‘ਪੀਕੂ’ ਨੂੰ ਮਿਲਿਆ ਸਭ ਦਾ ਪਿਆਰ

ਫਿਲਮਸਾਜ਼ ਸ਼ੁਜੀਤ ਸਿਰਕਾਰ ਦੀ ਫਿਲਮ ḔਪੀਕੂḔ ਦੀ ਸਫ਼ਲਤਾ ਨੇ ਫਿਲਮ ਜਗਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਫਿਲਮ ਵਿਚ ਭਾਵੇਂ ਅਮਿਤਾਭ ਬਚਨ ਅਤੇ ਇਰਫਾਨ ਖਾਨ ਵਰਗੇ ਚੋਟੀ ਦੇ ਕਲਾਕਾਰ ਵੀ ਹਨ, ਪਰ ਇਹ ਫਿਲਮ ਮੁੱਖ ਤੌਰ ‘ਤੇ ਨਾਇਕਾ ਪ੍ਰਧਾਨ ਹੀ ਹੈ ਅਤੇ ਇਸ ਵਿਚ ਮੁੱਖ ਰੋਲ, ਤਕਰੀਬਨ ਹਰ ਫਿਲਮ ਵਿਚ ਸਫਲਤਾ ਦੇ ਝੰਡੇ ਗੱਡਣ ਵਾਲੀ ਹੀਰੋਇਨ ਦੀਪਿਕਾ ਪਾਦੂਕੋਣ ਦਾ ਹੈ।

ਦੀਪਿਕਾ ਨੇ ਇਸ ਫਿਲਮ ਵਿਚ ਬੰਗਲਾ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ ਜੋ ਦਿੱਲੀ ਵਿਚ ਬਤੌਰ ਆਰਕੀਟੈਕਟ ਨੌਕਰੀ ਕਰਦੀ ਹੈ ਅਤੇ ਉਸ ਦੇ ਨਾਲ ਉਸ ਦਾ ਬਜ਼ੁਰਗ ਬਾਪ (ਅਮਿਤਾਭ ਬਚਨ) ਰਹਿੰਦਾ ਹੈ। ਆਪਣੀ ਸਿਹਤ ਦੀਆਂ ਸਮੱਸਿਆਵਾਂ ਕਰ ਕੇ ਉਹ ਆਪਣੀ ਧੀ ਨੂੰ ਬੇਹੱਦ ਪ੍ਰੇਸ਼ਾਨ ਕਰਦਾ ਹੈ। ਫਿਲਮ ਵਿਚ ਧੀ ਦੇ ਸਬਰ ਨੂੰ ਕਹਾਣੀ ਦੀ ਜਿੰਦ-ਜਾਨ ਬਣਾਇਆ ਗਿਆ ਹੈ।
ਇਹ ਫਿਲਮ ਕੁੱਲ 35 ਕਰੋੜ ਰੁਪਏ ਦੇ ਬਜਟ ਨਾਲ ਬਣਾਈ ਗਈ ਸੀ ਅਤੇ ਇਸ ਦੀ ਕਮਾਈ ਇਕ ਅਰਬ ਰੁਪਏ ਤੋਂ ਵੀ ਪਾਰ ਚਲੀ ਗਈ ਹੈ। ḔਪੀਕੂḔ ਅਤੇ Ḕਤਨੂ ਵੈੱਡਸ ਮਨੂ ਰਿਟਰਨਜ਼Ḕ ਦੀ ਅਪਾਰ ਸਫ਼ਲਤਾ ਨੇ ਇਹ ਬਹਿਸ ਵੀ ਸ਼ੁਰੂ ਕਰ ਦਿੱਤੀ ਹੈ ਕਿ ਜੇ ਕਹਾਣੀ ਦਮਦਾਰ ਹੋਵੇ, ਤਾਂ ਘੱਟ ਬਜਟ ਵਾਲੀਆਂ ਫਿਲਮਾਂ ਵੀ ਚੋਖੀ ਕਮਾਈ ਕਰ ਲੈਂਦੀਆਂ ਹਨ। ਇਸ ਸਬੰਧ ਵਿਚ ਹਾਲ ਹੀ ਵਿਚ ਫਲਾਪ ਹੋਈ ਫਿਲਮ Ḕਬੰਬੇ ਵੈੱਲਵਟḔ ਦੀ ਮਿਸਾਲ ਦਿੱਤੀ ਜਾ ਰਹੀ ਹੈ। ਇਸ ਫਿਲਮ ਵਿਚ ਰਣਬੀਰ ਕਪੂਰ, ਅਨੁਸ਼ਕਾ ਸ਼ਰਮਾ, ਕਰਨ ਜੌਹਰ ਵਰਗੇ ਸਟਾਰਾਂ ਨੂੰ ਲਿਆ ਗਿਆ ਸੀ ਅਤੇ ਇਸ ਉਤੇ 120 ਕਰੋੜ ਰੁਪਏ ਖਰਚ ਆਇਆ ਸੀ, ਪਰ ਇਹ ਫਿਲਮ ਸਿਰਫ਼ 32 ਕਰੋੜ ਰੁਪਏ ਹੀ ਕਮਾ ਸਕੀ। ਇਹ ਫਿਲਮ ਆਪਣੇ ਸਮੇਂ ਦੀ ਸਭ ਤੋਂ ਫਲਾਪ ਫਿਲਮ ਸਾਬਤ ਹੋਈ ਹੈ। ਦੂਜੇ ਬੰਨੇ ḔਪੀਕੂḔ ਅਤੇ Ḕਤਨੂ ਵੈੱਡਸ ਮਨੂ ਰਿਟਰਨਜ਼Ḕ ਵਿਚ ਪੇਸ਼ ਸੰਵੇਦਨਾ ਨੂੰ ਸਭ ਨੇ ਪਸੰਦ ਕੀਤਾ ਹੈ। ਦਰਸ਼ਕਾਂ ਤੋਂ ਇਲਾਵਾ ਫਿਲਮ ਆਲੋਚਕਾਂ ਨੇ ਵੀ ਇਸ ਫਿਲਮ ਦਾ ਖੂਬ ਗੁੱਡਾ ਬੰਨ੍ਹਿਆ ਹੈ। ਲਿਖਿਆ ਗਿਆ ਹੈ ਕਿ ਫਿਲਮ ਵਿਚ ਆਮ ਭਾਰਤੀ ਪਰਿਵਾਰ ਦਾ ਖੂਬਸੂਰਤ ਚਿੱਤਰ ਖਿੱਚਿਆ ਗਿਆ ਹੈ। ਇਸੇ ਕਰ ਕੇ ਇਹ ਫਿਲਮ ਪਰਿਵਾਰ ਵਿਚ ਬੈਠ ਕੇ ਦੇਖੀ ਗਈ ਅਤੇ ਅਗਾਂਹ ਦੇਖਣ ਵਾਲਿਆਂ ਨੇ ਇਸ ਦਾ ਪ੍ਰਚਾਰ ਵੀ ਕੀਤਾ।