ਵੇਲਾ ਲੰਘਿਆ ਹੱਥ ਨਾ ਆਂਵਦਾ ਈ…

ਮੇਜਰ ਕੁਲਾਰ ਬੋਪਰਾਏ ਕਲਾਂ
ਫੋਨ: 916-273-2856

ਚਮਕ ਸਿੰਘ ਦੀ ਚਮਕ ਉਸ ਵਕਤ ਮੱਧਮ ਪੈ ਗਈ ਸੀ ਜਦੋਂ ਉਹਦੀ ਧੀ ਹਰਜੀਤ ਨੇ ਅੱਖਾਂ ਆਪਣੇ ਨਾਲ ਪੜ੍ਹਦੇ ਬਿੱਟੂ ਨਾਲ ਲਾ ਲਈਆਂ। ਉਹ ਭੁੱਲ ਗਈ ਸੀ ਕਿ ਉਹਦਾ ਬਾਪ ਪਿੰਡ ਦਾ ਸਰਪੰਚ ਹੈ ਤੇ ਬੜੇ ਅੜਬ ਸੁਭਾਅ ਦਾ ਮਾਲਕ ਹੈ। ਹਰਜੀਤ ਦੀ ਵੱਡੀ ਭੈਣ ਦਾ ਰਿਸ਼ਤਾ ਕੈਨੇਡਾ ਹੋ ਚੁੱਕਾ ਸੀ। ਹਰਜੀਤ ਲਈ ਵੀ ਕੈਨੇਡਾ ਵਿਚ ਮੁੰਡਾ ਲੱਭਿਆ ਹੋਂਿeਆ ਸੀ, ਪਰ ਉਹ ਆਪਣੇ ਪਿਆਰ ਵਿਚ ਰੁੜ੍ਹ ਗਈ ਸੀ।

ਇਕ ਦਿਨ ਸਕੂਲ ਦੇ ਸੇਵਾਦਾਰ ਨੇ ਚਮਕ ਸਿੰਘ ਨੂੰ ਦੱਸਿਆ, “ਸਰਦਾਰ ਜੀ! ਮੂੰਹ ਛੋਟਾ ਹੈ ਤੇ ਬਾਤ ਵੱਡੀ। ਆਪਣੀ ਹਰਜੀਤ ਕਿਸੇ ਮੁੰਡੇ ਨਾਲ ਘੁੰਮਦੀ ਹੈ, ਜਮਾਤ ਵਿਚ ਵੀ ਘੱਟ ਆਉਂਦੀ ਹੈ। ਸਾਡੇ ਵਡੇਰਿਆਂ ਨੇ ਇਸ ਘਰ ਦਾ ਲੂਣ ਖਾਧਾ ਹੈ। ਮੈਂ ਆਪਣਾ ਫਰਜ਼ ਸਮਝਦਾ ਹੋਇਆ ਤੁਹਾਨੂੰ ਦੱਸਣ ਆ ਗਿਆ।”
“ਰਤਨ ਸਿਆਂ! ਤੈਨੂੰ ਗਲਤੀ ਲੱਗੀ ਹੋਊ। ਮੇਰੀ ਧੀ ਇੰਜ ਦੀ ਨਹੀਂ। ਜੇ ਇਹ ਸੱਚ ਹੈ ਤਾਂ ਤੇਰਾ ਧੰਨਵਾਦ, ਤੇ ਕਿਸੇ ਹੋਰ ਕੰਨ ਫੂਕ ਨਾ ਮਾਰੀਂ।” ਚਮਕ ਸਿੰਘ ਨੇ ਕਿਹਾ।
ਗੱਲ ਚਮਕ ਸਿੰਘ ਦੇ ਗਲ ਥੱਲੇ ਨਹੀਂ ਸੀ ਉਤਰ ਰਹੀ। ਉਹ ਧੀ ਦੇ ਮੂੰਹੋਂ ਸੱਚ ਸੁਣਨਾ ਚਾਹੁੰਦਾ ਸੀ। ਸ਼ਾਮ ਨੂੰ ਜਦੋਂ ਹਰਜੀਤ ਪੜ੍ਹ ਕੇ ਆਈ ਤਾਂ ਚਮਕ ਸਿੰਘ ਨੇ ਪੁੱਛਿਆ, “ਹਰਜੀਤ! ਪੁੱਤ ਪੜ੍ਹਾਈ ਕਿਵੇਂ ਚੱਲ ਰਹੀ ਐ?”
“ਪਿਤਾ ਜੀ! ਬਹੁਤ ਵਧੀਆ। ਅਗਲੇ ਮਹੀਨੇ ਪੇਪਰ ਹੋ ਜਾਣੇ ਆ।” ਹਰਜੀਤ ਨੇ ਕਿਹਾ।
“ਚੰਗਾ ਫਿਰ ਤਾਂ, ਪੇਪਰਾਂ ਤੋਂ ਬਾਅਦ ਤੇਰੀ ਮੰਗਣੀ ਜੰਡੇ ਵਾਲਿਆਂ ਦੇ ਮੁੰਡੇ ਨਾਲ ਕਰ ਦੇਣੀ ਆਂ, ਕੈਨੇਡਾ ਵਿਚ।” ਚਮਕ ਸਿੰਘ ਨੇ ਕਿਹਾ।
“ਪਿਤਾ ਜੀ, ਮੈਂ ਨਹੀਂ ਕੈਨੇਡਾ ਵਿਆਹ ਕਰਵਾਉਣਾ। ਮੈਂ ਤਾਂ ਇਥੇ ਹੀ ਰਹਿਣਾ ਤੇ ਇਥੇ ਹੀ ਵਿਆਹ ਕਰਵਾ ਲੈਣਾ।” ਹਰਜੀਤ ਨੇ ਕਿਹਾ।
ਧੀ ਦਾ ਜਵਾਬ ਸੁਣ ਕੇ ਚਮਕ ਸਿੰਘ ਨੂੰ ਅੱਧਿਉਂ ਵੱਧ ਸੱਚ ਹੋ ਗਿਆ, ਪਰ ਉਹ ਪੂਰਾ ਸੱਚ ਸੁਣਨਾ ਚਾਹੁੰਦਾ ਸੀ।
ਬਾਰ੍ਹਵੀਂ ਦੇ ਪੱਕੇ ਪੇਪਰ ਹੋ ਗਏ। ਹਰਜੀਤ ਨੂੰ ਬਾਹਰ ਜਾਣ ਦਾ ਕੋਈ ਬਹਾਨਾ ਨਾ ਮਿਲਦਾ। ਫਿਰ ਪੁੰਨਿਆ ਦੇ ਬਹਾਨੇ ਹਰਜੀਤ ਗੁਰਦੁਆਰੇ ਗਈ ਅਤੇ ਉਥੇ ਬਿੱਟੂ ਵੀ ਆ ਗਿਆ। ਦੋਵਾਂ ਦੀ ਮਿਲਣੀ ਚਮਕ ਸਿੰਘ ਨੇ ਅੱਖੀਂ ਦੇਖ ਲਈ। ਜਦੋਂ ਉਹ ਘਰ ਆਈ ਤਾਂ ਜਿਵੇਂ ਆਸਮਾਨੀ ਬਿਜਲੀ ਹਰਜੀਤ ਦੇ ਸਿਰ ਉਤੇ ਡਿੱਗ ਪਈ ਹੋਵੇ। ਹਰਜੀਤ ਦੀ ਗੁੱਤ ਚਮਕ ਸਿੰਘ ਦੇ ਹੱਥਾਂ ਵਿਚ ਸੀ।
“ਮੈਂ ਆਪਣੀਆਂ ਅੱਖਾਂ ਨਾਲ ਦੇਖ ਲਿਐ ਕਿ ਤੂੰ ਕੈਨੇਡਾ ਦਾ ਰਿਸ਼ਤਾ ਕਿਉਂ ਠੁਕਰਾ ਰਹੀ ਐਂ। ਸਾਰਾ ਪਿੰਡ ਕੀ, ਪੂਰਾ ਇਲਾਕਾ ਚਮਕ ਸਿੰਘ ਨੂੰ ਸਤਿਕਾਰ ਨਾਲ ਬੁਲਾਉਂਦਾ, ਤੇ ਤੂੰ ਮੇਰੀ ਇੱਜ਼ਤ ਮਿੱਟੀ ਵਿਚ ਰੋਲ ਰਹੀ ਹੈ।” ਇਹ ਕਹਿੰਦਿਆਂ ਚਮਕ ਸਿੰਘ ਨੇ ਬੈਂਤ ਦੀ ਪਰਾਣੀ (ਸੋਟੀ) ਹਰਜੀਤ ‘ਤੇ ਵਰ੍ਹਾਉਣੀ ਸ਼ੁਰੂ ਕਰ ਦਿੱਤੀ।
ਮਾਂ ਨੇ ਪੁੱਛਿਆ, “ਧੀ ਦਾ ਕਸੂਰ ਕੀ ਹੈ?”
“ਆਪਣੀ ਧੀ ਕੋਲੋਂ ਹੀ ਪੁੱਛ ਲੈ।” ਚਮਕ ਸਿੰਘ ਨੇ ਕਿਹਾ।
“ਨੀ ਤੂੰ ਕੀ ਚੰਦ ਚਾੜ੍ਹ ਆਈ ਹੈਂ। ਤੇਰਾ ਪਿਉ ਕਿਉਂ ਵੈਰੀ ਬਣ ਗਿਆ।” ਹਰਜੀਤ ਉਠ ਕੇ ਮਾਂ ਦੇ ਗਲ ਲੱਗ ਗਈ ਤੇ ਰੋਂਦੀ ਨੇ ਸਭ ਕੁਝ ਮਾਂ ਨੂੰ ਦੱਸ ਦਿੱਤਾ। ਮਾਂ ਨੇ ਸੁਣ ਕੇ ਪੂਰੇ ਜ਼ੋਰ ਨਾਲ ਥੱਪੜ ਹਰਜੀਤ ਦੇ ਮੂੰਹ ‘ਤੇ ਜੜ ਦਿੱਤਾ ਤੇ ਬੋਲੀ, “ਵੱਢ ਦੇ ਇਸ ਨੂੰ, ਸੋਟੀ ਨਾਲ ਕੁਝ ਨਹੀਂ ਬਣਨਾæææਨੀ ਤੈਨੂੰ ਪਹਿਨਣ-ਖਾਣ ਤੋਂ ਨਾ ਰੋਕਿਆæææਪੁੱਤਾਂ ਨਾਲੋਂ ਵਧ ਕੇ ਪਾਲਿਆæææਤੇ ਤੂੰ ਆਹ ਚੰਦ ਚੜ੍ਹਾ ਰਹੀ ਐਂ। ਤੈਨੂੰ ਪਤਾ ਨਹੀਂ ਬਿੱਟੂ ਵਰਗੇ ਕਿੰਨੇ ਲੋਕ ਸਾਡੇ ਘਰੇ ਕੌਲੀਆਂ ਚੁੱਕੀ ਆਉਂਦੇ ਨੇ। ਆਵਦੇ ਪਿਉ ਦੀ ਸਰਦਾਰੀ ਵੱਲ ਦੇਖ ਲੈਂਦੀ। ਲੋਕ ਕੀ ਕਹਿਣਗੇ! ਲੋਕਾਂ ਦੀਆਂ ਧੀਆਂ ਦੇ ਫੈਸਲੇ ਕਰਵਾਉਣ ਵਾਲਾ ਅੱਜ ਆਪਣੀ ਧੀ ਦੇ ਫੈਸਲੇ ਵਿਚ ਦੋਚਿੱਤਾ ਫਸ ਗਿਆ। ਨੀ ਤੂੰ ਕੈਨੇਡਾ ਵਰਗੀ ਜ਼ਿੰਦਗੀ ਨੂੰ ਠੁਕਰਾ ਕੇ ਕਿਉਂ ਨਰਕਾਂ ਵਿਚ ਜਾਣਾ ਚਾਹੁੰਦੀ ਏਂ?” ਮਾਂ ਪਿੱਟਦੀ ਤੇ ਸਮਝਾਉਂਦੀ ਥੱਕ ਗਈ, ਪਰ ਕੁੜੀ ਦੇ ਕੰਨ ‘ਤੇ ਜੂੰ ਤੱਕ ਨਾ ਸਰਕੀ। ਹੌਲੀ ਹੌਲੀ ਗੱਲ ਪੂਰੇ ਪਿੰਡ ਵਿਚ ਫੈਲ ਗਈ। ਧੀ ਦੀ ਇਸ ਕਰਤੂਤ ਨੇ ਚਮਕ ਸਿੰਘ ਦਾ ਲੱਕ ਤੋੜ ਦਿੱਤਾ। ਉਸ ਨੂੰ ਸਭ ਤੋਂ ਨਫਰਤ ਹੋਣ ਲੱਗੀ। ਧੀ ਦਾ ਸਿਰ ਤੋਂ ਦੀ ਲੰਘ ਜਾਣਾ, ਉਸ ਨੂੰ ਲੋੜੋਂ ਵੱਧ ਲਾਡ ਪਿਆਰ ਹੀ ਲੱਗਿਆ।
ਚਮਕ ਸਿੰਘ ਨੇ ਆਪਣੇ ਸਾਂਢੂ ਨਾਲ ਰਾਏ ਕੀਤੀ, ਧੀ ਦਾ ਕੀਰਤਨ ਸੋਹਿਲਾ ਪੜ੍ਹ ਦੇਈਏ। ਉਹਦਾ ਇਕ ਸਾਲਾ ਫੌਜ ਵਿਚ ਅਫਸਰ ਸੀ, ਬਹੁਤ ਸਿਆਣਾ ਸੀ, ਬੋਲਿਆ, “ਚਮਕ ਸਿਆਂ! ਮੌਤ ਸਭ ਤੋਂ ਵੱਡੀ ਸਜ਼ਾ ਨਹੀਂ ਹੈ। ਮੌਤ ਵਰਗੀ ਅਜਿਹੀ ਸਜ਼ਾ ਦਿੱਤੀ ਜਾਵੇ ਜਿਥੇ ਦੋਸ਼ੀ ਆਪ ਮੌਤ ਮੰਗਦਾ ਰਹੇ ਤੇ ਜ਼ਿੰਦਗੀ ਤੋਂ ਅੱਕ ਜਾਵੇ।” ਫੌਜੀ ਦੀ ਗੱਲ ਚਮਕ ਸਿੰਘ ਦੀ ਸਮਝ ਤੋਂ ਬਾਹਰ ਸੀ।
“ਉਹ ਕਿਵੇਂ?” ਚਮਕ ਸਿੰਘ ਨੇ ਪੁੱਛਿਆ।
“ਕੁੜੀ ਦਾ ਵਿਆਹ ਆਪਾਂ ਬਿੱਟੂ ਨਾਲ ਹੀ ਕਰ ਦਿੰਦੇ ਹਾਂ। ਵਿਆਹ ਤੋਂ ਬਾਅਦ ਧੀ ਨਾਲੋਂ ਸਾਰੇ ਰਿਸ਼ਤੇ ਤੋੜ ਦੇਵਾਂਗੇ। ਸਾਲ ਦੋ ਸਾਲ ਵਿਚ ਧੀ ਦੇ ਸਿਰ ਤੋਂ ਇਸ਼ਕ ਦਾ ਭੂਤ ਉਤਰ ਜਾਵੇਗਾ, ਹੋਸ਼ ਆ ਜਾਵੇਗੀ ਕਿ ਉਹਨੇ ਗਲਤ ਕਦਮ ਚੁੱਕਿਆ ਸੀ। ਉਹਨੂੰ ਤੜਫਦੀ ਦੇਖ ਕੇ ਹੋਰ ਧੀਆਂ ਨੂੰ ਅਕਲ ਆ ਜਾਵੇਗੀ ਕਿ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾਉਣ ਦਾ ਕੀ ਮੁੱਲ ਤਾਰਨਾ ਪੈਂਦਾ ਹੈ।”
“ਫੌਜੀ ਸਾਹਿਬ! ਤੁਹਾਡਾ ਮਤਲਬ ਹੈ ਕਿ ਅਸੀਂ ਆਪਣੀ ਨੱਕ ਵਢਾ ਲਈਏ। ਦੋ ਪੈਸੇ ਦੇ ਮਲੰਗ ਪਿਛੇ ਧੀ ਲਾ ਦੇਈਏ।” ਚਮਕ ਸਿੰਘ ਦਾ ਸਾਂਢੂ ਬੋਲਿਆ।
“ਜਦੋਂ ਕੁੜੀ ਮੰਨਦੀ ਨਹੀਂ, ਉਹ ਤਾਂ ਕਹਿੰਦੀ ਹੈ, ਜਿਥੇ ਤੋਰੋਗੇ, ਉਥੇ ਕੁਝ ਖਾ ਕੇ ਮਰ ਜਾਊਂ। ਆਪਾਂ ਬੇਗਾਨੇ ਪੁੱਤ ਨੂੰ ਕਿਉਂ ਸੂਲੀ ਟੰਗੀਏ।” ਫੌਜੀ ਫਿਰ ਬੋਲਿਆ।
ਸਾਰੇ ਰਿਸ਼ਤੇਦਾਰਾਂ ਨੇ ਹਰਜੀਤ ਨੂੰ ਸਮਝਾਇਆ, ਭਵਿੱਖ ਬਾਰੇ ਦੱਸਿਆ ਪਰ ਹਰਜੀਤ ਟੱਸ ਤੋਂ ਮੱਸ ਨਾ ਹੋਈ। ਫਿਰ ਸਭ ਨੇ ਰਾਏ ਲਾਈ ਕਿ ਇਸ ਦਾ ਪਿਆਰ ਹੀ ਇਸ ਦੀ ਝੋਲੀ ਪਾ ਕੇ ਤਿੰਨ ਕੱਪੜਿਆਂ ਵਿਚ ਤੋਰ ਦਿਤਾ ਜਾਵੇ।
ਚਮਕ ਸਿੰਘ ਨੇ ਪੰਜ ਬੰਦੇ ਗੁਰਦੁਆਰੇ ਸੱਦ ਕੇ ਕੁੜੀ ਦਾ ਅਨੰਦ ਕਾਰਜ ਕਰਵਾ ਦਿੱਤਾ। ਕਾਰ ਵਿਚ ਬੈਠਣ ਲੱਗੀ ਨੂੰ ਕਹਿ ਦਿੱਤਾ, “ਧੀਏ! ਜਿਥੇ ਰਹੇਂ, ਖੁਸ਼ ਰਹੇਂ, ਵੱਸਦੀ ਰਹੇਂ। ਇਕ ਗੱਲ ਯਾਦ ਰੱਖੀਂ, ਬਾਪ ਦੇ ਘਰ ਦਾ ਬੂਹਾ ਬੰਦ ਕਰਨ ਨਾਲ ਤੂੰ ਪਿੰਡ ਦੇ ਦਰਵਾਜ਼ੇ ਵੀ ਬੰਦ ਕਰ ਚੱਲੀ ਹੈਂ। ਅੱਜ ਤੋਂ ਬਾਅਦ ਮੈਂ ਤੇਰੇ ਲਈ ਮਰ ਗਿਆ, ਤੂੰ ਮੇਰੇ ਲਈ ਮਰ ਗਈ।” ਹਰਜੀਤ ਦੀ ਮਾਂ ਨੇ ਤਾਂ ਕੋਈ ਸ਼ਗਨ ਵੀ ਨਹੀਂ ਕੀਤਾ। ਉਹ ਕਹਿੰਦੀ, “ਮੈਂ ਤਾਂ ਇਸ ਨੂੰ ਉਸ ਦਿਨ ਹੀ ਮਾਰ ਦਿੱਤਾ ਸੀ ਜਿਸ ਦਿਨ ਇਸ ਨੇ ਪਿਆਰ ਦੀ ਕਹਾਣੀ ਸੁਣਾਈ ਸੀ।”
ਅਗਲੇ ਸਾਲ ਪੰਚਾਇਤ ਦੀਆਂ ਚੋਣਾਂ ਆ ਗਈਆਂ। ਚਮਕ ਸਿੰਘ ਨੇ ਸਰਪੰਚੀ ਦੀ ਚੋਣ ਲੜਨ ਤੋਂ ਨਾਂਹ ਕਰ ਦਿੱਤੀ। ਵੱਡੀ ਧੀ ਨੇ ਕੈਨੇਡਾ ਤੋਂ ਪੇਪਰ ਭਰ ਦਿੱਤੇ ਸਨ। ਚਮਕ ਸਿੰਘ ਆਪਣੀ ਪਤਨੀ ਨਾਲ ਕੈਨੇਡਾ ਪੁੱਜ ਗਿਆ। ਸਾਲ ਤੋਂ ਉਪਰ ਹੋ ਗਿਆ ਸੀ, ਹਰਜੀਤ ਨੇ ਪਿੰਡ ਇਕ ਵੀ ਫੇਰੀ ਨਹੀਂ ਸੀ ਪਾਈ। ਚਮਕ ਸਿੰਘ ਨੇ ਵੀ ਕਦੇ ਉਸ ਦਾ ਹਾਲ ਜਾਣਨ ਦੀ ਕੋਸ਼ਿਸ਼ ਨਾ ਕੀਤੀ। ਹਰਜੀਤ ਕੋਲ ਬੱਸ ਉਸ ਦਾ ਪਿਆਰ ਹੀ ਰਹਿ ਗਿਆ ਸੀ। ਫਿਰ ਇਹ ਪਿਆਰ ਵੀ ਦਿਨੋ-ਦਿਨ ਘਟਦਾ ਗਿਆ ਅਤੇ ਬੇਰੁਜ਼ਗਾਰੀ ਤੇ ਮਹਿੰਗਾਈ ਨੇ ਹਰਜੀਤ ਦੀ ਜ਼ਿੰਦਗੀ ਖੂੰਜੇ ਲੱਗੇ ਪੱਤਝੜ ਦੇ ਪੱਤੇ ਵਰਗੀ ਕਰ ਦਿਤੀ।
ਇਕ ਦਿਨ ਬਿੱਟੂ ਨੇ ਹਰਜੀਤ ਨੂੰ ਕੁੱਟਿਆ ਤੇ ਕਿਹਾ, “ਤੂੰ ਦੋ ਸਾਲਾਂ ਵਿਚ ਮੇਰੀ ਕਿਵੇਂ ਹੋ ਸਕਦੀ ਹੈਂ ਜਿਹੜੀ ਵੀਹ ਸਾਲ ਮਾਪਿਆਂ ਦੇ ਰਹਿ ਕੇ ਵੀ ਉਨ੍ਹਾਂ ਦੀ ਨਹੀਂ ਹੋਈ।” ਬਿੱਟੂ ਦੀ ਇਸ ਗੱਲ ਨੇ ਹਰਜੀਤ ਦੀਆਂ ਅੱਖਾਂ ਤਾਂ ਖੋਲ੍ਹ ਦਿੱਤੀਆਂ ਸਨ, ਪਰ ਉਹ ਪਿਆਰ ਦੇ ਦਰਵਾਜ਼ੇ ਬੰਦ ਨਹੀਂ ਸੀ ਕਰਨਾ ਚਾਹੁੰਦੀ। ਫਿਰ ਜਦੋਂ ਬਿੱਟੂ ਰੋਜ਼ ਉਸ ਨੂੰ ਕੁੱਟਣ ਲੱਗ ਪਿਆ ਤਾਂ ਉਹਨੇ ਆਪਣੇ ਮਾਮੇ ਨੂੰ ਫੋਨ ਕਰ ਕੇ ਮਦਦ ਲਈ ਕਿਹਾ। ਮਾਮੇ ਨੇ ਅੱਗਿਉਂ ਪੱਥਰ ਵਰਗਾ ਜਵਾਬ ਦਿੱਤਾ, “ਅੱਜ ਤੋਂ ਬਾਅਦ ਇਸ ਘਰ ਫੋਨ ਨਾ ਕਰੀਂ।”
ਹਰਜੀਤ ਨੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਲਏ, ਪਰ ਕੋਈ ਮਦਦ ਲਈ ਅੱਗੇ ਨਹੀਂ ਵਧਿਆ। ਇਕ ਦਿਨ ਉਸ ਨੇ ਆਪਣਾ ਛੋਟਾ ਭਰਾ ਬਾਜ਼ਾਰ ਵਿਚ ਲੰਘਦਾ ਦੇਖਿਆ, ਉਹ ਭੱਜ ਕੇ ਅੱਗੇ ਖਲੋ ਗਈ, “ਵੀਰ, ਮੈਨੂੰ ਮੁਆਫ਼ ਕਰ ਦੇ। ਮੇਰੇ ਕੋਲੋਂ ਗਲਤੀ ਹੋ ਗਈ। ਪਿਤਾ ਨੂੰ ਆਖ, ਮੈਨੂੰ ਘਰ ਲੈ ਜਾਵੇ।” ਅੱਗਿਉਂ ਭਰਾ ਕਹਿੰਦਾ, “ਮੈਂ ਤਾਂ ਤੈਨੂੰ ਜਾਣਦਾ ਵੀ ਨਹੀਂ ਤੂੰ ਕੌਣ ਹੈਂ। ਮੇਰੀ ਤਾਂ ਇਕ ਭੈਣ ਹੈ, ਉਹ ਕੈਨੇਡਾ ਹੈ। ਦੂਜੀ ਭੈਣ ਤਾਂ ਤਿੰਨ ਸਾਲ ਪਹਿਲਾਂ ਪਿਆਰ ਦੇ ਐਕਸੀਡੈਂਟ ਵਿਚ ਮਰ ਗਈ ਸੀ।” ਭਰਾ ਤੋਂ ਬੇ-ਪਛਾਣ ਹੋ ਕੇ ਉਹ ਬਹੁਤ ਰੋਈ। ਉਸ ਨੂੰ ਮੌਤ ਤੋਂ ਭੈੜੀ ਸਜ਼ਾ ਮਿਲ ਗਈ ਸੀ। ਉਹ ਦਿਨ ਰਾਤ ਰੋਂਦੀ ਰਹਿੰਦੀ ਤੇ ਘਰ ਦਾ ਕੰਮ ਕਰ ਕੇ ਬੱਸ ਮੱਖੀਆਂ ਮਾਰਦੀ ਰਹਿੰਦੀ। ਬਿੱਟੂ ਕਦੇ ਨੌਕਰੀ ਕਰ ਲੈਂਦਾ, ਕਦੇ ਛੱਡ ਦਿੰਦਾ। ਉਹਦੇ ਮਾਪੇ ਆਪਣੀ ਥਾਂ ਔਖੇ ਸਨ ਕਿ ਇਕੱਲਾ ਪੁੱਤ ਸੀ, ਉਹ ਵੀ ਬਾਗੀ ਹੋ ਗਿਆ।
ਬਿੱਟੂ ਨੂੰ ਨੌਕਰੀ ਲੱਭਦਿਆਂ ਕਿਸੇ ਅਮੀਰ ਘਰ ਦੀ ਨੂੰਹ ਸ਼ਾਂਤੀ ਮਿਲ ਗਈ ਜਿਸ ਨਾਲ ਬਿੱਟੂ ਨੇ ਹੌਲੀ ਹੌਲੀ ਪਿਆਰ ਖੇਡ ਚਲਾ ਲਈ। ਸ਼ਾਂਤੀ ਆਪਣੇ ਸੁਹਰਿਆਂ ਦੀ ਅਮੀਰੀ ਤੋਂ ਤੰਗ ਸੀ ਤੇ ਬਿੱਟੂ ਆਪਣੀ ਗਰੀਬੀ ਤੋਂ। ਸ਼ਾਂਤੀ ਨੇ ਬਿੱਟੂ ਨੂੰ ਖੁੱਲ੍ਹੇ ਰੁਪਏ ਵਰਤਾਏ ਤੇ ਖੂਬ ਐਸ਼ ਕਰਵਾਈ। ਹੌਲੀ ਹੌਲੀ ਬਾਹਰ ਹੁੰਦੀ ਮਿਲਣੀ ਸ਼ਾਂਤੀ ਦੇ ਘਰ ਹੋਣ ਲੱਗੀ। ਗੁਆਂਢੀਆਂ ਨੂੰ ਉਹ ਕਹਿ ਦਿੰਦੀ ਕਿ ਉਹਦੇ ਘਰਵਾਲੇ ਰਮਨ ਦਾ ਮਿੱਤਰ ਹੈ।
ਰਮਨ ਬਿਜਨਸ ਦੇ ਸਿਲਸਿਲੇ ਵਿਚ ਬਹੁਤਾ ਬਾਹਰ ਹੀ ਰਹਿੰਦਾ ਸੀ। ਉਸ ਦੀ ਮਾਂ ਅਤੇ ਬਾਪ ਹੀ ਘਰ ਹੁੰਦੇ ਸਨ। ਬਿੱਟੂ ਜਦੋਂ ਰੋਜ਼ ਹੀ ਘਰੋਂ ਬਾਹਰ ਰਹਿਣ ਲੱਗ ਪਿਆ ਤਾਂ ਹਰਜੀਤ ਨੂੰ ਸ਼ੱਕ ਹੋ ਗਿਆ। ਦੂਜੇ ਪਾਸੇ ਰਮਨ ਦੇ ਪਿਤਾ ਨੇ ਨੂੰਹ ਤੇ ਬਿੱਟੂ ਦੀਆਂ ਕਰਤੂਤਾਂ ਦੇਖ ਲਈਆਂ ਸਨ। ਫਿਰ ਇਕ ਦਿਨ ਰਮਨ ਦੇ ਬਾਪ ਜੋ ਰਿਟਾਇਰਡ ਪੁਲਿਸ ਅਫ਼ਸਰ ਸੀ, ਨੇ ਬਿੱਟੂ ਨੂੰ ਗੋਲੀ ਮਾਰ ਕੇ ਸਦਾ ਦੀ ਨੀਂਦ ਸੁਆ ਦਿੱਤਾ। ਮੌਕੇ ਦਾ ਦ੍ਰਿਸ਼ ਇਸ ਤਰ੍ਹਾਂ ਬਣਾਇਆ ਕਿ ਬਿੱਟੂ ਉਨ੍ਹਾਂ ਨੂੰ ਮਾਰ ਕੇ ਘਰ ਲੁੱਟਣਾ ਚਾਹੁੰਦਾ ਸੀ। ਸ਼ਾਂਤੀ ਬਿੱਟੂ ਦੀ ਲਾਸ਼ ਦੇਖ ਕੇ ਕੁਝ ਨਾ ਬੋਲੀ। ਰਮਨ ਨੂੰ ਵੀ ਕੋਈ ਸ਼ੱਕ ਨਾ ਹੋਇਆ ਕਿ ਇਹ ਮੁੰਡਾ ਉਹਦੀ ਘਰਵਾਲੀ ਨੂੰ ਮਿਲਣ ਆਉਂਦਾ ਸੀ। ਇਉਂ ਪੁਲਿਸ ਕੇਸ ਵੀ ਨਾ ਬਣਿਆ। ਹਰਜੀਤ ਦਾ ਪਿਆਰ ਕਿਸੇ ਹੋਰ ਦੀ ਦਹਿਲੀਜ਼ ‘ਤੇ ਲਹੂ ਨਾਲ ਲੱਥ-ਪੱਥ ਹੋਇਆ ਪਿਆ ਸੀ। ਹਰਜੀਤ ਨਾ ਜਿਉਂਦਿਆਂ ਵਿਚ ਹੈ, ਨਾ ਮਰਿਆਂ ਵਿਚ। ਨਾ ਉਹ ਪੇਕਿਆਂ ਦੀ ਰਹੀ ਤੇ ਨਾ ਸਹੁਰਿਆਂ ਦੀ ਬਣ ਸਕੀ। ਉਸ ਦੀ ਬਗਵਾਤ ਹੀ ਉਸ ਨੂੰ ਨਿੱਤ ਮਾਰਦੀ ਹੈ।