਿਅਕਤੀ ਮਾਰੇ ਗਏ, 37 ਵਾਪਸ ਆਏ ਤੇ ਬਾਕੀ ਅਜੇ ਵੀ ਗ਼ਾਇਬ ਹਨ। ਥਾਣਾ ਬੁਢਲਾਡਾ ਅਧੀਨ ਗੁੰਮ ਹੋਏ ਪੰਜ ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਗਈ ਤੇ ਚਾਰ ਦਾ ਕੋਈ ਪਤਾ ਨਹੀਂ ਲੱਗਿਆ। ਝੁਨੀਰ ‘ਚੋਂ ਗੁੰਮ ਹੋਏ 33 ਵਿਅਕਤੀਆਂ ਵਿਚੋਂ 16 ਵਾਪਸ ਹੀ ਨਹੀਂ ਆਏ। ਬੋਹਾ ਵਿਚ ਗੁੰਮ ਹੋਏ 28 ਵਿਅਕਤੀਆਂ ਵਿਚੋਂ 10 ਤੇ ਬੁਢਲਾਡਾ ਸ਼ਹਿਰੀ ਵਿਚੋਂ ਗੁੰਮ ਹੋਏ 37 ਵਿਅਕਤੀਆਂ ਵਿਚੋਂ 10 ਨਹੀਂ ਲੱਭੇ ਜਾ ਸਕੇ। ਜੋਗਾ ਵਿਚੋਂ ਗੁੰਮ ਹੋਏ ਤਿੰਨ ਵਿਅਕਤੀਆਂ ਵਿਚੋਂ ਕੋਈ ਵੀ ਨਹੀਂ ਲੱਭਿਆ। ਜ਼ਿਲ੍ਹਾ ਗੁਰਦਾਸਪੁਰ ਵਿਚ 219 ਵਿਅਕਤੀ ਗੁੰਮ ਹੋਏ, 165 ਨਹੀਂ ਮਿਲੇ।
ਫ਼ਰੀਦਕੋਟ ਵਿਚ 527 ਗੁੰਮ ਹੋਏ ਵਿਅਕਤੀਆਂ ਵਿਚੋਂ 442 ਵਾਪਸ ਹੀ ਨਹੀਂ ਆਏ। ਪਟਿਆਲੇ ਦੀ ਅਰਬਨ ਅਸਟੇਟ ਵਿਚੋਂ ਗੁੰਮ ਹੋਏ 20 ਵਿਅਕਤੀਆਂ ਵਿਚੋਂ ਕੋਈ ਨਹੀਂ ਲੱਭਿਆ ਜਾ ਸਕਿਆ। ਕਪੂਰਥਲਾ ਵਿਖੇ ਗ਼ਾਇਬ ਹੋਏ 80 ਵਿਅਕਤੀਆਂ ਵਿਚੋਂ ਤਕਰੀਬਨ 26 ਲਾਪਤਾ ਹਨ। ਫਗਵਾੜਾ ਵਿਚ 136 ਵਿਅਕਤੀ ਗੁੰਮ ਹੋਏ ਤੇ 74 ਨਹੀਂ ਲੱਭੇ। ਮੋਗਾ ਵਿਚ 132 ਲਾਪਤਾ ਵਿਚੋਂ 20 ਨਹੀਂ ਲੱਭੇ, ਜਲੰਧਰ ਵਿਚ 1872 ਲਾਪਤਾ ਵਿਚੋਂ 1085 ਵਿਅਕਤੀ ਅਜੇ ਵੀ ਗ਼ਾਇਬ ਹਨ। ਮੋਹਾਲੀ ਵਿਚ 982 ਵਿਚੋਂ 393 ਨਹੀਂ ਮਿਲੇ, ਬਰਨਾਲਾ ਵਿਚ 412 ਵਿਚੋਂ 217 ਤੇ ਲੁਧਿਆਣਾ ਦਿਹਾਤੀ 300 ਵਿਚੋਂ 104 ਲਾਪਤਾ ਨਹੀਂ ਮਿਲੇ। ਰੂਪਨਗਰ 205 ਵਿਚੋਂ 107 ਵਿਅਕਤੀ ਹੁਣ ਤੱਕ ਲਾਪਤਾ। ਨੂਰਪੁਰ ਬੇਦੀ ਵਿਚੋਂ ਗ਼ਾਇਬ ਹੋਏ 9 ਵਿਅਕਤੀਆਂ ਵਿਚੋਂ ਕੋਈ ਵੀ ਵਾਪਸ ਨਹੀਂ ਆਇਆ। ਸ੍ਰੀ ਆਨੰਦਪੁਰ ਸਾਹਿਬ 125 ਵਿਚੋਂ 59 ਦੀ ਵਾਪਸੀ ਨਹੀਂ ਹੋਈ। ਗੜ੍ਹਸ਼ੰਕਰ 161 ਵਿਚੋਂ 66 ਲਾਪਤਾ, ਟਾਂਡਾ ਉੜਮੁੜ 266 ਵਿਚੋਂ ਸਿਰਫ਼ 49 ਵਿਅਕਤੀਆਂ ਦੀ ਵਾਪਸੀ ਹੀ ਹੋਈ। ਮੁਕੇਰੀਆਂ ਵਿਚ 167 ਵਿਅਕਤੀ ਗਾਇਬ ਹੋਏ, 82 ਅਜੇ ਵੀ ਲਾਪਤਾ ਹਨ। ਚੱਬੇਵਾਲ ਵਿਚ 42 ਵਿਚੋਂ 22, ਦਸੂਹਾ ਵਿਚ 177 ਵਿਚੋਂ 88, ਅਮਲੋਹ ਵਿਚ 103 ਵਿਅਕਤੀਆਂ ਵਿਚੋਂ 78 ਵਿਅਕਤੀਆਂ ਦੀ ਪਰਿਵਾਰ ਵਾਲਿਆਂ ਨੂੰ ਅਜੇ ਵੀ ਉਡੀਕ ਹੈ।
ਜ਼ਿਲ੍ਹਾ ਸੰਗਰੂਰ ਵਿਚੋਂ ਗ਼ਾਇਬ ਹੋਏ 521 ਵਿਅਕਤੀ ਅਜੇ ਤੱਕ ਲਾਪਤਾ ਹਨ। ਸਦਰ ਥਾਣਾ ਫਾਜ਼ਿਲਕਾ ਅਧੀਨ ਗੁੰਮ ਹੋਏ 32 ਵਿਅਕਤੀਆਂ ਵਿਚੋਂ 22 ਲਾਪਤਾ ਹਨ।
ਸਦਰ ਥਾਣਾ ਜਲਾਲਾਬਾਦ ਅਧੀਨ ਗਾਇਬ ਹੋਏ 9 ਵਿਅਕਤੀਆਂ ਵਿਚੋਂ ਸਿਰਫ਼ ਦੋ ਹੀ ਮਿਲੇ। ਸਦਰ ਥਾਣਾ ਅਬੋਹਰ ਵਿਚ ਲਾਪਤਾ ਹੋਏ 45 ਵਿਚੋਂ 34 ਅਜੇ ਵੀ ਲਾਪਤਾ, ਸੁਲਤਾਨਵਿੰਡ ਵਿਚ 179 ਵਿਚੋਂ 91 ਵਿਅਕਤੀ ਅਜੇ ਵੀ ਲਾਪਤਾ ਹਨ। ਫਿਰੋਜ਼ਪੁਰ 528 ਵਿਅਕਤੀਆਂ ਵਿਚੋਂ 417 ਅਜੇ ਵੀ ਲਾਪਤਾ ਹਨ। ਖੰਨਾ ਵਿਖੇ ਗੁੰਮ ਹੋਏ 799 ਵਿਅਕਤੀਆਂ ਵਿਚੋਂ 659 ਅਜੇ ਵੀ ਲਾਪਤਾ ਹਨ। ਤਰਨਤਾਰਨ ਵਿਖੇ 367 ਵਿਚੋਂ 156, ਸ੍ਰੀ ਮੁਕਤਸਰ ਸਾਹਿਬ ਵਿਚ 778 ਵਿਅਕਤੀ ਗੁੰਮ ਹੋਏ ਜਿਨ੍ਹਾਂ ਵਿਚੋਂ 348 ਅਜੇ ਵੀ ਘਰ ਵਾਪਸ ਨਹੀਂ ਆਏ।
_______________________________________
ਐਫ਼ਆਈæਆਰæ ਤੋਂ ਅੱਗੇ ਕੁਝ ਨਹੀਂ ਕਰਦੀ ਪੁਲਿਸ
ਲਾਪਤਾ ਹੋਣ ਦੇ ਜ਼ਿਆਦਾਤਰ ਮਾਮਲਿਆਂ ਵਿਚ ਪੁਲਿਸ ਸਿਰਫ ਐਫ਼ਆਈæਆਰæ ਦਰਜ ਕਰਕੇ ਆਪਣੀ ਜ਼ਿੰਮੇਵਾਰੀ ਮੁਕਾ ਲੈਂਦੀ ਹੈ। ਸੂਚਨਾ ਅਧਿਕਾਰ ਐਕਟ ਤਹਿਤ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਸੰਗਰੂਰ ਅੰਦਰ ਸਾਲ 2000 ਤੋਂ ਲੈ ਕੇ ਸਾਲ 2009 ਤੱਕ 259 ਮਰਦ, 48 ਔਰਤਾਂ ਤੇ 19 ਬੱਚੇ ਗ਼ਾਇਬ ਹੋਏ ਜਿਨ੍ਹਾਂ ਦੀ ਗੁੰਮਸ਼ੁਦਗੀ ਬਾਰੇ ਪੁਲਿਸ ਥਾਣਿਆਂ ਵਿਚ ਮਾਮਲੇ ਦਰਜ ਹੋਏ। ਬਹੁ-ਗਿਣਤੀ ਲੋਕ ਅਜਿਹੇ ਹਨ ਜਿਨ੍ਹਾਂ ਦੀ ਗੁੰਮਸ਼ੁਦਗੀ ਬਾਰੇ ਪਰਿਵਾਰ ਵੱਲੋਂ ਮਾਮਲੇ ਦਰਜ ਹੀ ਨਹੀਂ ਕਰਵਾਏ ਜਾਂਦੇ। ਸਾਲ 2010 ਵਿਚ ਪੰਜਾਬ ਵਿਚੋਂ 483 ਬੱਚੇ ਗ਼ਾਇਬ ਹੋਏ ਜਿਨ੍ਹਾਂ ਵਿਚੋਂ 273 ਬੱਚਿਆਂ ਦਾ ਪਤਾ ਹੀ ਨਹੀਂ ਲੱਗ ਸਕਿਆ। ਘਰੋਂ ਗ਼ਾਇਬ ਹੋਣ ਵਾਲੇ ਬੱਚਿਆਂ ਵਿਚੋਂ 40 ਫ਼ੀਸਦੀ ਬੱਚੇ ਨਹੀਂ ਮਿਲੇ।