ਵਹਿਮਾਂ ਵਿਚ ਭਟਕਣ ਦੀ ਥਾਂ ਗਿਆਨ ਦਾ ਦੀਵਾ ਜਗਾਈਏ

ਜਤਿੰਦਰ ਪਨੂੰ
ਅਖਬਾਰਾਂ ਨੇ ਇਹ ਖਬਰ ਛਾਪੀ ਹੈ ਕਿ ਪੰਜ ਨਵੇਂ ਗ੍ਰਹਿ ਲੱਭ ਗਏ ਹਨ ਜਿਹੜੇ ਇਸ ਧਰਤੀ ਦੇ ਬਹੁਤ ਨੇੜੇ ਹਨ। ਨੇੜੇ ਦਾ ਮਤਲਬ ਹੈ ਕਿ ਬਾਕੀ ਗ੍ਰਹਿਆਂ ਤੋਂ ਨੇੜੇ ਹੋ ਸਕਦੇ ਹਨ। ਜੇ ਉਹ ਬਹੁਤੇ ਹੀ ਨੇੜੇ ਹੁੰਦੇ ਤਾਂ ਉਨ੍ਹਾਂ ਦੀ ਖੋਜ ਤੱਕ ਇੱਕੀਵੀ ਸਦੀ ਦਾ ਪਹਿਲਾ ਦਹਾਕਾ ਨਹੀਂ ਸੀ ਗੁਜ਼ਰ ਗਿਆ ਹੋਣਾ। ਨਵੇਂ ਲੱਭੇ ਗ੍ਰਹਿਆਂ ਵਿਚੋਂ ਇੱਕ ਉੱਤੇ ਜੀਵਨ ਦੀ ਸੰਭਾਵਨਾ ਵੀ ਦਿਸ ਰਹੀ ਹੈ। ਉਸ ਗ੍ਰਹਿ ਦੇ ਘੇਰੇ ਵਿਚ ਪੰਜ ਗ੍ਰਹਿ ਵੀ ਘੁੰਮਦੇ ਹਨ, ਜਿਵੇਂ ਸਾਡੀ ਧਰਤੀ ਦੁਆਲੇ ਚੰਦ ਘੁੰਮਦਾ ਹੈ। ਖੋਜੀਆਂ ਨੇ ਦੱਸਿਆ ਹੈ ਕਿ ਇਹ ਨਵਾਂ ਗ੍ਰਹਿ ਕਿਸੇ ਸ਼ਰਾਬੀ ਵਾਂਗ ਥੋੜ੍ਹਾ ਰੁਕ ਕੇ ਝਟਕਾ ਦੇ ਕੇ ਅੱਗੇ ਤੁਰਦਾ ਹੈ ਤੇ ਇਸ ਤਰ੍ਹਾਂ ਇਸ ਦੀ ਚਾਲ ਵੀ ਅਸਥਿਰ ਜਿਹੀ ਹੈ। ਗਿਆਨ ਅਜੇ ਅਧੂਰਾ ਹੈ, ਅਗਲੇ ਸਾਲਾਂ ਵਿਚ ਇਸ ਬਾਰੇ ਹੋਰ ਖੋਜ ਹੋਈ ਤਾਂ ਸ਼ਾਇਦ ਕੁਝ ਚਿਰ ਤੱਕ ਹੈਰਾਨ ਕਰਨ ਵਾਲੇ ਕੁਝ ਹੋਰ ਸਿੱਟੇ ਵੀ ਪੇਸ਼ ਕਰ ਦੇਵੇ। ਇਸ ਦੀ ਆਸ ਕੀਤੀ ਜਾ ਸਕਦੀ ਹੈ।
ਵਿਗਿਆਨ ਬਾਰੇ ਮੇਰੀ ਜਾਣਕਾਰੀ ਬਹੁਤੀ ਨਹੀਂ, ਤੇ ਦਿਲਚਸਪੀ ਵੀ ਆਮ ਖਬਰਾਂ ਵਰਗੀ ਇੱਕ ਖਬਰ ਦੇ ਪੱਧਰ ਤੋਂ ਵੱਧ ਨਹੀਂ ਹੁੰਦੀ। ਇਹੋ ਜਿਹੀ ਖਬਰ ਮੈਂ ਉਦੋਂ ਪੜ੍ਹਦਾ ਹਾਂ, ਜਦੋਂ ਪੰਜਾਬ ਦੇ ਇੱਕ ਮੰਤਰੀ ਤੇ ਵਿਰੋਧੀ ਧਿਰ ਦੇ ਇੱਕ ਵਿਧਾਇਕ ਵੱਲੋਂ ਇੱਕ ਦੂਜੇ ਨੂੰ ਗਾਲ੍ਹ ਕੱਢਣ ਦੀ ਖਬਰ ਪੜ੍ਹ ਲੈਣ ਪਿੱਛੋਂ ਕੋਈ ਹੋਰ ਕੰਮ ਨਹੀਂ ਹੁੰਦਾ। ਜੇ ਉਸੇ ਵਕਤ ਮੈਨੂੰ ਇਹ ਪਤਾ ਲੱਗ ਜਾਵੇ ਕਿ ਚਸਕਾ ਪੂਰਾ ਕਰਨ ਖਾਤਰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬਰਿ ਸਿੰਘ ਬਾਦਲ ਨੇ ਇੱਕ ਪੱਤਰਕਾਰ ਬੀਬੀ ਅੱਗੇ ਇਹ ਮੰਗ ਰੱਖ ਦਿੱਤੀ ਹੈ ਕਿ ਉਹ ਮੰਤਰੀ ਵੱਲੋਂ ਕੱਢੀ ਗਾਲ੍ਹ ਦੁਹਰਾ ਕੇ ਸੁਣਾ ਦੇਵੇ ਤਾਂ ਕਿਸੇ ਨਵੇਂ ਲੱਭੇ ਗ੍ਰਹਿ ਵਾਲੀ ਖਬਰ ਤੋਂ ਪਹਿਲਾਂ ਮੈਨੂੰ ਇਹ ਖਬਰ, ਅਹਿਮ ਖਬਰ ਹੋਣ ਕਰ ਕੇ, ਪੜ੍ਹਨੀ ਪਵੇਗੀ। ਸੋਨੀਆ ਗਾਂਧੀ ਆਪਣੇ ਮੰਤਰੀ ਹੱਥੋਂ ਬਿੱਲ ਖੋਹ ਕੇ ਦੌੜ ਦੇ ਸਮਾਜਵਾਦੀ ਪਾਰਟੀ ਦੇ ਮੈਂਬਰ ਨੂੰ ਬਾਂਹੋਂ ਫੜਨ ਦਾ ਹੋਛਾਪਣ ਕਰ ਦੇਵੇ ਤਾਂ ਉਹ ਵੀ ਨਵੇਂ ਲੱਭੇ ਗ੍ਰਹਿ ਤੋਂ ਮੇਰੇ ਲਈ ਵੱਡੀ ਖਬਰ ਹੈ। ਦੂਜੇ ਗ੍ਰਹਿ ਜਦੋਂ ਲੱਭ ਜਾਣਗੇ, ਉਥੇ ਕੋਈ ਜੀਵਨ ਦਾ ਸਬੂਤ ਲੱਭ ਗਿਆ, ਉਸ ਦਿਨ ਇਹ ਮੇਰੇ ਲਈ ਸਭ ਤੋਂ ਵੱਡੀ ਖਬਰ ਹੋਵੇਗੀ, ਤੇ ਮੈਂ ਉਹ ਦਿਨ ਛੇਤੀ ਆਉਣ ਦੀ ਕਾਮਨਾ ਵੀ ਕਰਾਂਗਾ, ਪਰ ਕਿਉਂਕਿ ਇਸ ਵਿਚ ਮੇਰਾ ਯੋਗਦਾਨ ਕੋਈ ਨਹੀਂ ਹੋ ਸਕਦਾ, ਇਸ ਲਈ ਉਸ ਦਿਨ ਦੀ ਉਡੀਕ ਵਿਚ ਬਾਕੀ ਦੇ ਕੰਮ ਛੱਡ ਕੇ ਨਹੀਂ ਬੈਠ ਸਕਦਾ। ਵਿਸ਼ਵਾਸ ਜ਼ਰੂਰ ਹੈ ਕਿ ਮਨੁੱਖ ਨੂੰ ਖੋਜ ਜਿਵੇਂ ਚੰਦ ਤੱਕ ਲੈ ਗਈ ਹੈ, ਹੌਲੀ-ਹੌਲੀ ਬਾਕੀ ਪੈਂਡੇ ਗਾਹ ਲੈਣ ਵਿਚ ਵੀ ਅਗਵਾਈ ਦਿੰਦੀ ਰਹੇਗੀ।
ਜਦੋਂ ਮੈਂ ਮਨੁੱਖ ਦੀ ਖੋਜ ਦੀ ਗੱਲ ਕਰਦਾ ਹਾਂ ਤਾਂ ਇਹ ਗੱਲ ਉਨ੍ਹਾਂ ਮਨੁੱਖਾਂ ਬਾਰੇ ਕਹਿ ਰਿਹਾ ਹਾਂ ਜਿਹੜੇ ਕੁਝ ਕਰ ਕੇ ਵਿਖਾਉਣ ਦਾ ਹੌਸਲਾ ਕਰਦੇ ਹਨ। ਹੁਣ ਮਨੁੱਖ ਕੋਲ ਸੌ ਸਾਧਨ ਹਨ। ਜਦੋਂ ਕਦੇ ਦੂਰਬੀਨ ਵੀ ਨਹੀਂ ਸੀ ਹੁੰਦੀ, ਉਦੋਂ ਕੁਝ ਮਨੁੱਖਾਂ ਨੇ ਇਹ ਖੋਜ ਕਰ ਲਈ ਸੀ ਕਿ ਚੰਦ ਤੇ ਧਰਤੀ ਦੀ ਚਾਲ ਇੰਨੀ ਹੈ ਕਿ ਐਨੇ ਸੌ ਸਾਲ ਲੰਘਾ ਕੇ ਫਲਾਣੇ ਦਿਨ ਫਲਾਣੇ ਸਮੇਂ ਚੰਦ ਨੇ ਧਰਤੀ ਤੇ ਸੂਰਜ ਦੇ ਵਿਚਾਲੇ ਆ ਜਾਣਾ ਹੈ ਤੇ ਫਲਾਣੇ ਦਿਨ ਧਰਤੀ ਨੇ ਚੰਦ ਤੇ ਸੂਰਜ ਦੇ ਵਿਚਾਲੇ ਹੋਣਾ ਹੈ। ਇਸ ਮਕਸਦ ਲਈ ਉਹ ਖੋਜੀ ਬੰਦੇ ਸਾਰੀ-ਸਾਰੀ ਰਾਤ ਉੱਚੇ ਟਿੱਲਿਆਂ ਉੱਤੇ ਬੈਠ ਕੇ ਤਾਰਿਆਂ ਵੱਲ ਕਈ-ਕਈ ਸਾਲਾਂ ਤੱਕ ਝਾਕਦੇ ਰਹੇ ਹੋਣਗੇ ਤੇ ਦੂਜੇ ਲੋਕ ‘ਵਿਹਲੀਆਂ ਖਾਣ ਵਾਲੇ’ ਆਖ ਕੇ ਉਨ੍ਹਾਂ ਦਾ ਮਜ਼ਾਕ ਵੀ ਸ਼ਾਇਦ ਉਡਾਉਂਦੇ ਹੋਣਗੇ। ਅੱਜ ਦੀ ਹਰ ਖੋਜ ਜਾਂ ਪ੍ਰਾਪਤੀ ਵਿਚ ਉਨ੍ਹਾਂ ਦਾ ਵੀ ਯੋਗਦਾਨ ਹੈ। ਬਿਹਾਰ ਵਿਚ ਇੱਕ ਪਿੰਡ ਦਾ ਨਾਂ ‘ਤਾਰੇ-ਗਨਾ’ ਹੈ। ਜਦੋਂ ਕਦੀ ਮੁਕੰਮਲ ਗ੍ਰਹਿਣ ਲੱਗਣਾ ਹੋਵੇ, ਸੰਸਾਰ ਭਰ ਦੇ ਵਿਗਿਆਨੀ ਉਸ ਪਿੰਡ ਵਿਚ ਕਈ ਹਫਤੇ ਪਹਿਲਾਂ ਆ ਕੇ ਡੇਰੇ ਲਾ ਲੈਂਦੇ ਹਨ, ਕਿਉਂਕਿ ਉਸ ਪਿੰਡ ਨੂੰ ਇਸ ਖੋਜ ਲਈ ਸਭ ਤੋਂ ਵੱਧ ਅਹਿਮ ਮੰਨਿਆ ਜਾਂਦਾ ਹੈ। ਇਸ ਲਈ ਇਹ ਮੰਨਣ ਵਿਚ ਹਰਜ ਨਹੀਂ ਕਿ ਪਿੰਡ ਦਾ ਨਾਂ ‘ਤਾਰੇ-ਗਨਾ’ ਅਸਲ ਵਿਚ ‘ਤਾਰੇ ਗਿਣਾਂ’ ਵਰਗੀ ਖੋਜ ਤੋਂ ਪਿਆ ਹੋਵੇਗਾ। ਜਿਹੜੇ ਖੋਜੀਆਂ ਨੇ ਉਸ ਪਿੰਡ ਵਿਚ ਆਣ ਕੇ ਪਹਿਲਾ ਅੱਡਾ ਜਮਾਇਆ ਸੀ, ਉਨ੍ਹਾਂ ਦਾ ਚੇਤਾ ਸਾਡੇ ਲੋਕਾਂ ਨੂੰ ਕਦੇ ਨਹੀਂ ਆਉਂਦਾ, ਹੋਰ ਖਿਆਲ ਬਹੁਤ ਆਉਂਦੇ ਹਨ।
ਜਿਹੜੀਆਂ ਹੋਰ ਗੱਲਾਂ ਦੇ ਖਿਆਲ ਆਉਂਦੇ ਹਨ, ਉਨ੍ਹਾਂ ਵਿਚ ਇੱਕ ਇਹ ਹੈ ਕਿ ਇਸ ਹਫਤੇ ਸਾਰੇ ਸੰਸਾਰ ਦੇ ਲੋਕ ਇਸ ਡਰ ਨਾਲ ਸਹਿਮੇ ਰਹੇ ਕਿ ਧਰਤੀ ਇੱਕੀ ਦਸੰਬਰ ਨੂੰ ਖਤਮ ਹੋ ਜਾਵੇਗੀ। ਅਸਲੋਂ ਮੂਰਖਾਂ ਵਾਲੀ ਇਸ ਸੋਚ ਦਾ ਕਾਰਨ ਮਾਇਆ ਸੱਭਿਅਤਾ ਦਾ ਕੋਈ ਕੈਲੰਡਰ ਦੱਸਿਆ ਗਿਆ ਹੈ। ਉਹ ਕੈਲੰਡਰ ਅਸੀਂ ਪੜ੍ਹਿਆ ਨਹੀਂ, ਤੇ ਇਹੋ ਜਿਹੇ ਫਾਲਤੂ ਕੰਮਾਂ ਲਈ ਸਮਾਂ ਜ਼ਾਇਆ ਕਰਨ ਦਾ ਇਰਾਦਾ ਵੀ ਨਹੀਂ, ਪਰ ਜੇ ਇਹੋ ਜਿਹਾ ਕੁਝ ਉਸ ਕੈਲੰਡਰ ਵਿਚ ਲਿਖਿਆ ਹੈ ਤਾਂ ਇਹ ਮੂਰਖਾਂ ਦੇ ਮੰਨਣ ਜੋਗੀ ਗੱਲ ਹੈ। ਇਸ ਦੀ ਕਾਟ ਦਾ ਸਭ ਤੋਂ ਪਹਿਲਾ ਤੇ ਠੋਸ ਕਾਰਨ ਇਹ ਹੈ ਕਿ ਜਦੋਂ ਦੁਨੀਆ ਇੱਕੀ ਦਸੰਬਰ ਨੂੰ ਖਤਮ ਹੋਣ ਦੀ ਗੱਲ ਲਿਖੀ ਗਈ, ਉਦੋਂ ਲਿਖਣ ਵਾਲੇ ਨੂੰ ਇਹ ਪਤਾ ਨਹੀਂ ਹੋਣਾ ਕਿ ਦੁਨੀਆਂ ਵਿਚ ਇੱਕੀ ਦਸੰਬਰ ਕਦੇ ਇੱਕੋ ਵੇਲੇ ਆਉਂਦੀ ਹੀ ਨਹੀਂ। ਜਦੋਂ ਜਾਪਾਨ ਦੇ ਲੋਕ ਇੱਕੀ ਦਸੰਬਰ ਵਿਚ ਦਾਖਲ ਹੋ ਗਏ, ਉਦੋਂ ਹਾਲੇ ਅਮਰੀਕਾ ਵਿਚ ਵੀਹ ਦਸੰਬਰ ਸੀ ਤੇ ਉਹ ਵੀਹ ਦਸੰਬਰ ਨੂੰ ਖਤਮ ਨਹੀਂ ਸੀ ਹੋ ਸਕਦੇ ਤੇ ਜਦੋਂ ਅਮਰੀਕਨਾਂ ਦੀ ਇੱਕੀ ਆਈ, ਉਦੋਂ ਨੂੰ ਜਾਪਾਨ ਦੀ ਬਾਈ ਹੋ ਗਈ; ਉਨ੍ਹਾਂ ਨੂੰ ਕਿਆਮਤ ਇੱਕੀ ਤੋਂ ਅਗਲਾ ਦਿਨ ਨਹੀਂ ਸੀ ਬਖਸ਼ ਸਕਦੀ। ਫਿਰ ਇੱਕੀ ਨੂੰ ਦੁਨੀਆਂ ਵਿਚ ਹਰ ਥਾਂ ਇਕੱਠਾ ਕਹਿਰ ਕਿਵੇਂ ਵਾਪਰ ਸਕਦਾ ਸੀ?
ਧਰਤੀ ਦੀ ਹੋਂਦ ਬਾਰੇ ਹੀ ਨਹੀਂ, ਇਸ ਤੋਂ ਵੱਖਰੇ ਵੀ ਕਈ ਵਹਿਮ ਸਾਡੀ ਦੁਨੀਆਂ ਵਿਚ ਫੈਲੇ ਹੋਏ ਹਨ। ਅੱਜ ਜਦੋਂ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਧਰਤੀ ਅਤੇ ਸੂਰਜ ਦੇ ਵਿਚਾਲੇ ਚੰਦ ਆ ਜਾਵੇ ਤਾਂ ਸੂਰਜ-ਗ੍ਰਹਿਣ ਲੱਗ ਜਾਂਦਾ ਹੈ, ਉਦੋਂ ਵੀ ਬਥੇਰੇ ਕੁਚੱਜੇ ਲੋਕ ਇਹ ਮੰਨਣ ਨੂੰ ਆਖਦੇ ਹਨ ਕਿ ਸੂਰਜ ਨੂੰ ਕੋਈ ਰਾਖਸ਼ ਆਪਣੇ ਮੂੰਹ ਵਿਚ ਪਾ ਲੈਂਦਾ ਹੈ। ਕਈ ਪੜ੍ਹੇ-ਲਿਖੇ ਲੋਕ ਵੀ ਇਹ ਮੂਰਖ-ਮੱਤ ਮੰਨ ਕੇ ਉਸ ਦਿਨ ਨੂੰ ਪੁੰਨ-ਦਾਨ ਕਰਦੇ ਹਨ। ਤਰਕਸ਼ੀਲ ਸੁਸਾਈਟੀ ਵਾਲਾ ਜਗਸੀਰ ਜੀਦਾ ਗਾਉਂਦਾ ਹੈ: ‘ਛੁੱਟੀ ਕਰ ਗਈ ਸਾਇੰਸ ਵਾਲੀ ਭੈਣ ਜੀ, ਕਰਵੇ ਦੇ ਵਰਤਾਂ ਲਈ।’ ਸਾਇੰਸ ਵਾਲੀ ਜਿਸ ਟੀਚਰ ਬੀਬੀ ਨੂੰ ਪਤਾ ਹੈ ਕਿ ਕਰਵੇ ਦੇ ਵਰਤ ਨਾਲ ਪਤੀ ਦੀ ਉਮਰ ਦਾ ਕੋਈ ਸੰਬੰਧ ਨਹੀਂ, ਜੇ ਉਹ ਵੀ ਇਹ ਵਰਤ ਰੱਖਦੀ ਹੈ ਤਾਂ ਇਸ ਲਈ ਕਿ ਜਨਮ ਵੇਲੇ ਤੋਂ ਮਿਲੇ ਹੋਏ ਅੰਧ-ਵਿਸ਼ਵਾਸ ਦੇ ਪਰਾਗੇ ਨਾਲ ਝੋਲੀ ਇੰਨੀ ਭਰੀ ਹੋਈ ਹੁੰਦੀ ਹੈ ਕਿ ਅਕਲ ਦੀ ਗੱਲ ਉਸ ਵਿਚ ਪੈਣ ਦੀ ਬਜਾਏ ਉਤੋਂ ਦੀ ਉੱਛਲ ਕੇ ਪਾਸੇ ਜਾ ਡਿੱਗਦੀ ਹੈ। ਇਹ ਉਸ ਭਾਰਤ ਦੇਸ਼ ਵਿਚ ਹੋ ਜਾਣਾ ਸਾਧਾਰਨ ਗੱਲ ਹੈ ਜਿੱਥੇ ਇਸ ਗੱਲ ਦਾ ਠੀਕ ਮਾਣ ਕੀਤਾ ਜਾਂਦਾ ਹੈ ਕਿ ਸਾਡਾ ਉਪ-ਗ੍ਰਹਿ ਪੁਲਾੜ ਵਿਚ ਜਾ ਕੇ ਨਵੀਆਂ ਖੋਜਾਂ ਕਰੇਗਾ, ਪਰ ਛੱਡਣ ਤੋਂ ਪਹਿਲਾਂ ਉਸ ਦੇ ਸਫਲ ਹੋਣ ਦੀ ਗਾਰੰਟੀ ਲਈ ਨਾਰੀਅਲ ਤੋੜ ਕੇ ਸਲੋਕਾਂ ਦਾ ਉਚਾਰਨ ਕੀਤਾ ਜਾਂਦਾ ਹੈ। ਜਦੋਂ ਉਹ ਉੱਪ-ਗ੍ਰਹਿ ਪੰਧ ਉੱਤੇ ਪੈ ਜਾਂਦਾ ਹੈ ਤਾਂ ਸਾਇੰਸਦਾਨ ਇਸ ਗੱਲ ਲਈ ਸਰਬ ਸ਼ਕਤੀਮਾਨ ਈਸ਼ਵਰ ਦਾ ਧੰਨਵਾਦ ਕਰਦੇ ਹਨ।
ਦੋ ਜਣਿਆਂ ਦਾ ਝਗੜਾ ਹੋ ਜਾਵੇ ਤਾਂ ਪੁਲਿਸ ਜਿਹੜਾ ਕੇਸ ਬਣਾਉਂਦੀ ਹੈ, ਉਸ ਦੀ ਧਾਰਾ 107/151 ਹੁੰਦੀ ਹੈ ਤੇ ਆਮ ਬੋਲੀ ਵਿਚ ਇਸ ਨੂੰ ‘ਸੱਤ-ਕਵੰਜਾ’ ਕਿਹਾ ਜਾਂਦਾ ਹੈ। ਮੇਰੀ ਈਸ਼ਵਰ ਜਾਂ ਰੱਬ ਨਾਲ ਕਦੇ ਵੀ ‘ਸੱਤ-ਕਵੰਜਾ’ ਨਹੀਂ ਹੋਈ, ਪਰ ਇਹ ਮੰਨ ਲੈਣ ਅਤੇ ਕਹਿਣ ਵਿਚ ਕੋਈ ਹਰਜ ਮੈਂ ਨਹੀਂ ਸਮਝਦਾ ਕਿ ਈਸ਼ਵਰ ਦਾ ਅਧਿਕਾਰ ਖੇਤਰ ਉਥੋਂ ਤੱਕ ਹੈ, ਜਿੱਥੋਂ ਤੱਕ ਮਨੁੱਖ ਦੀ ਅਕਲ ਦੀ ਪਹੁੰਚ ਨਹੀਂ ਹੋਈ। ਤੁਸੀਂ ਕਿਸੇ ਪੜ੍ਹੇ-ਲਿਖੇ ਬੰਦੇ ਤੋਂ ਇਹ ਪੁੱਛ ਲਵੋ ਕਿ ਧਰਤੀ ਤੋਂ ਪਰ੍ਹੇ ਕੀ ਹੈ, ਤਾਂ ਉਹ ਚੰਦ, ਸੂਰਜ, ਮੰਗਲ, ਸ਼ੁੱਕਰ ਤੇ ਕੁਝ ਹੋਰ ਤਾਰਿਆਂ ਦੇ ਨਾਂ ਦੱਸਣ ਵੇਲੇ ਮਾਣ ਮਹਿਸੂਸ ਕਰੇਗਾ, ਪਰ ਜੇ ਉਸ ਤੋਂ ਅੱਗੇ ਬਾਰੇ ਪੁੱਛੋ ਤਾਂ ਕਹੇਗਾ, ‘ਅੱਗੇ ਬਾਰੇ ਰੱਬ ਜਾਣਦਾ ਹੈ।’ ਇਹ ‘ਰੱਬ ਜਾਣਦਾ’ ਵਾਲੀ ਗੱਲ ਉਸ ਨੇ ਪਹਿਲੇ ਸਵਾਲ ਉੱਤੇ ਨਹੀਂ ਸੀ ਆਖੀ ਅਤੇ ਚੰਦ, ਸੂਰਜ, ਮੰਗਲ ਜਾਂ ਸ਼ੁੱਕਰ ਦੇ ਨਾਂ ਇਸ ਲਈ ਗਿਣਾਉਂਦਾ ਰਿਹਾ ਸੀ ਕਿ ਉਸ ਨੂੰ ਇਸ ਬਾਰੇ ਪਤਾ ਲੱਗ ਚੁੱਕਾ ਸੀ। ਜੇ ਕੁਝ ਹੋਰ ਗ੍ਰਹਿਆਂ ਬਾਰੇ ਪਤਾ ਹੁੰਦਾ ਤਾਂ ਉਨ੍ਹਾਂ ਦੇ ਨਾਂ ਵੀ ਗਿਣਾ ਦੇਣ ਤੋਂ ਬਾਅਦ ‘ਰੱਬ ਜਾਣਦਾ’ ਕਹਿਣ ਦੀ ਲੋੜ ਪੈਣੀ ਸੀ। ਜਦੋਂ ਅਸੀਂ ਇਹ ਆਸ ਕਰਦੇ ਹਾਂ ਕਿ ਸਾਡੇ ਸਾਇੰਸਦਾਨ ਅਗਲੇ ਸਾਲਾਂ ਵਿਚ ਕੁਝ ਹੋਰ ਗ੍ਰਹਿਆਂ ਦਾ ਗਿਆਨ ਵੀ ਸਾਡੇ ਤੱਕ ਪਹੁੰਚਾ ਦੇਣਗੇ ਤਾਂ ਇਹ ਮੰਨਣਾ ਪਵੇਗਾ ਕਿ ਉਸ ਗਿਆਨ ਦੀ ਆਮਦ ਨਾਲ ਸਾਡੀ ਸੋਚ ਦਾ ਦਾਇਰਾ ਹੀ ਨਹੀਂ ਵਧਣਾ, ਰੱਬ ਦਾ ਅਧਿਕਾਰ-ਖੇਤਰ ਵੀ ਸੁੰਗੜਦਾ ਜਾਣਾ ਹੈ। ਮਨੁੱਖ ਦੀ ਕਾਮਯਾਬੀ ਵੀ ਇਸੇ ਵਿਚ ਲੁਕੀ ਹੋਈ ਹੈ।
ਬੀਤਿਆ ਹਫਤਾ ਕਈ ਉਨ੍ਹਾਂ ਲੋਕਾਂ ਨੇ ਵੀ ਰੱਬ-ਰੱਬ ਕਰ ਕੇ ਗੁਜ਼ਾਰਿਆ ਹੋਵੇਗਾ ਜਿਹੜੇ ਉਂਜ ਰੱਬ ਦੀ ਪੂਜਾ ਦਾ ਮੁਖਤਾਰਨਾਮਾ ਧਾਰਮਿਕ ਖੇਤਰ ਦੇ ਲੋਕਾਂ ਨੂੰ ਸੌਂਪ ਕੇ ਆਪ ਦੁਨਿਆਵੀ ਧੰਦਿਆਂ ਵਿਚ ਰੁੱਝੇ ਹੁੰਦੇ ਹਨ। ਹਫਤੇ ਦੇ ਅੰਤ ਉੱਤੇ ਜਦੋਂ ਧਰਤੀ ਦਾ ਅੰਤ ਨਹੀਂ ਹੋਇਆ ਤਾਂ ਇੱਕ ਦੂਜੇ ਨੂੰ ਉਹੋ ਗੱਲ ਕਹਿੰਦੇ ਹੋਣਗੇ ਜਿਸ ਬਾਰੇ ਸੰਸਾਰ ਭਰ ਦੇ ਵਿਗਿਆਨੀ ਕਹਿ ਰਹੇ ਸਨ ਕਿ ਇਹ ਸਿਰਫ ਭਰਮ ਹੈ, ਦੁਨੀਆ ਨੇ ਗਰਕਣਾ ਨਹੀਂ। ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਹੋ ਗਈ ਹੈ ਕਿ ਉਹ ਹਰ ਵੇਲੇ ਕਿਸੇ ਵੀ ਭਰਮ ਨੂੰ ਆਪਣੇ ਮੱਥੇ ਦਾ ਤਿਲਕ ਬਣਾ ਲੈਣ ਲਈ ਤਿਆਰ ਹੋ ਜਾਂਦੇ ਹਨ। ਸੱਚ ਸਾਹਮਣੇ ਆਏ ਤੋਂ ਉਹ ਮੱਥੇ ਉੱਤੇ ਹੱਥ ਮਾਰ ਛੱਡਦੇ ਹਨ।
ਕੋਈ ਪਂੈਤੀ ਕੁ ਸਾਲ ਪਹਿਲਾਂ ਸਾਡੇ ਭਾਰਤ ਵਿਚ ਇੱਕ ਵਾਰੀ ਇਹ ਰੌਲਾ ਪੈ ਗਿਆ ਕਿ ਸਟੋਵ ਵਿਚ ਦੇਵਤਾ ਆ ਗਿਆ ਹੈ। ਹਰ ਪਾਸੇ ਸਟੋਵ ਦੇਵਤਾ ਦੀ ਪੂਜਾ ਹੋਣ ਲੱਗ ਪਈ। ਉਦੋਂ ਪਿੰਡਾਂ ਵਿਚ ਸਟੋਵ ਕਿਸੇ ਵਿਰਲੇ ਘਰ ਹੁੰਦਾ ਸੀ ਤੇ ਸਾਡੇ ਪਿੰਡ ਸਾਡੇ ਗਵਾਂਢ ਵਿਚ ਕੁਝ ਔਰਤਾਂ ਨੇ ਕਿਸੇ ਤੋਂ ਸਟੋਵ ਮੰਗ ਕੇ ਲਿਆਂਦਾ ਸੀ। ਕਈ ਚਿਰਾਂ ਤੋਂ ਜਿਸ ਸਟੋਵ ਉੱਤੇ ਕਿਸੇ ਨੇ ਟਾਕੀ ਨਹੀਂ ਸੀ ਫੇਰੀ, ਉਸ ਨੂੰ ਨਹਿਰ ਤੋਂ ਲਿਆਂਦੀ ਸੁੱਚੀ ਰੇਤ ਨਾਲ ਸਾਫ ਕਰ ਕੇ ਧੂਫ ਦੇਣ ਦੇ ਬਾਅਦ ਚਾਰ ਕੁਆਰੀਆਂ ਕੁੜੀਆਂ ਦੇ ਹੱਥ ਚਾਰ ਕੋਨਿਆਂ ਉੱਤੇ ਰੱਖਵਾ ਕੇ ਉਸ ਨੂੰ ਕੁਝ ਸਵਾਲ ਪੁੱਛੇ ਗਏ ਸਨ। ਉਦੋਂ ਇਹ ਕਿਹਾ ਜਾਂਦਾ ਸੀ ਕਿ ਜੇ ਸਟੋਵ ਦੇਵਤਾ ਨੇ ਸਵਾਲ ਦਾ ਜਵਾਬ ‘ਹਾਂ’ ਵਿਚ ਦੇਣਾ ਹੋਵੇ ਤਾਂ ਉਸ ਦੀ ਲੱਤ ਇੱਕ ਵਾਰੀ ਹਿੱਲੇਗੀ ਤੇ ਜੇ ਦੋ ਵਾਰੀ ਹਿੱਲ ਜਾਵੇ ਤਾਂ ਜਵਾਬ ‘ਨਾਂਹ’ ਵਿਚ ਹੈ। ਜਦੋਂ ਕੁੜੀਆਂ ਨੂੰ ਥਕੇਵਾਂ ਮਹਿਸੂਸ ਹੋਣ ਲੱਗਾ, ਉਦੋਂ ਇੱਕ ਅਮਲੀ ਨੇ ਸਵਾਲ ਪੁੱਛਣ ਦੀ ਇੱਛਾ ਰੱਖ ਦਿੱਤੀ ਅਤੇ ਸਵਾਲ ਇਹ ਪੁੱਛ ਲਿਆ: ‘ਸਟੋਵ, ਤੂੰ ਦੇਵਤਾ ਵੀ ਹੈਂ ਕਿ ਨਹੀਂ?’ ਕੁੜੀਆਂ ਕੁਝ ਥੱਕੀਆਂ ਪਈਆਂ ਸਨ, ਕੁਝ ਘਬਰਾ ਗਈਆਂ ਤੇ ਉਨ੍ਹਾਂ ਦੇ ਹੱਥ ਹਿੱਲਣ ਨਾਲ ਸਟੋਵ ਦੋ ਵਾਰੀ ਹਿੱਲ ਗਿਆ ਜਿਸ ਦਾ ਮਤਲਬ ਇਹ ਸੀ ਕਿ ਸਟੋਵ ਆਪ ਹੀ ਆਖ ਰਿਹਾ ਹੈ ਕਿ ‘ਮੈਂ ਦੇਵਤਾ ਨਹੀਂ ਹਾਂ।’
ਹਾਲੇ ਥੋੜ੍ਹਾ ਚਿਰ ਪਹਿਲਾਂ ਭਾਰਤ ਵਿਚ ਉਸ ਗਣੇਸ਼ ਦੀਆਂ ਮੂਰਤੀਆਂ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਸੀ ਜਿਹੜਾ ਭਾਰਤੀ ਸੱਭਿਅਤਾ ਦੇ ਮੁੱਢਲੇ ਦਿਨਾਂ ਤੋਂ ਲੱਡੂਆਂ ਦਾ ਪ੍ਰਸ਼ਾਦਿ ਛਕਦਾ ਆਇਆ ਸੀ। ਲੋਕਾਂ ਨੇ ਲੱਖਾਂ ਮਣ ਦੁੱਧ ਕਿਸੇ ਨੂੰ ਪੀਣ ਲਈ ਦੇਣ ਦੀ ਥਾਂ ਮੂਰਤੀਆਂ ਦੇ ਉੱਤੋਂ ਵਗਾ ਕੇ ਨਾਲੀਆਂ ਦੇ ਰਾਹ ਸੀਵਰੇਜ ਵਿਚ ਪਾ ਛੱਡਿਆ ਸੀ। ਜੇ ਸਾਡੇ ਭਾਰਤ ਵਿਚ ਇਸ ਤਰ੍ਹਾਂ ਦੀਆਂ ਬੇਥਵੀਆਂ ਮੰਨੀਆਂ ਜਾ ਸਕਦੀਆਂ ਹਨ ਤਾਂ ਬਾਕੀ ਦੁਨੀਆਂ ਵੀ ਅਕਲ ਦੇ ਅੰਨ੍ਹਿਆਂ ਤੋਂ ਬਚੀ ਹੋਈ ਨਹੀਂ। ਚੀਨ ਨੂੰ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਚੱਲਦਾ ਹੋਣ ਕਾਰਨ ਅੱਜ ਦੇ ਯੁੱਗ ਵਿਚ ਵਿਗਿਆਨ ਦੇ ਪੱਖੋਂ ਕਈ ਦੇਸ਼ਾਂ ਤੋਂ ਅੱਗੇ ਮੰਨਿਆ ਜਾਂਦਾ ਹੈ। ਉਥੇ ਸਰਕਾਰ ਖੁਦ ਲੋਕਾਂ ਦੀ ਵਿਗਿਆਨਕ ਸੋਚ ਵਿਕਸਤ ਕਰਨ ਦੀ ਵਾਹ ਲਾਉਂਦੀ ਹੈ। ਇਸ ਵਾਰੀ ਦੁਨੀਆਂ ਦੇ ਤਬਾਹ ਹੋਣ ਦਾ ਡਰ ਉਥੇ ਵੀ ਇੰਨਾ ਜ਼ਿਆਦਾ ਮਹਿਸੂਸ ਕੀਤਾ ਗਿਆ ਕਿ ਸਰਕਾਰ ਨੂੰ ਪੰਜ ਸੌ ਤੋਂ ਵੱਧ ਲੋਕ, ਅਫਵਾਹਾਂ ਫੈਲਾਉਣ ਦੇ ਦੋਸ਼ਾਂ ਵਿਚ ਗ੍ਰਿਫਤਾਰ ਕਰਨੇ ਪਏ। ਦੁਨੀਆ ਅਜੇ ਵੀ ਕਾਇਮ ਦੀ ਕਾਇਮ ਹੈ ਤੇ ਇਹ ਉਦੋਂ ਤੱਕ ਕਾਇਮ ਹੀ ਰਹਿਣੀ ਹੈ, ਜਦੋਂ ਤੱਕ ਕੋਈ ਦੂਜਾ ਗ੍ਰਹਿ ਆਪਣੇ ਰਾਹ ਤੋਂ ਭਟਕ ਕੇ ਇਸ ਨੂੰ ਢੁੱਡ ਮਾਰਨ ਦੀ ਨੀਤ ਨਹੀਂ ਧਾਰ ਲੈਂਦਾ। ਸਾਰੀ ਦੁਨੀਆਂ ਦੇ ਸਾਇੰਸਦਾਨ ਇਸ ਧਾਰਨਾ ਦੀ ਪੁਸ਼ਟੀ ਕਰਦੇ ਹਨ ਕਿ ਕਈ ਅਰਬ ਸਾਲਾਂ ਤੱਕ ਹਾਲੇ ਇਹੋ ਜਿਹੀ ਡਰਨ ਵਾਲੀ ਗੱਲ ਵਾਪਰਨ ਦਾ ਕੋਈ ਅੰਦੇਸ਼ਾ ਨਹੀਂ ਤਾਂ ਫਿਰ ਡਰ ਕਾਹਦਾ? ‘ਜੀਵੇ ਆਸਾ ਤੇ ਮਰੇ ਨਿਰਾਸਾ’ ਦਾ ਮੁਹਾਵਰਾ ਸੁਣਨ ਦੇ ਬਾਵਜੂਦ ਜਿਨ੍ਹਾਂ ਨੇ ਜਿਉਂਦੇ ਜੀਅ ਵਹਿਮ ਨਾਲ ਮਰੇ ਰਹਿਣਾ ਹੈ, ਉਨ੍ਹਾਂ ਨੂੰ ਡਰ ਲੱਗਦਾ ਹੈ ਤਾਂ ਲੱਗੀ ਜਾਣ ਦਿਓ, ਆਪਾਂ ਹੱਥਲਾ ਸਮਾਂ ਗਿਆਨ ਦਾ ਕੋਈ ਅਗਲਾ ਦੀਵਾ ਜਗਾਉਣ ਵੱਲ ਲਾਈਏ ਤਾਂ ਵੱਧ ਠੀਕ ਰਹੇਗਾ।

Be the first to comment

Leave a Reply

Your email address will not be published.