ਪਟਿਆਲਾ: ਨਵੀਂ ਪੀੜ੍ਹੀ ਮਾਤ ਭਾਸ਼ਾ ਪੰਜਾਬੀ ਤੋਂ ਦੂਰ ਹੁੰਦੀ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ 70 ਫੀਸਦੀ ਅੰਗਰੇਜ਼ੀ ਮਾਧਿਅਮ ਵਿਚ, 24æ5 ਫ਼ੀਸਦੀ ਪੰਜਾਬੀ ਤੇ 5æ 5 ਫ਼ੀਸਦੀ ਹਿੰਦੀ ਮਾਧਿਅਮ ਵਿਚ ਪੜ੍ਹਾਈ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਦੇ 45 ਫ਼ੀਸਦੀ ਅਧਿਆਪਕ ਅੰਗਰੇਜ਼ੀ ਵਿਚ, 35 ਫ਼ੀਸਦੀ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਰਲਵੀਂ ਭਾਸ਼ਾ ਵਿਚ, 15 ਫ਼ੀਸਦੀ ਪੰਜਾਬੀ ਵਿਚ ਤੇ ਪੰਜ ਫ਼ੀਸਦੀ ਹਿੰਦੀ ਵਿਚ ਪੜ੍ਹਾਉਂਦੇ ਹਨ।
ਪੰਜਾਬੀ ਯੂਨੀਵਰਸਿਟੀ ਦੇ 62æ5 ਫ਼ੀਸਦੀ ਵਿਦਿਆਰਥੀ ਪੰਜਾਬੀ ਬੋਲਦੇ ਹਨ, 32æ5 ਫ਼ੀਸਦੀ ਰਲਵੀਂ ਮਿਲਵੀਂ ਤੇ ਪੰਜ ਫ਼ੀਸਦੀ ਹਿੰਦੀ ਭਾਸ਼ਾ ਵਿਚ ਗੱਲਬਾਤ ਕਰਦੇ ਹਨ।
ਇਹ ਤੱਥ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਮੁਖੀ ਡਾæ ਹਰਜਿੰਦਰ ਵਾਲੀਆ ਦੀ ਅਗਵਾਈ ਵਿਚ ਕੀਤੇ ਗਏ ਸਰਵੇਖਣ ਦੌਰਾਨ ਸਾਹਮਣੇ ਆਏ ਹਨ। ਸਰਵੇਖਣ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ 71æ5 ਫ਼ੀਸਦੀ ਵਿਦਿਆਰਥੀਆਂ ਦੇ ਮਾਤਾ ਪਿਤਾ ਉਨ੍ਹਾਂ ਨੂੰ ਅੰਗਰੇਜ਼ੀ ਵਿਚ ਪੜ੍ਹਾਉਣਾ ਚਾਹੁੰਦੇ ਹਨ, ਜਦੋਂਕਿ ਪੰਜਾਬੀ ਨੂੰ ਤਰਜੀਹ ਦੇਣ ਵਾਲੇ ਮਾਪੇ ਸਿਰਫ਼ 25æ5 ਫ਼ੀਸਦੀ ਹਨ। ਪੰਜਾਬੀ ਯੂਨੀਵਰਸਿਟੀ ਦੇ 55 ਫ਼ੀਸਦੀ ਵਿਦਿਆਰਥੀ ਪੰਜਾਬੀ ਅਖ਼ਬਾਰ, 35 ਫ਼ੀਸਦੀ ਅੰਗਰੇਜ਼ੀ ਤੇ ਪੰਜ ਫੀਸਦੀ ਹਿੰਦੀ ਅਖ਼ਬਾਰ ਪੜ੍ਹਨਾ ਪਸੰਦ ਕਰਦੇ ਹਨ।
ਸਿਰਫ਼ 11 ਫ਼ੀਸਦੀ ਵਿਦਿਆਰਥੀ ਖ਼ਬਰਾਂ ਜਦ ਕਿ 62æ5 ਫ਼ੀਸਦੀ ਗੀਤ ਸੰਗੀਤ ਤੇ 21 ਫ਼ੀਸਦੀ ਫ਼ਿਲਮਾਂ ਵੇਖਦੇ ਹਨ। 75 ਫ਼ੀਸਦੀ ਵਿਦਿਆਰਥੀ ਰੇਡਿਓ ਨਹੀਂ ਸੁਣਦੇ। ਸਰਵੇਖਣ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ 41 ਫ਼ੀਸਦੀ ਵਿਦਿਆਰਥੀ ਪੰਜਾਬੀ ਵਰਨਮਾਲਾ ਦੇ ਅੱਖਰਾਂ ਦੀ ਗਿਣਤੀ ਨਹੀਂ ਦਸ ਸਕੇ। ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਬਾਰੇ ਸਿਰਫ਼ 25 ਫ਼ੀਸਦੀ ਵਿਦਿਆਰਥੀਆਂ ਨੂੰ ਹੀ ਪਤਾ ਹੈ। ਖ਼ਾਲਸਾ ਰਾਜ ਸਮੇਂ ਦਫ਼ਤਰੀ ਕੰਮਾਂ ਵਿਚ ਵਰਤੀ ਜਾਣ ਵਾਲੀ ਭਾਸ਼ਾ ਬਾਰੇ ਸਿਰਫ਼ 12æ5 ਫ਼ੀਸਦੀ ਵਿਦਿਆਰਥੀਆਂ ਨੂੰ ਹੀ ਪਤਾ ਹੈ।
ਪੰਜਾਬੀ ਦੇ ਲੇਖਕਾਂ ਵਿਚੋਂ 33 ਫ਼ੀਸਦੀ ਵਿਦਿਆਰਥੀ ਸ਼ਿਵ ਕੁਮਾਰ ਨੂੰ, 20 ਫੀਸਦੀ ਅੰਮ੍ਰਿਤਾ ਪ੍ਰੀਤਮ ਨੂੰ, 18 ਫ਼ੀਸਦੀ ਸੁਰਜੀਤ ਪਾਤਰ ਨੂੰ, 10 ਫ਼ੀਸਦੀ ਨਰਿੰਦਰ ਸਿੰਘ ਕਪੂਰ ਨੂੰ ਪੜ੍ਹਨਾ ਪਸੰਦ ਕਰਦੇ ਹਨ। 57æ5 ਫ਼ੀਸਦੀ ਨੇ ਸਿਲੇਬਸਾਂ ਤੋਂ ਬਿਨਾਂ ਕਦੇ ਕੋਈ ਕਿਤਾਬ ਨਹੀਂ ਪੜ੍ਹੀ। 56 ਫ਼ੀਸਦੀ ਨੇ ਆਪਣੇ ਵਿਆਹ ਦਾ ਸੱਦਾ ਪੱਤਰ ਅੰਗਰੇਜ਼ੀ ਵਿਚ ਛਪਾਉਣ ਬਾਰੇ ਕਿਹਾ। 80 ਫ਼ੀਸਦੀ ਵਿਦਿਆਰਥੀਆਂ ਅਨੁਸਾਰ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਉਣਾ ਚਾਹੁਣਗੇ। 23æ5 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਲਿਪੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਣ ਬਾਰੇ 25 ਪ੍ਰਤੀਸ਼ਤ ਨੂੰ ਕੋਈ ਜਾਣਕਾਰੀ ਨਹੀਂ। ਇਸ ਦੇ ਬਾਵਜੂਦ ਯੂਨੀਵਰਸਿਟੀ ਦੇ 60 ਫੀਸਦੀ ਵਿਦਿਆਰਥੀ ਪੰਜਾਬੀ ਵਿਚ ਭਾਸ਼ਣ ਦੇਣਾ ਚਾਹੁੰਦੇ ਹਨ।
________________________________________________
ਪੰਜਾਬੀ ਵਿਰੋਧੀ ਸਕੂਲਾਂ ਖ਼ਿਲਾਫ਼ ਧਰਨੇ ਦੇਣ ਦਾ ਫੈਸਲਾ
ਜਲੰਧਰ: ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਨੇ ਉਨ੍ਹਾਂ ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਵਿਰੁੱਧ ਜੁਲਾਈ ਦੇ ਤੀਜੇ ਹਫ਼ਤੇ ਰੋਸ ਧਰਨੇ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿਚ 2008 ਦੇ ਰਾਜ ਭਾਸ਼ਾ (ਸੋਧ) ਕਾਨੂੰਨ ਦੀ ਧਾਰਾ ਅਨੁਸਾਰ ਪਹਿਲੀ ਤੋਂ ਦਸਵੀਂ ਤੱਕ ਅਜੇ ਵੀ ਪੰਜਾਬੀ ਨੂੰ ਇਕ ਵਿਸ਼ੇ ਵਜੋਂ ਲਾਗੂ ਨਹੀਂ ਕੀਤਾ। ਇਨ੍ਹਾਂ ਧਰਨਿਆਂ ਦੀ ਮੁੱਖ ਮੰਗ ਇਹ ਹੋਵੇਗੀ ਕਿ ਪੰਜਾਬ ਦੀ ਧਰਤੀ ਉਤੇ ਖੁਲ੍ਹੇ ਕਿਸੇ ਵੀ ਸਕੂਲ ਵਿਚ ਪੰਜਾਬੀ ਬੋਲਣ ਉਤੇ ਪਾਬੰਦੀ ਨਾ ਲਾਈ ਜਾਵੇ ਤੇ ਨਾ ਹੀ ਕਿਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ। ਇਹ ਫੈਸਲਾ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦੀ ਡਾæ ਜੋਗਿੰਦਰ ਸਿੰਘ ਪੁਆਰ ਸਾਬਕਾ ਉੱਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ ਅਗਸਤ ਜਾਂ ਸਤੰਬਰ ਮਹੀਨੇ ਵਿਚ ਪੰਜਾਬੀ ਭਵਨ ਲੁਧਿਆਣਾ ਵਿਚ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਵੱਲੋਂ ਦੂਜੀ ਭਾਸ਼ਾ ਕਨਵੈਨਸ਼ਨ ਕੀਤੀ ਜਾਵੇਗੀ।