ਕੰਗਨਾ ਰਾਣਾਵਤ ਦਾ ਹੈ ਰਾਜ

ਅਦਾਕਾਰਾ ਕੰਗਨਾ ਰਾਣਾਵਤ ਦੀ ਗੁੱਡੀ ਅੱਜ ਕੱਲ੍ਹ ਖੂਬ ਚੜ੍ਹੀ ਹੋਈ ਹੈ। ‘ਕੁਈਨ’, ‘ਰਿਵਾਲਵਰ ਰਾਨੀ’ ਤੇ ‘ਉਂਗਲੀ’ ਤੋਂ ਬਾਅਦ ਉਸ ਦੀ ਨਵੀਂ ਫਿਲਮ ‘ਤਨੂ ਵੈੱਡਸ ਮਨੂ ਰਿਟਰਨਜ਼’ ਨੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ ਹਨ। ਇਸ ਨਾਇਕਾ ਮੁਖੀ ਫਿਲਮ ਨੇ 100 ਕਰੋੜ ਰੁਪਏ ਕਮਾਉਣ ਦਾ ਟੀਚਾ ਵੀ ਪਾਰ ਕਰ ਲਿਆ ਹੈ।

ਕੰਗਨਾ ਨੇ ਆਪਣੀ ਕਰੀਅਰ ਦੀ ਸ਼ੁਰੂਆਤ 2006 ਵਿਚ ਕੀਤੀ ਸੀ ਅਤੇ ਉਸ ਸਾਲ ਉਸ ਦੀਆਂ 2 ਫਿਲਮਾਂ- ‘ਵੋਹ ਲਮਹੇ’ ਅਤੇ ‘ਗੈਂਗਸਟਰ’ ਰਿਲੀਜ਼ ਹੋਈਆਂ ਸਨ। ਉਸ ਤੋਂ ਬਾਅਦ ‘ਫੈਸ਼ਨ’, ‘ਤਨੂ ਵੈੱਡਸ ਮਨੂ’, ‘ਕ੍ਰਿਸ਼’, ‘ਰੱਜੋ’ ਵਰਗੀਆਂ ਫਿਲਮਾਂ ਨਾਲ ਉਸ ਨੇ ਆਪਣੇ ਲਈ ਵੱਖਰਾ ਥਾਂ ਬਣਾ ਲਿਆ। ਬਾਅਦ ਵਾਲੀਆਂ ਫਿਲਮਾਂ ਵਿਚ ਤਾਂ ਉਹ ਸਫ਼ਲ ਨਾਇਕਾ-ਮੁਖੀ ਫਿਲਮਾਂ ਦੇ ਕੇ ਸਭ ਤੋਂ ਅਗਲੀ ਕਤਾਰ ਵਿਚ ਜਾ ਖੜ੍ਹੀ ਹੋਈ।
ਅਸਲ ਵਿਚ ਕੰਗਨਾ ਮੁੱਢ ਤੋਂ ਚੁਣ-ਚੁਣ ਕੇ ਫਿਲਮਾਂ ਕਰਦੀ ਰਹੀ ਹੈ। ਹੁਣ ਉਹ ਖੁਦ ਫਿਲਮ ਡਾਇਰੈਕਟ ਕਰਨ ਦੀ ਤਿਆਰੀ ਕਰ ਰਹੀ ਹੈ। ਚੇਤੇ ਰਹੇ ਕਿ ਆਪਣੀ ਹਿੱਟ ਫਿਲਮ ‘ਕੁਈਨ’ ਦੇ ਡਾਇਲਾਗ ਉਹਨੇ ਖੁਦ ਹੀ ਲਿਖੇ ਸਨ। ਉਸ ਦੀਆਂ ਅਗਲੀਆਂ ਫਿਲਮਾਂ ਵਿਚ ‘ਕੱਟੀ ਬੱਟੀ’ ਅਤੇ ‘ਆਈ ਲਵ ਨਿਊ ਯੀਅਰ’ ਸ਼ਾਮਲ ਹਨ। ਕੰਗਨਾ ਰਾਣਾਵਤ ਦਾ ਜਨਮ 23 ਮਾਰਚ 1987 ਨੂੰ ਹਿਮਾਚਲ ਪ੍ਰਦੇਸ਼ ਦੇ ਨਿੱਕੇ ਜਿਹੇ ਪਿੰਡ ਭੰਬਲਾ ਵਿਚ ਹੋਇਆ ਸੀ। ਇਕ ਸਵਾਲ ਦੇ ਜਵਾਬ ਵਿਚ ਉਹ ਸਾਫ ਤੇ ਸਪਸ਼ਟ ਸ਼ਬਦਾਂ ਕਹਿੰਦੀ ਹੈ ਕਿ ਫਿਲਮ ਜਗਤ ਵਿਚ ਉਸ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਉਸ ਦਾ ਤਾਂ ਸਿਰਫ ਤੇ ਸਿਰਫ ਆਪਣੇ ਆਪ ਨਾਲ ਮੁਕਾਬਲਾ ਹੈ ਅਤੇ ਉੁਹ ਆਪਣੀਆਂ ਨਜ਼ਰਾਂ ਵਿਚ ਬਹੁਤ ਉਚਾ ਉਠ ਕੇ ਜਿਉਣ ਦੀ ਖਾਹਿਸ਼ਮੰਦ ਹੈ।