ਕੁਲਦੀਪ ਕੌਰ
1947 ਦੀ ਵੰਡ ਦੇ ਸਮੇਂ ਫਿਲਮ ਸਨਅਤ ਦਾ ਉਜਾੜਾ, ਕਲਾ ਅਤੇ ਸਭਿਆਚਾਰ ਦੇ ਪੱਖ ਤੋਂ ਕਦੀ ਵੀ ਨਾ ਭਰਨ ਵਾਲਾ ਖੱਪਾ ਹੈ। ਇਸ ਬਾਰੇ ਪਾਕਿਸਤਾਨ ਦੇ ਪ੍ਰਸਿੱਧ ਫਿਲਮ ਵਿਤਰਕ ਏਜ਼ਾਜ ਗੁਲ ਲਿਖਦੇ ਹਨ- ਸੰਤਾਲੀ ਦੀ ਵੰਡ ਤੋਂ ਪਹਿਲਾਂ ਲਾਹੌਰ ਇਕ ਤਰ੍ਹਾਂ ਨਾਲ ਪੰਜਾਬ ਦੇ ਸਭਿਆਚਾਰ ਤੇ ਕਲਾ ਦੀ ਰਾਜਧਾਨੀ ਸੀ।
ਲਾਹੌਰ ਵਿਚ ਵੰਡ ਦੌਰਾਨ ਅਗਜ਼ਨੀ ਤੇ ਭੰਨ-ਤੋੜ ਦੀਆਂ ਘਟਨਾਵਾਂ ਨੇ ਜਿਥੇ ਬਹੁਤੇ ਸਟੂਡੀਓਜ਼ ਅਤੇ ਕੰਪਨੀਆਂ ਦੇ ਦਫ਼ਤਰ ਨਸ਼ਟ ਕਰ ਦਿਤੇ, ਉਥੇ ਨੂਰ ਜਹਾਂ, ਗੁਲਾਮ ਹੈਦਰ ਵਰਗੇ ਅਨੇਕ ਨਿਰਦੇਸ਼ਕਾਂ/ਅਦਾਕਾਰਾਂ/ਫਿਲਮ ਤਕਨੀਸ਼ੀਅਨਾਂ ਨੂੰ ਲਾਹੌਰ ਛੱਡ ਕੇ ਨਵੇਂ ਮੁਲਕ ਪਾਕਿਸਤਾਨ ਵਿਚ ਜਾਣਾ ਪਿਆ। ਲਾਹੌਰ ਨੇ ਹੀ ਭਾਰਤ ਦੀ ਸਦਾਬਹਾਰ ਗਾਇਕਾ ਲਤਾ ਮੰਗੇਸ਼ਕਰ ਅਤੇ ਸਦਾਬਹਾਰ ਗਾਇਕ ਮੁਹੰਮਦ ਰਫ਼ੀ ਨੂੰ ਆਪਣੀ ਜ਼ਿੰਦਗੀ ਦੇ ਪਹਿਲੇ ਮੌਕੇ ਪੰਜਾਬੀ ਫਿਲਮ ਸਨਅਤ ਵਿਚ ਮਹੁੱਈਆ ਕਰਵਾਏ। ਗੁਲਾਮ ਹੈਦਰ ਦਾ ਤਿਆਰ ਕੀਤਾ ਗੀਤ ‘ਸ਼ਾਲਾ ਜਵਾਨੀਆ ਮਾਣੇ’ ਜੋ ਨੂਰਜਹਾਂ ਉਤੇ ਫਿਲਮਾਇਆ ਗਿਆ ਸੀ, ਸਾਲਾਂ ਬੱਧੀ ਲਾਹੌਰ ਦੀ ਫ਼ਿਜ਼ਾ ਵਿਚ ਗੂੰਜਦਾ ਰਿਹਾ। ਲਾਹੌਰ ਦੇ ਲੱਛਮੀ ਚੌਕ ਵਿਚ ਰੋਜ਼ ਰਾਤ ਨੂੰ ਫਿਲਮੀ ਸਿਤਾਰਿਆਂ ਦਾ ਜਮਘਟ ਜੁੜਦਾ। ਪ੍ਰਾਣ ਵਰਗੇ ਨੌਜਵਾਨ ਅਦਾਕਾਰ ਆਪਣੇ ਖ਼ਾਸ ਢੰਗ ਨਾਲ ਸਜਾਏ ਹੋਏ ਟਾਂਗਿਆਂ ਤੋਂ ਪਛਾਣੇ ਜਾਂਦੇ। ਬੀæਆਰæ ਚੋਪੜਾ ਦਾ ਛੋਟਾ ਭਰਾ ਯਸ਼ ਚੋਪੜਾ ਵੀ ਲਾਹੌਰ ਦਾ ਹੀ ਜੰਮਿਆ ਪਲਿਆ ਸੀ। ਖਵਾਜਾ ਅਹਿਮਦ ਅੱਬਾਸ ਲਾਹੌਰ ਰਹਿੰਦਾ ਸੀ। ਬਲਰਾਜ ਸਾਹਨੀ ਉਸ ਸਮੇਂ ਆਲ ਇੰਡੀਆ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਸੀ ਤੇ ਲਾਹੌਰ ਦੇ ਮਾਟੀ ਚੌਕ ਖੇਤਰ ਵਿਚ ਰਹਿੰਦਾ ਸੀ। ਉਹਦੇ ਭਰਾ ਭੀਸ਼ਮ ਸਾਹਨੀ ਨੇ ਬਾਅਦ ਵਿਚ ‘ਤਮਸ’ ਲਿਖ ਕੇ ਵੰਡ ਦੀ ਤ੍ਰਾਸਦੀ ਨੂੰ ਹੂ-ਬ-ਹੂ ਪੰਨਿਆਂ ‘ਤੇ ਉਕਰ ਦਿੱਤਾ। ਦੇਵ ਆਨੰਦ ਵੀ ਲਾਹੌਰੀ ਗੇਟ ਦਾ ਬਾਸ਼ਿੰਦਾ ਸੀ ਤੇ ਉਸ ਸਮੇਂ ਸਿਆਸਤ ਵਿਚ ਖੂਬ ਸਰਗਰਮ ਸੀ। ਉਹਦਾ ਭਰਾ ਚੇਤਨ ਆਨੰਦ ਫਿਲਮ ਨਿਰਦੇਸ਼ਨ ਵਿਚ ਸਰਗਰਮ ਸੀ। ਕੇæਐਲ਼ ਸਹਿਗਲ ਵੀ ਲਾਹੌਰ ਵਿਚ ਹੀ ਗਾਇਕ ਦੇ ਤੌਰ ‘ਤੇ ਪ੍ਰਵਾਨ ਚੜ੍ਹੇ। ਖੁਰਸ਼ੀਦ ਬੇਗਮ ਦਾ ਨਾਮ ਬਤੌਰ ਗਾਇਕਾ ਲਾਹੌਰ ਦੇ ਘਰ ਘਰ ਵਿਚ ਗੂੰਜਦਾ ਸੀ। ਸੰਗੀਤਕਾਰ ਖ਼ਿਆਮ ਨੇ ਵੀ ਆਪਣਾ ਕੈਰੀਅਰ ਲਾਹੌਰ ਤੋਂ ਹੀ ਸ਼ੁਰੂ ਕੀਤਾ। ਸੰਤਾਲੀ ਦੀ ਵੰਡ ਤੋਂ ਬਾਅਦ ਲਾਹੌਰ ਤੋਂ ਬੰਬਈ ਜਾਣ ਵਾਲੇ ਹੋਰ ਪ੍ਰਸਿੱਧ ਸੰਗੀਤਕਾਰ ਸਨ-ਪੰਡਿਤ ਅਮਰਨਾਥ, ਸ਼ਿਆਮ ਸੁੰਦਰ, ਗੋਬਿੰਦ ਰਾਮ ਆਦਿ। ਨਾਟਕ ਦੇ ਖੇਤਰ ਵਿਚ ਨਾਦਿਰਾ ਬੱਬਰ ਦੇ ਪਿਤਾ ਸੱਜਾਦ ਜ਼ਹੀਰ, ਜਾਵੇਦ ਅਖ਼ਤਰ ਦੇ ਅੱਬਾ ਜਾਨ ਨਿੱਸਾਰ ਅਖ਼ਤਰ, ਸ਼ਬਾਨਾ ਆਜ਼ਮੀ ਦੇ ਪਿਤਾ ਕੈਫ਼ੀ ਆਜ਼ਮੀ, ਲੋਕਾਂ ਦੇ ਗੀਤਕਾਰ ਕਹੇ ਜਾਂਦੇ ਸਾਹਿਰ ਲੁਧਿਆਣਵੀ, ਮਜਰੂਹ ਸੁਲਤਾਨਪੁਰੀ, ਤਨਵੀਰ ਨਕਵੀ, ਜਿਹੜੇ ਉਸ ਸਮੇਂ ਦੀਆਂ ਪ੍ਰਗਤੀਵਾਦੀ ਸਾਹਿਤਕ ਸਰਗਰਮੀਆਂ ਨਾਲ ਜੁੜੇ ਹੋਏ ਸਨ, ਨੂੰ ਵੀ ਅਣਸਰਦੇ ਨੂੰ ਲਾਹੌਰ ਛੱਡਣਾ ਪਿਆ।
ਵੰਡ ਦੀ ਤ੍ਰਾਸਦੀ ਬਾਰੇ ਫਿਲਮੀ ਸਨਅਤ ਦਾ ਰੁਖ ਕਾਫ਼ੀ ਹੈਰਾਨ ਕਰ ਦੇਣ ਵਾਲਾ ਰਿਹਾ। ਪੰਜਾਬੀ ਸਿਨੇਮਾ ਜਗਤ ਵਿਚ ‘ਚੌਧਰੀ ਕਰਨੈਲ ਸਿੰਘ’ ਬਣਨ ਤੱਕ ਕੋਈ ਅਜਿਹੀ ਫਿਲਮ ਨਹੀਂ ਬਣੀ ਜੋ ਇਸ ਤ੍ਰਾਸਦੀ ਵੱਲ ਇਸ਼ਾਰਾ ਵੀ ਕਰਦੀ ਹੋਵੇ। ਹਿੰਦੀ ਫਿਲਮ ਸਨਅਤ ਨੇ ਵੰਡ ਤੋਂ ਬਾਅਦ ਮੁਗਲ ਰਾਜਿਆਂ ਦੀ ਦਰਿਆਦਿਲੀ ਤੇ ਮੁਸਲਿਮ ਸਮਾਜ ਵਿਚਲੇ ਹਾਂ-ਮੁਖੀ ਵਰਤਾਰਿਆਂ ਨੂੰ ਆਧਾਰ ਬਣਾ ਕੇ ਫਿਲਮਾਂ ਬਣਾਈਆਂ। ਲੱਗ ਰਿਹਾ ਸੀ ਜਿਵੇਂ ਪੰਜਾਬੀ ਫਿਲਮ ਜਗਤ ਜ਼ਖਮਾਂ ਦੀ ਭਿਅੰਕਰਤਾ ਤੋਂ ਤ੍ਰਬਕਦਾ ਹੋਇਆ ਇਨ੍ਹਾਂ ਨੂੰ ਛੇੜਨ ਤੋਂ ਵੀ ਡਰ ਰਿਹਾ ਸੀ ਤੇ ਹਿੰਦੀ ਫਿਲਮ ਸਨਅਤ ਜ਼ਖ਼ਮਾਂ ਨੂੰ ਆਪਸੀ ਸਦਭਾਵਨਾ, ਭਾਈਚਾਰੇ ਅਤੇ ਸਾਂਝੀਆਂ ਤੰਦਾਂ ਰਾਹੀਂ ਸੰਬੋਧਤ ਹੋਣ ਦਾ ਯਤਨ ਕਰ ਰਹੀ ਸੀ। (ਚਲਦਾ)