-ਜਤਿੰਦਰ ਪਨੂੰ
ਜਦੋਂ ਕਾਰਲ ਮਾਰਕਸ ਨੇ ਧਰਮ ਨੂੰ ਅਫੀਮ ਵਾਂਗ ਵਰਤੇ ਜਾਣ ਦੀ ਗੱਲ ਕਹੀ ਤਾਂ ਇਹ ਜਾਨਣ ਦੀ ਕਿਸੇ ਨੇ ਲੋੜ ਨਹੀਂ ਸੀ ਸਮਝੀ ਕਿ ਮਾਰਕਸ ਨੇ ਇਹ ਗੱਲ ਕਹੀ ਕਿਉਂ ਸੀ? ਅਸਲ ਪ੍ਰਸੰਗ ਤੋਂ ਹਟ ਕੇ ਇੱਕ ਘਾੜਤ ਘੜੀ ਤੇ ਸਦਾ ਲਈ ਗੁੱਡਾ ਬੰਨ੍ਹ ਦਿੱਤਾ ਗਿਆ ਕਿ ਧਰਮ ਨੂੰ ਕਮਿਊਨਿਸਟ ਅਫੀਮ ਕਹਿੰਦੇ ਹਨ।
ਇਸਲਾਮ ਨਾਲ ਜੁੜੀ ਇੱਕ ਗੱਲ ਅਸੀਂ ਕਈ ਵਾਰੀ ਕਈ ਸੁਧਾਰਵਾਦੀਆਂ ਦੇ ਮੂੰਹੋਂ ਸੁਣੀ ਹੈ ਕਿ ਇੱਕ ਸ਼ਰਾਰਤੀ ਬੰਦੇ ਨੂੰ ਸਮਝਾਉਣ ਲਈ ਇਕ ਨੇਕ-ਦਿਲ ਮੌਲਵੀ ਇੱਕ ਦਿਨ ਕਹਿ ਬੈਠਾ ਸੀ ਕਿ ਅਸੂਲ ਉਤੇ ਅਮਲ ਨਹੀਂ ਕਰਨਾ ਤਾਂ ਨਮਾਜ ਪੜ੍ਹਨੀ ਛੱਡ ਦਿਓ। ਸ਼ਰਾਰਤੀ ਬੰਦੇ ਨੇ ਭਰੀ ਸੱਥ ਵਿਚ ਰੌਲਾ ਜਾ ਪਾਇਆ ਕਿ ਮੌਲਵੀ ਕਹਿੰਦਾ ਹੈ ਕਿ ਨਮਾਜ ਪੜ੍ਹਨੀ ਛੱਡ ਦਿਓ। ਅੱਗੇ ਓਥੇ ਵੀ ਇਹੋ ਜਿਹੇ ਹੀ ‘ਸਿਆਣੇ’ ਬੈਠੇ ਸਨ, ਜਿਹੜੇ ਪਹਿਲਾ ਅੱਧਾ ਹਿੱਸਾ ਇਸ ਨਾਲੋਂ ਕੱਟ ਕੇ ਪਿਛਲੇ ਅੱਧੇ ਹਿੱਸੇ ਨਾਲ ਉਸ ਮੌਲਵੀ ਦੇ ਖਿਲਾਫ ਮੋਰਚਾ ਵਿੱਢ ਬੈਠੇ। ਨੁਕਸਾਨ ਤਾਂ ਸਮਾਜ ਦਾ ਹੋਇਆ ਹੋਵੇਗਾ।
ਮਾਰਕਸ ਨੇ ਵੀ ਧਰਮ ਬਾਰੇ ਇਹ ਗੱਲ ਕਹੀ ਸੀ ਕਿ ਇਸ ਦੇ ਆਧਾਰ ਉਤੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਗਰੀਬੀ ਤੇ ਭੁੱਖ-ਨੰਗ ਦਾ ਤੁਹਾਡੇ ਘਰ ਇਸ ਲਈ ਡੇਰਾ ਲੱਗਾ ਹੋਇਆ ਹੈ ਕਿ ਇਹ ਤੁਹਾਡੇ ਕਰਮਾਂ ਵਿਚ ਰੱਬ ਨੇ ਲਿਖੀ ਸੀ, ਅਤੇ ਇਸ ਤਰ੍ਹਾਂ ਲੋਕਾਂ ਨੂੰ ਲੁੱਟ ਹੋਣ ਦੇ ਖਿਲਾਫ ਬੋਲਣ ਤੋਂ ਰੋਕਿਆ ਜਾਂਦਾ ਰਿਹਾ ਹੈ। ਇਹ ਗੱਲ ਲੁਟੇਰੀ ਜਮਾਤ ਦੇ ਚਿੰਤਕਾਂ ਨੂੰ ਚੁਭੀ ਹੋਵੇਗੀ। ਗੱਲ ਧਰਮ ਨੂੰ ਅਫੀਮ ਕਹਿਣ ਦੀ ਨਾ ਹੋ ਕੇ ਬੰਦੇ ਦੀ ਕਿਰਤ ਦੀ ਲੁੱਟ ਨੂੰ ਰੱਬ ਦੇ ਮੱਥੇ ਮੜ੍ਹਨ ਲਈ ਧਰਮ ਦੀ ਦੁਰਵਰਤੋਂ ਵਾਲੀ ਸੀ ਤੇ ਰਾਜਸੀ ਪੱਖ ਤੋਂ ਮੁੱਦਾ ਇਹ ਬਣਾ ਦਿੱਤਾ ਗਿਆ ਕਿ ਧਰਮ ਨੂੰ ਅਫੀਮ ਕਿਹਾ ਗਿਆ ਹੈ। ਮੌਲਵੀ ਦੇ ਲਫਜ਼ਾਂ ਨੂੰ ਅਸਲੀ ਪ੍ਰਸੰਗ ਤੋਂ ਕੱਟ ਕੇ ਵਰਤਣ ਵਾਲੇ ਉਸ ਸ਼ਰਾਰਤੀ ਵਾਂਗ ਇਹ ਗੱਲ ਓਦੋਂ ਸਰਮਾਏਦਾਰੀ ਦੇ ਜਿਹੜੇ ਬੁਲਾਰੇ ਤੋੜ-ਮਰੋੜ ਕੇ ਪੇਸ਼ ਕਰਦੇ ਰਹੇ, ਉਨ੍ਹਾਂ ਨੇ ਵੀ ਉਸ ਸਮਾਜ ਦੀਆਂ ਜੜ੍ਹਾਂ ਟੁੱਕਣ ਦਾ ਕੰਮ ਕੀਤਾ, ਜਿਹੜੇ ਸਮਾਜ ਨੂੰ ਉਹ ਆਪਣੇ ਪਸੰਦ ਦੀ ਸਭ ਤੋਂ ਵਧੀਆ ਰਾਜ ਪ੍ਰਣਾਲੀ, ਲੋਕਤੰਤਰ ਵਜੋਂ ਪੇਸ਼ ਕਰਦੇ ਹਨ।
ਅੱਜ ਦੇ ਯੁਗ ਵਿਚ ਸਰਮਾਏਦਾਰੀ ਦੇ ਜਿਹੜੇ ਵੀ ਹਿੱਸੇ ਇਕ ਜਾਂ ਦੂਸਰੇ ਵਕਤ ਉਭਰਦੇ ਹਨ, ਉਭਰਨ ਦੇ ਬਾਅਦ ਇਹੋ ਚਾਹੁੰਦੇ ਹਨ ਕਿ ਜਿੱਥੇ ਪੈਸਾ ਲਾਉਣਾ ਹੈ, ਓਥੇ ਮਾਹੌਲ ਸ਼ਾਂਤ ਹੋਵੇ ਤੇ ਨਾ ਸਿਰਫ ਉਹ ਆਪ ਸੁਰੱਖਿਅਤ ਹੋਣ, ਉਨ੍ਹਾਂ ਦੇ ਕਾਰਖਾਨੇ ਵਿਚ ਕੰਮ ਕਰਦੇ ਮਜ਼ਦੂਰ ਵੀ ਕੰਮ ਲਈ ਆਉਂਦੇ ਵਕਤ ਮੌਤ ਤੋਂ ਨਾ ਸਹਿਮੇ ਹੋਣ। ਭਾਰਤ ਦੀ ਸਰਮਾਏਦਾਰੀ ਦੇ ਕੁਝ ਹਿੱਸਿਆਂ ਨੇ ਇੱਕ ਜਾਂ ਦੂਸਰੇ ਵਕਤ ਇਹ ਸੋਚ ਕੇ ਵੱਖਵਾਦੀ ਲਹਿਰਾਂ ਦੀ ਮਦਦ ਕਰਨ ਦੀ ਬੇਵਕੂਫੀ ਕੀਤੀ ਕਿ ਜਦੋਂ ਆਪਣੇ ਧਰਮ ਦਾ ਰਾਜ ਆ ਗਿਆ ਤਾਂ ਸਭ ਤੋਂ ਵੱਡੇ ਪੂੰਜੀਪਤੀ ਅਸੀਂ ਬਣ ਜਾਵਾਂਗੇ ਤੇ ਸਰਕਾਰ ਸਾਡੀ ਮਰਜ਼ੀ ਨਾਲ ਚੱਲਿਆ ਕਰੇਗੀ, ਪਰ ਅੰਤ ਨੂੰ ਉਨ੍ਹਾਂ ਨੂੰ ਵੀ ਨੁਕਸਾਨ ਝੱਲਣਾ ਪਿਆ। ਹੁਣ ਹਾਲ ਇਹ ਬਣ ਗਿਆ ਹੈ ਕਿ ਜਿਹੜੇ ਧਰਮ ਨੂੰ ਸਰਮਾਏਦਾਰੀ ਜਮਾਤ ਲੁੱਟ ਦੇ ਖਿਲਾਫ ਬੋਲਣ ਤੋਂ ਕਿਰਤੀ ਲੋਕਾਂ ਨੂੰ ਰੋਕਣ ਲਈ ਅਫੀਮ ਵਾਂਗ ਵਰਤਣਾ ਚਾਹੁੰਦੀ ਸੀ, ਉਸੇ ਧਰਮ ਨੂੰ ਹੁਣ ਉਸੇ ਜਮਾਤ ਦੇ ਰਾਜਸੀ ਨੁਮਾਇੰਦੇ ਆਪਣੀ ਰਾਜਸੀ ਲੋੜ ਲਈ ਵਰਤਣ ਲਈ ਹਰ ਹੱਦ ਟੱਪਣ ਨੂੰ ਤਿਆਰ ਹਨ। ਮੁੱਦਾ ਰਾਮ ਮੰਦਰ ਦਾ ਹੋਵੇ ਜਾਂ ਗਊ ਮਾਸ ਉਤੇ ਰੋਕ ਲਾਉਣ ਦਾ, ਇਨ੍ਹਾਂ ਸਾਰੀਆਂ ਖੇਡਾਂ ਦੇ ਪਿੱਛੇ ਇਹੋ ਰਾਜਸੀ ਸੋਚ ਕੰਮ ਕਰਦੀ ਨਜ਼ਰ ਆ ਰਹੀ ਹੈ।
ਕਰੀਬ ਪੰਦਰਾਂ ਸਾਲ ਪਹਿਲਾਂ ਅਸੀਂ ਇੱਕ ਵਾਰੀ ਲਿਖ ਦਿੱਤਾ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦਾ ਦੋਹਰਾ ਚਿਹਰਾ ਹੈ ਕਿ ਭਾਰਤ ਵਿਚ ਗਊ ਹੱਤਿਆ ਰੋਕਣ ਦੀਆਂ ਗੱਲਾਂ ਵੀ ਕਰਦੀ ਹੈ ਤੇ ਪਾਰਲੀਮੈਂਟ ਵਿਚ ਇਹ ਵੀ ਮੰਨ ਲਿਆ ਹੈ ਕਿ ਸਾਡੀ ਸੱਤਾ ਦੌਰਾਨ ਵਿਦੇਸ਼ਾਂ ਨੂੰ ਗਊ ਮਾਸ ਦੀ ਵਿਕਰੀ ਵੱਧ ਹੋਈ ਹੈ। ਗੁੱਸੇ ਨਾਲ ਭਰੇ ਹੋਏ ਇੱਕ ਪਾਠਕ ਨੇ ਸਾਡੀ ਇਸ ਗੱਲ ਉਤੇ ਬੜੀ ਭੱਦੀ ਸ਼ਬਦਾਵਲੀ ਵਿਚ ਕਿੰਤੂ ਕੀਤਾ, ਪਰ ਜਦੋਂ ਅਸੀਂ ਉਸ ਨੂੰ ਪਾਰਲੀਮੈਂਟ ਦੀ ਕਾਰਵਾਈ ਦੇ ਉਸ ਹਿੱਸੇ ਦੀ ਅਖਬਾਰੀ ਰਿਪੋਰਟ ਭੇਜ ਦਿੱਤੀ, ਸਬੱਬ ਨਾਲ ਰਿਪੋਰਟ ਵੀ ਭਾਜਪਾ ਦੇ ਹਮਾਇਤੀ ਅਖਬਾਰ ਵਿਚ ਛਪੀ ਸੀ ਤਾਂ ਉਹ ਭਾਜਪਾ ਵੱਲੋਂ ਲੋਕਾਂ ਨਾਲ ਧੋਖੇ ਦੇ ਲੇਖ ਲਿਖਣ ਲੱਗ ਪਿਆ।
ਇਸ ਵਾਰ ਇਹ ਗੱਲ ਲੋਕਾਂ ਸਾਹਮਣੇ ਬਹਿਸ ਦੇ ਮੁੱਢ ਵਿਚ ਹੀ ਸਪੱਸ਼ਟ ਹੈ। ਭਾਜਪਾ ਦਾ ਇੱਕ ਹਿੱਸਾ ਕਹਿ ਰਿਹਾ ਹੈ ਕਿ ਭਾਰਤ ਵਿਚ ਗਊ ਮਾਸ ਖਾਣ ਨਹੀਂ ਦੇਣਾ। ਇਨ੍ਹਾਂ ਵਿਚ ਅਸੀਂ ਉਸ ਮੁਖਤਾਰ ਅੱਬਾਸ ਨਕਵੀ ਨੂੰ ਸ਼ਾਮਲ ਨਹੀਂ ਕਰਦੇ, ਜਿਸ ਦੇ ਸਾਹਮਣੇ ਭਾਜਪਾ ਲੀਡਰਸ਼ਿਪ ਵਿਚ ਰਹਿਣ ਲਈ ਹਿੰਦੂਤਵ ਦੇ ਆਗੂਆਂ ਨਾਲੋਂ ਹਿੰਦੂਤਵ ਦਾ ਵੱਡਾ ਸਮੱਰਥਕ ਬਣ ਕੇ ਪੇਸ਼ ਹੋਣ ਦੀ ਮਜਬੂਰੀ ਹੈ। ਆਰ ਐਸ ਐਸ ਅਤੇ ਭਾਜਪਾ ਨਾਲ ਜੁੜੇ ਕੁਝ ਲੋਕ ਇਸ ਬਹਿਸ ਵਿਚ ਬੜੇ ਤਿੱਖੇ ਬੋਲੇ ਸਨ, ਪਰ ਜਦੋਂ ਇਹ ਗੱਲ ਬਾਹਰ ਆਈ ਕਿ ਗੋਆ ਵਿਚ ਭਾਜਪਾ ਦੀ ਆਪਣੀ ਸਰਕਾਰ ਨੇ ਇਸ ਉਤੇ ਨਾ ਕਦੇ ਪਾਬੰਦੀ ਲਾਈ ਹੈ ਤੇ ਨਾ ਲਾਉਣ ਨੂੰ ਤਿਆਰ ਹੈ ਤਾਂ ਇਹ ਕਹਿਣ ਲੱਗ ਪਏ ਕਿ ਓਥੇ ਸੱਭਿਆਚਾਰਕ ਮਾਹੋਲ ਬਾਕੀ ਦੇਸ਼ ਨਾਲੋਂ ਵੱਖਰਾ ਹੈ। ਸੱਭਿਆਚਾਰਕ ਪੱਖ ਹੀ ਵੇਖਣਾ ਹੈ ਤਾਂ ਇਹ ਦੇਸ਼ ਦੇ ਕਈ ਹੋਰ ਰਾਜਾਂ ਵਿਚ ਵੀ ਵੱਖਰਾ ਹੈ, ਜਿਨ੍ਹਾਂ ਵਿਚ ਭਾਜਪਾ ਇਹੋ ਪਾਬੰਦੀ ਲਾਉਣ ਲਈ ਰਾਜਸੀ ਲੋੜ ਜੋਗੇ ਮੋਰਚੇ ਲਾਉਣ ਲੱਗੀ ਰਹਿੰਦੀ ਹੈ।
ਇਹ ਇੱਕ ਸੱਚਾਈ ਹੈ ਕਿ ਪਿਛਲੇ ਸਾਲਾਂ ਵਿਚ ਭਾਰਤ ਵਿਚੋਂ ਵਿਦੇਸ਼ਾਂ ਨੂੰ ਮੀਟ ਦੀ ਸਪਲਾਈ ਹੁਣ ਬਾਸਮਤੀ ਤੋਂ ਵੀ ਵੱਧ ਹੋਣ ਲੱਗ ਪਈ ਹੈ ਤੇ ਇਹ ਕੰਮ ਜਿਹੜੀਆਂ ਫਰਮਾਂ ਕਰਦੀਆਂ ਹਨ, ਉਨ੍ਹਾਂ ਵਿਚ ਕਈ ਹਿੰਦੂ ਵਪਾਰੀ ਵੀ ਸ਼ਾਮਲ ਹਨ। ਇਸ ਸੱਚ ਉਤੇ ਕਿਸੇ ਨੂੰ ਹੈਰਾਨ ਹੋਣ ਦੀ ਵੀ ਲੋੜ ਨਹੀਂ। ਪੰਜਾਬ ਨੂੰ ਇਸ ਸਬੰਧ ਵਿਚ ਬਹੁਤ ਸਾਲ ਪਹਿਲਾਂ ਇੱਕ ਤਜਰਬਾ ਹੋ ਚੁੱਕਾ ਹੈ। ਮਾਲਵੇ ਵਿਚ ਇਕ ਫਰਮ ਘਿਓ ਵਿਚ ਗਾਂ ਦੀ ਚਰਬੀ ਮਿਲਾ ਕੇ ਵੇਚਦੀ ਫੜੀ ਗਈ ਸੀ। ਤੀਹ ਸਾਲ ਕੇਸ ਕਿਸੇ ਪਾਸੇ ਨਹੀਂ ਸੀ ਲੱਗਾ, ਪਰ ਜਦੋਂ ਲੱਗਾ ਅਤੇ ਉਨ੍ਹਾਂ ਲੋਕਾਂ ਨੂੰ ਸਜ਼ਾ ਹੋਈ, ਜ਼ਮਾਨਤ ਹੁੰਦੇ ਸਾਰ ਪਹਿਲੇ ਹਫਤੇ ਉਨ੍ਹਾਂ ਨੂੰ ਹੌਸਲਾ ਦੇਣ ਵਾਸਤੇ ਉਨ੍ਹਾਂ ਦੇ ਘਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਬਾਦਲ ਨੇ ਉਚੇਚਾ ਗੇੜਾ ਲਾਇਆ ਸੀ। ਘਿਓ ਵਿਚ ਗਾਂ ਦੀ ਚਰਬੀ ਪਾਉਣ ਦੇ ਦੋਸ਼ੀ ਸਾਬਤ ਹੋ ਚੁੱਕੇ ਉਹ ਲੋਕ ਹਿੰਦੂ ਧਰਮ ਨਾਲ ਹੀ ਸਬੰਧਤ ਹਨ। ਕਿਸੇ ਵੀ ਹਿੰਦੂ ਸੰਗਠਨ ਨੇ ਉਨ੍ਹਾਂ ਨੂੰ ਬੁਰਾ ਕਹਿਣ ਦੀ ਲੋੜ ਨਹੀਂ ਸਮਝੀ। ਇਸੇ ਫਰਮ ਵਾਲੇ ਲੋਕ ਜੇ ਕਾਂਗਰਸ ਨਾਲ ਜੁੜੇ ਹੋਏ ਹੁੰਦੇ ਤਾਂ ਸ਼ਾਇਦ ਸਭ ਤੋਂ ਵੱਧ ਰੌਲਾ ਭਾਜਪਾ ਨੇ ਪਾਉਣਾ ਸੀ, ਜਿਹੜੀ ਹੁਣ ਲਿਹਾਜੂ ਬਣ ਗਈ ਹੈ ਤੇ ਵਿਰੋਧ ਕਰਨ ਮੌਕੇ ਅਕਾਲੀ ਭਾਈ ਵੀ ਭਾਜਪਾ ਦੇ ਨਾਲ ਖੜੇ ਹੋਣੇ ਸਨ। ਇਹੋ ਤਾਂ ਰਾਜਨੀਤੀ ਹੈ।
ਹੁਣ ਭਾਜਪਾ ਇਕ ਵਾਰੀ ਫਿਰ ਉਹ ਮੁੱਦੇ ਚੁੱਕਣ ਲੱਗ ਪਈ ਹੈ, ਜਿਹੜੇ ਧਰਮ ਦੇ ਨਾਂ ਉਤੇ ਭਾਵਨਾਵਾਂ ਨੂੰ ਉਬਾਲਾ ਦੇ ਸਕਦੇ ਹਨ। ਇਸ ਵਾਰੀ ਇਹ ਮੁੱਦੇ ਬਿਹਾਰ ਵਿਧਾਨ ਸਭਾ ਦੀ ਚੋਣ ਵਾਸਤੇ ਉਠਾਏ ਜਾ ਰਹੇ ਹਨ।
ਅਯੁਧਿਆ ਉਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਵਿਚ ਹੈ ਅਤੇ ਬਿਹਾਰ ਇਸ ਤੋਂ ਅਗਲਾ ਰਾਜ ਹੈ। ਬਿਹਾਰ ਦੀ ਵਿਧਾਨ ਸਭਾ ਚੋਣ ਦੀ ਵਾਰੀ ਪਹਿਲਾਂ ਹੈ, ਪਰ ਡੇਢ ਸਾਲ ਪਿੱਛੋਂ ਉਤਰ ਪ੍ਰਦੇਸ਼ ਦੀ ਵਾਰੀ ਵੀ ਆਈ ਖੜੀ ਹੈ। ਉਤਰ ਪ੍ਰਦੇਸ਼ ਵਿਚ ਭਾਜਪਾ ਹਮੇਸ਼ਾ ਉਦੋਂ ਸੱਤਾ ਵਿਚ ਆਈ ਹੈ, ਜਦੋਂ ਹਿੰਦੂਤਵ ਦਾ ਮੁੱਦਾ ਉਭਾਰਿਆ ਤੇ ਪਾਰਲੀਮੈਂਟ ਦੀਆਂ ਅੱਸੀਆਂ ਵਿਚੋਂ ਸੱਤਰ ਤੋਂ ਵੱਧ ਸੀਟਾਂ ਵੀ ਉਦੋਂ ਜਿੱਤਣ ਜੋਗੀ ਹੋਈ ਹੈ, ਜਦੋਂ ਇਸ ਨੇ ਗੁਜਰਾਤ ਵਿਚ ਹਿੰਦੂਤੱਵ ਦਾ ਚਿਹਰਾ ਬਣ ਚੁੱਕੇ ਨਰਿੰਦਰ ਮੋਦੀ ਨੂੰ ਅੱਗੇ ਲਾਇਆ ਸੀ। ਮੋਦੀ ਨੇ ਉਤਰ ਪ੍ਰਦੇਸ਼ ਵਿਚ ਵਿਕਾਸ ਜਾਂ ਅਮਨ-ਕਾਨੂੰਨ ਦੇ ਮੁੱਦੇ ਨਹੀਂ ਸੀ ਉਭਾਰੇ, ਸਗੋਂ ਇਹ ਗੱਲ ਕਹੀ ਸੀ ਕਿ ‘ਨਾ ਮੈਨੂੰ ਕਿਸੇ ਨੇ ਭੇਜਿਆ ਹੈ, ਨਾ ਮੈਂ ਆਪ ਆਇਆ ਹਾਂ, ਮੈਨੂੰ ਤਾਂ ਗੰਗਾ ਮਈਆ ਨੇ ਬੁਲਾਇਆ ਹੈ।’ ਇਸ ਦਾਅਵੇ ਵਿਚ ਧਰਮ ਦੀ ਦੁਰਵਰਤੋਂ ਲੁਕੀ ਹੋਈ ਸੀ। ਅਗਲੇ ਚੋਣ ਚੱਕਰ ਵਿਚ ਉਹ ਬਿਹਾਰ ਦੀਆਂ ਚੋਣਾਂ ਤੋਂ ਸ਼ੁਰੂ ਕਰ ਕੇ ਹਿੰਦੂਤਵ ਦੇ ਮੁੱਦੇ ਨੂੰ ਉਤਰ ਪ੍ਰਦੇਸ਼ ਤੱਕ ਲਿਜਾਣ ਲਈ ਤਿਆਰੀ ਕਰੀ ਫਿਰਦੇ ਹਨ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਾਰਗ ਦਰਸ਼ਕ ਮੰਡਲ ਦੀ ਹੁਣੇ ਹੋਈ ਮੀਟਿੰਗ ਵਿਚ ਪਾਸ ਕੀਤੇ ਗਏ ਮਤੇ ਇਸ ਰਾਜਨੀਤੀ ਦੀ ਅਗਲੀ ਉਠਾਣ ਦਾ ਪੜੁੱਲ ਬੰਨ੍ਹਣ ਦਾ ਕੰਮ ਕਰਨ ਵਾਲੇ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਾਰਗ ਦਰਸ਼ਕ ਮੰਡਲ ਦੀ ਮੀਟਿੰਗ ਵਿਚ ਇਹ ਮੁੱਦਾ ਜ਼ੋਰ ਨਾਲ ਉਠਾਇਆ ਗਿਆ ਹੈ ਕਿ ਅਯੁਧਿਆ ਵਿਚ ਉਸੇ ਥਾਂ ਰਾਮ ਮੰਦਰ ਦੀ ਉਸਾਰੀ ਕਰਨੀ ਹੈ, ਜਿੱਥੇ ਰਾਮ ਲੱਲਾ ਦੀਆਂ ਮੂਰਤੀਆਂ ਹਨ। ਅਗਲੀ ਗੱਲ ਇਹ ਕਹਿ ਦਿੱਤੀ ਹੈ ਕਿ ਅਯੁਧਿਆ ਵਿਚ ਇਸਲਾਮ ਨਾਲ ਜੁੜਦਾ ਕੋਈ ਅਸਥਾਨ ਨਹੀਂ ਰਹਿਣ ਦੇਣਾ। ਸਾਡੀ ਜਾਣਕਾਰੀ ਮੁਤਾਬਕ ਇਹ ਗੱਲ ਅੱਜ ਤੱਕ ਉਸ ਨਗਰ ਨਾਲ ਜੁੜੇ ਕਿਸੇ ਹਿੰਦੂ ਆਗੂ ਨੇ ਕਦੇ ਵੀ ਨਹੀਂ ਕਹੀ, ਉਹ ਤਾਂ ਮਿਲ ਕੇ ਰਹਿਣ ਨੂੰ ਪਹਿਲ ਦੇਂਦੇ ਹਨ। ਜਿਨ੍ਹਾਂ ਲੋਕਾਂ ਨੇ ਇਹ ਕਿਹਾ ਹੈ ਕਿ ਅਯੁਧਿਆ ਵਿਚ ਇਸਲਾਮ ਦੇ ਨਾਲ ਜੁੜਿਆ ਕੋਈ ਅਸਥਾਨ ਨਹੀਂ ਰਹਿਣ ਦੇਣਾ, ਉਹ ਹੋਰ ਅੱਗੇ ਵਧ ਕੇ ਇਹ ਕਹਿਣ ਤੱਕ ਚਲੇ ਗਏ ਹਨ ਕਿ ਹੁਣ ਪੂਰੇ ਦੇਸ਼ ਵਿਚ ਬਾਬਰ ਦੇ ਨਾਂ ਨਾਲ ਜੁੜਦਾ ਕੋਈ ਪ੍ਰਤੀਕ ਸਾਨੂੰ ਮਨਜ਼ੂਰ ਨਹੀਂ। ਇਹ ਨਾਅਰੇ ਉਹ ਆਪਣੇ ਆਪ ਨਹੀਂ ਲਾ ਰਹੇ, ਇਸ ਪਿੱਛੇ ਰਾਜਨੀਤੀ ਦੀ ਲੋੜ ਵਾਲੇ ਵਿਸ਼ੇਸ਼ ਪਿਆਦੇ ਕੰਮ ਕਰ ਰਹੇ ਹਨ।
ਬਿਹਾਰ ਵਿਚ 83 ਫੀਸਦੀ ਹਿੰਦੂ ਵੱਸਦੇ ਹਨ ਤੇ ਉਤਰ ਪ੍ਰਦੇਸ਼ ਵਿਚ 82 ਫੀਸਦੀ। ਇਸ ਦੇ ਬਾਵਜੂਦ ਬਿਹਾਰ ਵਿਚ ਕਦੇ ਹਿੰਦੂਤਵ ਦੀ ਲਹਿਰ ਨਹੀਂ ਸੀ ਚੱਲੀ, ਪਰ ਪਿਛਲੇ ਸਾਲ ਨਰਿੰਦਰ ਮੋਦੀ ਦੀ ਆਮਦ ਉਤੇ ਇਸ ਨੂੰ ਮਹਿਸੂਸ ਕੀਤਾ ਗਿਆ। ਬਿਹਾਰ ਦੇ ਇੱਕ ਪੱਤਰਕਾਰ ਨਾਲ ਜਦੋਂ ਗੱਲ ਹੋਈ ਤਾਂ ਸ਼ਾਹਨਵਾਜ ਹੁਸੈਨ ਦਾ ਜ਼ਿਕਰ ਆ ਗਿਆ, ਜਿਹੜਾ ਇੱਕ ਵਾਰੀ ਉਪ ਚੋਣ ਜਿੱਤ ਗਿਆ ਅਤੇ ਦੂਸਰੀ ਵਾਰੀ ਆਮ ਚੋਣਾਂ ਵਿਚ ਸਫਲ ਰਿਹਾ ਸੀ, ਪਰ ਮੋਦੀ ਲਹਿਰ ਵੇਲੇ ਹਾਰ ਗਿਆ। ਉਹ ਪੱਤਰਕਾਰ ਇਹ ਕਹਿੰਦਾ ਸੀ ਕਿ ਪਿਛਲੇ ਸਾਲ ਬਿਹਾਰ ਵਿਚ ਵਿਕਾਸ ਦਾ ਮੁੱਦਾ ਹੀ ਨਹੀਂ ਸੀ, ਬਾਕੀ ਦੇਸ਼ ਵਾਂਗ ਉਥੇ ਵੀ ਇੱਕ ਤਰ੍ਹਾਂ ਹਿੰਦੂਤੱਵ ਦੀ ਲਹਿਰ ਚੱਲੀ ਤੇ ਆਮ ਹਿੰਦੂ ਇਹ ਕਹਿ ਰਹੇ ਸਨ ਕਿ ‘ਅਭੀ ਨਹੀਂ ਤੋ ਕਭੀ ਨਹੀਂ’। ਜੇ ਬਿਹਾਰ ਵਿਚ ਹਿੰਦੂਤਵ ਦੀ ਲਹਿਰ ਚੱਲੀ ਹੋਵੇ ਤਾਂ ਭਾਗਲਪੁਰ ਵਿਚ ਭਾਜਪਾ ਦੇ ਉਮੀਦਵਾਰ ਸ਼ਾਹਨਵਾਜ਼ ਹੁਸੈਨ ਦੀ ਹਾਰ ਦਾ ਸਬੱਬ ਕੀ ਸੀ, ਇਹ ਅਸੀਂ ਜਾਣਨਾ ਚਾਹਿਆ। ਉਸ ਪੱਤਰਕਾਰ ਨੇ ਇਹ ਕਹਿਣ ਵਿਚ ਸੰਕੋਚ ਨਹੀਂ ਸੀ ਕੀਤਾ ਕਿ ਜਿਹੜੀ ਲਹਿਰ ਹਿੰਦੂਤਵ ਦੇ ਨਾਂ ਉਤੇ ਭਾਜਪਾ ਨੇ ਚਲਾਈ, ਉਸ ਦੌਰਾਨ ਭਾਗਲਪੁਰ ਵਿਚ ਉਸ ਦੇ ਆਪਣੇ ਬੰਦਿਆਂ ਨੇ ਵੀ ਇਸ ਗੈਰ-ਹਿੰਦੂ ਲਈ ਵੋਟ ਨਹੀਂ ਸੀ ਪਾਈ। ਭਾਜਪਾ ਨੇ ਭਾਰਤ ਦੇ ਉਨ੍ਹਾਂ ਪੰਜ ਹਲਕਿਆਂ ਤੋਂ ਮੁਸਲਮਾਨ ਉਮੀਦਵਾਰ ਬਣਾਏ ਸਨ, ਜਿੱਥੇ ਜਿੱਤਣ ਦੀ ਆਸ ਨਹੀਂ ਸੀ, ਸਿਰਫ ਚੋਣ ਵਿਚ ਉਮੀਦਵਾਰ ਖੜੇ ਕਰਨ ਲਈ ਹੀ ਕੀਤੇ ਸਨ, ਸਿਰਫ ਇੱਕ ਟਿਕਟ ਸ਼ਾਹਨਵਾਜ਼ ਹੁਸੈਨ ਨੂੰ ਬਿਹਾਰ ਦੇ ਜੇਤੂ ਜਾਪਦੇ ਹਲਕੇ ਤੋਂ ਦਿੱਤੀ ਗਈ ਸੀ, ਪਰ ਇਸ ਨੂੰ ਵੀ ਭਾਜਪਾ ਦੇ ਬੰਦਿਆਂ ਨੇ ਵੋਟ ਨਹੀਂ ਸੀ ਪਾਈ। ਉਨ੍ਹਾਂ ਨੂੰ ਇਸ ਹਲਕੇ ਦੀ ਹਾਰ ਨਾਲ ਮਤਲਬ ਨਹੀਂ, ਬਿਹਾਰ ਦੀਆਂ ਚਾਲੀਆਂ ਵਿਚੋਂ ਭਾਈਵਾਲਾਂ ਸਮੇਤ ਇਕੱਤੀ ਸੀਟਾਂ ਜਿੱਤਣ ਦੀ ਖੁਸ਼ੀ ਸੀ। ਇਹ ਸੀਟਾਂ ਸੰਸਾਰ ਵਿਚ ਡੰਕਾ ਵਜਾਉਣ ਲਈ ਨਹੀਂ, ਅਤੇ ਕਿਸੇ ਸਥਿਰ ਸਰਕਾਰ ਲਈ ਵੀ ਨਹੀਂ, ਇਕ ਫਿਰਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਧਰਮ ਦੀ ਚੜ੍ਹਤ ਦਾ ਸੁਫਨਾ ਵਿਖਾ ਕੇ ਜਿੱਤੀਆਂ ਗਈਆਂ ਸਨ।
ਅਗਲੇ ਦਿਨਾਂ ਵਿਚ ਇਕ ਵਾਰੀ ਫਿਰ ਭਾਜਪਾ ਧਰਮ ਦੇ ਮੁੱਦੇ ਨੂੰ ਉਛਾਲ ਕੇ ਕੇਂਦਰੀ ਤੇ ਉਤਰੀ ਭਾਰਤ ਵਿਚ ਆਪਣਾ ਝੰਡਾ ਝੁਲਾਉਣ ਦੀ ਕੋਸ਼ਿਸ਼ ਵਿਚ ਹੈ। ਗਊ ਦਾ ਮੁੱਦਾ ਵੀ ਵਿਖਾਵੇ ਦਾ ਹੈ ਅਤੇ ਰਾਮ ਮੰਦਰ ਲਈ ਵੀ ਭਾਜਪਾ ਨੂੰ ਕੋਈ ਕਾਹਲੀ ਨਹੀਂ। ਕਾਹਲੀ ਦੋ ਵੱਡੇ ਰਾਜਾਂ ਵਿਚ ਸੱਤਾ ਹਾਸਲ ਕਰਨ ਦੀ ਹੈ। ਸੱਚੀ ਗੱਲ ਇਹ ਹੈ ਕਿ ਇਹ ਮੁੱਦੇ ਭਾਜਪਾ ਇਸ ਵੇਲੇ ਸੱਤਾ ਲਈ ਵਰਤ ਰਹੀ ਹੈ, ਪਰ ਅੰਤਲਾ ਨਿਸ਼ਾਨਾ ਉਹੋ ਹੈ, ਜਿਹੜਾ ਨਾਗਪੁਰ ਵਿਚ ਬੈਠੇ ਇਸ ਪਿੱਛੇ ਅਸਲੀ ਤਾਕਤ ਗਿਣੇ ਜਾਂਦੇ ਆਰ ਐਸ ਐਸ ਦਾ ਹੈ। ਭਾਰਤ ਦਾ ਜਿਹੜਾ ਰੂਪ ਆਰ ਐਸ ਐਸ ਚਾਹੁੰਦਾ ਹੈ, ਉਹ ਇਥੋਂ ਦੀ ਸਰਮਾਏਦਾਰੀ ਲਈ ਵੀ ਸੁਖਾਵਾਂ ਨਹੀਂ ਹੋਣਾ, ਜਿਹੜੀ ਲੁੱਟ ਦੇ ਖਿਲਾਫ ਲੜਦੇ ਲੋਕਾਂ ਲਈ ਧਰਮ ਦੀ ਵਰਤੋਂ ਅਫੀਮ ਵਾਂਗ ਕਰਨ ਨੂੰ ਤਿਆਰ ਹੈ। ਧਰਮ ਨਾਲ ਸਰਮਾਏਦਾਰੀ ਦਾ ਮੋਹ ਆਪਣੇ ਮਾਲ ਦੇ ਗਾਹਕਾਂ ਦੇ ਖਾਤਮੇ ਤੱਕ ਨਹੀਂ ਜਾ ਸਕਦਾ। ਉਹ ਮੰਡੀ ਨੂੰ ਮੰਡੀ, ਤੇ ਗਾਹਕਾਂ ਵਾਲੀ ਮੰਡੀ ਵਜੋਂ ਰੱਖਣਾ ਚਾਹੁੰਦੀ ਹੈ। ਪਿਛਲੇ ਸਾਲ ਭਾਰਤ ਵਿਚ ਆਉਣ ਲਈ ਕਾਹਲੀ ਜਾਪ ਰਹੀ ਵਿਦੇਸੀ ਸਰਮਾਏਦਾਰੀ ਵੀ ਏਸੇ ਲਈ ਪੈਰ ਪਿੱਛੇ ਖਿੱਚਣ ਲੱਗ ਪਈ ਹੈ ਅਤੇ ਸਾਰੇ ਸਾਲ ਵਿਚ ਸਿਰਫ ਗੱਲਾਂ ਕੀਤੀਆਂ ਹਨ, ਨਿਵੇਸ਼ ਨਹੀਂ ਸੀ ਕੀਤਾ। ਹਾਲਾਤ ਦਾ ਸ਼ੀਸ਼ਾ ਹੈ ਇਹ। ਨਰਿੰਦਰ ਮੋਦੀ ਦੀ ਸਰਕਾਰ ਇਸ ਸ਼ੀਸ਼ੇ ਵਿਚ ਜਦੋਂ ਵੇਖੇਗੀ ਤਾਂ ਉਸ ਨੂੰ ਹਕੀਕਤ ਸਮਝ ਆ ਜਾਵੇਗੀ, ਪਰ ਅਜੇ ਉਹ ਇਸ ਸ਼ੀਸ਼ੇ ਦਾ ਸਾਹਮਣਾ ਕਰਨ ਨੂੰ ਤਿਆਰ ਨਹੀਂ, ਅਜੇ ਸੱਤਾ ਲਈ ਦੌੜ ਦੇ ਕੁਝ ਪੜਾਅ ਰਹਿੰਦੇ ਹਨ।