ਕੀਰਤ ਕਾਸ਼ਣੀ
ਕੀਰਤਨ ਕਰਨ ਵਾਲੀ ਕੁੜੀ ਮਨਿਕਾ ਕੌਰ ਦੇ ਘਰ ਦਾ ਮਾਹੌਲ ਅਤੇ ਆਲਾ-ਦੁਆਲਾ ਸਭ ਕੁਝ ਸੇਵਾ, ਸਬਰ-ਸੰਤੋਖ, ਸਹਿਜ ਅਤੇ ਸੁਹਜ ਨਾਲ ਭਰਿਆ-ਭੁਕੰਨਾ ਸੀ। ਇਸ ਮਾਹੌਲ ਵਿਚੋਂ ਸੰਸਾਰ ਦੇ ਸਾਹਮਣੇ ਆਈ ਕੁੜੀ ਅੱਜ ਸੰਗੀਤ ਅਤੇ ਸੇਵਾ ਦੇ ਸੁਮੇਲ ਨਾਲ ਹੋਰਾਂ ਲਈ ਮਿਸਾਲ ਬਣ ਗਈ ਹੈ। ਉਹ ਅੱਜ Ḕਕੀਰਤਨ ਫਾਰ ਕਾਜਜ਼Ḕ (ਉਦੇਸ਼ ਖਾਤਰ ਕੀਰਤਨ) ਦੀ ਕਰਤਾ-ਧਰਤਾ ਹੈ ਅਤੇ ਸੁਰਾਂ ਰਾਹੀਂ ਸੇਵਾ ਕਮਾ ਰਹੀ ਹੈ।
ਹੁਣੇ ਹੁਣੇ ਉਹ ਭਾਰਤ ਦਾ ਗੇੜਾ ਲਾ ਕੇ ਆਈ ਹੈ ਅਤੇ ਹੁਣ ਉਹ 22 ਅਗਸਤ ਨੂੰ ਲੰਡਨ (ਯੂæਕੇæ) ਵਿਚ ਯੂਨੀਅਨ ਚੈਪਲ ਵਿਖੇ ਆਪਣੇ ਸ਼ੋਅ ਦੀ ਤਿਆਰੀ ਵਿਚ ਰੁਝੀ ਹੋਈ ਹੈ। ਭਾਰਤ ਵੀ ਉਹ ਆਪਣੀ ਨਵੀਂ ਐਲਬਮ ਵਿਚ ਸ਼ਾਮਲ ਸ਼ਬਦ Ḕਔਖੀ ਘੜੀḔ ਦਾ ਸੰਗੀਤ-ਵੀਡੀਓ ਤਿਆਰ ਕਰਨ ਗਈ ਸੀ।
ਮੈਲਬਰਨ (ਆਸਟਰੇਲੀਆ) ਵਸਦੀ 32 ਸਾਲਾ ਮਨਿਕਾ ਕੌਰ ਨੇ ਆਪਣੀ ਸੰਗੀਤ-ਕਲਾ ਨੂੰ ਸੇਵਾ ਦੇ ਲੇਖੇ ਲਾਇਆ ਹੋਇਆ ਹੈ। ਆਪਣੀਆਂ ਐਲਬਮਾਂ ਤੋਂ ਹੁੰਦੀ ਸਾਰੀ ਕਮਾਈ ਉਹ ਸੇਵਾ ਦੇ ਲੇਖੇ ਲਾ ਰਹੀ ਹੈ। ਇਹ ਕਮਾਈ ਉਹ ਬੜੂ ਸਾਹਿਬ ਆਰਗੇਨਾਈਜੇਸ਼ਨ ਨੂੰ ਸੌਂਪ ਰਹੀ ਹੈ ਜੋ ਬੱਚਿਆਂ ਲਈ ਵੱਡੇ ਪੱਧਰ ਉਤੇ ਪੜ੍ਹਾਈ ਦਾ ਪ੍ਰਬੰਧ ਕਰ ਰਹੀ ਹੈ। ਹਾਲ ਹੀ ਵਿਚ ਆਸਟਰੇਲੀਆ ਦੇ Ḕਰੇਡੀਓ ਨੈਸ਼ਨਲḔ ਤੋਂ ਨਸ਼ਰ ਹੋਏ ਇੰਟਰਵਿਊ ਵਿਚ ਉਸ ਨੇ ਸਿੱਖੀ ਅਤੇ ਸੇਵਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਸ ਦੀ ਪਹਿਲੀ ਐਲਬਮ ḔਵੰਦਨਾḔ ਰਿਲੀਜ਼ ਹੋਈ ਸੀ ਅਤੇ ਪਿਛੋਂ ਇਸ ਨੂੰ Ḕਸਤਿਨਾਮ ਵਾਹਿਗੁਰੂḔ ਦੇ ਨਾਂ ਹੇਠ ਦੁਬਾਰਾ ਵੀ ਰਿਲੀਜ਼ ਕੀਤਾ ਗਿਆ ਹੈ। ਇਸ ਐਲਬਮ ਤੋਂ ਹੋਈ ਕਮਾਈ ਦੁਬਈ ਵਿਚ ਉਸਾਰੀ ਅਧੀਨ ਗੁਰੂ ਨਾਨਕ ਦਰਬਾਰ ਨੂੰ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਦਸ ਕੁ ਸਾਲ ਪਹਿਲਾਂ ਉਸ ਦੇ ਪਰਿਵਾਰ ਨੇ ਲੋੜਵੰਦ ਬੱਚਿਆਂ ਲਈ ਐਸ਼ਓæਐਸ਼ ਪ੍ਰਾਜੈਕਟ ਉਲੀਕਿਆ ਸੀ। ਹੁਣ ਇਹ ਪ੍ਰਾਜੈਕਟ ਲੀਹ ਉਤੇ ਪੈ ਚੁੱਕਾ ਹੈ। ਇਸ ਵੇਲੇ ਮਨਿਕਾ ਕੌਰ ਦੇ ਮਾਪੇ ਤਕਰੀਬਨ 500 ਬੱਚਿਆਂ ਨੂੰ ਸਪਾਂਸਰ ਕਰ ਰਹੇ ਹਨ। ਉਹ ਦੱਸਦੀ ਹੈ ਕਿ ਉਨ੍ਹਾਂ ਦੇ ਪਿਤਾ ਨੇ ਬਾਬਾ ਇਕਬਾਲ ਸਿੰਘ (ਬੜੂ ਸਾਹਿਬ) ਨਾਲ ਸੰਪਰਕ ਕੀਤਾ ਸੀ ਅਤੇ ਫਿਰ ਬੱਚਿਆਂ ਲਈ ਸੇਵਾ ਦਾ ਕਾਰਜ ਅਗਾਂਹ ਤੁਰਦਾ ਗਿਆ।
ਮਨਿਕਾ ਕੌਰ ਮੁਤਾਬਕ, ਉਸ ਦੇ ਪਰਿਵਾਰ ਦੇ ਧਾਰਮਿਕ ਮਾਹੌਲ ਨੇ ਉਸ ਨੂੰ ਇਸ ਕਾਜ ਨੂੰ ਸਮਰਪਿਤ ਕੀਤਾ। ਉਨ੍ਹਾਂ ਦਾ ਪਰਿਵਾਰ ਪਿਛਲੇ 20 ਸਾਲ ਤੋਂ ਆਮ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਿਹਾ ਹੈ। ਉਸ ਨੇ ਦੱØਸਿਆ, “ਜਿਸ ਤਰ੍ਹਾਂ ਆਮ ਘਰਾਂ ਵਿਚ ਰਾਤ ਨੂੰ ਸੌਂਦੇ ਵਕਤ ਬੱਚਿਆਂ ਨੂੰ ਬਾਤਾਂ ਸੁਣਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਮਾਪੇ ਗੁਰੂਆਂ ਦੀ ਸਾਖੀਆਂ ਸੁਣਾਉਂਦੇ ਹੁੰਦੇ ਸਨ। ਇਹੀ ਨਹੀਂ, ਬਾਕਾਇਦਾ ਜਾਪ ਵੀ ਕੀਤਾ ਜਾਂਦਾ ਸੀ। ਮੇਰੇ ਭਰਾ ਤਬਲਾ ਵਜਾਉਂਦੇ ਅਤੇ ਮੇਰੀ ਭੈਣ ਤੇ ਮੈਂ ਹਾਰਮੋਨੀਅਮ ਨਾਲ ਸੁਰਾਂ ਮੇਲਦੀਆਂ ਸਨ। ਇਸ ਮਾਹੌਲ ਨੇ ਹੀ ਅਗਾਂਹ ਸੰਗੀਤ ਅਤੇ ਸੇਵਾ ਵਾਲਾ ਰਾਹ ਖੋਲ੍ਹਿਆ।”
ਮਨਿਕਾ ਕੌਰ ਦੀ ਪਛਾਣ, ਗਿਟਾਰ ਵਾਲੀ ਕੁੜੀ ਕਰ ਕੇ ਵੀ ਹੈ। ਕੁਝ ਲੋਕਾਂ ਨੇ ਇਸੇ ਕਾਰਨ ਉਸ ਦੀ ਆਲੋਚਨਾ ਵੀ ਕੀਤੀ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਕਦੀ ਵੀ ਇਉਂ ਕੀਰਤਨ ਨਹੀਂ ਕੀਤਾ/ਕਰਵਾਇਆ, ਕੀਰਤਨ ਰਵਾਇਤੀ ਸਾਜ਼ਾਂ ਨਾਲ ਹੋਣਾ ਚਾਹੀਦਾ ਹੈ। ਮਨਿਕਾ ਸਹਿਜ ਨਾਲ ਉਤਰ ਦਿੰਦੀ ਹੈ, “ਹਾਰਮੋਨੀਅਮ ਦੀ ਕਾਢ ਫਰਾਂਸੀਸੀ ਸ਼ਖਸ ਅਲੈਗਜਾਂਦਰ ਦੁਬੇਨ ਨੇ 1700 ਈਸਵੀ ਦੇ ਨੇੜੇ-ਤੇੜੇ ਕੀਤੀ ਸੀ। ਜ਼ਾਹਿਰ ਹੈ ਕਿ ਗੁਰ-ਸੰਗੀਤ ਨਾਲ ਹਾਰਮੋਨੀਅਮ ਬਾਅਦ ਵਿਚ ਜੁੜਿਆ ਹੈ।” ਉਸ ਮੁਤਾਬਕ, ਪਹਿਲਾਂ-ਪਹਿਲ ਅਜਿਹੀ ਆਲੋਚਨਾ ਉਸ ਨੂੰ ਬੇਚੈਨ ਕਰਦੀ ਸੀ, ਪਰ ਹੁਣ ਉਹ ਅਜਿਹੇ ਨਾਂ-ਪੱਖੀ ਨੁਕਤਿਆਂ ਨੂੰ ਨੇੜੇ ਨਹੀਂ ਫਟਕਣ ਦਿੰਦੀ। Ḕਕੀਰਤਨ ਫਾਰ ਕਾਜਜ਼ ਫਾਊਂਡੇਸ਼ਨḔ ਰਾਹੀਂ ਉਸ ਨੇ ਕਈ ਪ੍ਰਾਜੈਕਟ ਆਪਣੇ ਹੱਥਾਂ ਵਿਚ ਲਏ ਹੋਏ ਹਨ। ਉਹ ਚਾਹੁੰਦੀ ਹੈ ਕਿ ਲਗਦੀ ਵਾਹ, ਕੋਈ ਵੀ ਬੱਚਾ ਸਿੱਖਿਆ ਤੋਂ ਵਿਰਵਾਂ ਨਾ ਰਹੇ।
________________________________
‘ਵੰਦਨਾ’ ਨਾਲ ਸ਼ੁਭ ਅਰੰਭæææ
ਮਨਿਕਾ ਕੌਰ ਨੇ ਆਪਣੀ ਪਹਿਲੀ ਐਲਬਮ ‘ਵੰਦਨਾ’ ਰਿਕਾਰਡ ਕਰਵਾਈ ਸੀ। ਉਹ ਅੱਜ ਤੱਕ ਹੈਰਾਨ ਹੈ ਕਿ ਇਸ ਐਲਬਮ ਤੋਂ 10 ਲੱਖ ਦਰਹਾਮ (ਇਕ ਕਰੋੜ ਸੱਤਰ ਲੱਖ ਰੁਪਏ ਤੋਂ ਵੀ ਵੱਧ) ਇਕੱਠੇ ਹੋ ਗਏ। ਇਸ ਤੋਂ ਬਾਅਦ ਉਹਦੇ ਮਨ ਅੰਦਰ ‘ਕੀਰਤਨ ਫਾਰ ਕਾਜਜ਼’ ਦਾ ਖਿਆਲ ਪੈਦਾ ਹੋਇਆ। ਹੁਣ ਉਸ ਦਾ ਦਾਈਆ ਹੈ ਕਿ ਉਹ ਐਲਬਮਾਂ ਨਾਲ ਲਗਾਤਾਰ ਸੇਵਾ ਕਰੀ ਜਾਵੇ ਅਤੇ ਇਕ ਉਦੇਸ਼ ਲਈ ਕੀਤੀ ਕਮਾਈ ਵਾਲੀ ਮਾਇਆ ਸੇਵਾ ਦੇ ਲੇਖੇ ਲੱਗੀ ਜਾਵੇ। ਐਲਬਮਾਂ ਤੋਂ ਇਲਾਵਾ ਮਨਿਕਾ ਕੌਰ ਨੂੰ ‘ਯੂਟਿਊਬ’ ਉੁਤੇ ਵੀ ਵੱਡਾ ਹੁੰਗਾਰਾ ਮਿਲਿਆ ਹੈ। ਹੁਣ ਉਸ ਦਾ ਨਵਾਂ ਸ਼ਬਦ ‘ਔਖੀ ਘੜੀ’ ਰਿਲੀਜ਼ ਹੋ ਰਿਹਾ ਹੈ। ਇਹ ਐਲਬਮ ਇਸੇ ਸਾਲ ਸਤੰਬਰ ਵਿਚ ਰਿਲੀਜ਼ ਹੋਣੀ ਹੈ।