ਚੰਡੀਗੜ੍ਹ: ਪੰਜਾਬ ਵਿਚ ਇਸ ਵਾਰੀ ਕਣਕ ਦਾ ਉਤਪਾਦਨ 13 ਫ਼ੀਸਦੀ ਘਟਣ ਕਾਰਨ ਕਿਸਾਨਾਂ ਨੂੰ ਵੱਡੀ ਵਿੱਤੀ ਮਾਰ ਪਈ ਹੈ। ਇਸ ਦਾ ਸੂਬੇ ਦੀ ਆਰਥਿਕਤਾ ਉਤੇ ਵੀ ਮਾੜਾ ਅਸਰ ਪੈਣਾ ਯਕੀਨੀ ਹੈ ਕਿਉਂਕਿ ਕਿਸਾਨਾਂ ਨੂੰ ਅੰਦਾਜ਼ਨ ਚਾਰ ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈਣ ਦਾ ਅਨੁਮਾਨ ਲਾਇਆ ਗਿਆ ਹੈ। ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਇਕੱਤਰ ਕੀਤੀ ਰਿਪੋਰਟ ਮੁਤਾਬਕ ਇਸ ਵਾਰੀ ਕਣਕ ਦਾ ਝਾੜ ਔਸਤਨ ਪ੍ਰਤੀ ਹੈਕਟੇਅਰ 44 ਕੁਇੰਟਲ ਨਿਕਲਿਆ ਹੈ। ਪਿਛਲੇ ਸਾਲ ਫਸਲ ਦਾ ਝਾੜ 50 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ ਸੀ।
ਇਸ ਵਾਰ ਝਾੜ 50 ਕੁਇੰਟਲ ਤੋਂ ਵਧ ਨਿਕਲਣ ਦਾ ਅਨੁਮਾਨ ਸੀ ਪਰ ਕੁਦਰਤੀ ਕਰੋਪੀ ਨੇ ਕਿਸਾਨਾਂ ਦੇ ਸੁਪਨੇ ਰੋਲ ਦਿੱਤੇ।
ਇਸ ਤਰ੍ਹਾਂ ਨਾਲ ਛੇ ਕੁਇੰਟਲ ਕਣਕ ਘੱਟ ਨਿਕਲੀ ਹੈ ਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 9 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਨਵਾਂਸ਼ਹਿਰ ਜ਼ਿਲ੍ਹੇ ਵਿਚ ਕਣਕ ਦਾ ਝਾੜ ਸਭ ਤੋਂ ਜ਼ਿਆਦਾ ਘਟਣ ਕਾਰਨ ਇਸ ਜ਼ਿਲ੍ਹੇ ਦੇ ਕਿਸਾਨਾਂ ਨੂੰ ਜ਼ਿਆਦਾ ਮਾਰ ਪਈ ਹੈ। ਰਿਪੋਰਟਾਂ ਮੁਤਾਬਕ ਨਵਾਂਸ਼ਹਿਰ ਵਿਚ ਪ੍ਰਤੀ ਹੈਕਟੇਅਰ 28 ਕੁਇੰਟਲ ਝਾੜ ਨਿਕਲਿਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 40 ਫ਼ੀਸਦੀ ਘੱਟ ਗਿਆ ਹੈ। ਗੁਰਦਾਸਪੁਰ ਤੇ ਪਠਾਨਕੋਟ ਵਿਚ ਵੀ ਝਾੜ ਬੇਹੱਦ ਘੱਟ ਨਿਕਲਣ ਕਾਰਨ ਕਿਸਾਨ ਨਿਰਾਸ਼ ਹਨ। ਇਸ ਨਾਲ ਜ਼ਮੀਨਾਂ ਦੀ ਕੀਮਤ, ਠੇਕਾ ਘਟਣ ਤੇ ਦਿਹਾਤੀ ਆਰਥਿਕਤਾ ਉਤੇ ਕਈ ਤਰ੍ਹਾਂ ਦੇ ਅਸਰ ਪੈਣ ਦੀਆਂ ਰਿਪੋਰਟਾਂ ਆ ਰਹੀਆਂ ਹਨ।
ਖੇਤੀਬਾੜੀ ਵਿਭਾਗ ਦਾ ਮੰਨਣਾ ਹੈ ਕਿ ਕਣਕ ਦਾ ਕੁੱਲ ਉਤਪਾਦਨ ਮਸਾਂ 150 ਲੱਖ ਟਨ ਦੇ ਕਰੀਬ ਹੋਇਆ ਹੈ ਜਦੋਂ ਕਿ 175 ਲੱਖ ਟਨ ਕਣਕ ਦਾ ਝਾੜ ਨਿਕਲਣ ਦੀ ਉਮੀਦ ਸੀ। ਕੇਂਦਰੀ ਪੂਲ ਵਿਚ ਕਣਕ ਦਾ ਪਾਇਆ ਜਾਣ ਵਾਲਾ ਟੀਚਾ ਵੀ ਪੂਰਾ ਹੋਣ ਦੇ ਆਸਾਰ ਨਹੀਂ ਹਨ। ਵਿਭਾਗ ਨੂੰ 105 ਲੱਖ ਕੁਇੰਟਲ ਮੀਟ੍ਰਿਕ ਟਨ ਕਣਕ ਮੰਡੀਆਂ ਵਿਚ ਆਉਣ ਦੀ ਉਮੀਦ ਹੈ। ਪਿਛਲੇ ਸਾਲ 118 ਲੱਖ ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ ਸੀ ਤੇ ਇਸ ਵਾਰ 120 ਲੱਖ ਟਨ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਸੀ। ਲੰਘੇ ਹਾੜ੍ਹੀ ਦੇ ਸੀਜ਼ਨ ਵਿਚ ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ ਦੇ 717 ਕਰੋੜ ਰੁਪਏ ਮੰਗੇ ਸਨ ਪਰ ਕਿਸਾਨਾਂ ਨੂੰ ਇਸ ਵਿਚੋਂ ਇਕ ਧੇਲਾ ਵੀ ਨਹੀਂ ਮਿਲਿਆ। ਇਹ ਸਭ ਐਲਾਨ ਕਾਗਜ਼ਾਂ ਤੱਕ ਸੀਮਤ ਰਹਿ ਗਏ ਹਨ।
ਮੰਡੀ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਸੂਬੇ ਵਿਚ ਤਕਰੀਬਨ 40 ਹਜ਼ਾਰ ਕਰੋੜ ਰੁਪਏ ਦੀਆਂ ਫ਼ਸਲ ਮੰਡੀ ਵਿਚ ਵਿਕਦੀ ਹੈ। ਦੋ ਫ਼ੀਸਦ ਪੇਂਡੂ ਵਿਕਾਸ ਫੰਡ ਰਾਹੀਂ 800 ਕਰੋੜ ਰੁਪਏ ਦੇ ਕਰੀਬ ਪੈਸਾ ਹਰ ਸਾਲ ਇਕੱਠਾ ਹੁੰਦਾ ਹੈ। ਇੰਨੀ ਹੀ ਰਾਸ਼ੀ ਮਾਰਕੀਟ ਫੀਸ ਰਾਹੀਂ ਮਿਲਦੀ ਹੈ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ 18 ਮਾਰਚ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ਦੌਰਾਨ 600 ਕਰੋੜ ਰੁਪਏ ਦੀ ਮੁੱਖ ਮੰਤਰੀ ਪੇਂਡੂ ਵਿਕਾਸ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਸੀ ਪਰ ਉਸ ਵੇਲੇ ਜਾਣਕਾਰੀ ਨਹੀਂੰ ਦਿੱਤੀ ਕਿ ਪੈਸਾ ਕਿਥੋਂ ਆਵੇਗਾ।
ਖੇਤੀਬਾੜੀ ਵਿਭਾਗ ਦੀ ਰਿਪੋਰਟ ਮੁਤਾਬਕ ਸੰਗਰੂਰ, ਬਰਨਾਲਾ, ਫਿਰੋਜ਼ਪੁਰ, ਮੋਗਾ ਤੇ ਮਾਨਸਾ ਜ਼ਿਲ੍ਹੇ ਹੀ ਅਜਿਹੇ ਹਨ ਜਿਥੇ ਝਾੜ ਦਾ ਬਹੁਤਾ ਅਸਰ ਨਹੀਂ ਹੋਇਆ। ਬਠਿੰਡਾ ਵਿਚ ਪਿਛਲੇ ਸਾਲ ਦੇ 49 ਕੁਇੰਟਲ ਪ੍ਰਤੀ ਹੈਕਟੇਅਰ ਦੇ ਮੁਕਾਬਲੇ ਐਤਵੀਂ 50 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਨਿਕਲਿਆ ਹੈ। ਰਾਜ ਵਿਚ ਜ਼ਿਲ੍ਹੇ ਵਾਰ ਝਾੜ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਵਿਚ 37æ5 ਕੁਇੰਟਲ ਪ੍ਰਤੀ ਹੈਕਟੇਅਰ, ਬਰਨਾਲਾ ਵਿਚ 46æ5 ਕੁਇੰਟਲ, ਬਠਿੰਡਾ ਵਿਚ 51 ਕੁਇੰਟਲ, ਫ਼ਰੀਦਕੋਟ ਵਿਚ 47æ5 ਕੁਇੰਟਲ, ਫਤਿਹਗੜ੍ਹ ਸਾਹਿਬ 40 ਕੁਇੰਟਲ, ਫਿਰੋਜ਼ਪੁਰ 47æ5 ਕੁਇੰਟਲ, ਫ਼ਾਜ਼ਿਲਕਾ 44 ਕੁਇੰਟਲ, ਗੁਰਦਾਸਪੁਰ 31 ਕੁਇੰਟਲ, ਹੁਸ਼ਿਆਰਪੁਰ 37 ਕੁਇੰਟਲ, ਜਲੰਧਰ 40æ5 ਕੁਇੰਟਲ, ਕਪੂਰਥਲਾ 38æ68 ਕੁਇੰਟਲ, ਲੁਧਿਆਣਾ 45 ਕੁਇੰਟਲ, ਮਾਨਸਾ 45 ਕੁਇੰਟਲ, ਮੋਗਾ 48æ5 ਕੁਇੰਟਲ, ਮੁਹਾਲੀ 41 ਕੁਇੰਟਲ, ਮੁਕਤਸਰ 41 ਕੁਇੰਟਲ, ਪਠਾਨਕੋਟ 35 ਕੁਇੰਟਲ, ਪਟਿਆਲਾ 44 ਕੁਇੰਟਲ, ਰੋਪੜ 41 ਕੁਇੰਟਲ, ਸੰਗਰੂਰ 51 ਕੁਇੰਟਲ, ਨਵਾਂਸ਼ਹਿਰ 28 ਕੁਇੰਟਲ ਅਤੇ ਤਰਨਤਾਰਨ 41 ਕੁਇੰਟਲ ਪ੍ਰਤੀ ਹੈਕਟਰ ਝਾੜ ਰਿਹਾ।
______________________________________________
ਰਾਹਤ ਬਾਰੇ ਕੇਂਦਰ ਤੇ ਪੰਜਾਬ ਸਰਕਾਰਾਂ ਚੁੱਪ
ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਰਾਜ ਤੇ ਕੇਂਦਰ ਸਰਕਾਰ ਇਕ ਦੂਜੇ ਉਤੇ ਦੋਸ਼ ਮੜ੍ਹ ਰਹੇ ਹਨ। ਸਰਕਾਰ ਵੱਲੋਂ ਗਿਰਦਾਵਰੀ ਵੀ ਕਰਾਈ ਗਈ ਪਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਮਾਮਲਾ ਸਰਕਾਰ ਦੀ ਮਾਲੀ ਤੰਗੀ ਕਾਰਨ ਰੁਕ ਗਿਆ। ਰਾਜ ਸਰਕਾਰ ਨੇ ਕੇਂਦਰ ਤੋਂ ਵੀ 717 ਕਰੋੜ ਰੁਪਏ ਦੀ ਮਾਲੀ ਰਾਹਤ ਮੰਗੀ ਤੇ ਕੇਂਦਰ ਸਰਕਾਰ ਨੇ ਵੀ ਕੁਝ ਪੱਲੇ ਨਹੀਂ ਪਾਇਆ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਂਹ ਤੇ ਗੜੇਮਾਰੀ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਲਈ 96 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਗੱਲ ਕੀਤੀ ਹੈ ਪਰ ਬੇਮੌਸਮੀ ਬਰਸਾਤ ਕਾਰਨ ਕਣਕ ਦੇ ਘਟੇ ਝਾੜ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਹੀ ਚੁੱਪ ਹਨ।