ਚੰਡੀਗੜ੍ਹ: ਪੰਜਾਬ ਵਿਚ ਖਾੜਕੂਵਾਦ ਸਮੇਂ ਪੁਲਿਸ ਕੈਟ ਤੋਂ ਇੰਸਪੈਕਟਰ ਬਣਿਆਂ ਗੁਰਮੀਤ ਸਿੰਘ ਪਿੰਕੀ ਅੱਜ ਕੱਲ੍ਹ ਮੁੜ ਚਰਚਾ ਵਿਚ ਹੈ। ਪਿੰਕੀ ਦੀ ਕਤਲ ਕੇਸ ਵਿਚ ਬਰਖਾਸਤਗੀ ਉਪਰੰਤ ਮੁੜ ਬਹਾਲੀ ਦੇ ਮਾਮਲੇ ਨੇ ਹਾਕਮ ਧਿਰ ਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਪਿੰਕੀ ਨੂੰ ਲੁਧਿਆਣਾ ਦੇ ਡੀæਆਈæਜੀæ ਜੀæਐਸ ਢਿੱਲੋਂ ਨੇ ਹੈੱਡ ਕਾਂਸਟੇਬਲ ਵਜੋਂ 16 ਮਈ ਨੂੰ ਬਹਾਲ ਕਰ ਦਿੱਤਾ ਸੀ ਪਰ ਜਲੰਧਰ ਦੇ ਜ਼ੋਨਲ ਆਈæਜੀæ ਲੋਕਨਾਥ ਆਂਗਰਾ ਨੇ ਰਾਤੋਂ ਰਾਤ ਪਿੰਕੀ ਦੀ ਬਹਾਲੀ ਦੇ ਹੁਕਮਾਂ ਨੂੰ ਵਾਪਸ ਲੈ ਲਿਆ ਸੀ।
ਸਰਕਾਰ ਦੀ ਪਿੰਕੀ ‘ਤੇ ਇਹ ਮਿਹਰਬਾਨੀ ਕੋਈ ਨਵੀਂ ਗੱਲ ਨਹੀਂ ਹੈ, 2001 ਵਿਚ ਉਸ ਨੇ ਲੁਧਿਆਣਾ ਵਿਚ ਨੌਜਵਾਨ ਨੂੰ ਸਿਰਫ ਰਸਤਾ ਮੰਗਣ ਦੀ ‘ਗੁਸਤਾਖੀ’ ਬਦਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਉਸ ਨੂੰ ਉਮਰ ਕੈਦ ਹੋਈ ਸੀ, ਪਰ ਪੁਲਿਸ ਤੰਤਰ ਤੇ ਸਰਕਾਰ ਉਸ ਉਪਰ ਇੰਨੀ ਮਿਹਰ ਹੋਈ ਕਿ ਉਸ ਨੂੰ ਜੂਨ 2014 ਨੂੰ ਖੁੱਲ੍ਹੀ ਜੇਲ੍ਹ ਨਾਭਾ ਵਿਚ ‘ਸਾਊ’ ਵਤੀਰੇ ਨੂੰ ਆਧਾਰ ਬਣਾ ਕੇ ਰਾਤੋ-ਰਾਤ ਹੀ ਅਗੇਤੀ ਰਿਹਾਈ ਦੇ ਦਿੱਤੀ ਗਈ। ਉਸ ਵੇਲੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਜੱਦੋ-ਜਹਿਦ ਕਰ ਰਹੀਆਂ ਪੰਥਕ ਜਥੇਬੰਦੀਆਂ ਨੇ ਇਸ ਰਿਆਇਤ ‘ਤੇ ਉਂਗਲ ਉਠਾਈ ਸੀ ਕਿ ਜੇਕਰ ਕਤਲ ਕੇਸ ਦਾ ਦੋਸ਼ੀ ਅਗਾਊਂ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਕਿਉਂ ਨਹੀਂ ਕੀਤੀ ਜਾ ਸਕਦੀ? ਪੰਜਾਬ ਸਰਕਾਰ ਹੁਣ ਦਾਅਵਾ ਕਰ ਰਹੀ ਹੈ ਕਿ ਪਿੰਕੀ ਨੂੰ ਮੁੜ ਬਹਾਲ ਕਰਨ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਪਿੰਕੀ ਵੱਲੋਂ ਆਪਣੀ ਬਹਾਲੀ ਲਈ ਦਾਇਰ ਕੀਤੀ ਅਪੀਲ ਬਾਰੇ ਪੰਜਾਬ ਪੁਲਿਸ ਦੇ ਸਿਖਰਲੇ ਅਫ਼ਸਰਾਂ ਤੇ ਗ੍ਰਹਿ ਵਿਭਾਗ ਤੱਕ ਨੂੰ ਪੂਰੀ ਜਾਣਕਾਰੀ ਸੀ। ਦੱਸਣਯੋਗ ਹੈ ਕਿ ਸਰਕਾਰ ਨੇ ਬਹਾਲੀ ਦੇ ਹੁਕਮਾਂ ਨੂੰ ਅੱਧੀ ਰਾਤ ਨੂੰ ਖ਼ਾਰਜ ਕਰ ਦਿੱਤਾ ਸੀ।
ਪੰਜਾਬ ਡੀæਜੀæਪੀæ ਦੇ ਦਫ਼ਤਰ ਤੇ ਪੰਜਾਬ ਦੇ ਗ੍ਰਹਿ ਤੇ ਨਿਆਂ ਵਿਭਾਗ ਨੂੰ ਇਸ ਅਪੀਲ ਬਾਰੇ ਨਾ ਸਿਰਫ਼ ਜਾਣਕਾਰੀ ਸੀ, ਸਗੋਂ ਉਨ੍ਹਾਂ ਨੇ ਇਸ ਮੁਤੱਲਕ ਖ਼ਤੋ-ਖ਼ਿਤਾਬਤ ਵੀ ਕੀਤੀ। ਗ੍ਰਹਿ ਵਿਭਾਗ ਨੇ ਬੀਤੀ 15 ਅਪਰੈਲ ਨੂੰ ਇਕ ਪੱਤਰ ਲੁਧਿਆਣਾ ਦੇ ਡੀæਆਈæਜੀæ ਜੀæਐਸ਼ ਢਿੱਲੋਂ ਨੂੰ ਭੇਜ ਕੇ ਪਿੰਕੀ ਦੀ ਅਪੀਲ ਬਾਰੇ ਟਿੱਪਣੀ ਲਈ ਆਖਿਆ ਸੀ। ਇਸ ਵਿਚ ਪਿੰਕੀ ਦਾ ਬੈਲਟ ਨੰਬਰ ਤੇ ਉਸ ਦਾ ਚੰਡੀਗੜ੍ਹ ਵਿਚਲਾ ਸਿਰਨਾਵਾਂ ਵੀ ਲਿਖਿਆ ਸੀ। ਫਿਰ ਡੀæਜੀæਪੀæ ਦਫ਼ਤਰ ਨੇ 23 ਅਪਰੈਲ ਨੂੰ ਆਈæਜੀæ ਜਲੰਧਰ ਨੂੰ ਭੇਜੀ ਚਿੱਠੀ ਰਾਹੀਂ ਪਿੰਕੀ ਦੀ ਅਪੀਲ ਬਾਰੇ ਪੈਰਾ ਵਾਰ ਰਿਪੋਰਟ ਤੇ ਟਿੱਪਣੀ ਦੇ ਨਾਲ ਹੀ ਉਸ ਦੀ ਪੇਸ਼ੇਵਰ ਸਮਰੱਥਾ ਤੇ ਸਰਵਿਸ ਰਿਕਾਰਡ ਦੇ ਵੇਰਵੇ ਮੰਗੇ ਸਨ। ਡੀæਜੀæਪੀæ ਦਫ਼ਤਰ ਵੱਲੋਂ ਯਕੀਨਨ ਇਹ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਸੀ, ਕਿਉਂਕਿ ਇਸ ਨੇ ਡੀæਆਈæਜੀæ ਲੁਧਿਆਣਾ ਨੂੰ ਆਪਣੀ ਰਿਪੋਰਟ 10 ਦਿਨਾਂ ਵਿਚ ਦੇਣ ਲਈ ਕਿਹਾ ਸੀ। ਇਸ ਨੇ ਇਹ ਵੀ ਪੁੱਛਿਆ ਸੀ ਕਿ ਕੀ ਪਿੰਕੀ ਨੇ ਪਹਿਲਾਂ ਵੀ ਕੋਈ ਅਪੀਲ ਕੀਤੀ ਸੀ।
___________________________________
ਕੌਣ ਹੈ ਕੈਟ ਗੁਰਮੀਤ ਸਿੰਘ ਪਿੰਕੀ?
ਗੁਰਮੀਤ ਸਿੰਘ ਪਿੰਕੀ ਪੰਜਾਬ ਵਿਚ ਖਾੜਕੂਵਾਦ ਸਮੇਂ ਪੁਲਿਸ ਦਾ ਸੂਹੀਆ ਸੀ ਜਿਸ ਨੂੰ ਬਾਅਦ ਵਿਚ ਪੁਲਿਸ ਇੰਸਪੈਕਟਰ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਲੁਧਿਆਣਾ ਦੇ ਇਕ ਨੌਜਵਾਨ ਅਵਤਾਰ ਸਿੰਘ ਉਰਫ ਗੋਲਾ ਨੂੰ ਰਾਸਤਾ ਮੰਗਣ ‘ਤੇ ਗੋਲੀ ਮਾਰ ਦਿੱਤੀ ਸੀ। ਇਸ ਦੋਸ਼ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਉਹ ਸਰਕਾਰੀ ਮਿਹਰ ਨਾਲ ਸੱਤ ਸਾਲਾਂ ਬਾਅਦ ਹੀ ਰਿਹਾਅ ਹੋ ਗਿਆ। ਪਿੰਕੀ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਦਾ ਚਹੇਤਾ ਹੈ ਤੇ ਉਹ ਸੁਮੇਧ ਸੈਣੀ ਨੂੰ ‘ਬਾਪੂ’ ਕਹਿ ਕੇ ਬੁਲਾਉਂਦਾ ਹੈ। ਡੀæਆਈæਜੀæ ਲੁਧਿਆਣਾ ਰੇਂਜ ਗੁਰਿੰਦਰ ਸਿੰਘ ਢਿੱਲੋਂ ਨੇ 16 ਮਈ ਨੂੰ ਪਿੰਕੀ ਨੂੰ ਮੁੜ ਪੁਲਿਸ ਦੀ ਨੌਕਰੀ ‘ਤੇ ਬਹਾਲ ਕਰ ਦਿੱਤਾ ਸੀ ਪਰ ਮੀਡੀਆ ਵਿਚ ਖਬਰ ਆਉਣ ਪਿੱਛੋਂ ਰਾਤੋਂ ਰਾਤ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ।
___________________________________
ਚਾਰ ਸਾਲਾਂ ਵਿਚ 486 ਦਿਨ ਪੈਰੋਲ ‘ਤੇ ਰਿਹਾ ਸੀ ਪਿੰਕੀ
ਪਿੰਕੀ ਨੂੰ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਉਸ ਨੂੰ ਸਰਕਾਰੀ ਮਿਹਰ ਸਦਕਾ ਸੱਤ ਸਾਲ ਤੇ ਸੱਤ ਮਹੀਨਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ। ਇਸ ਸਮੇਂ ਵਿਚ ਵੀ ਉਹ 486 ਦਿਨ ਪੈਰੋਲ ‘ਤੇ ਜੇਲ੍ਹ ਵਿਚੋਂ ਬਾਹਰ ਰਿਹਾ। ਆਰæਟੀæਆਈæ ਤਹਿਤ ਹਾਸਲ ਸੂਚਨਾ ਮੁਤਾਬਕ ਪਹਿਲੀ ਵਾਰ ਪਿੰਕੀ ਚਾਰ ਅਪਰੈਲ 2008 ਨੂੰ ਦੋ ਹਫਤਿਆਂ ਲਈ ਪੈਰੋਲ ‘ਤੇ ਆਇਆ ਜਿਸ ਵਿਚ 52 ਦਿਨ ਦਾ ਵਾਧਾ ਕਰ ਦਿੱਤਾ ਗਿਆ ਤੇ ਉਹ 31 ਮਈ 2008 ਨੂੰ ਜੇਲ੍ਹ ਪਰਤਿਆ। 25 ਮਈ 2009 ਨੂੰ ਉਹ ਮੁੜ ਚਾਰ ਹਫਤਿਆਂ ਦੀ ਪੈਰੋਲ ‘ਤੇ ਬਾਹਰ ਆਇਆ ਜਿਸ ਵਿਚ ਦੋ ਵਾਰ ਵਾਧਾ ਕਰ ਦਿੱਤਾ ਗਿਆ ਤੇ ਉਹ 18 ਅਕਤੂਬਰ 2009 ਨੂੰ 143 ਦਿਨਾਂ ਬਾਅਦ ਜੇਲ੍ਹ ਪਰਤਿਆ। ਇਸ ਤੋਂ ਬਾਅਦ 2011 ਤੋਂ 2012 ਉਸ ਨੂੰ ਤਿੰਨ ਵਾਰ ਜ਼ਮਾਨਤ ਦਿੱਤੀ ਗਈ ਤੇ ਉਹ 112 ਦਿਨ ਜੇਲ੍ਹ ਤੋਂ ਬਾਹਰ ਰਿਹਾ।
_________________________________
ਪਿੰਕੀ ਵਲੋਂ ਵੱਡੇ ਅਫਸਰਾਂ ਨੂੰ ਬੇਨਕਾਬ ਕਰਨ ਦਾ ਦਾਅਵਾ
ਚੰਡੀਗੜ੍ਹ: ਪੰਜਾਬ ਦੇ ਵਿਵਾਦਤ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਨੇ ਕਿਹਾ ਹੈ ਕਿ ਉਹ ਪੰਜਾਬ ਪੁਲਿਸ ਦੇ ਕਈ ਆਈæਪੀæਐਸ਼ ਤੇ ਪੀæਪੀæਐਸ਼ ਅਧਿਕਾਰੀਆਂ ਬਾਰੇ ਅਜਿਹੇ ਖੁਲਾਸੇ ਕਰੇਗਾ ਜਿਸ ਨਾਲ ਪੁਲਿਸ ਅਧਿਕਾਰੀ ਬੇਨਕਾਬ ਹੋਣਗੇ ਤੇ ਲੋਕਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਦਰਅਸਲ ਪਿੰਕੀ ਆਪਣੇ ਪੁਲਿਸ ਜੀਵਨ ਦੌਰਾਨ ਵਾਪਰੀਆਂ ਅਹਿਮ ਘਟਨਾਵਾਂ ਉਤੇ ਸਵੈ ਜੀਵਨੀ ਲਿਖਣ ਦੀ ਗੱਲ ਕਹਿ ਰਿਹਾ ਹੈ। ਪਿੰਕੀ ਨੇ ਇਹ ਵੀ ਕਿਹਾ ਕਿ ਮੈਂ ਪੰਜਾਬ ਪੁਲਿਸ ਦੇ ਹੈਡਕੁਆਟਰ ਸਾਹਮਣੇ ਜਾ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲਵਾਂਗਾ ਜੇ ਇੰਸਪੈਕਟਰ ਜਨਰਲ ਆਫ ਪੁਲਿਸ ਕੁਲਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਨਾ ਦੱਸਿਆ ਕਿ ਲੁਧਿਆਣਾ ਕਤਲ ਕੇਸ ਵਿਚ ਮੈਨੂੰ ਫਸਾਉਣ ਲਈ ਉਨ੍ਹਾਂ ਉਤੇ ਕਿਹੜੇ ਸੀਨੀਅਰ ਅਫ਼ਸਰਾਂ ਦਾ ਦਬਾਅ ਸੀ। ਕੁਲਦੀਪ ਸਿੰਘ ਉਸ ਮੌਕੇ ਲੁਧਿਆਣਾ ਦੇ ਐਸ਼ਐਸ਼ਪੀæ ਸਨ।
_____________________________________
ਬਹਾਲੀ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ: ਬਾਦਲ
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪੁਲਿਸ ਦੇ ਹੌਲਦਾਰ ਪਿੰਕੀ ਦੀ ਬਹਾਲੀ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਇਹ ਸਾਰਾ ਕੁਝ ਹੇਠਲੇ ਪੱਧਰ ਉਤੇ ਹੀ ਹੋਇਆ ਸੀ। ਹੁਣ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਬਕਾ ਪੁਲਿਸ ਮੁਲਾਜ਼ਮ ਗੁਰਮੀਤ ਸਿੰਘ ਪਿੰਕੀ ਦੀ ਬਹਾਲੀ ਦੇ ਮਾਮਲੇ ਉਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ।