ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਨੇ ਪੰਜਾਬ ਵਿਚ ਹੁਣ ਪੰਜਾਬੀ ਭਾਸ਼ਾ ਅਤੇ ਬੋਲੀ ਦਾ ਮੁੱਦਾ ਉਭਾਰਨ ਲਈ ਕਮਰ ਕੱਸ ਲਈ ਹੈ। ਇਸ ਜਥੇਬੰਦੀ ਦੇ ਸਿਆਸੀ ਵਿੰਗ ਜਨ ਸੰਘ ਜਿਸ ਦਾ ਨਾਂ ਬਾਅਦ ਵਿਚ ਬਦਲ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਰੱਖ ਦਿੱਤਾ ਗਿਆ ਸੀ, ਨੇ ਆਪਣੀਆਂ ਪੁਰਾਣੀਆਂ ਫਾਈਲਾਂ ਵਿਚੋਂ ਪੰਜਾਬੀ ਪੱਖੀ ਸਮੱਗਰੀ ਕੱਢ ਕੱਢ ਕੇ ਇਸ ਬਾਰੇ ਪ੍ਰਚਾਰ ਕਰਨਾ ਅਰੰਭ ਕਰ ਦਿੱਤਾ ਹੈ।
ਇਸ ਜਥੇਬੰਦੀ ਵੱਲੋਂ ਪੰਜਾਬ ਵਿਚ ਹੁਣ ਲੱਕ ਬੰਨ੍ਹ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ 1960ਵਿਆਂ ਦੇ ਅਖੀਰ ਵਿਚ ਜਨ ਸੰਘ ਨੇ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਸੀ, ਉਸ ਵਿਚ ਬਾਕਾਇਦਾ ਲਿਖਿਆ ਗਿਆ ਸੀ ਕਿ ਪੰਜਾਬ ਇਕ ਭਾਸ਼ੀ ਸੂਬਾ ਹੈ ਅਤੇ ਜਨ ਸੰਘ ਪ੍ਰਸ਼ਾਸਕੀ ਪੱਧਰ ‘ਤੇ ਹਰ ਥਾਂ ਪੰਜਾਬੀ ਲਾਗੂ ਕਰੇਗੀ। ਉਂਜ ਇਸ ਮੈਨੀਫੈਸਟੋ ਵਿਚ ਇਹ ਵੀ ਨਾਲ ਹੀ ਕਿਹਾ ਗਿਆ ਸੀ ਕਿ ਹਿੰਦੀ ਦੀ ਵਰਤੋਂ ਉਤੇ ਕੋਈ ਪਾਬੰਦੀ ਨਹੀਂ ਹੋਵੇਗੀ, ਕਿਉਂਕਿ ਇਹ ਕੌਮੀ ਭਾਸ਼ਾ ਹੈ ਤੇ ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਹਿੰਦੀ ਬੋਲਦਾ ਹੈ।
ਯਾਦ ਰਹੇ, ਪੰਜਾਬ ਨੂੰ ਦੋ ਭਾਸ਼ੀ ਸੂਬਾ ਐਲਾਨਣ ਦਾ ਆਧਾਰ ਵੀ ਇਸੇ ਨੁਕਤੇ ਨੂੰ ਬਣਾਇਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਹਿੰਦੀ ਬੋਲਦਾ ਹੈ। ਇਸੇ ਕਰ ਕੇ ਜਦੋਂ ਆਜ਼ਾਦੀ ਤੋਂ ਬਾਅਦ ਮੁਲਕ ਵਿਚ ਹੋਰ ਥਾਂਈਂ ਭਾਸ਼ਾ ਦੇ ਆਧਾਰ ਉਤੇ ਸੂਬੇ ਬਣਾਏ ਜਾ ਰਹੇ ਸਨ ਤਾਂ ਪੰਜਾਬ ਨੂੰ ਛੱਡ ਲਿਆ ਗਿਆ ਅਤੇ ਇਸ ਦੇ ਨਾਲ ਹੀ ਪੰਜਾਬ ਨਾਲ ਦੁਹਾਂਡ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਆਰæਐਸ਼ਐਸ਼ ਹੁਣ ਪੰਜਾਬੀਆਂ ਨੂੰ ਇਹ ਜਚਾਉਣ ਦਾ ਯਤਨ ਕਰ ਰਹੀ ਹੈ ਕਿ ਇਹ ਸੂਬੇ ਵਿਚ ਮਾਂ ਬੋਲੀ ਪੰਜਾਬੀ ਲਾਗੂ ਕਰਨ ਦੇ ਕਦੀ ਵੀ ਖਿਲਾਫ ਨਹੀਂ ਰਹੀ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਪੁਨਰਗਠਨ ਵੇਲੇ ਜਨਸੰਘ ਅੱਗੇ ਇਹ ਮਸਲਾ ਆਣ ਖੜ੍ਹਾ ਹੋਇਆ ਸੀ। ਉਦੋਂ ਸੰਘ ਦੇ ਅੰਦਰ ਇਹ ਬਹਿਸ ਸ਼ੁਰੂ ਹੋ ਗਈ ਸੀ ਕਿ ਪੰਜਾਬ ਦੇ ਪੁਨਰਗਠਨ ਨਾਲ ਸਿੱਖ ਸਟੇਟ ਲਈ ਰਾਹ ਖੁੱਲ੍ਹ ਰਿਹਾ ਹੈ। ਸਿੱਟੇ ਵਜੋਂ ਜਨ ਸੰਘ ਦੀ ਪੰਜਾਬ ਇਕਾਈ ਨੇ ਪੰਜਾਬੀ ਦੇ ਖਿਲਾਫ ਪੈਂਤੜਾ ਮੱਲ ਲਿਆ। ਯਾਦ ਰਹੇ, ਇਹ ਮੁਹਿੰਮ ਲਾਲਾ ਜਗਤ ਨਰਾਇਣ ਤੇ ਹੋਰ ਆਗੂਆਂ ਨੇ ਬੜੇ ਜ਼ੋਰ-ਸ਼ੋਰ ਨਾਲ ਚਲਾਈ ਸੀ ਅਤੇ ਇਸੇ ਮੁਹਿੰਮ ਕਾਰਨ ਹਿੰਦੂਆਂ ਨੇ 1951 ਦੀ ਮਰਦਮਸ਼ੁਮਾਰੀ ਵੇਲੇ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ ਸੀ। ਲਾਲਾ ਜਗਤ ਨਰਾਇਣ ਦੇ ਪੋਤੇ ਅਸ਼ਵਨੀ ਮਿੰਨਾ ਨੇ ਹਰਿਆਣਾ ਵਿਚ ਇਕ ਸਮਾਗਮ ਦੌਰਾਨ ਮੰਨਿਆ ਸੀ ਕਿ ਅਜਿਹੀ ਮੁਹਿੰਮ ਚਲਾਉਣੀ ਗਲਤ ਸੀ। ਇਸੇ ਤਰ੍ਹਾਂ ਦੇ ਵਿਚਾਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਜਲੰਧਰ ਵਿਚ ਲੇਖਕਾਂ ਦੀ ਕਨਵੈਨਸ਼ਨ ਦੌਰਾਨ ਪ੍ਰਗਟ ਕੀਤੇ ਸਨ। ਵਿਸ਼ਲੇਸ਼ਣਕਾਰਾਂ ਦਾ ਕਹਿਣਾ ਹੈ ਕਿ ਅਜਿਹਾ ਪੈਂਤੜਾ ਪੰਜਾਬ ਵਿਚ ਵੱਡੀ ਭੂਮਿਕਾ ਨਿਭਾਉਣ ਲਈ ਪਿੜ ਤਿਆਰ ਕਰਨ ਲਈ ਮੱਲਿਆ ਜਾ ਰਿਹਾ ਹੈ। ਇਹੀ ਨਹੀਂ ਸਿੱਖ ਮਸਲਿਆਂ ਬਾਰੇ ਵੀ ਹੁਣ ਉਚੇਚ ਕੀਤੀ ਜਾਣ ਲੱਗੀ ਹੈ। ਦੱਸਣਾ ਬਣਦਾ ਹੈ ਕਿ ਆਰæਐਸ਼ਐਸ਼ ਨੇ ਪੰਜਾਬ ਵਿਚ ਸਿੱਖਾਂ ਉਤੇ ਧਿਆਨ ਕੇਂਦਰਤ ਕਰਨ ਲਈ ਰਾਸ਼ਟਰੀ ਸਿੱਖ ਸੰਗਤ (ਆਰæਐਸ਼ਐਸ਼) ਵੀ ਬਣਾਈ ਹੋਈ ਹੈ ਅਤੇ ਇਸ ਜਥੇਬੰਦੀ ਦੀ ਅਗਵਾਈ ਵਿਚ ਸਿੱਖ ਮੈਂਬਰਾਂ ਨੂੰ ਪਾਠ ਕਰਨ ਦੀ ਉਚੇਚੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਵੱਲੋਂ ਸ਼ਹਿਰਾਂ ਵਿਚ ਹੀ ਨਹੀਂ, ਕਸਬਿਆਂ ਅਤੇ ਪਿੰਡਾਂ ਵਿਚ ਵੀ ਇਕਾਈਆਂ ਕਾਇਮ ਕੀਤੀਆਂ ਜਾ ਰਹੀਆਂ ਹਨ। ਇਸ ਕਾਰਜ ਨੂੰ ਸਿਹਤ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ ਅਤੇ ਯੋਗ ਨੂੰ ਮੁੱਖ ਹਥਿਆਰ ਬਣਾਇਆ ਜਾ ਰਿਹਾ ਹੈ। ਆਰæ ਐਸ਼ ਐਸ਼ ਦੇ ਆਗੂਆਂ ਦਾ ਕਹਿਣਾ ਹੈ ਕਿ ਹੁਣ ਜਦੋਂ ਕੇਂਦਰ ਅਤੇ ਪੰਜਾਬ ਵਿਚ ਉਨ੍ਹਾਂ ਦੀਆਂ ਸਰਕਾਰਾਂ ਹਨ ਤਾਂ ਜਥੇਬੰਦੀ ਦੇ ਫੈਲਾਓ ਲਈ ਇਸ ਦਾ ਪੂਰਾ ਲਾਹਾ ਲਿਆ ਜਾਵੇਗਾ।
ਪੰਜਾਬੀ ਪਰਚੇ ‘ਯੁਗ ਬੋਧ’ ਦਾ ਦਖਲ
ਜਲੰਧਰ: ਆਰæਐਸ਼ਐਸ਼ ਆਪਣੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬੀ ਵਿਚ ਸਾਹਿਤ ਵੱਡੇ ਪੱਧਰ ਉਤੇ ਛਾਪਿਆ ਅਤੇ ਵੰਡਿਆ ਜਾ ਰਿਹਾ ਹੈ। ਜਲੰਧਰ ਤੋਂ ‘ਯੁਗ ਬੋਧ’ ਨਾਂ ਦਾ ਪਰਚਾ ਛਪ ਤਾਂ ਪਹਿਲਾਂ ਵੀ ਰਿਹਾ ਸੀ, ਪਰ ਹੁਣ ਇਸ ਦਾ ਘੇਰਾ ਸੰਘ ਦੇ ਮੈਂਬਰਾਂ ਤੋਂ ਵਧਾ ਕੇ ਆਮ ਪਾਠਕਾਂ ਤੱਕ ਫੈਲਾ ਦਿੱਤਾ ਗਿਆ ਹੈ। ਪਰਚੇ ਦੇ ਹਰ ਅੰਕ ਵਿਚ ਸਿੱਖ ਗੁਰੂਆਂ ਅਤੇ ਹੋਰ ਸ਼ਖਸੀਅਤਾਂ ਬਾਰੇ ਵਿਸ਼ੇਸ਼ ਲੇਖ ਛਾਪੇ ਜਾ ਰਹੇ ਹਨ। ਇਸ ਸਮੱਗਰੀ ਦੇ ਨਾਲ ਨਾਲ ਆਰæਐਸ਼ਐਸ਼ ਦੀ ਵਿਚਾਰਧਾਰਾ ਵਾਲੀ ਸਮੱਗਰੀ ਮੁੱਖ ਰੂਪ ਵਿਚ ਛਾਪ ਕੇ ਆਮ ਲੋਕਾਂ, ਖਾਸ ਕਰ ਕੇ ਸਿੱਖਾਂ ਤੱਕ ਪਹੁੰਚਾਈ ਜਾ ਰਹੀ ਹੈ।