ਪ੍ਰਿੰæ ਸਰਵਣ ਸਿੰਘ
ਪਿੰਡ ਚਕਰ ਦੀ ਮਨਦੀਪ ਕੌਰ ਸੰਧੂ 24 ਮਈ ਨੂੰ ਤੇਪਈ ਚੀਨ ਵਿਚ ਮੁੱਕੇਬਾਜ਼ੀ ਦੀ ਜੂਨੀਅਰ ਵਿਸ਼ਵ ਚੈਂਪੀਅਨ ਬਣ ਗਈ ਹੈ। ਇਸ ਨਾਲ ਭਾਰਤ, ਪੰਜਾਬ ਤੇ ਚਕਰ ਦਾ ਮਾਣ ਵਧਿਐ। ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਚਕਰ ਪੇਂਡੂ ਖੇਡ ਸਭਿਆਚਾਰ ਦਾ ਮਾਡਲ ਹੈ। 2006 ਵਿਚ ਸ਼ੁਰੂ ਹੋਈ ਇਸ ਅਕੈਡਮੀ ਦੇ ਖਿਡਾਰੀ ਬਿਨਾ ਕਿਸੇ ਸਰਕਾਰੀ ਸਹਾਇਤਾ ਦੇ 2015 ਤਕ ਸਟੇਟ ਪੱਧਰ ਦੇ 200 ਤੋਂ ਵੱਧ ਅਤੇ ਨੈਸ਼ਨਲ ਪੱਧਰ ਦੇ 25 ਤੋਂ ਵੱਧ ਮੈਡਲ ਜਿੱਤ ਚੁੱਕੇ ਹਨ। ਇਸ ਦਾ ਮੁੱਕੇਬਾਜ਼ ਸੁਖਦੀਪ ਚਕਰੀਆ ਭਾਰਤ ਦਾ ਨੈਸ਼ਨਲ ਚੈਂਪੀਅਨ ਹੈ ਜਿਸ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਤਮਗੇ ਜਿੱਤਣ ਦੀ ਆਸ ਹੈ।
ਚਕਰ ਦੀਆਂ ਤਿੰਨ ਧੀਆਂ ਕੌਮੀ ਪੱਧਰ ‘ਤੇ ਜੇਤੂ ਰਹੀਆਂ ਤੇ ਕੌਮਾਂਤਰੀ ਮੁਕਾਬਲਿਆਂ ਵਿਚੋਂ 4 ਮੈਡਲ ਭਾਰਤ ਲਈ ਜਿੱਤੀਆਂ। ਹੁਣ ਤੇਪਈ ਦੀ ਮਹਿਲਾ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਮਨਦੀਪ ਨੇ ਗੋਲਡ ਮੈਡਲ ਜਿੱਤਿਆ ਹੈ। ਅਣਗੌਲੇ ਪਿੰਡ ਚਕਰ ਤੇ ਉਥੋਂ ਦੀ ਸਪੋਰਟਸ ਅਕੈਡਮੀ ਨੂੰ ਉਮੀਦ ਹੈ ਕਿ ਹੁਣ ਪੰਜਾਬ ਸਰਕਾਰ ਚਕਰ ਵੱਲ ਧਿਆਨ ਦੇਵੇਗੀ।
ਅਕੈਡਮੀ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਕਿਸੇ ਵੀ ਦਿਨ ਕੋਈ ਵੀ ਖੇਡ ਅਧਿਕਾਰੀ ਆ ਕੇ ਵੇਖ ਲਵੇ, ਉਸ ਨੂੰ ਸੌ ਤੋਂ ਵੱਧ ਖਿਡਾਰੀ ਖੇਡ ਮੈਦਾਨਾਂ ਵਿਚ ਖੇਡਦੇ ਦਿਸਣਗੇ। ਕੋਈ ਫੁੱਟਬਾਲ ਖੇਡ ਰਿਹਾ ਹੋਵੇਗਾ, ਕੋਈ ਕਬੱਡੀ, ਕੋਈ ਅਥਲੈਟਿਕਸ ਕਰ ਰਿਹਾ ਹੋਵੇਗਾ ਤੇ ਦਰਜਨਾਂ ਹੋਣਹਾਰ ਬੱਚੇ ਮੁੱਕੇਬਾਜ਼ੀ ਦੀ ਸਿਖਲਾਈ ਲੈ ਰਹੇ ਹੋਣਗੇ।
ਚਕਰੀਏ ਹੁਣ ਮਾਣ ਨਾਲ ਦਸਦੇ ਹਨ ਕਿ ਉਹ ਚਾਨਣ ਮੁਨਾਰਾ ਬਣ ਰਹੇ ਚਕਰ ਦੇ ਵਾਸੀ ਹਨ ਜਿਨ੍ਹਾਂ ਨੇ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਹੀ ਸਪੋਰਟਸ ਅਕੈਡਮੀ ਚਲਾਈ, ਪਰਵਾਸੀਆਂ ਦੀ ਮਦਦ ਨਾਲ ਕਰੋੜ ਰੁਪਿਆ ਲਾ ਕੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨਵਿਆਈਆਂ, ਸਟੇਡੀਅਮ ਬਣਾਇਆ ਤੇ ਢਾਈ ਕਰੋੜ ਰੁਪਏ ਦੀ ਪੂੰਜੀ ਲਾ ਕੇ ਸੀਵਰੇਜ ਪਾਇਆ। ਦੋ ਕਰੋੜ ਰੁਪਏ ਖਰਚ ਕੇ ਚਾਰੇ ਅਗਵਾੜਾਂ ਦੀਆਂ ਨੌਂ ਸੱਥਾਂ ਨਵਿਆਈਆਂ, ਪਾਰਕ ਬਣਾਏ, ਨਵੀਆਂ ਇੱਟਾਂ ਨਾਲ ਗਲੀਆਂ ਪੱਕੀਆਂ ਕੀਤੀਆਂ ਅਤੇ ਗਲੀਆਂ, ਫਿਰਨੀ ਤੇ ਪਿੰਡ ਦੇ ਰਾਹਾਂ ਉਤੇ ਦਸ ਹਜ਼ਾਰ ਬੂਟੇ ਤੇ ਰੁੱਖ ਲਾਏ। ਦੂਰ ਨੇੜੇ ਦੇ ਲੋਕ ਆ ਕੇ ਵੇਖਦੇ ਹਨ ਕਿ ਇਹ ਕ੍ਰਿਸ਼ਮਾ ਹੋਇਆ ਕਿਵੇਂ?
ਇਹ ਕ੍ਰਿਸ਼ਮਾ ਕਰਨ ਵਿਚ ਪਿੰਡ ਦੇ ਹਰ ਮਾਈ-ਭਾਈ, ਬਾਲ-ਬੱਚੇ ਤੇ ਨੌਜੁਆਨ ਦਾ ਯੋਗਦਾਨ ਹੈ। ਕੈਨੇਡਾ ਤੋਂ ਆਏ ਮੌਰਗਿਨ ਕੇਵਨ ਨਾਂ ਦੇ ਇਕ ਗੋਰੇ ਨੇ ਇਕ ਕਰੋੜ ਰੁਪਿਆ ਦਾਨ ਦੇ ਕੇ ਕਿਹਾ ਕਿ ਮੈਂ ਚਕਰ ਦਾ ਨਾਗਰਿਕ ਅਖਵਾ ਕੇ ਖੁਸ਼ ਹਾਂ। ਸ਼ਾਮਲਾਟਾਂ ਰੋਕੀ ਬੈਠੇ ਭਰਾਵਾਂ ਨੇ ਸਾਂਝੀਆਂ ਥਾਂਵਾਂ ਆਪਣੇ ਆਪ ਛੱਡ ਦਿੱਤੀਆਂ। ਕਈਆਂ ਨੇ ਤਾਂ ਨਿਜੀ ਥਾਂਵਾਂ ਛੱਡ ਕੇ ਗਲੀਆਂ ਚੌੜੀਆਂ ਕਰਵਾਈਆਂ।
ਮੈਂ ਸਦਾ ਚਿਤਵਦਾ ਰਿਹਾਂ ਕਿ ਪੰਜਾਬ ਦੇ ਪਿੰਡਾਂ ਵਿਚ ਅਜਿਹਾ ਮਾਹੌਲ ਬਣੇ ਕਿ ਲੋਕ ਆਪਣੇ ਕਾਰਜ ਆਪਣੇ ਹੱਥੀਂ ਸਵਾਰਨ ਨਾ ਕਿ ਸਰਕਾਰਾਂ ਵੱਲ ਝਾਕੀ ਜਾਣ। ਪਿੰਡ ਚਕਰ ਦੇ ਵਿਕਾਸ ਵਿਚ ਪਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਦਸ ਕਰੋੜ ਰੁਪਏ ਤੋਂ ਵੱਧ ਲੱਗ ਚੁੱਕੇ ਹਨ ਜੋ ਦਿਸਦੇ ਹਨ। ਕਈ ਪਿੰਡਾਂ ਵਿਚ ਸਰਕਾਰੀ ਗਰਾਂਟਾਂ ਦੇ ਕਰੋੜਾਂ ਰੁਪਏ ਲੱਗੇ ਹਨ ਪਰ ਦਿੱਸਦੇ ਲੱਖਾਂ ਵੀ ਨਹੀਂ!
ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਕੈਨੇਡਾ ਵਸਦੇ ਸਿੱਧੂ ਭਰਾਵਾਂ ਅਜਮੇਰ ਸਿੰਘ ਤੇ ਬਲਦੇਵ ਸਿੰਘ ਦੀ ਦੇਣ ਹੈ। ਉਹ ਖੇਡਾਂ ਦੀ ਪ੍ਰਮੋਸ਼ਨ ਲਈ ਹਰ ਸਾਲ ਲੱਖਾਂ ਰੁਪਏ ਖਰਚਦੇ ਹਨ। ਅਕੈਡਮੀ ਵਿਚ ਦੌ ਸੌ ਤੋਂ ਵੱਧ ਬੱਚੇ ਖੇਡਾਂ ਦੀ ਸਿਖਲਾਈ ਲੈ ਰਹੇ ਹਨ ਜਿਨ੍ਹਾਂ ਲਈ ਤਿੰਨ ਕੋਚ ਰੱਖੇ ਹਨ। ਪ੍ਰੋæ ਬਲਵੰਤ ਸਿੰਘ ਸੰਧੂ ਅਕੈਡਮੀ ਦਾ ਕੋਆਰਡੀਨੇਟਰ ਹੈ ਤੇ ਸ਼ ਦਵਿੰਦਰ ਸਿੰਘ ਰਿਟਾਇਰਡ ਐਸ਼ ਪੀæ ਸਰਪ੍ਰਸਤ। ਕੋਚਾਂ ਨੂੰ ਮਾਣ ਭੱਤਾ, ਬੱਚਿਆਂ ਨੂੰ ਟ੍ਰੈਕ ਸੂਟ ਤੇ ਖੇਡਾਂ ਦਾ ਸਮਾਨ ਸਿੱਧੂ ਭਰਾਵਾਂ ਵਲੋਂ ਦਿੱਤਾ ਜਾ ਰਿਹੈ। ਉਨ੍ਹਾਂ ਨੇ ਐਲਾਨ ਕੀਤਾ ਹੋਇਐ ਕਿ ਇਸ ਅਕੈਡਮੀ ਦਾ ਕੋਈ ਖਿਡਾਰੀ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤੇ ਤਾਂ 50 ਲੱਖ ਰੁਪਏ, ਸਿਲਵਰ ਜਿੱਤੇ ਤਾਂ 30 ਲੱਖ, ਬਰਾਂਜ ਜਿੱਤੇ ਤਾਂ 20 ਲੱਖ ਤੇ ਜੇ ਓਲੰਪਿਕ ਖੇਡਾਂ ਲਈ ਚੁਣਿਆ ਜਾਵੇ ਤਾਂ 10 ਲੱਖ ਰੁਪਏ ਦਾ ਇਨਾਮ ਦੇਣਗੇ।
ਮੈਂ ਜਦੋਂ ਚਕਰ ਜਾਂਦਾ ਹਾਂ ਤਾਂ ਵੇਖਦਾ ਹਾਂ ਕਿ ਸਵੇਰੇ ਸ਼ਾਮ ਬੀਹੀਆਂ ਵਿਚ ਬੱਚੇ ਅਕੈਡਮੀ ਦੇ ਟਰੈਕ ਸੂਟ ਪਾਈ ਸਟੇਡੀਅਮ ਵੱਲ ਜਾਂਦੇ ਹਨ ਤੇ ਖੇਡ ਮੈਦਾਨ ਵਿਚ ਕਸਰਤਾਂ ਤੇ ਖੇਡਾਂ ਦਾ ਅਭਿਆਸ ਕਰਦੇ ਹਨ। ਨਸ਼ਿਆਂ ਤੋਂ ਬਚੇ ਹੋਏ ਹਨ ਤੇ ਉਚੇ ਆਚਰਣ ਦੇ ਮਾਲਕ ਬਣ ਰਹੇ ਹਨ। ਜੇਕਰ ਪੰਜਾਬ ਦੇ ਸਾਰੇ ਪਿੰਡਾਂ ਵਿਚ ਹੀ ਅਜਿਹਾ ਮਾਹੌਲ ਬਣ ਜਾਵੇ ਤਾਂ ਪੰਜਾਬ ਕੀਹਦੇ ਲੈਣ ਦਾ ਹੈ? ਖੇਡ ਪ੍ਰਮੋਟਰਾਂ ਨੂੰ ਚਕਰ ਵਰਗੀਆਂ ਖੇਡ ਅਕੈਡਮੀਆਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ ਜਿਥੇ ਇਕ ਦੋ ਦਿਨ ਦੇ ਕਬੱਡੀ ਟੂਰਨਾਮੈਂਟ ਕਰਾਉਣ ਦੀ ਥਾਂ ਸਾਰਾ ਸਾਲ ਖੇਡਾਂ ਚੱਲਣ। ਪੰਜਾਬ ਨੂੰ ਨਸ਼ਿਆਂ ਦੀ ਲਾਹਨਤ ਤੋਂ ਇੰਜ ਹੀ ਬਚਾਇਆ ਜਾ ਸਕਦੈ।
ਸ਼ੇਰੇ ਪੰਜਾਬ ਅਕੈਡਮੀ ਚਕਰ ਦੀਆਂ ਸ਼ੇਰਨੀਆਂ: 2015 ਦੇ ਜਨਵਰੀ ਮਹੀਨੇ ਸਰਬੀਆ ਵਿਚ ਹੋਏ ਚੌਥੇ ਇੰਟਰਨੈਸ਼ਨਲ ਜੂਨੀਅਰ ਮੁੱਕੇਬਾਜ਼ੀ ਕੱਪ ਵਿਚ ਇਸ ਦੀਆਂ ਦੋ ਮੁੱਕੇਬਾਜ਼ਾਂ ਨੇ ਭਾਰਤ ਲਈ ਦੋ ਤਮਗੇ ਜਿੱਤੇ ਸਨ। ਸੀਨੀਅਰ ਸਰਕਾਰੀ ਸਕੂਲ ਚਕਰ ਵਿਚ ਪੜ੍ਹਦੀਆਂ ਮਨਦੀਪ ਕੌਰ ਸੰਧੂ ਨੇ ਸੋਨੇ ਤੇ ਹਰਪ੍ਰੀਤ ਕੌਰ ਸਿੱਧੂ ਨੇ ਚਾਂਦੀ ਦੇ ਮੈਡਲ ਹਾਸਲ ਕੀਤੇ ਸਨ। ਇਹ ਦੋਵੇਂ ਕੁੜੀਆਂ ਸਾਧਾਰਨ ਕਿਸਾਨ ਘਰਾਂ ਦੀਆਂ ਜੰਮਪਲ ਹਨ ਜਿਨ੍ਹਾਂ ਦੇ ਮਾਪੇ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਨ।
ਸ਼ੇਰੇ ਪੰਜਾਬ ਅਕੈਡਮੀ ਸਰਕਾਰੀ ਸਰਪ੍ਰਸਤੀ ਤੋਂ ਵਾਂਝੀ ਹੀ ਖਿਡਾਰੀਆਂ ਦੀ ਪਨੀਰੀ ਤਿਆਰ ਕਰਦੀ ਆ ਰਹੀ ਹੈ। ਇਸ ਨੂੰ ਕੈਨੇਡਾ ਵਿਚ ਰਹਿੰਦੇ ਚਕਰ ਦੇ ਮਸੀਹੇ ਅਜਮੇਰ ਸਿੰਘ ਸਿੱਧੂ ਤੇ ਬਲਦੇਵ ਸਿੰਘ ਸਿੱਧੂ, ਚਕਰ ਦੇ ਪੜ੍ਹੇ ਲਿਖੇ ਨੌਜੁਆਨ ਡਾæ ਬਲਵੰਤ ਸਿੰਘ ਸੰਧੂ ਦੀ ਨਿਗਰਾਨੀ ਹੇਠ ਚਲਾ ਰਹੇ ਹਨ। ਅਜਮੇਰ ਸਿੰਘ ਦਾ ਪਿੱਛੇ ਜਿਹੇ ਦਿਹਾਂਤ ਹੋ ਗਿਆ ਜਿਸ ਦਾ ਅਕੈਡਮੀ ਤੇ ਪਿੰਡ ਚਕਰ ਨੂੰ ਵੱਡਾ ਸਦਮਾ ਲੱਗਾ।
ਮੁੱਕੇਬਾਜ਼ੀ ਵਰਗੀ ਜੁਝਾਰੂ ਖੇਡ ਵਿਚ ਚਕਰ ਦੀਆਂ ਸ਼ੇਰਨੀਆਂ ਨੇ ਪੰਜਾਬ, ਭਾਰਤ ਤੇ ਕੌਮਾਂਤਰੀ ਪੱਧਰ ‘ਤੇ ਦਰਜਨਾਂ ਮੈਡਲ ਜਿੱਤੇ ਹਨ। ਅਕੈਡਮੀ ਦੀ ਪਹਿਲੀ ਮੁੱਕੇਬਾਜ਼ ਸ਼ਵਿੰਦਰ ਕੌਰ 2012 ਦੀ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨ ਬਣੀ ਤੇ ਭਾਰਤ ਦੀ ਸਰਬੋਤਮ ਮੁੱਕੇਬਾਜ਼ ਐਲਾਨੀ ਗਈ। ਉਹ ਭਾਰਤੀ ਟੀਮ ਦੀ ਮੈਂਬਰ ਬਣ ਕੇ ਸ੍ਰੀ ਲੰਕਾ ਦਾ ਬਾਕਸਿੰਗ ਕੱਪ ਖੇਡੀ। ਸੁਖਦੀਪ ਚਕਰੀਆ ਨੈਸ਼ਨਲ ਚੈਂਪੀਅਨ ਬਣਿਆ ਤੇ ਦੇਸ਼ ਦਾ ਸਰਬੋਤਮ ਮੁੱਕੇਬਾਜ਼ ਐਲਾਨਿਆ ਗਿਆ ਜੋ ਤਿੰਨ ਸਾਲਾਂ ਤੋਂ ਭਾਰਤ ਵਲੋਂ ਕੌਮਾਂਤਰੀ ਮੁਕਾਬਲੇ ਲੜ ਰਿਹੈ। ਉਸ ਦੀ ਭੈਣ ਪਰਮਿੰਦਰ ਕੌਰ ਇੰਟਰਵਰਸਿਟੀ ਚੈਂਪੀਅਨ ਬਣੀ ਤੇ ਕੌਮੀ ਪੱਧਰ ‘ਤੇ ਮੈਡਲ ਜਿੱਤ ਰਹੀ ਹੈ। ਸ਼ਵਿੰਦਰ ਕੌਰ ਨੇ ਵੀ ਨੈਸ਼ਨਲ ਪੱਧਰ ‘ਤੇ ਮੱਲਾਂ ਮਾਰੀਆਂ। ਅਮਨਦੀਪ ਕੌਰ ਪੰਜਾਬ ਦੀ ਚੈਂਪੀਅਨ ਬਣੀ ਤੇ ਸੀਨੀਅਰ ਨੈਸ਼ਨਲ ਵਿਚ ਜਿੱਤ ਮੰਚ ‘ਤੇ ਚੜ੍ਹੀ।
ਅਮਨਦੀਪ ਦੀ ਛੋਟੀ ਭੈਣ ਸਿਮਰਨਜੀਤ ਕੌਰ ਨੈਸ਼ਨਲ ਚੈਂਪੀਅਨ ਬਣਨ ਉਪਰੰਤ 2013 ਵਿਚ ‘ਦੂਜੀ ਗੋਲਡਨ ਗਲੱਵਜ਼ ਇੰਟਰਨੈਸ਼ਨਲ ਯੂਥ ਬਾਕਸਿੰਗ ਚੈਂਪੀਅਨਸ਼ਿਪ’ ਖੇਡਣ ਸਰਬੀਆ ਗਈ। ਸਤੰਬਰ 2013 ਵਿਚ ਉਸ ਨੇ ਬੁਲਗਾਰੀਆ ਵਿਚ ‘ਯੂਥ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ’ ਵਿਚੋਂ ਬਰਾਂਜ ਮੈਡਲ ਜਿੱਤਿਆ। ਉਥੇ ਤੇਤੀ ਦੇਸ਼ਾਂ ਦੀਆਂ ਮੁੱਕੇਬਾਜ਼ ਪਹੁੰਚੀਆਂ ਸਨ। ਭਾਰਤ ਦੇ ਦੋ ਮੈਡਲਾਂ ਵਿਚੋਂ ਇਕ ਮੈਡਲ ਚਕਰ ਅਕੈਡਮੀ ਦਾ ਸੀ। ਪੰਜਾਬ ਸਰਕਾਰ ਨੇ ਕਬੱਡੀ ਦੀਆਂ ਖਿਡਾਰਨਾਂ ਨੂੰ ਤਾਂ ਕਾਰਾਂ ਤਕ ਦੇ ਇਨਾਮ ਦਿੱਤੇ ਪਰ ਵਰਲਡ ਬਾਕਸਿੰਗ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੀ ਚਕਰ ਦੀ ਸ਼ੇਰਨੀ ਨੂੰ ਕੁਝ ਵੀ ਨਾ ਦੇ ਸਕੀ।
ਜਿਸ ਮਨਦੀਪ ਕੌਰ ਨੇ ਪਹਿਲਾਂ ਸਰਬੀਆ ਤੇ ਹੁਣ ਤੇਪਈ ਵਿਚ ਗੋਲਡ ਮੈਡਲ ਜਿੱਤਿਆ ਹੈ, ਅਜੇ ਬਾਰ੍ਹਵੀਂ ‘ਚ ਪੜ੍ਹਦੀ ਹੈ। ਉਸ ਤੋਂ ਵੱਡੀਆਂ ਆਸਾਂ ਹਨ। ਉਹ ਤੀਜੀ ਜਮਾਤ ‘ਚ ਪੜ੍ਹਦਿਆਂ ਹੀ ਸ਼ੇਰੇ ਪੰਜਾਬ ਅਕੈਡਮੀ ਵਿਚ ਟ੍ਰੇਨਿੰਗ ਲੈਣ ਲੱਗ ਪਈ ਸੀ। ਉਹ ਤਿੰਨ ਵਾਰ ਨੈਸ਼ਨਲ ਚੈਂਪੀਅਨ ਬਣੀ ਤੇ ਉਸ ਦੀ ਚੋਣ 2020 ਵਿਚ ਹੋਣ ਜਾ ਰਹੀਆਂ ਉਲੰਪਿਕ ਖੇਡਾਂ ਦੀ ਸੰਭਾਵਤ ਮੁੱਕੇਬਾਜ਼ ਵਜੋਂ ਹੋ ਚੁੱਕੀ ਹੈ। ਸਰਬੀਆ ਤੋਂ ਚਾਂਦੀ ਦਾ ਤਮਗਾ ਜਿੱਤਣ ਵਾਲੀ ਹਰਪ੍ਰੀਤ ਕੌਰ ਵੀ ਏਸ਼ੀਅਨ ਤੇ ਕਾਮਨਵੈਲਥ ਖੇਡਾਂ ਦਾ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਬਣ ਸਕਦੀ ਹੈ। ਨੈਸ਼ਨਲ ਪੱਧਰ ‘ਤੇ ਚਾਂਦੀ ਦਾ ਤਮਗਾ ਜਿੱਤਣ ਵਾਲੀ ਮਨਪ੍ਰੀਤ ਕੌਰ ਤੇ ਹੋਣਹਾਰ ਮੁੱਕੇਬਾਜ਼ ਮੁਸਕਾਨ ਸਿੱਧੂ ਤੋਂ ਵੀ ਬੜੀਆਂ ਆਸਾਂ ਹਨ।