ਗੁਰਨਾਮ ਕੌਰ ਪਟਿਆਲਾ
ਗੁਰੂ ਅਮਰਦਾਸ ਸਾਹਿਬ ਅਕਾਲ ਪੁਰਖ ਨੂੰ ਹਮੇਸ਼ਾ ਹੀ ਯਾਦ ਰੱਖਣ ਅਤੇ ਉਸ ਦੇ ਨਾਮ ਦੇ ਸਿਮਰਨ ਦਾ ਅਦੇਸ਼ ਕਰਦਿਆਂ ਕਹਿੰਦੇ ਹਨ ਕਿ ਜਿਹੜੀ ਜੀਭ ਉਸ ਇੱਕ ਨੂੰ ਛੱਡ ਕੇ ਕਿਸੇ ਦੂਸਰੇ (ਮਾਇਆ) ਦਾ ਸਿਮਰਨ ਕਰਦੀ ਹੈ, ਉਹ ਜੀਭਾ ਸੜ ਜਾਣੀ ਚਾਹੀਦੀ ਹੈ,
ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ॥
ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ॥੨॥ (ਪੰਨਾ ੫੧੬)
ਅਗਲੀ ਪਉੜੀ ਵਿਚ ਉਸ ਕਰਤਾ ਪੁਰਖ ਸਿਰਜਣਹਾਰ ਦੀ ਗੱਲ ਕੀਤੀ ਗਈ ਹੈ ਕਿ ਉਹ ਹੀ ਇਸ ਸ੍ਰਿਸ਼ਟੀ ਦੇ ਹਰ ਇੱਕ ਜੀਵ ਦੀ ਰਚਨਾ ਕਰਨ ਵਾਲਾ ਹੈ। ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਦੇਵੀ-ਦੇਵਤੇ, ਅਵਤਾਰਾਂ ਅਤੇ ਦੂਜਾ ਭਾਉ ਅਰਥਾਤ ਮਾਇਆ ਅਤੇ ਉਸ ਨਾਲ ਪ੍ਰੇਮ ਵੀ ਅਕਾਲ ਪੁਰਖ ਨੇ ਹੀ ਪੈਦਾ ਕੀਤਾ ਹੈ। ਉਹ ਦੇਵਤੇ ਜਾਂ ਅਵਤਾਰ ਵੀ (ਜਿਵੇਂ ਰਾਮ ਚੰਦਰ ਅਤੇ ਕ੍ਰਿਸ਼ਨ) ਆਮ ਰਾਜਿਆਂ ਦੀ ਤਰ੍ਹਾਂ ਹੀ ਰਾਜ ਕਰਦੇ ਰਹੇ, ਦੁੱਖ-ਸੁੱਖ ਦੀ ਖਾਤਰ ਜੰਗ-ਯੁੱਧ ਕਰਦੇ ਰਹੇ। (ਭਾਵ ਉਹ ਕੋਈ ਰੱਬ ਨਹੀਂ ਸਨ ਬਲਕਿ ਰੱਬ ਵੱਲੋਂ ਹੀ ਆਮ ਆਦਮੀਆਂ ਵਾਂਗ ਪੈਦਾ ਕੀਤੀਆਂ ਹੋਈਆਂ ਹਸਤੀਆਂ ਸਨ)। ਬ੍ਰਹਮਾ ਅਤੇ ਸ਼ਿਵ ਆਦਿ ਦੇਵਤੇ (ਜਿਨ੍ਹਾਂ ਨੂੰ ਲੋਕ ḔਰੱਬḔ ਜਾਣ ਕੇ ਪੂਜਦੇ ਹਨ) ਉਸ ਸਿਰਜਣਹਾਰ ਦੇ ਨਾਮ ਦਾ ਸਿਮਰਨ ਕਰਦੇ ਰਹੇ ਹਨ ਪਰ ਉਹ ਵੀ ਉਸ ਰਚਨਹਾਰ ਦੀ ਅਦਭੁੱਤ ਖੇਡ ਦੀ ਥਾਹ ਨਹੀਂ ਪਾ ਸਕੇ, ਉਸ ਦੇ ਕੌਤਕ ਨੂੰ ਸਮਝ ਨਹੀਂ ਸਕੇ। ਉਹ ਅਕਾਲ ਪੁਰਖ ਜੋ ਡਰ ਤੋਂ ਰਹਿਤ ਹੈ, ਅਕਾਰ ਤੋਂ ਰਹਿਤ ਹੈ ਅਤੇ ਜਿਸ ਨੂੰ ਲਖਿਆ ਨਹੀਂ ਜਾ ਸਕਦਾ, ਉਹ ਗੁਰਮੁਖ ਦੇ ਅੰਦਰ ਪਰਗਟ ਹੁੰਦਾ ਹੈ, ਅਰਥਾਤ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲੇ ਮਨੁੱਖਾਂ ਦੇ ਅੰਦਰ ਉਸ ਦੀ ਜੋਤਿ ਪ੍ਰਕਾਸ਼ ਹੁੰਦੀ ਹੈ। ਜਿਨ੍ਹਾਂ ਅੰਦਰ ਉਸ ਅਕਾਲ ਪੁਰਖ ਦੀ ਜੋਤਿ ਪਰਗਟ ਹੋ ਜਾਂਦੀ ਹੈ ਉਨ੍ਹਾਂ ਗੁਰਮੁਖਾਂ ‘ਤੇ ਦੁੱਖ ਅਤੇ ਸੁੱਖ ਅਸਰ-ਅੰਦਾਜ਼ ਨਹੀਂ ਹੁੰਦੇ ਅਤੇ ਗੁਰਮੁਖ ਸਦਾ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ,
ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ॥
ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ॥
ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ॥
ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ॥
ਤਿਥੈ ਸੋਗੁ ਵਿਜੋਗੁ ਨਾ ਵਿਆਪਈ ਅਸਥਿਰੁ ਜਗਿ ਥੀਆ॥੧੯॥
ਇਸ ਸਾਰੀ ਰਚਨਾ ਜੋ ਅਕਾਲ ਪੁਰਖ ਵਲੋਂ ਕੀਤੀ ਗਈ ਹੈ, ਦੀ ਚਲਾਇਮਾਨਤਾ ਦੀ ਗੱਲ ਕਰਦਿਆਂ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਹਨ ਕਿ ਜੋ ਕੁਝ ਵੀ ਇਸ ਬ੍ਰਹਿਮੰਡ ਵਿਚ ਸਿਰਜਣਹਾਰ ਨੇ ਸਿਰਜਿਆ ਹੈ, ਉਹ ਸਭ ਚਲਾਇਮਾਨ ਹੈ ਅਰਥਾਤ ਇਸ ਸਾਰਾ ਸੰਸਾਰ ਜੋ ਨਜ਼ਰੀਂ ਆ ਰਿਹਾ ਹੈ, ਇਸ ਦਾ ਆਉਣ-ਜਾਣ ਬਣਿਆ ਹੋਇਆ ਹੈ ਤੇ ਇਸ ਨੇ ਸਦੀਵੀ ਕਾਇਮ ਨਹੀਂ ਰਹਿਣਾ। ਜਿਸ ਮਨੁੱਖ ਨੇ ਇਸ ਗੱਲ ਨੂੰ ਸਮਝ ਲਿਆ ਹੈ ਕਿ ਇਸ ਸੰਸਾਰ ਵਿਚ ਕੁਝ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਉਹ ਉਸ ਅਕਾਲ ਪੁਰਖ ਦੀ ਹਜ਼ੂਰੀ ਵਿਚ ਪ੍ਰਵਾਨ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜੇਕਰ ਕੋਈ ਮਨੁੱਖ ਇਸ ਸੰਸਾਰਕ ਪ੍ਰਾਪਤੀਆਂ ਕਰਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ, ਇਸ ‘ਤੇ ਮਾਣ ਕਰਦਾ ਹੈ, ਉਹ ਮਨੁੱਖ ਬਿਲਕੁਲ ਹੀ ਮੂਰਖ, ਅਗਿਆਨੀ ਤੇ ਗਵਾਰ ਹੈ,
ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ॥
ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ॥
ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ॥੧॥ (ਪੰਨਾ ੫੧੬)
ਅਗਲੇ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਮਨੁੱਖੀ ਮਨ ਦੀ ਹਾਥੀ ਨਾਲ ਤੁਲਨਾ ਕਰਦੇ ਹਨ ਜਿਸ ਦਾ ਮਹਾਵਤ ਗੁਰੂ ਹੈ ਅਤੇ ਗਿਆਨ ਉਸ ਦਾ ਕੁੰਡਾ ਹੈ ਜਿਸ ਰਾਹੀਂ ਮਨ ਨੂੰ ਵਸ ਕੀਤਾ ਜਾਂਦਾ ਹੈ। ਗੁਰੂ ਰਾਹੀਂ ਵਸ ਕੀਤਾ ਮਨ ਜਿਧਰ ਗੁਰੂ ਚਾਹੇ ਫਿਰ ਉਸੇ ਪਾਸੇ ਜਾਂਦਾ ਹੈ। ਭਾਵ ਜਿਸ ਤਰ੍ਹਾਂ ਹਾਥੀ ਨੂੰ ਮਹਾਵਤ ਕੰਡੇ ਰਾਹੀਂ ਕਾਬੂ ਵਿਚ ਰੱਖਦਾ ਹੈ, ਸੇਧ ਕੇ ਰੱਖਦਾ ਹੈ, ਇਸੇ ਤਰ੍ਹਾਂ ਗੁਰੂ ਰਾਹੀਂ ਹੀ ਗਿਆਨ ਪ੍ਰਾਪਤ ਕਰਕੇ ਇਹ ਮਨ ਕਾਬੂ ਵਿਚ ਆਉਂਦਾ ਹੈ। ਜਿਵੇਂ ਕੁੰਡੇ ਜਾਂ ਅੰਕੁਸ਼ ਤੋਂ ਬਿਨਾਂ ਹਾਥੀ ਬੇਕਾਬੂ ਹੋਇਆ ਇਧਰ ਉਧਰ ਭਟਕਦਾ ਫਿਰਦਾ ਹੈ, ਇਸੇ ਤਰ੍ਹਾਂ ਗੁਰੂ ਦੇ ਗਿਆਨ ਤੋਂ ਬਿਨਾਂ ਮਨੁੱਖੀ ਮਨ ਔਝੜੇ ਪਿਆ ਰਹਿੰਦਾ ਹੈ,
ਮਨੁ ਕੁੰਚਰ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਕਿੰਚੈ ਤਹ ਜਾਇ॥
ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ॥੨॥ (ਪੰਨਾ ੫੧੬)
ਦੂਜਾ ਭਾਉ ਅਰਥਾਤ ਮਾਇਆ ਨਾਲ ਪ੍ਰੇਮ ਵੀ ਅਕਾਲ ਪੁਰਖ ਦਾ ਹੀ ਪੈਦਾ ਕੀਤਾ ਹੋਇਆ ਹੈ। ਇਸ ਲਈ ਉਸ ਸਿਰਜਣਹਾਰ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਉਸ ਦੇ ਹੁਕਮ ਦਾ ਅਨੁਸਾਰੀ ਹੋ ਕੇ ਚੱਲਣ ਨਾਲ, ਉਸ ਦੀ ਹਜ਼ੂਰੀ ਵਿਚ ਜੁੜੇ ਰਹਿਣ ਨਾਲ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਸ ਅਕਾਲ ਪੁਰਖ ਦਾ ਸਦੀਵੀ ਕਾਇਮ ਰਹਿਣ ਵਾਲਾ ਨਾਮ ਸਦਾ ਸਿਮਰ ਸਕੀਦਾ ਹੈ। ਗੁਰਮੁਖਾਂ ਦੀ ਸੰਗਤ ਕਰਨ ਲਈ ਮਿਲਦੀ ਹੈ ਅਤੇ ਗੁਰਮੁਖਾਂ ਦੀ ਸੰਗਤ ਵਿਚ ਮਨ ਦੇ ਹਰ ਤਰ੍ਹਾਂ ਦੇ ਦੁੱਖ ਅਤੇ ਕਲੇਸ਼ ਤੋਂ ਨਿਜ਼ਾਤ ਪਾ ਸਕੀਦੀ ਹੈ। ਗੁਰੂ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ ਉਸ ਅਕਾਲ ਪੁਰਖ ਦਾ ਸਦਾ ਕਾਇਮ ਰਹਿਣ ਵਾਲਾ ਨਾਮ-ਰੂਪੀ ਧਨ ਖੱਟ ਕੇ ਨਿਸਚਿੰਤ ਹੋ ਜਾਈਦਾ ਹੈ,
ਤਿਸੁ ਆਗੈ ਅਰਦਾਸਿ ਜਿਨਿ ਉਪਾਇਆ॥
ਸਤਿਗੁਰੁ ਆਪਣਾ ਸੇਵਿ ਸਭ ਫਲ ਪਾਇਆ॥
ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ॥
ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ॥
ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ॥੨੦॥ (ਪੰਨਾ ੫੧੬)
ਇਸ ਪਉੜੀ ਤੋਂ ਅਗਲੇ ਸਲੋਕ ਵਿਚ ਗੁਰੂ ਅਮਰਦਾਸ ਵਰਖਾ ਦੀ ਮਸਾਲ ਰਾਹੀਂ ਹਿਰਦੇ ਵਿਚ ਭਗਤੀ ਦੇ ਵੱਸਣ ਦੀ ਗੱਲ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਬੱਦਲ ਦੇਖ ਕੇ ਕਿਸਾਨ ਖੇਤਾਂ ਦੀਆਂ ਵੱਟਾ ਉਚੀਆਂ ਕਰ ਦਿੰਦਾ ਹੈ ਅਤੇ ਮੀਂਹ ਪੈਣ ‘ਤੇ ਖੇਤ ਵਿਚ ਪਾਣੀ ਆ ਕੇ ਖੜ੍ਹ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਜੀਵ ਦੇ ਆਪਣੇ ਮਨ ਅੰਦਰ ਭਗਤੀ ਦਾ ਵਲਵਲਾ ਉਠਦਾ ਹੈ, ਉਛਾਲ ਆਉਂਦਾ ਹੈ ਤਾਂ ਅਕਾਲ ਪੁਰਖ ਉਸ ਦੇ ਅੰਦਰ ਪ੍ਰਾਹੁਣਾ ਬਣ ਕੇ ਨਿਵਾਸ ਕਰਨ ਲਈ ਆ ਜਾਂਦਾ ਹੈ। ਜਿਸ ਤਰ੍ਹਾਂ ਕਿਸਾਨ ਬੱਦਲ ਨੂੰ ਕਹਿੰਦਾ ਹੈ ਕਿ ਮੀਂਹ ਪਾਉਣਾ ਹੈ ਤਾਂ ਹੁਣੇ ਪਾ, ਸਮਾਂ ਲੰਘੇ ਤੋਂ ਵਰਸਣ ਦਾ ਕੀ ਫਾਇਦਾ? ਇਸੇ ਤਰ੍ਹਾਂ ਜੀਵ ਅਕਾਲ ਪੁਰਖ ਅੱਗੇ ਬੇਨਤੀ ਕਰਦਾ ਹੈ ਕਿ ਜੇ ਮੇਰੇ ਹਿਰਦੇ ਵਿਚ ਵੱਸਣਾ ਹੈ ਤਾਂ ਹੁਣੇ ਵੱਸ, ਉਮਰ ਲੰਘ ਜਾਣ ‘ਤੇ ਵੱਸਣ ਦਾ ਕੀ ਫਾਇਦਾ? ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਉਹ ਉਨ੍ਹਾਂ ਤੋਂ ਸਦਕੇ ਜਾਂਦੇ ਹਨ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ, ਗੁਰੂ ਰਾਹੀਂ ਅਕਾਲ ਪੁਰਖ ਨੂੰ ਆਪਣੇ ਮਨ ਅੰਦਰ ਹੀ ਲੱਭ ਲਿਆ ਹੈ,
ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ॥
ਮਹਲ ਭਗਤੀ ਘਰ ਸਰੈ ਸਜਣ ਪਾਹੁਣਿਅਉ॥
ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ॥
ਨਾਨਕ ਤਿਨ੍ਹ ਬਲਿਹਾਰਣੈ ਜਿਨ੍ਹ ਗੁਰਮੁਖਿ ਪਾਇਆ ਮਨ ਮਾਹਿ॥੧॥ (ਪੰਨਾ ੫੧੭)
ਅਗਲੇ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਦਸਦੇ ਹਨ ਕਿ ਪਦਾਰਥ ਉਹ ਹੀ ਪਿਆਰਾ ਹੈ ਜਿਹੜਾ ਸਦਾ ਹੀ ਚੰਗਾ ਲਗਦਾ ਰਹੇ ਅਤੇ ਮਿੱਤਰ ਉਹ ਹੀ ਚੰਗਾ ਹੈ ਜਿਸ ਨਾਲ ਹਮੇਸ਼ਾ ਬਣੀ ਰਹੇ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਗੁਰੂ ਦੇ ਰਾਹੀਂ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ, ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਆਪ ਚਾਨਣ ਕਰੇ,
ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ॥
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ॥੨॥ (ਪੰਨਾ ੫੧੭)
ਅਗਲੀ ਪਉੜੀ ਵਿਚ ਗੁਰੂ ਅਮਰਦਾਸ ਬਿਆਨ ਕਰਦੇ ਹਨ ਕਿ ਉਸ ਅਕਾਲ ਪੁਰਖ ਅੱਗੇ ਅਰਦਾਸ ਹਲੀਮ ਹੋ ਕੇ ਕੀਤੀ ਜਾਂਦੀ ਹੈ। ਅਕਾਲ ਪੁਰਖ ਦਾ ਭਗਤ ਉਸ ਅੱਗੇ ਅਰਦਾਸ ਕਰਦਾ ਹੈ ਕਿ ਤੇਰੇ ਅੱਗੇ ਹੀ ਅਰਦਾਸ ਹੈ, ਤੂੰ ਸਾਰਿਆਂ ਦਾ ਸੱਚਾ ਮਾਲਕ ਹੈਂ। ਤੂੰ ਹੀ ਸਭ ਦੀ ਰੱਖਿਆ ਕਰਨ ਵਾਲਾ ਹੈਂ, ਇਸ ਲਈ ਸਦਾ ਤੇਰੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ, ਤੇਰਾ ਹੀ ਧਿਆਨ ਧਰਿਆ ਜਾਂਦਾ ਹੈ। ਇਸ ਸੰਸਾਰ ਦੇ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਅਤੇ ਤੂੰ ਸਾਰਿਆਂ ਅੰਦਰ ਵੱਸ ਰਿਹਾ ਹੈਂ। ਜਿਹੜੇ ਮਨੁੱਖ ਤੇਰੇ ਭਗਤਾਂ ਦੀ ਨਿੰਦਿਆ ਕਰਦੇ ਹਨ, ਤੂੰ ਆਪ ਹੀ ਉਨ੍ਹਾਂ ਨੂੰ ਆਤਮਿਕ ਮੌਤ ਦੇ ਕੇ ਖੁਆਰ ਕਰਦਾ ਹੈਂ। ਗੁਰੂ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਦੇ ਹਨ ਕਿ ਸਾਰੇ ਫਿਕਰ ਛੱਡ ਕੇ ਨਿਸਚਿੰਤ ਹੋ ਕੇ ਉਸ ਅਕਾਲ ਪੁਰਖ ਦੇ ਚਰਨੀਂ ਲੱਗ,
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ॥
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ॥
ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ॥
ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ॥
ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ॥੨੧॥ (ਪੰਨਾ ੫੧੭)
ਅੱਗੇ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਸਮਝਾਉਂਦੇ ਹਨ ਕਿ ਮਨੁੱਖ ਦਨਿਆਵੀ ਆਸਾਂ ਕਰ ਕਰ ਕੇ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ ਪਰ ਇਹ ਆਸਾਂ ਵਧਦੀਆਂ ਹੀ ਰਹਿੰਦੀਆਂ ਹਨ, ਕਦੇ ਵੀ ਤ੍ਰਿਸ਼ਨਾ ਜਾਂਦੀ ਨਹੀਂ। ਮਨੁੱਖ ਦੇ ਮਨ ਨੂੰ ਸੰਤੋਖ ਤਾਂ ਹੀ ਆਉਂਦਾ ਹੈ, ਉਸ ਦਾ ਮਨ ਤ੍ਰਿਸ਼ਨਾ ਵਲੋਂ ਉਦੋਂ ਹੀ ਸ਼ਾਂਤ ਹੁੰਦਾ ਹੈ ਜਦੋਂ ਆਪਣੇ ਮਨ ਨੂੰ ਉਸ ਸਦੀਵੀ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਲੈਂਦਾ ਹੈ,
ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ॥
ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ॥੧॥ (ਪੰਨਾ ੫੧੭)
ਅਗਲੇ ਸਲੋਕ ਵਿਚ ਵੀ ਮਨੁੱਖੀ ਤ੍ਰਿਸ਼ਨਾ ਅਤੇ ਆਸਾਂ ਦੀ ਗੱਲ ਕੀਤੀ ਗਈ ਹੈ ਕਿ ਮਨ ਦੀਆਂ ਇਛਾਵਾਂ, ਮਨ ਦੀ ਤ੍ਰਿਸ਼ਨਾ ਉਦੋਂ ਹੀ ਖਤਮ ਹੁੰਦੀ ਹੈ, ਜਦੋਂ ਉਹ ਸੱਚਾ ਪਰਵਰਦਗਾਰ ਜਿਸ ਨੇ ਇਹ ਮਨੁੱਖ ਦੇ ਅੰਦਰ ਪੈਦਾ ਕੀਤੀਆਂ ਹਨ, ਇਨ੍ਹਾਂ ਨੂੰ ਖਤਮ ਕਰਦਾ ਹੈ, ਮਨੁੱਖ ਦੇ ਅੰਦਰ ਸੰਤੋਖ ਪਾਉਂਦਾ ਹੈ। ਜਦੋਂ ਮਨੁੱਖ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਸ ਅਕਾਲ ਪੁਰਖ ਦੇ ਨਾਮ ਤੋਂ ਬਿਨਾ ਹੋਰ ਸਭ ਕੁਝ ਨਾਸ਼ਵਾਨ ਹੈ, ਉਸ ਦੇ ਨਾਮ ਤੋਂ ਬਿਨਾਂ ਕੁਝ ਵੀ ਸਥਾਈ ਨਹੀਂ ਹੈ ਤਾਂ ਹੀ ਮਨੁੱਖ ਦੇ ਮਨ ਅੰਦਰੋਂ ਤ੍ਰਿਸ਼ਨਾਵਾਂ ਦਾ ਖਾਤਮਾ ਹੁੰਦਾ ਹੈ, ਤਾਂ ਹੀ ਉਸ ਨੂੰ ਸਮਝ ਆਉਂਦੀ ਹੈ,
ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ॥
ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ॥੨॥
ਗੁਰੂ ਅਮਰਦਾਸ ਸਾਹਿਬ ਵਲੋਂ ਰਚਿਤ ਇਸ ਵਾਰ ਦੀ ਅਗਲੀ ਅਤੇ ਆਖਰੀ ਪਉੜੀ ਵਿਚ ਦਸਿਆ ਗਿਆ ਹੈ ਕਿ ਉਸ ਅਕਾਲ ਪੁਰਖ ਨੇ ਆਪ ਹੀ ਪੂਰੀ ਬਣਤ ਬਣਾ ਕੇ ਇਹ ਸੰਸਾਰ ਪੈਦਾ ਕੀਤਾ ਹੈ। ਉਹ ਆਪ ਹੀ ਸੌਦਾ ਹੈ, ਆਪ ਹੀ ਹੱਟ ਹੈ ਅਤੇ ਆਪ ਹੀ ਵਣਜ ਕਰਨ ਵਾਲਾ ਸੌਦਾਗਰ ਹੈ ਭਾਵ ਇਹ ਸੰਸਾਰ, ਇਸ ਦੇ ਕਰਮ, ਧੰਦੇ ਅਤੇ ਇਨ੍ਹਾਂ ਨੂੰ ਕਰਨ ਵਾਲਾ ਸਭ ਕੁਝ ਅਕਾਲ ਪੁਰਕ ਆਪ ਹੀ ਹੈ ਕਿਉਂਕਿ ਉਹ ਆਪਣੀ ਰਚਨਾ ਤੋਂ ਬਾਹਰ ਨਹੀਂ ਹੈ, ਇਸ ਵਿਚ ਵਿਆਪਕ ਹੈ। ਉਹ ਆਪ ਹੀ ਸੰਸਾਰ-ਸਮੁੰਦਰ ਹੈ, ਆਪ ਹੀ ਜਹਾਜ ਹੈ ਜਿਸ ਨੇ ਸੰਸਾਰ ਸਾਗਰ ਤੋਂ ਪਾਰ ਲੱਗਣਾ ਹੈ ਅਤੇ ਆਪ ਹੀ ਇਸ ਦਾ ਮਲਾਹ ਹੈ ਜਿਸ ਨੇ ਇਸ ਬੇੜੇ ਨੂੰ ਪਾਰ ਲੈ ਜਾਣਾ ਹੈ। ਉਹ ਅਕਾਲ ਪੁਰਖ ਆਪ ਹੀ ਗੁਰੂ ਹੈ ਅਤੇ ਆਪ ਹੀ ਸਿੱਖ (ਚੇਲਾ) ਹੈ ਅਤੇ ਆਪ ਹੀ ਅਗਲਾ ਕਿਨਾਰਾ ਅਰਥਾਤ ਪਾਰਲਾ ਪੱਤਣ ਦਿਖਾਉਣ ਵਾਲਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰ ਜਿਸ ਨਾਲ ਸਾਰੇ ਕਸ਼ਟ ਕੱਟੇ ਜਾਂਦੇ ਹਨ, ਸਾਰੇ ਦੁੱਖ ਦੂਰ ਹੋ ਜਾਂਦੇ ਹਨ ਕਿਉਂਕਿ ਉਸ ਦਾ ਨਾਮ ਸਿਮਰਨ ਹੀ ਸਾਰੇ ਦੁੱਖ-ਦਰਦ ਦੂਰ ਕਰਨ ਵਾਲਾ ਹੈ,
ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ॥
ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ॥
ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ॥
ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ॥
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ॥੨੨॥੧॥ਸੁਧੁ॥ (ਪੰਨਾ ੫੧੭)
ਗੁਰੂ ਅਮਰਦਾਸ ਸਾਹਿਬ ਦੀ ਇਸ ਵਾਰ ਦਾ ਸਮੁੱਚਾ ਭਾਵ ਹੈ ਕਿ ਇਸ ਜਗਤ ਰਚਨਾ ਤੋਂ ਪਹਿਲਾਂ ਉਹ ਅਕਾਲ ਪੁਰਖ ਆਪ ਹੀ ਆਪ ਸੀ, ਹੋਰ ਕੋਈ ਹੋਂਦ ਨਹੀਂ ਸੀ। ਫਿਰ ਉਸ ਨੇ ਆਪਣੇ ਆਪ ਤੋਂ, ਆਪਣੇ ਹੁਕਮ ਵਿਚ ਹੀ ਇਸ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਜੋਤਿ ਸਰੂਪ ਹੋ ਕੇ ਆਪਣੀ ਰਚਨਾ ਵਿਚ ਸਮਾ ਗਿਆ। ਉਸ ਨੇ ਤ੍ਰੈਗੁਣਾਤਮਕ ਮਾਇਆ ਦੀ ਰਚਨਾ ਕਰਕੇ ਜੀਵਾਂ ਨੂੰ ਕਰਮ ਕਰਨ ਵਿਚ ਮਸਰੂਫ ਕਰ ਦਿੱਤਾ। ਇਸ ਤ੍ਰੈਗੁਣਾਤਮਕ ਮਾਇਆ ਦਾ ਮੋਹ ਹੀ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ ਜਿਸ ਨੂੰ ਸਮਝਣ ਦੀ ਮਨੁੱਖ ਨੂੰ ਜ਼ਰੂਰਤ ਹੈ। ਇਸ ਮਾਇਆ ਦੀਆਂ ਬੁਰਾਈਆਂ ਤੋਂ ਨਿਰਲੇਪ ਹੋਣ ਦਾ ਇੱਕੋ ਇੱਕ ਸਾਧਨ ਉਸ ਦੇ ਨਾਮ ਦਾ ਸਿਮਰਨ ਕਰਨਾ ਹੈ ਜਿਸ ਰਾਹੀਂ ਮਨੁੱਖ ਦਾ ਮਨ ਨਿਰਮਲ ਰਹਿੰਦਾ ਹੈ, ਮਾਇਆ ਮੋਹ ਦੇ ਬੰਧਨਾਂ ਵਿਚ ਲਿਬੜਦਾ ਨਹੀਂ। ਗੁਰੂ ਦਾ ਸ਼ਬਦ ਮਨੁੱਖ ਲਈ ਰਸਤਾ ਦਿਖਾਉਣ ਵਾਲਾ ਹੈ ਕਿਉਂਕਿ ਗੁਰੂ ਦੇ ਸ਼ਬਦ ਰਾਹੀਂ ਮਨੁੱਖ ਦਾ ਮਨ ਹਉਮੈ ਤੋਂ ਛੁਟਕਾਰਾ ਪਾ ਲੈਂਦਾ ਹੈ ਅਤੇ ਉਸ ਦਾ ਅਕਾਲ ਪੁਰਖ ਨਾਲ ਮੇਲ ਸੰਭਵ ਹੋ ਜਾਂਦਾ ਹੈ।
ਜਪੁਜੀ ਸਾਹਿਬ ਵਿਚ ਗੁਰੂ ਨਾਨਕ ਦੇਵ ਨੇ ਮੁੱਢ ਵਿਚ ਹੀ ਬਿਆਨ ਕਰ ਦਿੱਤਾ ਹੈ ਕਿ ਮਨੁੱਖ ਅਤੇ ਪਰਮ ਸਤਿ ਵਿਚ ਹਉਮੈ ਦੀ ਦੀਵਾਰ ਹੈ ਅਤੇ ḔਸਚਿਆਰḔ ਹੋਣ ਲਈ ਇਸ ਹਉਮੈ ਦੀ ਦੀਵਾਰ ਨੂੰ ਤੋੜਨਾ ਜ਼ਰੂਰੀ ਹੈ। ਇਸ ਦੀਵਾਰ ਨੂੰ ਤੋੜਨ ਲਈ ਉਸ ਅਕਾਲ ਪੁਰਖ ਦੇ ਹੁਕਮ ਦਾ ਅਨੁਸਾਰੀ ਹੋ ਕੇ ਚਲਣਾ ਪੈਂਦਾ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਵੀ ਇਸ ਵਾਰ ਵਿਚ ਇਹੀ ਸਮਝਾਉਂਦੇ ਹਨ ਕਿ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਨ, ਉਸ ਸੱਚੇ ਪਰਵਰਦਗਾਰ ਦੀ ਸਿਫ਼ਤਿ-ਸਾਲਾਹ ਕਰਨ ਨਾਲ ਉਸ ਅਕਾਲ ਪੁਰਖ ਦੇ ਚਰਨਾਂ ਤੱਕ ਪਹੁੰਚ ਸਕੀਦਾ ਹੈ। ਮਨੁੱਖੀ ਤ੍ਰਿਸ਼ਨਾ ਸਾਰੇ ਦੁੱਖਾਂ ਨੂੰ ਪੈਦਾ ਕਰਦੀ ਹੈ। ਜੋ ਮਨੁੱਖ ਉਸ ਦੇ ਨਾਮ-ਰੂਪੀ ਅੰਮ੍ਰਿਤ-ਸਰੋਵਰ ਵਿਚ ਇਸ਼ਨਾਨ ਕਰ ਲੈਂਦਾ ਹੈ, ਉਹ ਤ੍ਰਿਸ਼ਨਾਵਾਂ ਤੋਂ ਨਿਜ਼ਾਤ ਪਾ ਲੈਂਦਾ ਹੈ ਅਤੇ ਸੰਤੋਖੀ ਜੀਵਨ ਜਿਉਂਦਾ ਹੈ। ਗੁਰਬਾਣੀ ਵਿਚ ਮਨੁੱਖ ਦੇ ਪ੍ਰਾਪਤ ਕਰਨ ਯੋਗ ਗੁਣਾਂ ਵਿਚ ਇੱਕ ਗੁਣ ḔਸੰਤੋਖੁḔ ਦਸਿਆ ਹੈ ਕਿਉਂਕਿ ਸੰਤੋਖ ਤੋਂ ਬਿਨਾਂ ਮਨੁੱਖ ਦਾ ਮਨ ਰੱਜ ਨਹੀਂ ਸਕਦਾ। ਜਦੋਂ ਤੱਕ ਮਨ ਰੱਜਦਾ ਨਹੀਂ ਇਹ ਇਛਾਵਾਂਵੱਸ ਹੋ ਕੇ ਭਟਕਦਾ ਰਹਿੰਦਾ ਹੈ।