ਸੁਰਿੰਦਰ ਸੋਹਲ
ਮੇਰਾ ਪਹਿਲਾ ਗ਼ਜ਼ਲ ਸੰਗ੍ਰਿਹ ‘ਖੰਡਰ, ਖ਼ਾਮੋਸ਼ੀ ਤੇ ਰਾਤ’ 2002 ਵਿਚ ਪਹਿਲੀ ਵਾਰੀ ਛਪਿਆ। ਹੁਣ ਤੱਕ ਉਸ ਦੇ ਤਿੰਨ ਐਡੀਸ਼ਨ ਛਪ ਚੁਕੇ ਹਨ। 2002 ਤੋਂ ਹੁਣ ਤੱਕ ਬਾਰਾਂ-ਤੇਰਾਂ ਸਾਲਾਂ ਵਿਚ ਮੈਂ ਸੌ ਦੇ ਕਰੀਬ ਨਵੀਆਂ ਗ਼ਜ਼ਲਾਂ ਲਿਖੀਆਂ। ਜਦੋਂ ਦੂਸਰਾ ਗ਼ਜ਼ਲ ਸੰਗ੍ਰਿਹ ਤਿਆਰ ਕਰਨ ਬਾਰੇ ਖ਼ਿਆਲ ਆਇਆ ਤਾਂ ਖਰੜਾ ਬਣਾ ਕੇ ਇਸ ਦੀ ਇਕ ਕਾਪੀ ਆਪਣੇ ਪੁਰਾਣੇ ਮਿੱਤਰਾਂ ਸੁਰਜੀਤ ਸਾਜਨ ਅਤੇ ਉਂਕਾਰਪ੍ਰੀਤ ਨੂੰ ਭੇਜੀ। ਇਕ ਕਾਪੀ ਤਨਦੀਪ ਤਮੰਨਾ ਨੂੰ।
ਸੁਰਜੀਤ ਸਾਜਨ ਨੇ ਤਿੰਨ ਹਰਫ਼ੀ ਟੁਕੜੀਆਂ ਦੇ ਵਜ਼ਨ, ਪਰੂਫ਼ ਰੀਡਿੰਗ ਅਤੇ ਜ਼ਿਹਾਫ਼ਾਂ ਦੀ ਵਰਤੋਂ ਨੂੰ ਬੜੀ ਬਾਰੀਕੀ ਨਾਲ ਘੋਖਿਆ ਅਤੇ ਕੀਮਤੀ ਵਿਚਾਰ ਦਿੱਤੇ। ਕੁਝ ਸ਼ਿਅਰ ਉਸ ਨੇ ਕੱਟ ਦਿੱਤੇ। ਕੁਝ ਇਕ ਵਿਚ ਬੜੀਆਂ ਹੀ ਸਾਰਥਕ ਤਬਦੀਲੀਆਂ ਕਰਨ ਦੇ ਸੁਝਾਅ ਦਿੱਤੇ।
ਉਂਕਾਰਪ੍ਰੀਤ ਨੇ ਗ਼ਜ਼ਲਾਂ ਦੇ ਵਿਚਾਰਧਾਰਾਈ ਪਰਿਪੇਖ ਨੂੰ ਮਹੀਨ ਬੁੱਧੀ ਨਾਲ ਵਿਚਾਰਿਆ। ਸਾਰਥਕ ਆਲੋਚਨਾ ਦੀ ਕਲਮ-ਨੁਮਾ ਛੁਰੀ ਨਾਲ ਗ਼ਜ਼ਲਾਂ ਦੀਆਂ ਗ਼ਜ਼ਲਾਂ ‘ਤੇ ਕਾਟਾ ਮਾਰਿਆ। ਬਹੁਤ ਸਾਰੇ ਸ਼ਿਅਰ ਕੱਟੇ।
ਤਨਦੀਪ ਤਮੰਨਾ ਨੇ ਕਾਵਿਕ-ਪਹੁੰਚ ਦੇ ਦ੍ਰਿਸ਼ਟੀਕੋਣ ਤੋਂ ਗ਼ਜ਼ਲਾਂ ਦੀ ਪਰਖ-ਪੜਚੋਲ ਕੀਤੀ। ਬਿਬਲੀਕਲ ਹਵਾਲਿਆਂ ਨੂੰ ਉਸ ਨੇ ਪਾਕਿਸਤਾਨ ਵਿਚ ਵਸਦੇ ਸ਼ਾਇਰ ਦੋਸਤਾਂ ਨਾਲ ਵਿਚਾਰਿਆ ਅਤੇ ਹਵਾਲਿਆਂ ਨੂੰ ਸਹੀ ਪਰਿਪੇਖ ਵਿਚ ਵਰਤਣ ਵਿਚ ਮਦਦ ਕੀਤੀ।
ਹਰਪਾਲ ਸਿੰਘ ਭਿੰਡਰ ਦੀਆਂ ਬੇਬਾਕ ਟਿੱਪਣੀਆਂ ਨੇ ਮੇਰੇ ਖਿਆਲਾਂ ਨੂੰ ਇਕ ਦਿਸ਼ਾ, ਇਕ ਪੱਧਰ, ਇਕ ਉਚਾਈ ਬਖ਼ਸ਼ਣ ਵਿਚ ਅਣ-ਬਿਆਨਿਆ ਯੋਗਦਾਨ ਪਾਇਆ। ਸੋਢੀ ਸੁਲਤਾਨ ਸਿੰਘ ਨਾਲ ਮੈਂ ਕੋਈ ਸ਼ਿਅਰ ਸਾਂਝਾ ਕਰਦਾ ਤਾਂ ਉਹ ਅੱਗੋਂ ਉਰਦੂ ਸ਼ਿਅਰ ਸੁਣਾ ਕੇ ਕਦੇ ਮੇਰੇ ਸ਼ਿਅਰ ਦੀ ਤਾਰੀਫ਼ ਕਰਦਾ, ਕਦੇ ਅਸਿੱਧੇ ਤੌਰ ‘ਤੇ ਮੈਨੂੰ ਸ਼ਿਅਰ ਕੱਟ ਦੇਣ ਦਾ ਇਸ਼ਾਰਾ ਕਰਦਾ।
ਇਸ ਤਰ੍ਹਾਂ ਸੌ ਕੁ ਗ਼ਜ਼ਲਾਂ ਦੀ ਗਿਣਤੀ ਸਿਰਫ਼ 65 ਰਹਿ ਗਈ ਹੈ। ਪਰ ਇਨ੍ਹਾਂ ਗ਼ਜ਼ਲਾਂ ਨੂੰ ਹੁਣ ਮੈਂ ਜਦੋਂ ਪੜ੍ਹਦਾ ਹਾਂ ਤਾਂ ਮਹਿਸੂਸ ਹੁੰਦਾ ਹੈ, ਜਿਵੇਂ ਕਿਸੇ ਫ਼ਸਲ ਵਿਚੋਂ ਨਦੀਨ ਕੱਢ ਦਿੱਤਾ ਗਿਆ ਹੋਵੇ। ਤੰਦਰੁਸਤ ਫ਼ਸਲ ਦੇਖ ਕੇ ਬਾਗ-ਬਾਗ ਹੋ ਰਹੇ ਮਨ ਵਰਗਾ ਅਹਿਸਾਸ ਹੋ ਰਿਹਾ ਹੈ। ਮਨ ਖੇੜੇ ਵਿਚ ਹੈ।
ਇਨ੍ਹਾਂ ਦੋਸਤਾਂ ਦੀ ਇਮਾਨਦਾਰੀ, ਸੁਹਿਰਦਤਾ, ਮਿਹਨਤ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਵਿਚੋਂ ਕੱਢੇ ਗਏ ਸਮੇਂ ਲਈ ‘ਧੰਨਵਾਦ’ ਕਹਿਣਾ ਬਹੁਤ ਛੋਟੀ ਗੱਲ ਹੋਵੇਗੀ।
ਇਸ ਸਾਰੇ ਵਿਹਾਰ ਨਾਲ ਮੈਂ ਪਿਛਲੇ ਡੇਢ ਸਾਲ ਤੋਂ ਜੁੜਿਆ ਰਿਹਾ ਹਾਂ। ਮਨ ਹਰ ਵੇਲੇ ਕਾਵਿਕ ਉਡਾਰੀਆਂ ਲਾਉਂਦਾ ਰਿਹਾ। ਗ਼ਜ਼ਲ ਵਿਚ ਨਵੀਆਂ ਬਹਿਰਾਂ ਦੀ ਵਰਤੋਂ ਲਈ ਵੀ ਮਨ ਕਾਹਲਾ ਪੈਂਦਾ ਰਿਹਾ। ਮੈਂ ਬਹੁਤ ਸਾਰੀਆਂ ਉਨ੍ਹਾਂ ਬਹਿਰਾਂ ਵਿਚ ਗ਼ਜ਼ਲਾਂ ਲਿਖੀਆਂ ਜਿਨ੍ਹਾਂ ਬਾਰੇ ਮੈਂ ਕਈ ਸਾਲਾਂ ਤੋਂ ਸੋਚਦਾ ਆ ਰਿਹਾ ਸਾਂ। ਮੋਮਨ ਦੀ ਗ਼ਜ਼ਲ ‘ਵੋ ਜੋ ਹਮ ਮੇਂ ਤੁਮ ਮੇਂ ਕਰਾਰ ਥਾ, ਤੁਮੇ ਯਾਦ ਹੋ ਕਿ ਨਾ ਯਾਦ ਹੋ’ ਮੇਰੀ ਮਨਮਸੰਦ ਗ਼ਜ਼ਲ ਹੈ। ਇਸ ਬਹਿਰ ਦੀ ਉਤਰਾਈ-ਚੜ੍ਹਾਈ ਮੈਨੂੰ ਵਾਦੀਆਂ ਦੀ ਗਹਿਰਾਈ ਵਰਗੀ ਅਤੇ ਪਹਾੜਾਂ ਦੀ ਉਚਾਈ ਵਰਗੀ ਅਨੁਭਵ ਹੁੰਦੀ ਹੈ। ਪਰ ਮੈਂ ਇਸ ਬਹਿਰ ਵਿਚ ਗ਼ਜ਼ਲ ਲਿਖ ਨਹੀਂ ਸਾਂ ਸਕਿਆ। ਸੁਰਜੀਤ ਪਾਤਰ ਅਤੇ ਸੁਰਜੀਤ ਸਖੀ ਨੇ ਇਸ ਬਹਿਰ ਵਿਚ ਬਹੁਤ ਕਾਮਯਾਬ ਗ਼ਜ਼ਲਾਂ ਲਿਖੀਆਂ ਹਨ। ਕੁਝ ਇਕ ਹੋਰ ਸ਼ਾਇਰਾਂ ਦੀ ਰਚਨਾ ਵੀ ਇਸ ਬਹਿਰ ਵਿਚ ਮਿਲਦੀ ਹੈ। ਇਸ ਬਹਿਰ ਵਿਚ ਗ਼ਜ਼ਲ ਲਿਖ ਕੇ ਮਨ ਨੂੰ ਬਹੁਤ ਤਸੱਲੀ ਹੋਈ।
ਮਿਰਜ਼ਾ ਗ਼ਾਲਿਬ ਦੀ ਮਸ਼ਹੂਰ ਗ਼ਜ਼ਲ ‘ਆਹ ਕੋ ਚਾਹੀਏ ਇਕ ਉਮਰ ਅਸਰ ਹੋਨੇ ਤਕ’ ਵਾਲੀ ਬਹਿਰ ‘ਤੇ ਗ਼ਜ਼ਲ ਲਿਖ ਕੇ ਮੈਨੂੰ ਬਹੁਤ ਸਕੂਨ ਪ੍ਰਾਪਤ ਹੋਇਆ। ਗ਼ਾਲਿਬ ਦੀ ਗ਼ਜ਼ਲ ‘ਕਹਾਂ ਥੀ ਹਮਾਰੀ ਕਿਸਮਤ ਕਿ ਵਸਾਲੇ ਯਾਰ ਹੋਤਾ’ ਵਾਲੀ ਬਹਿਰ ‘ਤੇ ਗ਼ਜ਼ਲ ਲਿਖਣ ਦਾ ਮੈਂ ਕਦੇ ਖ਼ਾਬ ਵੀ ਨਹੀਂ ਸੀ ਲਿਆ। ਸੁਰਜੀਤ ਪਾਤਰ ਅਤੇ ਸੁਰਜੀਤ ਸਖੀ ਨੇ ਇਸ ਬਹਿਰ ਵਿਚ ਕਾਮਯਾਬ ਗ਼ਜ਼ਲਾਂ ਕਹੀਆਂ ਹਨ।
‘ਨਸ਼ੇ ਕੀ ਰਾਤ ਢਲ ਗਈ ਅਬ ਖ਼ੁਮਾਰ ਨਾ ਰਹਾ’ ਵਾਲੀ ਬਹਿਰ ਬੇਹੱਦ ਔਖੀ ਹੈ। ਇਕ ਲਘੂ ਇਕ ਗੁਰੂ ਦੀ ਬੰਦਿਸ਼ ਨਿਭਾਉਣਾ ਮੈਨੂੰ ਆਪਣੀ ਸਮਰੱਥਾ ਤੋਂ ਬਾਹਰ ਦੀ ਗੱਲ ਜਾਪਦੀ ਸੀ, ਪਰ ਇਸ ਬਹਿਰ ਵਿਚ ਗ਼ਜ਼ਲ ਸਿਰਫ਼ ਪੰਦਰਾਂ ਮਿੰਟ ਵਿਚ ਹੀ ਲਿਖ ਹੋ ਗਈ।
ਗ਼ਾਲਿਬ ਦੀ ਮਸ਼ਹੂਰ ਗ਼ਜ਼ਲ ‘ਹਰੇਕ ਬਾਤ ਪੇ ਕਹਿਤੇ ਹੋ ਕਿ ਤੁਮ ਕਿਆ ਹੈ’ ਵਾਲੀ ਬਹਿਰ ਵਿਚ ਸੁਰਜੀਤ ਪਾਤਰ ਨੇ ਬਹੁਤ ਗ਼ਜ਼ਲਾਂ ਲਿਖੀਆਂ ਹਨ। ਮੇਰੇ ਕੋਲੋਂ ਦਸ-ਬਾਰਾਂ ਗ਼ਜ਼ਲਾਂ ਇਸ ਬਹਿਰ ਵਿਚ ਕਦੋਂ ਲਿਖ ਹੋ ਗਈਆਂ, ਮੈਨੂੰ ਪਤਾ ਹੀ ਨਹੀਂ ਲੱਗਾ। ਉਰਦੂ ਸ਼ਾਇਰਾਂ ਨੇ ਇਸ ਬਹਿਰ ਦੀ ਭਰਪੂਰ ਵਰਤੋਂ ਕੀਤੀ ਹੈ।
ਉਰਦੂ ਵਿਚ ‘ਗਿਰਾਹ’ ਲਾਉਣ ਦਾ ਰਿਵਾਜ ਬਹੁਤ ਹੈ। ਕਿਸੇ ਵੱਡੇ ਸ਼ਾਇਰ ਦੀ ਮਸ਼ਹੂਰ ਗ਼ਜ਼ਲ ਦੇ ਮਿਸਰੇ ਨੂੰ ਆਪਣੀ ਕਿਸੇ ਗ਼ਜ਼ਲ ਵਿਚ ਵਰਤ ਕੇ ਸ਼ਾਇਰ ਦਿਲਚਸਪੀ ਪੈਦਾ ਕਰਦਾ ਹੈ।
ਉਰਦੂ ਵਾਲੇ ਮਜ਼ਾਹੀਆ ਸ਼ਾਇਰ ਆਪਣੇ ਹੀ ਰੰਗ ਵਿਚ ਗਿਰਾਹ ਲਾ ਕੇ ਸਰੋਤਿਆਂ ਦਾ ਦਿਲ ਮੋਹ ਲੈਂਦੇ ਹਨ। ਕਿਸੇ ਸ਼ਾਇਰ ਦਾ ਸ਼ਿਅਰ ਯਾਦ ਆ ਰਿਹਾ ਹੈ,
ਉਨ ਕੇ ਬੱਚੇ ਹਮ ਕੋ ਮਾਮੂ ਕਹਿ ਗਏ।
ਦਿਲ ਕੇ ਅਰਮਾਂ ਆਂਸੂਓਂ ਮੇਂ ਬਹਿ ਗਏ।
ਗਿਰਾਹ ਲਾਉਣ ਦੇ ਨਜ਼ਰੀਏ ਤੋਂ ਪੰਜਾਬੀ ਵਿਚ ਕੁਝ ਇਕ ਪ੍ਰਯੋਗ ਤਾਂ ਹੋਏ ਹਨ, ਪਰ ਰਵਾਇਤ ਕਾਇਮ ਨਹੀਂ ਹੋ ਸਕੀ। ਮੈਂ ਆਪਣੀ ਤੁਛ ਬੁੱਧੀ ਮੁਤਾਬਿਕ ਸੁਰਜੀਤ ਪਾਤਰ ਅਤੇ ਡਾæ ਜਗਤਾਰ ਦੇ ਮਿਸਰਿਆਂ ਦੀ ਗਿਰਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਪਿਛਲਾ ਡੇਢ ਸਾਲ ਮੇਰੇ ਲਈ ਬਹੁਤ ਕਾਵਿ-ਮਈ ਅਤੇ ਸਾਹਿਤਕ ਮਾਹੌਲ ਵਾਲਾ ਰਿਹਾ ਹੈ। ਤਾਲਸਤਾਏ ਦੇ ਮਸ਼ਹੂਰ ਨਾਵਲ ‘ਅੱਨਾ ਕਾਰੇਨਿਨਾ’ (ਤੇਰਾਂ ਸੌ ਸਫ਼ੇ ਦਾ ਨਾਵਲ) ਦਾ ਰੋਜ਼ ਇਕ ਇਕ ਕਾਂਡ ਕਰਕੇ ਪੜ੍ਹਨ ਨਾਲ ਜੋ ਨਜ਼ਾਰੇ ਮੇਰੀ ਸੋਚ ਨੇ ਮਾਣੇ, ਬਿਆਨ ਤੋਂ ਬਾਹਰਾ ਹੈ। ਕਾਵਿਕ ਸ਼ੈਲੀ ਰਾਹੀਂ ਮਨੁੱਖੀ ਮਨ ਦੀਆਂ ਪਰਤਾਂ ਨੂੰ ਤਾਲਸਤਾਏ ਨੇ ਸੂਝ ਦੀ ਖ਼ੁਰਦਬੀਨ ਨਾਲ ਦੇਖ ਕੇ ਬਿਆਨਿਆ ਹੈ।
ਕੰਨੜ ਨਾਵਲ ‘ਮੌਤ ਤੋਂ ਬਾਦ’ ਨੇ ਮੇਰੇ ਲਈ ‘ਯਥਾਰਥ’ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ। ਹੰਗੇਰੀਅਨ ਨਾਵਲ ‘ਬੁਜ਼ਦਿਲ’ ਨੇ ਮੇਰੀ ਸੋਚ ਨੂੰ ਅਪਾਰ ਵਿਸ਼ਾਲਤਾ ਨਾਲ ਭਰਪੂਰ ਕਰ ਦਿੱਤਾ।
ਅਹਿਮਦ ਫ਼ਰਾਜ਼ ਦੀਆਂ ਚਾਰ ਕਿਤਾਬਾਂ ਦੇ ਪਾਠ ਵਿਚੋਂ ਗ਼ਜ਼ਲ ਬਾਰੇ ਬੜੀਆਂ ਬਾਰੀਕੀਆਂ ਦੀ ਸਮਝ ਲੱਗੀ।
ਸ਼ਕੇਬ ਜਲਾਲੀ, ਜਿਸ ਨੇ ਕਿ ਸਿਰਫ਼ 32 ਸਾਲ ਦੀ ਉਮਰ ਭੋਗੀ, ਦੀਆਂ ਸਮੁੱਚੀਆਂ ਗ਼ਜ਼ਲਾਂ ਪੜ੍ਹ ਕੇ ਹੈਰਾਨੀ ਹੋਈ। ਉਸ ਦੇ ਇਸ ਸ਼ਿਅਰ ਨੇ ਮੈਨੂੰ ਕਈ ਦਿਨ ਤਰੋ-ਤਾਜ਼ਾ ਰੱਖਿਆ,
ਅਜਬ ਨਹੀਂ ਜੋ ਉਗੇ ਯਾਂ ਦਰਖ਼ਤ ਪਾਨੀ ਕੇ,
ਕਿ ਅਸ਼ਕ ਬੋਏ ਹੈਂ ਸ਼ਬ ਭਰ ਕਿਸੀ ਨੇ ਧਰਤੀ ਮੇਂ।
ਪਿਆਰਾ ਸਿੰਘ ਪਦਮ ਦੀ ਕਿਤਾਬ ‘ਗੁਰੂ ਗ੍ਰੰਥ ਸੰਕੇਤ ਕੋਸ਼’ ਦੋ-ਦੋ ਸਫ਼ੇ ਕਰਕੇ ਦੂਜੀ ਵਾਰ ਫੇਰ ਪੜ੍ਹੀ ਗਈ। ਇਸ ਨੇ ਮੇਰੀ ਕਾਵਿਕ-ਤਰੰਗ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕੀਤੀ। ਡਾæ ਜਗਤਾਰ ਦੀਆਂ ਸਮੁੱਚੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਦਾ ਪਾਠ ਵੀ ਨਾਲ ਨਾਲ ਚਲਦਾ, ਜਿਨ੍ਹਾਂ ਨੇ ਮੇਰੇ ਅੰਦਰ ਸ਼ਿਅਰਾਂ ਦੀ ਨਦੀ ਵਹਾਈ ਰੱਖੀ। ਗੁਰਦਰਸ਼ਨ ਬਾਦਲ ਦੀ ਕਿਤਾਬ ‘ਸੁਖੈਨ ਗ਼ਜ਼ਲ’ ਦੀ ਪਰੂਫ਼ ਰੀਡਿੰਗ ਕਰਦਿਆਂ ਕਰਦਿਆਂ ਬਹੁਤ ਸਾਰੇ ਸ਼ਿਅਰ ਰਚੇ ਗਏ।
ਮੇਰੇ ‘ਤੇ ਇਕ ਅਜਿਹਾ ਕਾਵਿਕ ਆਸਮਾਨ ਛਾਇਆ ਰਿਹਾ ਕਿ ਮੈਨੂੰ ਲੱਗਣ ਲੱਗ ਪਿਆ ਕਿ ਸ਼ਿਅਰ ਤਾਂ ਕੁਦਰਤ ਦੀ ਹਰ ਅਦਾ ਵਿਚ ਪਿਆ ਹੈ, ਸਿਰਫ਼ ਚੁੱਕ ਕੇ ਵਰਕੇ ਬਿਠਾਉਣ ਦੀ ਹੀ ਲੋੜ ਹੈ। ਖ਼ਿਆਲ ਅਤੇ ਬਹਿਰ ਇੰਜ ਰਚ-ਮਿਚ ਕੇ ਮੇਰੇ ਕੋਲ ਪਹੁੰਚਦੇ ਰਹੇ। ਵਿਸ਼ੇ ਅਤੇ ਰੂਪ ਦਾ ਫ਼ਰਕ ਕਰਨਾ ਬਿਲਕੁਲ ਏਨਾ ਹੀ ਮੁਸ਼ਕਿਲ ਮਹਿਸੂਸ ਹੋ ਰਿਹਾ ਸੀ ਜਿਵੇਂ ਘਾੜਤ ਨੂੰ ਗਹਿਣੇ ਨਾਲੋਂ ਵੱਖ ਕਰਨਾ।
ਮੇਰਾ ਇਕ ਸ਼ਿਅਰ ਹੈ,
ਬਦਨ ਹੈ ਬਰਫ਼ ਦਾ ਤੇ ਦੋਸਤੀ ਚਰਾਗ਼ਾਂ ਦੀ,
ਕਿ ਮੇਰੀ ਨਸਲ ਨੂੰ ਇਹ ਕਿਸ ਤਰ੍ਹਾਂ ਦਾ ਸ਼ੌਕ ਰਿਹਾ।
ਇਸ ਲਈ ਪਹਿਲਾਂ ਕਿਤਾਬ ਦਾ ਨਾਮ ‘ਬਦਨ ਹੈ ਬਰਫ਼ ਦਾ’ ਰੱਖਿਆ। ਪਰ ਇਸ ਵਿਚ ਰਵਾਨੀ ਨਹੀਂ ਸੀ। ‘ਬੱਬੇ’ ਬੁੱਲਾਂ ਵਿਚ ਬਹੁਤ ਫਸਦੇ ਸਨ। ਫਿਰ ‘ਦੋਸਤੀ ਚਿਰਾਗ਼ਾਂ ਦੀ’ ਰੱਖਿਆ ਅਤੇ ਇਹ ਲਗਪਗ ਅੰਤਿਮ ਹੀ ਸੀ। ਪਰ ਜਦੋਂ ਮੈਂ ਸ਼ਿਅਰ ਲਿਖਿਆ,
ਸਮਝ ਕਦੇ ਤਾਂ ਔਣਗੇ
ਇਸ਼ਾਰਿਆਂ ਦੇ ਲਫ਼ਜ਼ ਨੇ।
ਕਿਤਾਬ ਆਸਮਾਨ ਦੀ
ਸਿਤਾਰਿਆਂ ਦੇ ਲਫ਼ਜ਼ ਨੇ।
ਤਾਂ ਮੈਨੂੰ ਲੱਗਿਆ ਕਿ ਮੇਰੀ ਕਿਤਾਬ ਜਿਹੜੀ ਦਿਨੋ-ਦਿਨ ਲੇਟ ਹੁੰਦੀ ਜਾ ਰਹੀ ਸੀ, ਸ਼ਾਇਦ ਆਪਣੇ ਨਾਮ ਦੀ ਹੀ ਉਡੀਕ ਵਿਚ ਸੀ। ਇੰਜ ਇਸ ਕਿਤਾਬ ਦਾ ਨਾਮ ‘ਕਿਤਾਬ ਆਸਮਾਨ ਦੀ’ ਏਨਾ ਢੁੱਕਵਾਂ ਸਾਬਿਤ ਹੋਇਆ ਕਿ ਇਸ ਨੇ ਜਿਵੇਂ ਮੈਨੂੰ ਸਾਰੇ ਦੇ ਸਾਰੇ ਨੂੰ ਕਲਾਵੇ ਵਿਚ ਲੈ ਲਿਆ।
ਇਸ ਦੌਰਾਨ ਮੈਂ ਟੈਲੀਫੋਨ, ਇੰਟਰਨੈਟ ਅਤੇ ਫੇਸ-ਬੁੱਕ ਤੋਂ ਪਾਸਾ ਵੱਟੀ ਰੱਖਿਆ। ਯਾਰਾਂ-ਦੋਸਤਾਂ ਨਾਲ ਵੀ ਗੱਲ-ਬਾਤ ਬਹੁਤ ਘੱਟ ਕਰਦਾ ਰਿਹਾ ਹਾਂ। ਮੈਨੂੰ ਜਾਪਦਾ ਸੀ, ਮੇਰੀ ਸੋਚ ਵਿਚ ਕਾਵਿ ਦੀ ਖ਼ੁਸ਼ਬੂ ਦਾ ਅਜਿਹਾ ਫੁੱਲ ਖਿੜਿਆ ਹੋਇਆ ਹੈ, ਜੇ ਮੈਂ ਕਿਸੇ ਨਾਲ ਗੱਲ ਕਰ ਲਈ ਤਾਂ ਇਹ ਫੁੱਲ ਪੱਤੀ ਪੱਤੀ ਹੋ ਜਾਵੇਗਾ। ਮੇਰੀ ਇਕਾਗਰਤਾ ਦਿਨੋ ਦਿਨ ਗਹਿਰੀ ਤੋਂ ਗਹਿਰੀ ਹੁੰਦੀ ਗਈ। ਅਮਰੀਕਾ ਦੀ ‘ਮੁਨਾਫ਼ਾ ਕੇਂਦਰਿਤ ਜ਼ਿੰਦਗੀ’ ਇਹ ਕਾਵਿਕ ਅਨੁਭਵ ਮੇਰੀ ਜ਼ਿੰਦਗੀ ਦਾ ਹਾਸਿਲ ਹੈ।
ਦੋਸਤੋ ਸਾਲ 2015 ਵਿਚ ਆਪਣੇ ਨਾਲ ਇਕ ਵਾਅਦਾ ਵੀ ਕੀਤਾ। ਕਿਤਾਬ ਹਮੇਸ਼ਾ ਮੁੱਲ ਖ਼ਰੀਦ ਕੇ ਪੜ੍ਹਾਂਗਾ। ਨਾ ਕਿਸੇ ਤੋਂ ਕਿਤਾਬ ਭੇਟ ਦੇ ਰੂਪ ਵਿਚ ਲਵਾਂਗਾ, ਨਾ ਆਪਣੀ ਕਿਤਾਬ ਭੇਟ ਕਰਾਂਗਾ। ਮੇਰਾ ਵਿਸ਼ਵਾਸ ਹੈ ਕਿ ਜਿਸ ਨੇ ਕਿਤਾਬ ਪੜ੍ਹਨੀ ਹੋਵੇ, ਉਹ ਮੁੱਲ ਖ਼ਰੀਦ ਕੇ ਵੀ ਪੜ੍ਹ ਲਵੇਗਾ, ਜਿਸ ਨੇ ਨਹੀਂ ਪੜ੍ਹਨੀ ਉਸ ਨੂੰ ਭਾਵੇਂ ਘਰ ਜਾ ਕੇ ਕਿਤਾਬ ਦੇ ਆਓ ਤਾਂ ਵੀ ਨਹੀਂ ਪੜ੍ਹੇਗਾ।