ਜਦ ਜੂਨ ਮਹੀਨਾ ਚੜ੍ਹਦਾ ਹੈ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੇਂਡੂ ਇਲਾਕਿਆਂ ਵਿਚ ਦੋ-ਮੂੰਹੇਂ ਸੱਪ ਬਾਬਤ ਇਕ ਮਿੱਥ ਬੜੀ ਪ੍ਰਚਲਿਤ ਹੈ। ਅਖੇ, ਜਿਸ ਕਿਸੇ ਦੇ ਇਹ ਦੋ-ਮੂੰਹਾਂ ਲੜ ਜਾਵੇ, ਉਹ ਬੰਦਾ ਮਰਦਾ ਤਾਂ ਨਹੀਂ, ਪਰ ਜਿਨ੍ਹਾਂ ਦਿਨਾਂ ਵਿਚ ਕਿਸੇ ਦੇ ਲੜਿਆ ਹੁੰਦਾ ਹੈ, ਹਰ ਸਾਲ ਮੁੜ ਉਨ੍ਹਾਂ ਹੀ ਦਿਨਾਂ ਵਿਚ ਜ਼ਰੂਰ ਆ ਕੇ ਲੜਦਾ ਹੈ। ਇਸ ਮਿੱਥ ਪਿੱਛੇ ਅਸਲੀਅਤ ਇਹ ਦੱਸੀ ਜਾਂਦੀ ਹੈ ਕਿ ਇਸ ਸੱਪ ਦੇ ਕੱਟੇ ਹੋਏ ਥਾਂ ਜੋ ਜ਼ਖਮ ਬਣਦਾ ਹੈ, ਉਹ ਉਤੋਂ ਉਤੋਂ ਜ਼ਰੂਰ ਸੁੱਕ ਗਿਆ ਜਾਪਦਾ ਹੈ, ਪਰ ਹਰ ਸਾਲ ਉਨ੍ਹਾਂ ਹੀ ਦਿਨਾਂ ਵਿਚ ਫਿਰ ਰਿਸਣ ਲੱਗ ਪੈਂਦਾ ਹੈ ਅਤੇ ਸਾਰੀ ਉਮਰ ਰਿਸਦਾ ਹੀ ਰਹਿੰਦਾ ਹੈ।

ਇਸੇ ਤਰ੍ਹਾਂ ਜੂਨ ਚੁਰਾਸੀ ਦੇ ਘੱਲੂਘਾਰੇ ਨੇ ਸਿੱਖ ਪੰਥ ਨੂੰ ਜੋ ਜ਼ਖਮ ਦਿੱਤੇ, ਇਹ ਕਈ ਪੀੜ੍ਹੀਆਂ ਤਕ ਅੱਲੇ ਹੀ ਰਹਿਣਗੇ। ਦਰਅਸਲ ਜੂਨ ਚੁਰਾਸੀ ਦੇ ਘੱਲੂਘਾਰੇ ਦੀ ਵਿਉਂਤਕਾਰ ਤਤਕਾਲੀ ਹਕੂਮਤ ਸਿੱਖ ਕੌਮ ਲਈ ਫਨੀਅਰ ਸੱਪ ਵੀ ਬਣੀ ਤੇ ਦੋ-ਮੂੰਹਾਂ ਵੀ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲੇ ਦੇ ਅੱਗੜ-ਪਿੱਛੜ ਜੋ ਦਿਲ-ਕੰਬਾਊ ਵਾਕਿਆਤ ਵਾਪਰੇ, ਉਨ੍ਹਾਂ ਵਿਚ ਜਾਨਾਂ ਗੁਆਉਣ ਵਾਲਿਆਂ ਲਈ ਉਹ ਹਕੂਮਤ ਫਨੀਅਰ ਸੱਪ ਹੀ ਹੋ ਨਿੱਬੜੀ ਜਿਸ ਦੇ ਡੰਗ ਮਾਰਿਆਂ ਬੰਦਾ ਘੜੀਆਂ ਪਲਾਂ ਵਿਚ ਹੀ ਢੇਰ ਹੋ ਜਾਂਦਾ ਹੈ। ਉਸ ਅਤਿ ਭੀਹਾਵਲੇ ਦੌਰ ਨੂੰ ਪਿੰਡੇ ‘ਤੇ ਹੰਢਾਉਣ ਵਾਲੇ ਜਿਊਂਦੇ ਬਚ ਗਏ ਲੋਕਾਂ ਲਈ ਉਹ ਜਾਬਰ ਸਰਕਾਰ, ਦੋ-ਮੂੰਹਾਂ ਸੱਪ ਹੀ ਸਮਝੋ। ਜਦ ਵੀ ਜੂਨ ਮਹੀਨਾ ਚੜ੍ਹਦਾ ਹੈ, ਉਨ੍ਹਾਂ ਦੇ ਸੀਨਿਆਂ ‘ਤੇ ਪਏ ਜ਼ਖਮ ਫਿਰ ਰਿਸਣ ਲੱਗਦੇ ਹਨ।
ਪੰਜਾਬ ਦਾ ਕਾਲਾ ਦੌਰ ਕਹੇ ਜਾਂਦੇ ਉਸ ਜ਼ੁਲਮ-ਓ-ਤਸ਼ੱਦਦ ਭਰੇ ਸਮੇਂ ਹਰ ਕਿਸੇ ਦੀ ਰੂਹ ਨਪੀੜੀ ਗਈ। ਬਹੁਤਿਆਂ ਨੂੰ ਕੌਮੀ ਪੀੜਾਂ ਨੇ ਰੁਆਇਆ ਅਤੇ ਕਈਆਂ ਨੂੰ ਨਿੱਜੀ ਤਕਲੀਫ਼ਾਂ ਅਤੇ ਜੀਆਂ ਦੇ ਸਦੀਵੀ ਵਿਛੋੜੇ ਝੱਲਣੇ ਪਏ। ਹਜ਼ਾਰਾਂ ਪੁਲਿਸ ਤਸੀਹਾ ਕੇਂਦਰਾਂ ਵਿਚ ਅਣ-ਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋ ਕੇ ਸਦਾ ਲਈ ਨਕਾਰਾ ਬਣ ਕੇ ਰਹਿ ਗਏ। ਸ਼ਾਇਦ ਹੀ ਕੋਈ ਅਜਿਹਾ ਕਿਸਮਤ ਵਾਲਾ ਪੰਜਾਬੀ ਸੁੱਕਾ ਬਚਿਆ ਹੋਵੇਗਾ ਜਿਸ ਨੂੰ ਉਨ੍ਹਾਂ ਸਮਿਆਂ ਵਿਚ ਬਲ ਰਹੀ ਅੱਗ ਦਾ ਸੇਕ ਨਾ ਲੱਗਿਆ ਹੋਵੇ। ਚਾਹੇ ਖਾੜਕੂ ਧਿਰ ਨਾਲ ਜਾਂ ਸੁਰੱਖਿਆ ਦਲਾਂ ਨਾਲ, ਸਿੱਧਾ ਜਾਂ ਅਸਿੱਧਾ ਵਾਹ-ਵਾਸਤਾ ਹਰ ਇਕ ਦਾ ਪਿਆ, ਥੋੜ੍ਹਾ ਜਾਂ ਬਹੁਤਾ।
ਜਦ ਵੀ ਜੂਨ ਚੜ੍ਹਦਾ ਹੈ ਤਾਂ ਮੈਨੂੰ ਉਸ ਚੰਦਰੇ ਸਮੇਂ ਨਾਲ ਸਬੰਧਤ ਆਪਣੇ ਨਿਜੀ ਵਾਕਿਆਤ ਰਿਸਦੇ ਜ਼ਖ਼ਮਾਂ ਵਾਂਗ ਯਾਦ ਆ ਜਾਂਦੇ ਹਨ। ਸੋਚਦਿਆਂ ਖੁਦ ਨੂੰ ਹੈਰਾਨੀ ਵੀ ਹੁੰਦੀ ਹੈ ਤੇ ਉਹ ਵੇਲਾ ਯਾਦ ਕਰ ਕੇ ਕੰਬਣੀ ਵੀ ਛਿੜਦੀ ਹੈ ਕਿ ਕਿਵੇਂ ਮੈਂ ਮੌਤ ਦੇ ਮੂੰਹ ਵਿਚੋਂ ਬਚ ਕੇ ਆ ਗਿਆ ਸਾਂ। ਇਕ-ਦੋ ਵਾਰ ਮੈਂ ਮੌਤ ਨੂੰ ‘ਵਾਜਾਂ ਮਾਰਨ ਵਾਲੀ ਗੱਲ ਕੀਤੀ, ਪਰ ਉਸ ਨੇ ਸੁਣੀ ਨਾ।
ਪੁਲਿਸ ਦੇ ਤਸੀਹਾ ਕੇਂਦਰਾਂ ਵਿਚ ਹੁੰਦੇ ਅਣ-ਮਨੁੱਖੀ ਤਸ਼ੱਦਦ ਦੀਆਂ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੀਆਂ ਕਹਾਣੀਆਂ ਪਿੰਡਾਂ ਵਿਚ ਉਦੋਂ ਆਮ ਹੀ ਸੁਣੀ ਦੀਆਂ ਸਨ। ਅਜਿਹੇ ਦਰਦਨਾਕ ਵੇਰਵੇ ਅਖਬਾਰਾਂ ਵਿਚ ਵੀ ਛਪਦੇ ਰਹਿੰਦੇ ਹਨ। ਉਤੋਂ ਪੁਲਿਸ ਦੀ ਮਾਰ ਝੱਲ ਕੇ ਆਏ ਆਪਣੇ ਪਿੰਡ ਦੇ ਹੀ ਦੋਸਤ ਮੰਗਲ ਸਿੰਘ ਦੀ ਬੁਰੀ ਹਾਲਤ ਮੈਂ ਵੇਖ ਲਈ। ਥਾਂ-ਥਾਂ ਤੋਂ ਪੱਛੇ ਪਏ ਅਤੇ ਹੱਥ ਪੈਰ ਹਿਲਾਉਣ ਤੋਂ ਵੀ ਅਵਾਜ਼ਾਰ ਮੰਗਲ ਸਿੰਘ ਨੂੰ ਮੈਂ ਪੁੱਛਿਆ ਕਿ ਐਨੀ ਬੇਦਰਦੀ ਨਾਲ ਸੀæਆਰæਪੀæਐਫ਼ ਵਾਲੇ ਸਿੱਖ ਮੁੰਡਿਆਂ ਉਤੇ ਤਸ਼ੱਦਦ ਢਾਹੁੰਦੇ ਹੋਣਗੇ? ਉਸ ਨੇ ਮਰਕੁਲਾਂਦੀ ਆਵਾਜ਼ ਵਿਚ ਦੱਸਿਆ ਕਿ ਪੰਜਾਬ ਦੇ ਪੁਲਸੀਏ ਹੀ ਯਮਦੂਤਾਂ ਵਾਂਗ ਚਿੰਬੜਦੇ ਆ ਭਰਾਵਾ! ਉਸ ਦੇ ਮੂੰਹੋਂ ਮੁਗਲਾਂ ਤੇ ਅੰਗਰੇਜ਼ਾਂ ਨੂੰ ਵੀ ਮਾਤ ਪਾਉਂਦੇ ਜ਼ੁਲਮ ਦੇ ਢੰਗ-ਤਰੀਕੇ ਸੁਣ ਕੇ ਮੈਨੂੰ ਤਾਅ ਚੜ੍ਹ ਗਿਆ।
ਘਰੇ ਆ ਕੇ ਆਮ ਜਿਹੀ ਲਕੀਰੀ ਕਾਪੀ ਵਿਚੋਂ ਵਰਕੇ ਪੁੱਟ ਕੇ ਲਿਖਣਾ ਸ਼ੁਰੂ ਕਰ ਦਿੱਤਾ, ਸਿਰਲੇਖ ਰੱਖਿਆ- ‘ਧਰਮ ਰਾਜ ਦਾ ਪ੍ਰੈਸ ਨੋਟ’। ਥੱਲੇ ਕੁਝ ਇਹੋ ਜਿਹੀ ਇਬਾਰਤ ਲਿਖੀ:
æææਧਰਮ ਰਾਜ ਕੋਲ ‘ਗੁਨਾਹਗਾਰਾਂ’ ਨੂੰ ਸਜ਼ਾਵਾਂ ਦੇਣ ਲਈ ਯਮਦੂਤਾਂ ਦੀ ਬਹੁਤ ਘਾਟ ਪੈ ਗਈ ਹੈ। ਮਾਤ-ਲੋਕ ਵਿਚੋਂ ਪੁੱਠੇ-ਸਿੱਧੇ ਕੰਮ ਮ੍ਰਿਤ-ਲੋਕ ਵਿਚ ਗਿਆਂ ਨੂੰ ਕੋਹਲੂ ਵਿਚ ਪੀੜਨ, ਤਪਦੇ ਤੇਲ ਦੇ ਕੜਾਹਿਆਂ ਵਿਚ ਤਲਣ ਅਤੇ ਦਰਖਤਾਂ ਨਾਲ ਬੰਨ੍ਹ ਕੇ ਕੋਰੜੇ ਮਾਰਨ ਵਾਲੇ ਸਟਾਫ ਦੀ ਭਰਤੀ ਖੁੱਲ੍ਹ ਗਈ ਹੈ। ਧਰਮ ਰਾਜ ਆਪਣੇ ਪੀæਏæ ਨੂੰ ਪ੍ਰੈਸ ਨੋਟ ਲਿਖਾਉਂਦਾ ਕਹਿੰਦਾ ਹੈ ਕਿ ਛੇਤੀ ਹੀ ਪੰਜਾਬ ਦੀਆਂ ਅਖਬਾਰਾਂ ਵਿਚ ‘ਐਡ’ ਦਿਓ ਕਿ ਇਨ੍ਹਾਂ ਪੋਸਟਾਂ ਲਈ ਸਿਰਫ਼ ਤੇ ਸਿਰਫ਼ ਪੰਜਾਬ ਪੁਲਿਸ ਦੇ ਜਵਾਨ ਹੀ ਅਪਲਾਈ ਕਰਨ, ਕਿਉਂਕਿ ਮ੍ਰਿਤ-ਲੋਕ ਵਿਚ ਪਹਿਲੋਂ ਕੰਮ ਕਰਨ ਵਾਲੇ ਸਾਰੇ ਹੀ ਯਮਦੂਤ ਪੰਜਾਬ ਦੇ ‘ਪੁਲਿਸ ਤਸੀਹਾ ਕੇਂਦਰਾਂ’ ਵਿਚ ਵਰਤੇ ਜਾਂਦੇ ਢੰਗ-ਤਰੀਕਿਆਂ ਦੇ ਵੇਰਵੇ ਸੁਣ ਕੇ ਭੈਅ-ਭੀਤ ਹੁੰਦਿਆਂ ਕੰਮ ਹੀ ਛੱਡ ਗਏ ਨੇ।
ਯਮਦੂਤਾਂ ਦੀ ਜੌਬ ਲਈ ਬਿਨੈ ਪੱਤਰ ਭੇਜਣ ਵਾਲਿਆਂ ਲਈ ਕੁਝ ਖਾਸ ਸ਼ਰਤਾਂ ਇਹ ਹੋਣਗੀਆਂ ਕਿ ਉਨ੍ਹਾਂ ਵਿਚ ਤਰਸ ਜਾਂ ਰਹਿਮ ਨਾਂ ਦੀ ਕੋਈ ਚੀਜ਼ ਨਾ ਹੋਵੇ, ਜ਼ਮੀਰ ਬਿਲਕੁਲ ਹੀ ਮਰੀ ਹੋਈ ਹੋਵੇ, ਸ਼ਕਲ-ਸੂਰਤੋਂ ਰਾਖਸ਼ਾਂ ਵਰਗੇ ਲੱਗਣ, ਧਰਮ ਕੌਮ ਦਾ ਰੱਤੀ ਭਰ ਵੀ ਮੋਹ ਨਾ ਹੋਵੇ ਅਤੇ ਨਵੀਆਂ ਤੋਂ ਨਵੀਆਂ ਗਾਲਾਂ ਦੀ ਵਾਛੜ ਕਰਨ ਵਿਚ ਨਿਪੁੰਨ ਹੋਣ। ਮਾਂ ਭੈਣ ਦੀ ਸ਼ਰਮ ਤੋਂ ਰਹਿਤ ਬੁੱਚੜਾਂ ਅਤੇ ਬੇਸ਼ਰਮਾਂ ਨੂੰ ਤਰਜੀਹ ਦਿੱਤੀ ਜਾਵੇਗੀæææਵਗੈਰਾ ਵਗੈਰਾ।
ਗੱਲ ਕੀ, ਤੱਤੀ ਤੱਤੀ ਤਹਿਰੀਰ ਦੇ ਛੇ-ਸੱਤ ਸਫ਼ੇ ਲਿਖ ਕੇ, ਸਵੇਰੇ ਜਾਡਲੇ ਡਾਕਖਾਨਿਓਂ ‘ਅਜੀਤ’ ਅਖਬਾਰ ਨੂੰ ਭੇਜ ਦਿੱਤੇ। ਇੰਜ ਮੈਂ ਆਪਣੇ ਦਿਲ ਦਾ ਉਬਾਲ ਕੱਢ ਲਿਆ, ਪਰ ਅਗਲੇ ਐਤਵਾਰ ਜਦੋਂ ਮੈਂ ਬੀਰੋਵਾਲ ਦੇ ਗੁਰਦੁਆਰੇ ਪਹੁੰਚਿਆ, ਉਥੇ ਸੰਤ ਬਲਵੀਰ ਸਿੰਘ ਨੇ ਮੈਨੂੰ ਅਖਬਾਰ ਦਿਖਾਉਂਦਿਆਂ ਕਿਹਾ, ‘ਆਹ ਤਾਂ ਤੁਸੀਂ ਕਹਿਰ ਹੀ ਕਰ ਦਿੱਤਾ!’ ਸੱਚ-ਮੁੱਚ ਕਿਸੇ ਪ੍ਰਸਿੱਧ ਲੇਖਕ ਦੀ ਰਚਨਾ ਵਾਂਗ, ਮੇਰੀ ਉਹ ਲਿਖਤ ‘ਅਜੀਤ’ ਦੇ ਮੈਗਜ਼ੀਨ ਸੈਕਸ਼ਨ ਦੇ ਪਹਿਲੇ ਸਫੇ ‘ਤੇ ਮੋਟੇ ਤੇ ਗੂੜ੍ਹੇ ਸਿਰਲੇਖ ਹੇਠ ਛਪੀ ਹੋਈ ਸੀ। ਨਾਲ ਹੀ ਤਖ਼ਤ ‘ਤੇ ਬੈਠੇ ਧਰਮਰਾਜ ਦਾ ਸਕੈੱਚ ਵੀ ਛਪਿਆ ਹੋਇਆ ਸੀ। ਇਹ ਦੇਖ ਕੇ ਮੈਂ ਥੋੜ੍ਹਾ ਘਬਰਾ ਵੀ ਗਿਆ। ਕਿਤੇ ‘ਹਾਸੇ ਦਾ ਮੜ੍ਹਾਸਾ’ ਹੀ ਨਾ ਬਣ ਜਾਵੇ। ਸੰਤ ਬਲਵੀਰ ਸਿੰਘ ਨੇ ਗੰਭੀਰ ਹੁੰਦਿਆਂ ਮੈਨੂੰ ਇਕ-ਦੋ ਹਫ਼ਤੇ ਲਈ ਆਸੇ-ਪਾਸੇ ਹੋਣ ਦੀ ਸਲਾਹ ਵੀ ਦਿੱਤੀ।
ਦੂਜੀ ਘਟਨਾ ਵੀ ਬੀਰੋਵਾਲ ਪਿੰਡ ਲਾਗੇ ਦੀ ਹੀ ਹੈ। ਮੈਂ ਸਾਈਕਲ ‘ਤੇ ਉਥੇ ਜਾ ਰਿਹਾ ਸੀ। ਜਾਡਲੇ ਦੀ ਨਹਿਰ ਕੋਲ ਇਕ ਜਾਣੂ ਨੌਜਵਾਨ ਮਿਲਿਆ। ਉਸ ਨੂੰ ਬਾਅਦ ਵਿਚ ਪੁਲਿਸ ਨੇ ‘ਫਰਾਰ’ ਦੱਸ ਕੇ ਲਾਪਤਾ ਕਰ ਦਿੱਤਾ ਸੀ। ਉਸ ਨੇ ਮੈਥੋਂ ਬਿਨਾਂ ਪੁੱਛੇ ਹੀ ਮੇਰੇ ਸਾਈਕਲ ਦੇ ਕੈਰੀਅਰ ਪਿੱਛੇ ਭਰਿਆ ਹੋਇਆ ਥੈਲਾ ਲੱਦ ਦਿੱਤਾ। ‘ਇਹਦੇ ਵਿਚ ਕਛਹਿਰੇ ਹੀ ਆ’ ਕਹਿ ਕੇ ਉਸ ਨੇ ਇਹ ਸਮਾਨ ਬੀਰੋਵਾਲ ਦੇ ਗੁਰਦੁਆਰੇ ਪਹੁੰਚਾਉਣ ਦਾ ਕਹਿ ਦਿੱਤਾ। ਉਸ ਮੁੰਡੇ ਦੇ ਖਾੜਕੂਆਂ ਨਾਲ ਸਬੰਧ ਹੋਣ ਬਾਰੇ ਇਲਾਕੇ ਵਿਚ ਚੁਰ ਚੁਰ ਹੁੰਦੀ ਰਹਿੰਦੀ ਸੀ। ਡਰਦੇ ਮਾਰੇ ਨੇ ਮੈਂ ਰਾਹ ਵਿਚ ਆਪਣਾ ਸਾਈਕਲ ਕਮਾਦ ਦੇ ਕੋਲ ਖੜ੍ਹਾ ਕਰ ਕੇ ਖਾਦ ਵਾਲਾ ਥੈਲਾ ਚੰਗੀ ਤਰ੍ਹਾਂ ਟੋਹ ਟੋਹ ਕੇ ਦੇਖਿਆ ਕਿ ਇਹਦੇ ਵਿਚ ਕੋਈ ‘ਸਮਾਨ’ ਨਾ ਹੋਵੇ। ਮੈਂ ਪੂਰੀ ਤਸੱਲੀ ਕਰ ਲਈ ਕਿ ਇਹਦੇ ਵਿਚ ਸਿਰਫ ਸੀਤੇ ਹੋਏ ਕਛਹਿਰੇ ਹੀ ਹਨ।
ਜਿਉਂ ਹੀ ਆਪਣਾ ਸਾਈਕਲ ਚੰਡੀਗੜ੍ਹ ਰੋਡ ‘ਤੇ ਚਾੜ੍ਹਿਆ, ਮੋਹਰੇ ਸੀæਆਰæਪੀæਐਫ਼ ਦਾ ਨਾਕਾ ਲੱਗਿਆ ਦੇਖ ਮੇਰੀ ਜਾਨ ਮੁਠੀ ਵਿਚ ਆ ਗਈ। ਕਿੰਨੇ ਹੀ ਸ਼ੱਕੀ ਵਿਚਾਰਾਂ ਦੀ ਚੱਕਰੀ ਮੇਰੇ ਦਿਲ-ਦਿਮਾਗ ਵਿਚ ਘੁੰਮ ਗਈ, ‘ਐਨੇ ਕਛਹਿਰੇ ਜ਼ਰੂਰ ਖਾੜਕੂਆਂ ਲਈ ਹੀ ਭੇਜੇ ਹੋਣਗੇ।æææਕਿਸੇ ਮੁਖਬਰ ਨੇ ਪਿੱਛਿਉਂ ਸੂਹ ਦੇ ਦਿੱਤੀ ਹੋਣੀ ਹੈæææਅੱਜ ਨਹੀਂ ਬਚਦੇ ਕਿਸੇ ਹਾਲ ਵਿਚ ਵੀæææ।’ ਸੀæਆਰæਪੀæ ਵਾਲਿਆਂ ਨੇ ਮੈਨੂੰ ਇਕ ਪਾਸੇ ਲਿਜਾ ਕੇ ਥੈਲਾ ਢੇਰੀ ਕਰ ਦਿੱਤਾ। ਗੰਨਾਂ ਦੀਆਂ ਨਾਲੀਆਂ ਨਾਲ ਉਹ ਕਛਹਿਰਿਆਂ ਦਾ ਢੇਰ ਫਰੋਲਣ ਲੱਗ ਪਏ। ਮੈਂ ਮਨ ਹੀ ਮਨ ਅਰਦਾਸਾਂ ਕਰਾਂ ਕਿ ਹੇ ਵਾਹਿਗੁਰੂ! ਵਿਚੋਂ ਕਿਤੇ ਕੋਈ ਖਤਰਨਾਕ ਚੀਜ਼ ਨਾ ਨਿਕਲ ਆਵੇ। ਜਦ ਉਨ੍ਹਾਂ ਫਰੋਲਾ-ਫਰਾਲੀ ਕਰ ਕੇ ਤਸੱਲੀ ਕਰ ਲਈ ਕਿ ਕਛਹਿਰੇ ਹੀ ਹਨ, ਤਾਂ ਇਕ ਸੀæਆਰæਪੀæ ਵਾਲਾ ਬੋਲਿਆ, “ਯਿਹ ਤੁਮ ਆਤੰਕਵਾਦੀਓਂ ਕੇ ਲਿਏ ਲੇਕਰ ਜਾ ਰਹੇ ਹੋ ਨਾ?”
ਕਹਿੰਦੇ ਨੇ, ਰੱਬ ਨੇੜੇ ਕਿ ਘਸੁੰਨ! ਜੇ ਘਸੁੰਨ ਵੀ ਆਮ ਵਰਗਾ ਨਾ ਹੋ ਕੇ ਮੌਤ ਜਿਹਾ ਹੋਵੇ, ਤਦ ਕਦੇ ਕਦੇ ਰੱਬ ਵੀ ਕੋਈ ਬਿਧ ਬਣਾ ਦਿੰਦਾ ਹੈ। ਸਹਿਮੇ ਹੋਏ ਦੀ ਮੇਰੀ ਨਜ਼ਰ ਅਚਾਨਕ ਸੜਕ ਕੰਢੇ ਗੱਡੇ ਹੋਏ ਮੀਲ ਪੱਥਰ ‘ਤੇ ਪੈ ਗਈ ਜਿਥੇ ਕੁਝ ਕੁ ਦਿਨਾਂ ਨੂੰ ਬੀਰੋਵਾਲ ਗੁਰਦੁਆਰੇ ਹੋਣ ਜਾ ਰਹੇ ਗੁਰਮਤਿ ਸਮਾਗਮ ਦਾ ਇਸ਼ਹਿਤਾਰ ਲੱਗਾ ਹੋਇਆ ਸੀ। ਮੈਨੂੰ ਇਕਦਮ ਗੱਲ ਅਹੁੜੀ, “ਨਹੀਂ ਸਰ, ਇਹ ਤੋ ਹਮਾਰੇ ਉਸ ਗੁਰਦੁਆਰੇ ਮੇਂ ਅੰਮ੍ਰਿਤ ਸੰਚਾਰ ਕਾ ਪ੍ਰੋਗਰਾਮ ਹੋ ਰਹਾ ਹੈ। ਉਥੇ ਲੇ ਜਾਨੇ ਹੈ।” ਮੈਂ ਸਾਹਮਣੇ ਦਿਸ ਰਹੇ ਗੁਰਦੁਆਰੇ ਵੱਲ ਹੱਥ ਕਰ ਕੇ ਕਿਹਾ, ਪਰ ਉਸ ਨੇ ਅੱਗੇ ਹੋਰ ਪੰਗਾ ਖੜ੍ਹਾ ਕਰ ਦਿੱਤਾ, “ਤੋ ਤੁਮ ਟੇਲਰ ਹੋ?”
ਰੇਬ ਕਛਹਿਰੇ ਸਿਊਣੇ ਮੈਂ ਆਪਣੀ ਸੱਸ ਕੋਲੋਂ ਸਿੱਖੇ ਹੋਏ ਸਨ। ਸੋ, ਹਿੰਮਤ ਜਿਹੀ ਕਰ ਕੇ ਮੈਂ ਅੱਧਾ ਸੱਚ ਅੱਧਾ ਝੂਠ ਬੋਲਦਿਆਂ ‘ਹਾਂ ਜੀ ਸਰ’ ਕਹਿ ਦਿੱਤਾ। ਸੀæਆਰæਪੀæਐਫ਼ ਵਾਲਿਆਂ ਦੇ ਮੂੰਹੋਂ ‘ਉਠਾਓ ਔਰ ਭਾਗੋ’ ਦਾ ਵਾਕ ਸੁਣ ਕੇ ਮੇਰਾ ਸਾਹ ਨਾਲ ਸਾਹ ਰਲਿਆ। ਗੁਰਦੁਆਰੇ ਤੱਕ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਅੰਦਰ ਜਾ ਕੇ ਜਦ ਮੈਂ ਸਾਈਕਲ ਦੇ ਕੈਰੀਅਰ ਤੋਂ ਥੈਲਾ ਲਾਹ ਕੇ ਸੁੱਟਿਆ, ਮਹਿਸੂਸ ਹੋਇਆ, ਇਹ ਕਛਹਿਰੇ ਨਹੀਂ ਸਗੋਂ ਖਾੜਕੂਆਂ ਦਾ ‘ਅਸਲਾ’ ਹੀ ਸੀ, ਪਰ ‘ਜਾਨ ਬਚੀ ਔਰ ਲਾਖੋਂ ਪਾਏ’ ਵਾਲਾ ਕਥਨ ਚੇਤੇ ਆ ਗਿਆ।
ਮੌਤ ਦੇ ਮੂੰਹੋਂ ਬਚਣ ਦਾ ਤੀਜਾ ਹਾਦਸਾ, ਜੂਨ ਚੁਰਾਸੀ ਦੇ ਘੱਲੂਘਾਰੇ ਤੋਂ ਦੋ ਕੁ ਮਹੀਨੇ ਬਾਅਦ ਵਾਪਰਿਆ। ਸਾਡੇ ਪਿੰਡੋਂ ਬੇਟ ਦੇ ਪਾਸੇ ਦਰਿਆ ਸਤਿਲੁਜ ਕੰਢੇ ਵਸਦੇ ਪਿੰਡ ਤਾਜੋਵਾਲ ਵਿਖੇ ਇਕ ਬਜ਼ੁਰਗ ਦਾ ਭੋਗ ਪਿਆ। ਸ਼ਰਧਾਂਜਲੀ ਭੇਟ ਕਰਦਿਆਂ ਮੈਂ ਜੋਸ਼ ਵਿਚ ਆਏ ਨੇ ਤਿੱਖੇ ਤੇ ਤੱਤੇ ਸ਼ਬਦ ਕਹਿ ਦਿੱਤੇ, “æææਕੋਈ ਗੱਲ ਨਹੀਂ, ਜੇ ਅਜੋਕੀ ਹਾਕਮ ਇੰਦਰਾ ਗਾਂਧੀ ਵਿਚ ਅਬਦਾਲੀ ਦੀ ਰੂਹ ਆ ਵਸੀ ਹੈ, ਉਸ ਨੇ ਸਾਡੇ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ ਹੈ, ਕਿਸੇ ਨਾ ਕਿਸੇ ਸਿੰਘ ਵਿਚ ਭਾਈ ਸੁੱਖਾ ਸਿੰਘ ਜਾਂ ਭਾਈ ਮਹਿਤਾਬ ਸਿੰਘ ਦੀ ਰੂਹ ਵੀ ਜ਼ਰੂਰ ਆਵੇਗੀæææਕਲਗੀਆਂ ਵਾਲਾ ਪਾਤਸ਼ਾਹ ਜ਼ਰੂਰ ਕੋਈ ਕਲਾ ਵਰਤਾਏਗਾæææ।” (ਅਨੇਕਾਂ ਸਿੱਖਾਂ ਵਾਂਗ ਧਾਰਮਿਕ ਜਜ਼ਬਾਤ ਛਲਨੀ ਛਲਨੀ ਹੋ ਚੁੱਕੇ ਹੋਣ ਕਾਰਨ, ਮੈਂ ਅਜਿਹਾ ਕਹਿ ਦਿੱਤਾ ਸੀ। ਅਜਿਹਾ ਭਵਿੱਖਮੁਖੀ ‘ਵਾਕ’ ਸਿੱਖ ਸਟੇਜਾਂ ‘ਤੇ ਆਮ ਬੁਲਾਰੇ ਬੋਲਦੇ ਹੀ ਰਹਿੰਦੇ ਸਨ।)
ਲਾਊਡ ਸਪੀਕਰ ਲੱਗੇ ਹੋਏ ਹੋਣ ਕਰ ਕੇ ਮੇਰੇ ਇਹ ਜੋਸ਼ੀਲੇ ਬੋਲ ਲਾਗੇ ਹੀ ਦਰਿਆ ਦੇ ਬੰਨ੍ਹ ਉਪਰ ਗਸ਼ਤ ਕਰ ਰਹੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਕੰਨੀਂ ਵੀ ਪੈ ਗਏ। ਭੋਗ ਉਪਰੰਤ ਉਦੋਂ ਈ ਪਤਾ ਲੱਗਾ, ਜਦ ਜਲੇਬੀਆਂ ਖਾਂਦਿਆਂ ਨੂੰ ਬਾਹਰ ਫੌਜੀ ਗੱਡੀ ਤੇ ਪੰਜਾਬ ਪੁਲਿਸ ਦੀ ਜਿਪਸੀ ਰੁਕਣ ਦੀ ਆਵਾਜ਼ ਸੁਣੀ। ਉਨ੍ਹਾਂ ਦਿਨਾਂ ਵਿਚ ਫੌਜ ਜਾਂ ਸੀæਆਰæਪੀæ ਦੇ ਜਵਾਨਾਂ ਨਾਲ ਬੋਲੀ ਜਾਂ ਇਲਾਕੇ ਦੀ ਜਾਣਕਾਰੀ ਦੇ ਨੁਕਤੇ ਤੋਂ ਪੰਜਾਬ ਪੁਲਿਸ ਜ਼ਰੂਰ ਹੁੰਦੀ ਸੀ। ਆਪਣੇ ਨਾਲ ਦੇ ਫੌਜੀਆਂ ਤੇ ਦੋ ਕੁ ਪੁਲਸੀਆਂ ਨੂੰ ਲੰਗਰ ਛਕਣ ਲਈ ਪੰਗਤਾਂ ਵਿਚ ਬਿਠਾ ਕੇ ਭਿੰਡਰ ‘ਲਾਸਟ ਨੇਮ’ ਵਾਲਾ ਇਕ ਸਿੱਖ ਪੁਲਿਸ ਅਫ਼ਸਰ ਪੁੱਛਦਾ-ਪੁਛਾਉਂਦਾ ਮੇਰੇ ਲਾਗੇ ਆ ਖੜ੍ਹਿਆ। ਮੇਰੇ ਮੋਢੇ ‘ਤੇ ਹੱਥ ਰੱਖ ਕੇ ਉਹ ਮੈਨੂੰ ਟੈਂਟ ਤੋਂ ਬਾਹਰ ਲੈ ਗਿਆ।
“ਜਥੇਦਾਰਾ! ਹੋਸ਼ ਤੋਂ ਕੰਮ ਲੈæææਉਤੋਂ ਅੱਗ ਵਰ੍ਹਨ ਡਹੀ ਜੇ। ਜਦ ਤੂੰ ਲੈਕਚਰ ਝਾੜਦੇ ਨੇ ਇੰਦਰਾ ਗਾਂਧੀ ਦਾ ਜ਼ਿਕਰ ਕਰਿਆ ਸੀ, ਤਾਂ ਫੌਜੀ ਅਫ਼ਸਰ ਨੂੰ ਹੋਰ ਤਾਂ ਕੁਸ਼ ਸਮਝ ਨਾ ਲੱਗੀ, ਪਰ ਉਹਨੇ ਪ੍ਰਧਾਨ ਮੰਤਰੀ ਦਾ ਨਾਂ ਸੁਣ ਕੇ ਇਕਦਮ ਕੰਨ ਖੜ੍ਹੇ ਕਰਦਿਆਂ ਸਾਨੂੰ ਪੁੱਛਿਆ ਕਿ ਯਿਹ ਕਯਾ ਬੋਲਤਾ ਪੀæਐਮæ ਕੋ?æææਮੈਂ ਕਹਿ’ਤਾ ਕਿ ਸਰ, ਯਿਹ ਕੋਈ ਕਾਂਗਰਸ ਕਾ ਲੀਡਰ ਮਾਲੂਮ ਹੋਤਾ ਹੈ ਜੋ ਸ੍ਰੀਮਤੀ ਗਾਂਧੀ ਕਾ ਧੰਨਵਾਦ ਕਰ ਰਹਾ ਹੈ, ਉਨਹੋਂ ਨੇ ਬਲਿਊ ਸਟਾਰ ਅਪਰੇਸ਼ਨ ਕਰ ਕੇ ਪੰਜਾਬ ਕੋ ਬਚਾ ਲੀਆæææ।”
ਜਦ ਵੀ ਜੂਨ ਮਹੀਨਾ ਚੜ੍ਹਦਾ ਹੈ, ਸਿੱਖ ਕੌਮ ਦੀ ਛਾਤੀ ਦਾ ਨਾਸੂਰ ਬਣ ਚੁੱਕੇ ਚੁਰਾਸੀ ਦੇ ਘੱਲੂਘਾਰੇ ਦੇ ਨਾਲ ਨਾਲ ਮੈਨੂੰ ਉਕਤ ਵਾਕਿਆਤ ਯਾਦ ਆ ਜਾਂਦੇ ਹਨ। ਜੇ ਭਲਾ ‘ਅਜੀਤ’ ਵਿਚ ਛਪਿਆ ਮੇਰਾ ਲੇਖ ਕਿਸੇ ਜ਼ਾਲਮ ਪੁਲਸੀਏ ਦੀ ਨਜ਼ਰੇ ਪੈ ਜਾਂਦਾ ਤਾਂ ਮੇਰਾ ਵੀ ‘ਮੁਕਾਬਲਾ’ ਬਣਿਆ ਹੋਣਾ ਪੱਕਾ ਸੀ। ਇਸ ਲੇਖ ਵਾਲੀ ਗੱਲ ਅਤੇ ਤਾਜੋਵਾਲ ਪਿੰਡ ਵਿਚ ਇੰਦਰਾ ਗਾਂਧੀ ਦੀ ਤੁਲਨਾ ਅਬਦਾਲੀ ਧਾੜਵੀ ਨਾਲ ਕਰਨ ਵਾਲੀ, ਦੋਵੇਂ ਗੱਲਾਂ ਮੌਤ ਨੂੰ ‘ਵਾਜਾਂ ਮਾਰਨ ਦੇ ਤੁਲ ਸਨ। ਇਹ ਵੱਖਰੀ ਗੱਲ ਹੈ ਕਿ ਉਸ ਨੇ ਅਣਸੁਣੀਆਂ ਕਰ ਦਿੱਤੀਆਂ। ਇਸੇ ਤਰ੍ਹਾਂ ਜੇ ਸਤਲੁਜ ਦਰਿਆ ਦੇ ਬੰਨ੍ਹ ‘ਤੇ ਸ਼ ਭਿੰਡਰ ਵਰਗੇ ਰਹਿਮ ਦਿਲ ਅਫਸਰ ਦੀ ਜਗ੍ਹਾ ਕੋਈ ਨਿਰਦਈ ਹੁੰਦਾ ਤਾਂ ਮੈਂ ਵੀ ਮੱਛੀਆਂ ਦਾ ਖਾਜਾ ਬਣਨ ਲਈ ਹੁਸੈਨੀਵਾਲੇ ਪਹੁੰਚਿਆ ਹੋਣਾ ਸੀ।
æææਦੋ-ਮੂੰਹੇਂ ਸੱਪ ਦੇ ਜ਼ਖ਼ਮ ਚੜ੍ਹਦੇ ਜੂਨ ਰਿਸਣ ਲਗ ਪੈਂਦੇ ਹਨ।