ਬੂਟਾ ਸਿੰਘ
ਫੋਨ: +91-94634-74342
ਨਰਿੰਦਰ ਮੋਦੀ ਦੀ ਅਗਵਾਈ ਹੇਠ ਭਗਵੇਂ ਬ੍ਰਿਗੇਡ ਵਲੋਂ ਮੁਲਕ ਵਿਚ ਅਣਐਲਾਨੀ ਤਾਨਾਸ਼ਾਹੀ ਨੂੰ ਅੰਜਾਮ ਦਿੰਦੇ ਹੋਏ ਕਿਸ ਤਰ੍ਹਾਂ ਜਮਹੂਰੀ ਵਿਰੋਧ ਤੇ ਵੱਖਰੇ ਖ਼ਿਆਲਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ, ਇਸ ਦੀ ਹਾਲੀਆ ਉਘੜਵੀਂ ਮਿਸਾਲ ਆਈæਆਈæਟੀæ (ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ) ਮਦਰਾਸ ਦੇ ਪ੍ਰਸ਼ਾਸਨ ਵਲੋਂ Ḕਅੰਬੇਡਕਰ-ਪੇਰੀਅਰ ਸਟੱਡੀ ਸਰਕਲḔ ਦੀ ਮਾਨਤਾ ਖ਼ਤਮ ਕਰਨ ਦੀ ਕਾਰਵਾਈ ਹੈ। ਇਹ ਸਟੱਡੀ ਸਰਕਲ ਜਾਗਰੂਕ ਅਗਾਂਹਵਧੂ ਖ਼ਿਆਲਾਂ ਦੇ ਵਿਦਿਆਰਥੀਆਂ ਦਾ ਗਰੁਪ ਹੈ ਜੋ 14 ਅਪਰੈਲ 2014 ਵਿਚ ਬਣਾਇਆ ਗਿਆ ਸੀ।
ਇਸ ਦਾ ਮਨੋਰਥ ਵਿਚਾਰ-ਚਰਚਾ ਦੇ ਜ਼ਰੀਏ ਵਿਦਿਆਰਥੀਆਂ ਵਿਚ ਚੇਤਨਾ ਅਤੇ ਰਾਜਸੀ ਸੂਝ ਦਾ ਸੰਚਾਰ ਕਰਨਾ ਹੈ। ਇਸ ਗਰੁਪ ਦੀਆਂ ਪਿਛਲੇ ਇਕ ਸਾਲ ਦੀਆਂ ਸਰਗਰਮੀਆਂ ਇਸ ਚੌਖਟੇ ਵਿਚ ਹੀ ਰਹੀਆਂ ਹਨ ਅਤੇ ਉਨ੍ਹਾਂ ਨੇ ਸਮਾਜ ਦੇ ਭਖਦੇ ਸਰੋਕਾਰਾਂ ਤੇ ਸਵਾਲਾਂ ਬਾਰੇ ਵਿਦਵਾਨਾਂ ਨੂੰ ਬੁਲਾ ਕੇ ਗੰਭੀਰ ਸੰਵਾਦ ਰਚਾਏ ਹਨ।
ਸਵਾਲ ਇਹ ਹੈ ਕਿ ਸੰਸਥਾ ਦੇ ਪ੍ਰਸ਼ਾਸਨ ਨੂੰ ਇਸ ਚਰਚਾ ਗਰੁਪ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ਕਿਉਂ ਪਈ ਜਦਕਿ ਉਥੇ ਵੱਖੋ-ਵੱਖਰੇ ਸਿਆਸੀ ਖ਼ਿਆਲਾਂ ਦੇ ਹੋਰ ਗਰੁਪ ਵੀ ਬਣੇ ਹੋਏ ਹਨ ਜੋ ਆਪੋ-ਆਪਣੀ ਮਨਪਸੰਦ ਵਿਚਾਰਧਾਰਾ ਨੂੰ ਪੁਰਜ਼ੋਰ ਪ੍ਰਚਾਰਦੇ ਹਨ। ਪ੍ਰਸ਼ਾਸਨ ਨੂੰ ਵਿਵੇਕਾਨੰਦ ਸਟੱਡੀ ਸਰਕਲ ਵਰਗੇ ਗਰੁਪਾਂ ਦੀਆਂ ਹਮਲਾਵਰ ਕਾਰਵਾਈਆਂ ਇਤਰਾਜ਼ਯੋਗ ਕਿਉਂ ਨਹੀਂ ਲੱਗਦੀਆਂ? ਸਿਰਫ਼ ਅੰਬੇਡਕਰ-ਪੇਰੀਅਰ ਗਰੁਪ ਦੀਆਂ ਸੰਵਾਦ ਸਰਗਰਮੀਆਂ ਹੀ ਉਨ੍ਹਾਂ ਨੂੰ ਕਿਉਂ ਚੁਭਦੀਆਂ ਹਨ?
ਇਸ ਕਾਰਵਾਈ ਦਾ ਆਧਾਰ ਸੰਸਥਾ ਦੇ ਕੁਝ ਵਿਦਿਆਰਥੀਆਂ ਵਲੋਂ ਲਿਖੇ ਬੇਨਾਮ ਖ਼ਤ ਨੂੰ ਬਣਾਇਆ ਗਿਆ ਜੋ ਮਨੁੱਖੀ ਵਸੀਲੇ ਅਤੇ ਵਿਕਾਸ ਮੰਤਰਾਲੇ ਨੂੰ ਲਿਖਿਆ ਗਿਆ ਸੀ। ਇਸ ਵਿਚ ਸਟੱਡੀ ਸਰਕਲ ਦੀਆਂ ਸਰਗਰਮੀਆਂ ‘ਤੇ ਇਤਰਾਜ਼ ਕੀਤਾ ਗਿਆ ਸੀ ਕਿ ਇਹ Ḕਐਸ਼ਟੀæ, ਐਸ਼ਸੀæ ਅਤੇ ਹਿੰਦੂ ਵਿਦਿਆਰਥੀਆਂ ਦੀ ਪਾਲਾਬੰਦੀ ਕਰਨ ਦਾ ਯਤਨ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਮਨੁੱਖੀ ਵਸੀਲੇ ਤੇ ਵਿਕਾਸ ਮੰਤਰਾਲੇ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਉਕਸਾ ਕੇ ਜਾਤ ਦੇ ਨਾਂ ‘ਤੇ ਵਿਦਿਆਰਥੀਆਂ ਅੰਦਰ ਨਫ਼ਰਤ ਪੈਦਾ ਕਰ ਰਿਹਾ ਹੈæææਮਾਣਯੋਗ ਪ੍ਰਧਾਨ ਮੰਤਰੀ ਅਤੇ ਹਿੰਦੂਆਂ ਦੇ ਖ਼ਿਲਾਫ਼ ਨਫ਼ਰਤ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ।’ ਖ਼ਤ ਵਿਚ ਖ਼ਾਸ ਤੌਰ ‘ਤੇ ਅੰਬੇਡਕਰ ਜੈਅੰਤੀ ਮੀਟਿੰਗ ਅਤੇ ਇਸ ਮਨੋਰਥ ਲਈ ਇਸਤੇਮਾਲ ਕੀਤੇ ਗਏ ਇਸ਼ਤਿਹਾਰਾਂ ਦਾ ਜ਼ਿਕਰ ਕੀਤਾ ਗਿਆ।
ਚੇਤੇ ਰਹੇ, 14 ਅਪਰੈਲ ਨੂੰ ਇਸ ਗਰੁਪ ਨੇ ਅੰਬੇਡਕਰ ਜੈਅੰਤੀ ਮੌਕੇ ਵਿਚਾਰ-ਚਰਚਾ ਕੀਤੀ ਸੀ ਜਿਸ ਵਿਚ ਕੁਪਮ ਯੂਨੀਵਰਸਿਟੀ ਆਂਧਰਾ ਪ੍ਰਦੇਸ਼ ਤੋਂ ਡਾæ ਆਰæ ਵਿਵੇਕਾਨੰਦ ਗੋਪਾਲ ਨੂੰ ਮੁੱਖ ਵਕਤਾ ਵਜੋਂ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮਾਰਚ 2015 ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਵਿਸ਼ਾ-ਮਾਹਰ ਡਾæ ਚਮਨ ਲਾਲ ਨੂੰ ਸੱਦਿਆ ਗਿਆ ਸੀ ਜੋ ਸ਼ਹੀਦ ਭਗਤ ਸਿੰਘ ਬਾਰੇ ਮਸ਼ਹੂਰ ਵਿਦਵਾਨ ਹੈ ਅਤੇ ਅੱਜ ਕੱਲ੍ਹ ਹਿੰਦੁਸਤਾਨੀ ਦਲਿਤ ਸਾਹਿਤ ਉਪਰ ਕੰਮ ਕਰ ਰਿਹਾ ਹੈ। ਮੰਤਰਾਲੇ ਨੇ ਫਟਾਫਟ ਸੰਸਥਾ ਪ੍ਰਸ਼ਾਸਨ ਨੂੰ ਖ਼ਤ ਲਿਖ ਭੇਜਿਆ ਕਿ Ḕਆਈæਆਈæਟੀæ-ਮਦਰਾਸ ਦੇ ਕੈਂਪਸ ਵਿਚ ਅੰਬੇਡਕਰ ਪੇਰੀਅਰ ਨਾਂ ਦੇ ਵਿਦਿਆਰਥੀ ਗਰੁਪ ਵਲੋਂ ਵਿਵਾਦਪੂਰਨ ਇਸ਼ਤਿਹਾਰ ਤੇ ਪੈਂਫਲੈਟ ਵੰਡਣ ਅਤੇ ਵਿਦਿਆਰਥੀਆਂ ਵਿਚ ਨਫ਼ਰਤ ਪੈਦਾ ਕਰਨḔ ਵਿਚ ਜੁਟਿਆ ਹੋਇਆ ਹੈ। ਹੁਣ ਭਾਵੇਂ ਮੰਤਰਾਲੇ ਦੀ ਮੁਖੀ ਸਮ੍ਰਿਤੀ ਇਰਾਨੀ ਸਪਸ਼ਟੀਕਰਨ ਦਿੰਦਿਆਂ ਕਹਿ ਰਹੀ ਹੈ ਕਿ ਉਸ ਦੇ ਮੰਤਰਾਲੇ ਨੇ ਇਸ ਵਿਦਿਆਰਥੀ ਗਰੁਪ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਨਹੀਂ ਕਿਹਾ, ਉਸ ਨੇ ਤਾਂ ਮਹਿਜ਼ ਕੁਝ ਅਣਪਛਾਤੇ ਵਿਦਿਆਰਥੀਆਂ ਵਲੋਂ ਮੰਤਰਾਲੇ ਨੂੰ ਲਿਖੇ ਖ਼ਤ ਨੂੰ ਸੰਸਥਾ ਦੇ ਪ੍ਰਸ਼ਾਸਨ ਨੂੰ ਭੇਜ ਦਿੱਤਾ ਸੀ। ਹਕੀਕਤ ਇਹ ਹੈ ਕਿ ਮੰਤਰਾਲੇ ਦੇ ਖ਼ਤ ਦੇ ਆਧਾਰ ‘ਤੇ ਸੰਸਥਾ ਦੇ ਡੀਨ ਨੇ ਸੱਤ ਦਿਨਾਂ ਪਿਛੋਂ ਹੀ ਅੰਬੇਡਕਰ-ਪੇਰੀਅਰ ਸਟੱਡੀ ਸਰਕਲ ਨੂੰ ਈ-ਮੇਲ ਭੇਜ ਕੇ ਵਿਦਿਆਰਥੀ ਜਥੇਬੰਦੀ ਵਜੋਂ ਉਸ ਦੀ ਮਾਨਤਾ ਰੱਦ ਕਰਨ ਦਾ ਨੋਟਿਸ ਭੇਜ ਦਿੱਤਾ। ਸੰਸਥਾ ਪ੍ਰਸ਼ਾਸਨ ਵਲੋਂ ਗਰੁਪ ਉਪਰ ਲਗਾਏ Ḕਸਹੂਲਤਾਂ ਦੀ ਦੁਰਵਰਤੋਂḔ ਦੇ ਇਲਜ਼ਾਮ ਦੀ ਕੋਈ ਵਿਆਖਿਆ ਨਹੀਂ ਦਿੱਤੀ ਗਈ। ਪਿਛੋਂ ਜਦੋਂ ਗਰੁਪ ਵਲੋਂ ਇਸ ਬਾਬਤ ਸਵਾਲ ਉਠਾਇਆ ਗਿਆ, ਫਿਰ ਮੀਡੀਆ ਦੇ ਨਾਂ ਬਿਆਨ ਜਾਰੀ ਕਰ ਕੇ ਕਿਹਾ ਗਿਆ ਕਿ ਸਟੱਡੀ ਸਰਕਲ ਨੇ ਮੀਟਿੰਗਾਂ ਜਥੇਬੰਦ ਕਰਦੇ ਵਕਤ ਇਸ ਸਬੰਧੀ ਸੰਸਥਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ।
ਬੇਨਾਮੀ ਖ਼ਤ ਨੂੰ ਕਾਰਵਾਈ ਦਾ ਆਧਾਰ ਬਣਾਏ ਜਾਣ ਅਤੇ ਸਬੰਧਤ ਵਿਦਿਆਰਥੀ ਗਰੁਪ ਨੂੰ ਆਪਣਾ ਪੱਖ ਪੇਸ਼ ਕਰਨ ਦਾ ਕੋਈ ਮੌਕਾ ਹੀ ਨਾ ਦੇਣ ਤੋਂ ਹੀ ਸਪਸ਼ਟ ਹੈ ਕਿ ਮਾਨਤਾ ਰੱਦ ਕਰਨ ਵਾਲਿਆਂ ਦੇ ਇਰਾਦੇ ਕੀ ਹਨ। ਅਸਲੀਅਤ ਇਹ ਹੈ ਕਿ ਇਹ ਉਸ ਵਿਆਪਕ ਹਮਲਾਵਰ ਹਿੰਦੂਤਵੀ ਮੁਹਿੰਮ ਦਾ ਹਿੱਸਾ ਹੈ ਜਿਸ ਤਹਿਤ ਕਦੇ ਤਾਂ ਮਸ਼ਹੂਰ ਅਮਰੀਕੀ ਵੈਂਡੀ ਡੌਨੀਗਰ ਦੀ ਕਿਤਾਬ ਬੁੱਕ ਸਟੋਰਾਂ ਤੋਂ ਵਾਪਸ ਮੰਗਵਾ ਕੇ ਨਸ਼ਟ ਕਰਵਾਈ ਜਾਂਦੀ ਹੈ, ਕਦੇ ਤਾਮਿਲ ਲੇਖਕ ਨੂੰ ਡਰਾ-ਧਮਕਾ ਕੇ ਲਿਖਣਾ ਬੰਦ ਕਰਨ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਕਿਤੇ ਦੀਨਾਨਾਥ ਬਤਰਾ ਦੀਆਂ ਵਾਹਯਾਤ ਕਿਤਾਬਾਂ ਸਕੂਲੀ ਸਿਲੇਬਸ ਉਪਰ ਥੋਪੀਆਂ ਜਾਂਦੀਆਂ ਹਨ ਅਤੇ ਜਿਸ ਤਹਿਤ ਆਏ ਦਿਨ ਹਿੰਦੂਤਵੀ ਕੈਂਪ ਦਾ ਕੋਈ ਨਾ ਕੋਈ ਤਰਜਮਾਨ, ਸਾਧਵੀ ਜਾਂ ਸਾਧ ਬੇਖ਼ੌਫ਼ ਜ਼ਹਿਰ ਉਗਲਦਾ ਹੈ।
ਇਹ ਕਾਰਵਾਈ ਹਿੰਦੂਤਵੀ ਕੈਂਪ ਦੇ ਅਸਲ ਚਿਹਰੇ ਨੂੰ ਪਛਾਣਨ ਦਾ ਪੈਮਾਨਾ ਵੀ ਹੈ ਜੋ ਇਕ ਪਾਸੇ ਤਾਂ ਦਲਿਤ ਭਾਈਚਾਰੇ ਨੂੰ ਵਰਗਲਾਉਣ ਤੇ ਗੁੰਮਰਾਹ ਕਰਨ ਲਈ ਡਾæ ਅੰਬੇਡਕਰ ਦਾ 125ਵਾਂ ਜਨਮ ਦਿਨ ਮਨਾਉਣ ਲਈ ਸੈਂਕੜੇ ਕਰੋੜ ਰੁਪਏ ਉਸ ਦੀਆਂ ਯਾਦਗਾਰਾਂ ‘ਤੇ ਖ਼ਰਚਣ ਦੇ ਐਲਾਨ ਕਰ ਰਿਹਾ ਹੈ (ਲੰਡਨ ਵਿਚ ਉਹ ਘਰ ਖ਼ਰੀਦਿਆ ਜਾ ਰਿਹਾ ਹੈ ਜਿਥੇ ਅੰਬੇਡਕਰ ਕਦੇ ਰਿਹਾ ਸੀ, 197 ਕਰੋੜ ਰੁਪਏ ਰਾਜਧਾਨੀ ਵਿਚ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਉਸਾਰਨ ਲਈ ਅਤੇ 99 ਕਰੋੜ ਰੁਪਏ ਅਲੀਪੁਰ, ਦਿੱਲੀ ਵਿਚ ਅੰਬੇਡਕਰ ਦੀ ਯਾਦਗਾਰ ਬਣਾਉਣ ਲਈ ਰਾਖਵੇਂ ਰੱਖੇ ਗਏ ਹਨ); ਦੂਜੇ ਪਾਸੇ ਅੰਬੇਡਕਰ-ਪੇਰੀਅਰ ਦੇ ਖ਼ਿਆਲਾਂ ਨੂੰ ਫੈਲਾਉਣ ਲਈ ਸਰਗਰਮ ਵਿਦਿਆਰਥੀ ਗਰੁਪਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਦਰਅਸਲ, ਇਹ ਮਹਿਜ਼ ਸਟੱਡੀ ਸਰਕਲ ਦੀਆਂ ਸਰਗਰਮੀਆਂ ਨੂੰ ਦਬਾਉਣ ਦਾ ਬਹਾਨਾ ਹੈ। ਕੈਂਪਸ ਵਿਚ ਸਰਗਰਮ ਹਰ ਵਿਦਿਆਰਥੀ ਗਰੁਪ ਆਪਣੀ ਪ੍ਰਚਾਰ ਸਮੱਗਰੀ ਵਿਚ Ḕਆਈæਆਈæਟੀæ ਮਦਰਾਸḔ ਦਾ ਜ਼ਿਕਰ ਕਰਦਾ ਹੈ। ਵਿਵੇਕਾਨੰਦ ਸਟੱਡੀ ਸਰਕਲ ਵਰਗੇ ਪਿਛਾਂਹਖਿੱਚੂ ਖ਼ਿਆਲਾਂ ਦੇ ਗਰੁਪ ਦੀ ਵੈਬ-ਸਾਈਟ ਸੰਸਥਾ ਦਾ ਨਾਂ ਉਭਰਵੇਂ ਰੂਪ ‘ਚ ਇਸਤੇਮਾਲ ਕੀਤਾ ਗਿਆ ਹੈ। ਸਵਾਲ ਇਹ ਹੈ ਕਿ ਸੰਸਥਾ ਦਾ ਜ਼ਾਬਤਾ ਸਿਰਫ਼ ਇਕ ਵਿਦਿਆਰਥੀ ਗਰੁਪ ਉਪਰ ਹੀ ਕਿਉਂ ਲਾਗੂ ਕੀਤਾ ਗਿਆ ਹੈ? ਇਸ ਦੀ ਵਜ੍ਹਾ ਸਿਆਸੀ ਹੈ। ḔਵਿਵੇਕਾਨੰਦḔ, ḔਧਰੁਵḔ ਅਤੇ ḔਸੰਤੁਲਨḔ ਵਰਗੇ ਪਿਛਾਂਹਖਿੱਚੂ ਗਰੁਪ ਸੰਸਥਾ ਦੇ ਪ੍ਰਸ਼ਾਸਨ ਦੇ ਚਹੇਤੇ ਗਰੁਪ ਹੋਣ ਕਾਰਨ ਨਾ ਸਿਰਫ਼ ਉਨ੍ਹਾਂ ਦੀਆਂ ਘੋਰ ਉਲੰਘਣਾਵਾਂ ਮਾਫ਼ ਹਨ ਸਗੋਂ ਉਨ੍ਹਾਂ ਦੀ ਪੁਸ਼ਤ-ਪਨਾਹੀ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਸਰਗਰਮੀਆਂ ਸਥਾਪਤੀ ਦੇ ਭਗਵੇਂਕਰਨ ਦੇ ਆਪਣੇ ਪਿਛਾਂਹਖਿੱਚੂ ਏਜੰਡੇ ਨੂੰ ਰਾਸ ਆਉਂਦੀਆਂ ਹਨ। ਸੰਸਥਾ ਦਾ ਪ੍ਰਸ਼ਾਸਨ ਤਾਂ ਖ਼ੁਦ ਸੰਸਥਾ ਨੂੰ ਭਗਵੇਂ ਰੰਗ ਵਿਚ ਰੰਗਣ ਦੇ ਯਤਨਾਂ ਵਿਚ ਲੱਗਿਆ ਹੋਇਆ ਹੈ।
ਅੰਬੇਡਕਰ-ਪੇਰੀਅਰ ਸਟੱਡੀ ਸਰਕਲ ਮੋਦੀ ਹਕੂਮਤ ਅਤੇ ਸੰਸਥਾ ਪ੍ਰਸ਼ਾਸਨ ਦੀਆਂ ਲੋਕ ਵਿਰੋਧੀ ਪਿਛਾਂਹਖਿੱਚੂ ਕਾਰਵਾਈਆਂ ਅਤੇ ਮੋਦੀ ਹਕੂਮਤ ਦੇ ਹਿੰਦੂਤਵ+ਕਾਰਪੋਰੇਟ ਏਜੰਡੇ ਦਾ ਸਖ਼ਤ ਆਲੋਚਕ ਹੈ। ਮਨੁੱਖੀ ਵਸੀਲੇ ਤੇ ਵਿਕਾਸ ਮੰਤਰਾਲੇ ਵਲੋਂ ਕੈਂਪਸਾਂ ਅੰਦਰ ਵੱਖਰੀਆਂ ਸ਼ਾਕਾਹਾਰੀ ਮੈੱਸ ਬਣਾਏ ਜਾਣ, ਇਮਾਰਤਾਂ ਦੇ ਨਾਂਵਾਂ ਦੇ ਬੋਰਡ ਸੰਸਕ੍ਰਿਤ ਵਿਚ ਲਿਖਵਾਏ ਜਾਣ ਅਤੇ ਪਿਛਾਂਹਖਿੱਚੂ ਖ਼ਿਆਲਾਂ ਨੂੰ ਪ੍ਰਚਾਰਨ ਵਾਲੇ ਵਿਦਿਆਰਥੀ ਗਰੁਪਾਂ ਨੂੰ ਸ਼ਹਿ ਤੇ ਸਰਪ੍ਰਸਤੀ ਦੇਣ ਦੀਆਂ ਕਾਰਵਾਈਆਂ ਦਾ ਉਸ ਵਲੋਂ ਤਿੱਖਾ ਵਿਰੋਧ ਕੀਤਾ ਜਾਂਦਾ ਰਿਹਾ ਹੈ।
ਸੰਸਥਾ ਦਾ ਪ੍ਰਸ਼ਾਸਨ ਅਤੇ ਹਿੰਦੂਤਵੀ ਤਾਕਤਾਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਵਿਦਿਆਰਥੀਆਂ ਅੰਦਰ ਅਗਾਂਹਵਧੂ ਖ਼ਿਆਲਾਂ ਦਾ ਸੰਚਾਰ ਕਰਨ ਵਾਲੇ ਮੰਚ ਉਨ੍ਹਾਂ ਲਈ ਸਭ ਤੋਂ ਵੱਡਾ ਅੜਿੱਕਾ ਹਨ। ਉਨ੍ਹਾਂ ਦਾ ਡਰ ਨਿਰਾਧਾਰ ਨਹੀਂ ਹੈ। ਇਹ ਰੈਡੀਕਲ ਖ਼ਿਆਲਾਂ ਦੇ ਵਿਦਿਆਰਥੀ ਹੀ ਹਨ ਜੋ ਉਚੇਰੀ ਸਿੱਖਿਆ ਦੀਆਂ ਸੰਸਥਾਵਾਂ ਅੰਦਰ ਹਿੰਦੂਤਵੀ ਗਰੋਹਾਂ ਸਮੇਤ ਹਰ ਤਰ੍ਹਾਂ ਦੀਆਂ ਪਿਛਾਖੜੀ ਤਾਕਤਾਂ ਦਾ ਬਾਦਲੀਲ ਵਿਰੋਧ ਕਰ ਰਹੇ ਹਨ ਅਤੇ ਵਿਦਿਆਰਥੀਆਂ ਅੰਦਰ ਨਫ਼ਰਤ ਦੀ ਹਿੰਦੂਤਵੀ ਵਿਚਾਰਧਾਰਾ ਦੇ ਪਸਾਰੇ ਨੂੰ ਰੋਕਣ ਲਈ ਸਰਗਰਮ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਯਾਦਵਪੁਰ ਯੂਨੀਵਰਸਿਟੀ ਆਦਿ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਰੌਸ਼ਨ-ਖ਼ਿਆਲ ਵਿਦਿਆਰਥੀਆਂ ਦੇ ਗਰੁਪ ਮੁੱਖ-ਧਾਰਾ ਸਿਆਸਤ ਅਤੇ ਹਿੰਦੂਤਵੀ ਕੈਂਪ ਵਿਰੁਧ ਵਿਚਾਰਧਾਰਕ-ਸਿਆਸੀ ਜੱਦੋਜਹਿਦ ਕਰਨ ਅਤੇ ਹਿੰਦੂਤਵ-ਕਾਰਪੋਰੇਟ ਗੱਠਜੋੜ ਨੂੰ ਚੁਣੌਤੀ ਦੇਣ ਵਾਲੀਆਂ ਮੋਹਰੀ ਟੁਕੜੀਆਂ ਵਿਚ ਸ਼ੁਮਾਰ ਹਨ। ਇਹ ਵੀ ਤੈਅ ਹੈ ਕਿ ਜਿਉਂ-ਜਿਉਂ ਭਵਿੱਖ ਵਿਚ ਪਿਛਾਖੜੀ ਤਾਕਤਾਂ ਦੇ ਪ੍ਰਚਾਰ ਹਮਲੇ ਤੇਜ਼ ਹੋਣਗੇ, ਉਨ੍ਹਾਂ ਨਾਲ ਸਖ਼ਤ ਟੱਕਰ ਵੀ ਖੱਬੇ-ਪੱਖੀ ਗਰੁਪ ਹੀ ਲੈਣਗੇ। ਇਹ ਕਾਰਵਾਈ ਇਹ ਮਨਹੂਸ ਇਸ਼ਾਰਾ ਵੀ ਹੈ ਕਿ ਆਉਣ ਵਾਲੇ ਵਕਤ ਵਿਚ ਅਗਾਂਹਵਧੂ ਖ਼ਿਆਲਾਂ ਦੇ ਧਾਰਨੀਆਂ ਲਈ ਮੋਦੀ ਦੇ ਰਾਜ ਵਿਚ ਕਿਸ ਤਰ੍ਹਾਂ ਦੇ ਖ਼ਤਰੇ ਵਜੂਦ-ਸਮੋਏ ਹੋਏ ਹਨ। ਪਿਛਾਖੜੀ ਹਿੰਦੂਤਵੀ ਕੈਂਪ ਅਗਾਂਹਵਧੂ ਤਾਕਤਾਂ ਵਿਰੁਧ ਖੁੱਲ੍ਹੇਆਮ ਫਾਸ਼ੀਵਾਦੀ ਹਮਲਿਆਂ ਲਈ ਸਮਾਜੀ ਆਧਾਰ ਤਿਆਰ ਕਰਨ ‘ਚ ਜੁਟਿਆ ਹੋਇਆ ਹੈ। ਇਨਕਲਾਬੀ-ਜਮਹੂਰੀ ਤਾਕਤਾਂ ਦੀ ਪੇਸ਼ਕਦਮੀ ਅਤੇ ਉਨ੍ਹਾਂ ਵਲੋਂ ਹਿੰਦੂਤਵੀ-ਕਾਰਪੋਰੇਟ ਗੱਠਜੋੜ ਦੇ ਵਿਰੋਧ ਨੂੰ ਰੋਕਣ ਲਈ ਰਾਜਕੀ ਹਥਿਆਰਬੰਦ ਮਸ਼ੀਨਰੀ ਦੇ ਨਾਲ-ਨਾਲ ਹਿੰਦੂਤਵੀ ਮਿਲੀਸ਼ੀਆ ਨੂੰ ਹਰਕਤ ਵਿਚ ਲਿਆਂਦਾ ਜਾਵੇਗਾ।
ਮੁਲਕ ਦੀਆਂ ਅਗਾਂਹਵਧੂ ਤਾਕਤਾਂ ਵਲੋਂ ਇਸ ਧੱਕੜ ਕਾਰਵਾਈ ਵਿਰੁਧ ਆਵਾਜ਼ ਉਠਾਏ ਜਾਣ ਅਤੇ ਹੋਣ ਵਾਲੀ ਬਦਨਾਮੀ ਨੂੰ ਦੇਖਦਿਆਂ ਭਾਵੇਂ ਆਈæਆਈæਟੀæ ਪ੍ਰਸ਼ਾਸਨ ਥੋੜ੍ਹਾ ਪਿੱਛੇ ਹਟਿਆ ਹੈ ਅਤੇ ਮਨੁੱਖੀ ਵਸੀਲੇ ਤੇ ਵਿਕਾਸ ਮੰਤਰਾਲੇ ਨੇ ਵੀ ਇਸ ਕਾਰਵਾਈ ਨਾਲ ਕੋਈ ਸਬੰਧ ਹੋਣ ਤੋਂ ਪੱਲਾ ਝਾੜਨ ਦਾ ਰੱਖਿਆਤਮਕ ਪੈਂਤੜਾ ਅਖ਼ਤਿਆਰ ਕੀਤਾ ਹੈ ਪਰ ਇਸ ਦਾ ਭਾਵ ਇਹ ਨਹੀਂ ਕਿ ਉਨ੍ਹਾਂ ਨੇ ਇਸ ਤੋਂ ਸਬਕ ਸਿੱਖ ਕੇ ਆਪਣੇ ਤਾਨਾਸ਼ਾਹ ਇਰਾਦੇ ਤਿਆਗ ਦਿੱਤੇ ਹਨ। ਭਵਿੱਖ ਵਿਚ ਇਹ ਇਰਾਦੇ ਲੁਕਵੇਂ ਪਰ ਵੱਧ ਖ਼ਤਰਨਾਕ ਰੂਪ ‘ਚ ਸਾਹਮਣੇ ਆਉਣਗੇ। ਸਭ ਤੋਂ ਅਹਿਮ ਸਵਾਲ ਤਾਂ ਇਹ ਹੈ ਕਿ ਸਮੂਹ ਅਗਾਂਹਵਧੂ ਤਾਕਤਾਂ ਵਿਚ ਇਸ ਤਰ੍ਹਾਂ ਦੇ ਹਮਲਿਆਂ ਦਾ ਰਲ-ਮਿਲ ਕੇ ਟਾਕਰਾ ਕਰਨ ਲਈ ਅਤੇ ਇਸ ਖ਼ਾਤਰ ਆਵਾਮ ਨੂੰ ਜਾਗਰੂਕ ਤੇ ਲਾਮਬੰਦ ਕਰਨ ਲਈ ਕਿੰਨੀ ਕੁ ਸ਼ਿੱਦਤ ਤੇ ਸੰਜੀਦਗੀ ਹੈ।