ਵਾਸ਼ਿੰਗਟਨ (ਪੰਜਾਬ ਟਾਈਮਜ਼ ਬਿਊਰੋ): ਨਿਊ ਟਾਊਨ (ਕਨੈਕਟੀਕਟ) ਦੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿਚ ਹੋਏ ਗੋਲੀ ਕਾਂਡ, ਜਿਸ ‘ਚ 20 ਨੰਨ੍ਹੇ ਬੱਚਿਆਂ ਸਮੇਤ 26 ਜਣਿਆਂ ਦੀ ਮੌਤ ਹੋ ਗਈ ਸੀ, ਤੋਂ ਬਾਅਦ ਇਕਦਮ ਖਾਮੋਸ਼ ਹੋਈ ਅਮਰੀਕਾ ਦੀ ‘ਗਨ ਲੌਬੀ’ ਨੇ ਹੁਣ ਗਨ ਕੰਟਰੋਲ ਖਿਲਾਫ ਬਣ ਰਹੇ ਮਾਹੌਲ ਖਿਲਾਫ ਤੋਪਾਂ ਬੀੜ ਲਈਆਂ ਹਨ।
ਅਮਰੀਕੀ ਸਿਆਸਤ ਵਿਚ ਬੇਹੱਦ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਪੈਂਠ ਵਾਲੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਕਾਰਜਕਾਰੀ ਮੀਤ ਪ੍ਰਧਾਨ ਵੇਅਨ ਲਾਪੀਅਰ ਨੇ ਕਿਹਾ ਹੈ ਕਿ ਮਿਲਟਰੀ ਸਟਾਈਲ ਹਥਿਆਰਾਂ ਉਤੇ ਕੰਟਰੋਲ ਨਾਲ ਕੁਝ ਨਹੀਂ ਬਣਨਾ। ਅਸਲ ਮਸਲਾ ਤਾਂ ਲੋਕਾਂ ਦੀ ਮਾਨਸਿਕ ਸਿਹਤ ਵੱਲ ਤਵੱਜੋ ਦੇਣਾ ਹੈ। ਅਜਿਹੇ ਗੋਲੀ ਕਾਂਡ ਰੋਕਣ ਲਈ ਉਨ੍ਹਾਂ ਇਕ ਵਾਰ ਫਿਰ ਕਹਿ ਸੁਣਾਇਆ ਕਿ ਹਰ ਸਕੂਲ ਵਿਚ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ। ਓਬਾਮਾ ਪ੍ਰਸ਼ਾਸਨ ਵੱਲੋਂ ਗਨ ਕੰਟਰੋਲ ਬਾਰੇ ਕੀਤੀ ਜਾ ਰਹੀ ਪੈਰਵੀ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਬਿੱਲ ਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਹ ਅਜਿਹੀ ਕਿਸੇ ਬਹਿਸ ਵਿਚ ਵੀ ਹਿੱਸਾ ਲੈਣ ਲਈ ਤਿਆਰ ਨਹੀਂ ਹੋਣਗੇ।
ਗੌਰਤਲਬ ਹੈ ਕਿ ਡੈਮੋਕਰੈਟਿਕ ਸੈਨੇਟਰ ਡਿਆਨ ਫੇਨਸਟਨ ਗਨ ਕੰਟਰੋਲ ਸਬੰਧੀ ਵਿਸ਼ੇਸ਼ ਬਿੱਲ 3 ਜਨਵਰੀ ਨੂੰ ਸੈਨੇਟ ਵਿਚ ਪੇਸ਼ ਕਰ ਰਹੇ ਹਨ। ਇਸ ਬਿੱਲ ਵਿਚ ਘੱਟੋ-ਘੱਟ 100 ਮਿਲਟਰੀ ਸਟਾਈਲ ਸੈਮੀ-ਆਟੋਮੈਟਿਕ ਅਸਾਲਟ ਹਥਿਆਰਾਂ ਉਤੇ ਪਾਬੰਦੀ ਦੀ ਤਜਵੀਜ਼ ਹੈ। ਸ੍ਰੀ ਲਾਪੀਅਰ ਨੇ ਇਸ ਬਿੱਲ ਨੂੰ ‘ਨਿਰਾ ਆਡੰਬਰ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਬਿੱਲ ਦੀ ਉੱਕਾ ਹੀ ਕੋਈ ਸਪੋਰਟ ਨਹੀਂ ਕਰਨਗੇ।
ਚੇਤੇ ਰਹੇ ਕਿ ਸੈਂਡੀ ਹੁੱਕ ਸਕੂਲ ਵਿਚ ਵਾਰਦਾਤ ਤੋਂ ਬਾਅਦ ਅਮਰੀਕਾ ਵਿਚ ਗਨ ਕੰਟਰੋਲ ਬਾਰੇ ਬਹਿਸ ਵੱਡੀ ਪੱਧਰ ਉਤੇ ਛਿੜ ਪਈ ਸੀ। ਪਬਲਿਕ ਅਤੇ ਮੀਡੀਆ ਨੇ ਅਜਿਹਾ ਕੋਈ ਕਾਨੂੰਨ ਬਣਾਉਣ ਬਾਰੇ ਆਵਾਜ਼ ਉਚੀ ਕੀਤੀ ਸੀ ਜਿਸ ਨਾਲ ਅਜਿਹੇ ਘਾਤਕ ਹਥਿਆਰਾਂ ਉਤੇ ਪਾਬੰਦੀ ਲੱਗ ਸਕੇ। ਰਾਸ਼ਟਰਪਤੀ ਬਰਾਕ ਓਬਾਮਾ ਨੇ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਅਤੇ ਫਿਰ ਸਕੂਲ ਵਿਚ ਹੋਏ ਸ਼ਰਧਾਂਜਲੀ ਸਮਾਗਮ ਵਿਚ ਕਿਹਾ ਸੀ ਕਿ ਉਹ ਹੁਣ ਇਸ ਮਾਮਲੇ ‘ਤੇ ਠੋਸ ਕਾਰਵਾਈ ਕਰਨਗੇ ਅਤੇ ਉਨ੍ਹਾਂ ਉਪ ਰਾਸ਼ਟਰਪਤੀ ਦੀ ਅਗਵਾਈ ਵਿਚ ਬਾਕਾਇਦਾ ਟੀਮ ਬਣਾ ਕੇ ਇਸ ਬਾਰੇ ਚਾਰਾਜੋਈ ਅਰੰਭ ਵੀ ਕਰ ਦਿੱਤੀ ਸੀ।
ਨਿਊ ਟਾਊਨ ਵਿਚ ਕ੍ਰਿਸਮਸ ਮਨਾਈ: ਗੋਲੀਕਾਂਡ ਨਾਲ ਝੰਬੇ ਇਸ ਕਸਬੇ ਦੇ ਲੋਕਾਂ ਨੇ ਰਲ-ਮਿਲ ਕੇ ਕ੍ਰਿਸਮਸ ਦਾ ਤਿਉਹਾਰ ਉਦਾਸੇ ਮਨਾਂ ਨਾਲ ਮਨਾਇਆ ਅਤੇ ਗੋਲੀਕਾਂਡ ਵਿਚ ਮਾਰੇ ਗਏ ਬੱਚਿਆਂ ਨੂੰ ਫੁੱਲ ਅਰਪਿਤ ਕੀਤੇ। ਸ਼ਰਧਾਂਜਲੀ ਵਾਲੀ ਥਾਂ ਉਤੇ ਟੈਡੀ ਬੀਅਰਾਂ ਅਤੇ ਫੁੱਲਾਂ ਦੇ ਢੇਰ ਲੱਗ ਗਏ। ਲੋਕਾਂ ਨੇ ਬੱਚਿਆਂ ਅਤੇ ਅਧਿਆਪਕਾਵਾਂ ਦੀ ਯਾਦ ਵਿਚ 26 ਮੋਮਬੱਤੀਆਂ ਜਗਾਈਆਂ।
Leave a Reply